- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭੰਗੜਾ, ਹਾਕੀ ਤੇ ਕਬੱਡੀ ਪੰਜਾਬੀਆਂ ਦੇ ਖ਼ੂਨ ਵਿਚ ਹੈ। ਇਨ੍ਹਾਂ ਦਾ ਜ਼ਿਕਰ ਛਿੜਦਿਆਂ ਹੀ ਪੰਜਾਬੀ ਲੋਰ ’ਚ ਆ ਜਾਂਦੇ ਹਨ। ਜਲੰਧਰ ਦੇ ਆਲੇ-ਦੁਆਲੇ ਦੇ ਪਿੰਡਾਂ ’ਚ ਤਾਂ ਹਾਕੀ ਤੇ ਕਬੱਡੀ ਦੇ ਖਿਡਾਰੀ ਆਲੂਆਂ ਦੀ ਫ਼ਸਲ ਵਾਂਗ ਉੱਗਦੇ ਨੇ। ਲੱਗਦਾ ਉੱਥੇ ਤਾਂ ਮਾਵਾਂ ਜਣੇਪੇ ਸਮੇਂ ਹਾਕੀ ਸਿਰਹਾਣੇ ਰੱਖ ਕੇ ਸੌਂਦੀਆਂ ਹਨ ਤੇ ਅਰਜੋਈ ਕਰਦੀਆਂ ਹਨ ਕਿ ਸੱਚੇ ਪਾਤਿਸ਼ਾਹ ਜੋ ਦਾਤ ਮੇਰੇ ਘਰ ਤੂੰ ਬਖ਼ਸ਼ਣੀ ਹੈ, ਉਸ ਨੂੰ ਹਾਕੀ ਦਾ ਵਰ ਜ਼ਰੂਰ ਦੇ ਕੇ ਭੇਜੀਂ। ਕੀ ਸੰਸਾਰਪੁਰ, ਮਿੱਠਾਪੁਰ ਤੇ ਕੀ ਖੁਸਰੋਪੁਰ।

ਭੰਗੜਾ, ਹਾਕੀ ਤੇ ਕਬੱਡੀ ਪੰਜਾਬੀਆਂ ਦੇ ਖ਼ੂਨ ਵਿਚ ਹੈ। ਇਨ੍ਹਾਂ ਦਾ ਜ਼ਿਕਰ ਛਿੜਦਿਆਂ ਹੀ ਪੰਜਾਬੀ ਲੋਰ ’ਚ ਆ ਜਾਂਦੇ ਹਨ। ਜਲੰਧਰ ਦੇ ਆਲੇ-ਦੁਆਲੇ ਦੇ ਪਿੰਡਾਂ ’ਚ ਤਾਂ ਹਾਕੀ ਤੇ ਕਬੱਡੀ ਦੇ ਖਿਡਾਰੀ ਆਲੂਆਂ ਦੀ ਫ਼ਸਲ ਵਾਂਗ ਉੱਗਦੇ ਨੇ। ਲੱਗਦਾ ਉੱਥੇ ਤਾਂ ਮਾਵਾਂ ਜਣੇਪੇ ਸਮੇਂ ਹਾਕੀ ਸਿਰਹਾਣੇ ਰੱਖ ਕੇ ਸੌਂਦੀਆਂ ਹਨ ਤੇ ਅਰਜੋਈ ਕਰਦੀਆਂ ਹਨ ਕਿ ਸੱਚੇ ਪਾਤਿਸ਼ਾਹ ਜੋ ਦਾਤ ਮੇਰੇ ਘਰ ਤੂੰ ਬਖ਼ਸ਼ਣੀ ਹੈ, ਉਸ ਨੂੰ ਹਾਕੀ ਦਾ ਵਰ ਜ਼ਰੂਰ ਦੇ ਕੇ ਭੇਜੀਂ। ਕੀ ਸੰਸਾਰਪੁਰ, ਮਿੱਠਾਪੁਰ ਤੇ ਕੀ ਖੁਸਰੋਪੁਰ। ਇਨ੍ਹਾਂ ਪਿੰਡਾਂ ਨੇ ਹਾਕੀ ਖੇਡ ’ਚ ਵੱਡਾ ਯੋਗਦਾਨ ਪਾਇਆ ਹੈ। ਸੰਸਾਰਪੁਰ ਨੇ ਆਪਣੇ ਨਾਂ ਨੂੰ ਲਾਜ ਨਹੀਂ ਲੱਗਣ ਦਿੱਤੀ। ਉਹ ਸੰਸਾਰ ਭਰ ’ਚ ਆਪਣੇ ਹਾਕੀ ਖਿਡਾਰੀਆਂ ਕਰਕੇ ਪ੍ਰਸਿੱਧ ਹੈ। 1976 ਤੱਕ ਹਰੇਕ ਓਲੰਪਿਕ ’ਚ ਸੰਸਾਰਪੁਰ ਦਾ ਖਿਡਾਰੀ ਹਾਕੀ ਮੁਕਬਲਿਆਂ ਵਿਚ ਖੇਡਿਆ ਹੈ। ਸਿਰਫ਼ 1928 ਤੇ 1936 ਵਾਲੀ ਓਲੰਪਿਕ ਵਾਲੀ ਭਾਰਤੀ ਹਾਕੀ ਟੀਮ ’ਚ ਸੰਸਾਰਪੁਰ ਦਾ ਖਿਡਾਰੀ ਨਹੀਂ ਸੀ। ਮਸ਼ਹੂਰ ਸੈਂਟਰ ਹਾਫ ਤੇ ਭਾਰਤੀ ਟੀਮ ਦੇ ਕਪਤਾਨ ਰਹੇ ਅਜੀਤ ਪਾਲ ਸਿੰਘ ਦਾ ਪਿੰਡ ਵੀ ਸੰਸਾਰਪੁਰ ਹੈ ਤੇ ਊਧਮ ਸਿੰਘ ਵੀ ਇਸੇ ਪਿੰਡ ਦਾ ਸੀ। ਇਕ ਹੋਰ ਦਿਲਚਸਪ ਪਹਿਲੂ ਇਹ ਹੈ ਕਿ ਪੰਜਾਬ ਨੇ ਭਾਰਤੀ ਹਾਕੀ ਨੂੰ ਕਈ ਬਲਬੀਰ ਦਿੱਤੇ ਹਨ। ਬਲਬੀਰ ਸੀਨੀਅਰ ਦਾ ਤਾਂ ਕੋਈ ਮੁਕਬਲਾ ਹੀ ਨਹੀਂ। ਇਕੱਲੇ ਸੰਸਾਰਪੁਰ ਨੇ ਹੀ ਭਾਰਤੀ ਹਾਕੀ ਤਿੰਨ ਬਲਬੀਰ ਦਿੱਤੇ ਹਨ। ਕੋਈ ਦਰਜਨ ਦੇ ਕਰੀਬ ਸੰਸਾਰਪੁਰ ਪਿੰਡ ਦੇ ਹਾਕੀ ਖਿਡਾਰੀ ਭਾਰਤ ਦੀ ਪ੍ਰਤੀਨਿਧਤਾ ਓਲੰਪਿਕ ਤੇ ਵਰਲਡ ਕੱਪਾਂ ’ਚ ਕਰ ਚੁੱਕੇ ਹਨ।
ਮਿੱਠਾਪੁਰ ਵਾਲਾ ਪਰਗਟ ਸਿੰਘ ਹਾਕੀ ਜਗਤ ਦਾ ਵੱਡਾ ਸਿਤਾਰਾ ਰਿਹਾ ਹੈ ਤੇ ਹੁਣ ਰਾਜਨੀਤੀ ’ਚ ਆਪਣਾ ਜਲਵਾ ਦਿਖਾ ਰਿਹਾ ਹੈ। ਜੇ ਜਲੰਧਰ ਤੋਂ ਬਟਾਲੇ ਵੱਲ ਨੂੰ ਨਿਕਲ ਜਾਈਏ ਤੇ ਉੱਥੇ ਵੀ ਲੱਗਦਾ ਕਿ ਮਾਵਾਂ ਆਪਣੇ ਬੱਚਿਆਂ ਨੂੰ ਹਾਕੀ ਦੀ ਗੁੜਤੀ ਦਿੰਦੀਆਂ ਹਨ। ਹਾਕੀ ਦਾ ਵੱਡਾ ਖਿਡਾਰੀ ਸੁਰਜੀਤ ਸਿੰਘ ਰੰਧਾਵਾ, ਜੋ ਭਰ ਜਵਾਨੀ ’ਚ ਇਸ ਸੰਸਾਰ ਤੋਂ ਵਿਦਾਇਗੀ ਲੈ ਗਿਆ ਸੀ, ਬਟਾਲੇ ਕੋਲ ਦਾਖਲੇ ਪਿੰਡ ਦਾ ਸੀ। ਉਸ ਦੀ ਯਾਦ ਨੂੰ ਅਮਰ ਰੱਖਣ ਲਈ ਇਸ ਪਿੰਡ ਦਾ ਨਾਂ ਸਰਕਾਰ ਨੇ ਸਾਲ 2000 ਵਿਚ ਬਦਲ ਕੇ ਅਧਿਕਾਰਤ ਤੌਰ ’ਤੇ ਸੁਰਜੀਤ ਸਿੰਘ ਵਾਲਾ ਰੱਖ ਦਿੱਤਾ ਸੀ।
ਹਾਕੀ ਦਾ ਸੁਨਹਿਰੀ ਇਤਿਹਾਸ
ਅੱਜ ਆਪਾਂ ਗੱਲ ਤਾਂ ਏਸ਼ੀਅਨ ਹਾਕੀ ਚੈਂਪੀਅਨ ਟਰਾਫੀ ਦੀ ਕਰਨੀ ਹੈ ਪਰ ਇਸ ਦੇ ਬਹਾਨੇ ਹਾਕੀ ਸੰਸਾਰ ਨਾਲ ਜੁੜਿਆ ਹੋਰ ਬਹੁਤ ਕੁਝ ਮੇਰੇ ਮਨ ਮੰਦਰ ਤਾਰੀਆਂ ਲਾ ਰਿਹਾ ਹੈ, ਇਹ ਵੀ ਸਾਂਝਾ ਕਰ ਲਈਏ। ਗੱਲ ਕਾਫ਼ੀ ਪੁਰਾਣੀ ਹੈ। ਪਟਿਆਲੇ ਦੇ ਯਾਦਵਿੰਦਰਾ ਸਟੇਡੀਅਮ ਵਿਚ ਏਸ਼ਿਆਈ ਕੱਪ ਦੇ ਨਾਮੀ ਹਾਕੀ ਖਿਡਾਰੀਆਂ ਨੇ ਭਾਰਤ ਦੀ ਟੀਮ ਖ਼ਿਲਾਫ਼ ਪ੍ਰਦਰਸ਼ਨੀ ਮੈਚ ਖੇਡਣਾ ਸੀ। ਉਸ ਸਮੇਂ ਦੇ ਪਾਕਿਸਤਾਨ ਦੇ ਨਾਮੀ ਖਿਡਾਰੀ ਇਸਲਉਂਦੀਨ,ਸ਼ਮੀਉੱਲ੍ਹਾ ਨੇ ਉਸ ਮੈਚ ’ਚ ਏਸ਼ੀਆ ਦੀ ਟੀਮ ਵੱਲੋਂ ਖੇਡਣਾ ਸੀ। ਮੈਚ ਸ਼ੁਰੂ ਹੋਣ ਤੋਂ ਕਈ ਘੰਟੇ ਪਹਿਲਾਂ ਹੀ ਸਟੇਡੀਅਮ ਉਪਰੋ-ਥਲੀ ਭਰ ਗਿਆ ਸੀ। ਤਿਲ ਸੁੱਟਣ ਨੂੰ ਥਾਂ ਨਹੀਂ ਸੀ ਤੇ ਅਸੀਂ ਸਵਾ ਸੌ ਕਿਲੋਮੀਟਰ ਤੋਂ ਇਹ ਮੈਚ ਦੇਖਣ ਲਈ ਬੱਸ ’ਚ ਸਵਾਰ ਹੋ ਕੇ ਆਏ ਸੀ। ਮੈਚ ਸ਼ੁਰੂ ਹੋਇਆ। ਚਾਰ-ਚੁਫ਼ੇਰੇ ਆਨੰਦ ਛਾ ਗਿਆ। ਉਹ ਆਨੰਦ ਜਿਸ ਦਾ ਜ਼ਿਕਰ ਸਾਡੇ ਸਵਰਗਵਾਸੀ ਮਹਾਨ ਕਵੀ ਧਨੀ ਰਾਮ ਚਾਤ੍ਰਿਕ ਨੇ ਆਪਣੀ ਕਵਿਤਾ ’ਚ ਕੀਤਾ ਹੈ। ਇਸਲਾਉਂਦੀਨ ਤੇ ਸ਼ਮੀਉੱਲ੍ਹਾ ਉਸ ਵੇਲੇ ਏਸ਼ੀਆ ਹਾਕੀ ਦੇ ਸਿਖ਼ਰ ਦੇ ਖਿਡਾਰੀ ਸੀ। ਉਨ੍ਹਾਂ ਦੀ ਹਾਕੀ ਖੇਡਣ ਦੀ ਕਲਾ ਤੇ ਬਾਲ ਨੂੰ ਕੈਰੀ ਕਰਨ ਦੀ ਸਪੀਡ ਨੂੰ ਵੇਖ ਕੇ ਲੋਕ ਅਸ਼-ਅਸ਼ ਕਰ ਉੱਠੇ ਸੀ। ਭਾਰਤੀ ਹਾਕੀ ਟੀਮ ਦੀ ਉਸ ਸਮੇਂ ਪੂਰੀ ਚੜ੍ਹਤ ਸੀ। ਅਜੀਤਪਾਲ ਸਿੰਘ, ਸੁਰਜੀਤ ਸਿੰਘ , ਗੋਬਿੰਦਾ, ਅਸ਼ੋਕ ਕੁਮਾਰ, ਮਾਈਕਲ ਕਿੰਡੋ, ਅਸਲਮ ਸ਼ੇਰ ਖਾਨ, ਵਰਿੰਦਰ ਸਿੰਘ, ਹਰਚਰਨ ਸਿੰਘ ਤੇ ਫਿਲਿਪਸ ਭਾਰਤੀ ਹਾਕੀ ਦੇ ਵੱਡੇ ਚਿਹਰੇ ਸੀ ਤੇ ਇਨ੍ਹਾਂ ਸਦਕਾ ਹੀ ਭਾਰਤ 1975 ਵਿਚ ਕੁਆਲਾਲੰਪੁਰ ਵਿਚ ਪਾਕਿਸਤਾਨ ਨੂੰ ਫਾਈਨਲ ’ਚ 2-1 ਗੋਲਾਂ ਦੇ ਫ਼ਰਕ ਨਾਲ ਹਰਾ ਕੇ ਪਹਿਲੀ ਵਾਰ ਵਰਲਡ ਕੱਪ ਜਿਤਿਆ ਸੀ। ਉਸ ਸਮੇਂ ਜੋ ਵਰਲਡ ਕੱਪ ਜਿੱਤਣ ਵਾਲੀ ਟੀਮ ਦਾ ਸਵਾਗਤ ਹੋਇਆ ਸੀ, ਉਹ ਵੀ ਆਪਣੇ ਆਪ ਵਿਚ ਅਜੂਬਾ ਹੀ ਸੀ। ਜਿਨ੍ਹਾਂ ਰਾਹਾਂ ਤੋਂ ਉਹ ਜੇਤੂ ਟੀਮ ਲੰਘੀ ਸੀ, ਉੱਥੇ ਲੋਕਾਂ ਨੇ ਆਪਣੀਆਂ ਅੱਖੀਆਂ ਵਿਛਾ ਦਿੱਤੀਆਂ ਸੀ ਤੇ ਫੁੱਲਾਂ ਦੇ ਬਾਰਿਸ਼ ਕਰ ਦਿਤੀ ਸੀ। ਇਸ ਵਰਲਡ ਕੱਪ ਫਾਈਨਲ ਮੈਚ ’ਚ ਪਹਿਲਾ ਗੋਲ ਸੁਰਜੀਤ ਨੇ ਹੀ ਕੀਤਾ ਸੀ। ਅਸਲ ’ਚ ਪਾਕਿਸਤਾਨ ਨੇ ਪਹਿਲੇ ਹਾਫ ਵਿਚ ਗੋਲ਼ ਕਰ ਕੇ ਲੀਡ ਹਾਸਿਲ ਕਰ ਲਈ ਸੀ ਤੇ ਬਰਾਬਰੀ ਸੁਰਜੀਤ ਨੇ 44 ਮਿੰਟ ਵਿਚ ਪੈਨਲਟੀ ਕਾਰਨਰ ਨਾਲ ਗੋਲ਼ ਕਰ ਕੇ ਹਾਸਿਲ ਕੀਤੀ ਸੀ ਤੇ ਜੇਤੂ ਗੋਲ਼ ਸ਼ਾਇਦ ਅਸ਼ੋਕ ਕੁਮਾਰ ਨੇ ਕੀਤਾ ਸੀ। ਜ਼ਿਕਰਯੋਗ ਹੈ ਕੇ ਇਸੇ ਵਰਲਡ ਕੱਪ ਦੇ ਇਕ ਮੈਚ ਵਿਚ ਭਾਰਤ, ਅਰਜਨਟੀਨਾ ਤੋਂ ਇਕ ਗੋਲ਼ ਦੇ ਫ਼ਰਕ ਨਾਲ ਹਾਰ ਗਿਆ ਸੀ ਤੇ ਆਸਟ੍ਰੇਲੀਆ ਨਾਲ ਮੈਚ ਡਰਾਅ (1-1) ਖੇਡਿਆ ਸੀ। ਸਾਲ 1971 ਵਾਲੇ ਵਰਲਡ ਕੱਪ ਵਿਚ ਅਸੀਂ ਤੀਜੇ ਸਥਾਨ ’ਤੇ ਰਹੇ , 1973 ਵਾਲੇ ਵਿਚ ਅਸੀਂ ਦੂਸਰੇ ਸਥਾਨ ਅਤੇ 1975 ਵਾਲਾ ਅਸੀਂ ਜਿੱਤ ਗਏ ਸੀ। 1973 ਵਾਲੇ ਵਿਚ ਅਸੀਂ ਟਾਈ ਬ੍ਰੇਕਰ ਵਿਚ ਹਾਲੈਂਡ ਨੂੰ 2 ਗੋਲਾਂ ਦੇ ਫ਼ਰਕ ਨਾਲ ਹਾਰ ਗਏ ਸੀ। ਇਸ ਕੱਪ ’ਚ ਪਹਿਲੀ ਵਾਰ ਸੁਰਜੀਤ ਦੀ ਗੁੱਡੀ ਚੜ੍ਹੀ ਸੀ। 1975 ਤੋਂ ਬਾਅਦ ਸਾਡੇ ਹਾਕੀ ਖੇਡ ਵਿਚ ਪੈਰ ਉਖੜ ਗਏ ਤੇ ਫਿਰ ਉਹ ਦਿਨ ਵਾਪਸ ਨਹੀਂ ਪਰਤੇ। 1980 ’ਚ ਮਾਸਕੋ ਓਲੰਪਿਕ ਵਿਚ ਅਸੀਂ ਹਾਕੀ ਵਿਚ ਗੋਲਡ ਮੈਡਲ ਜਿੱਤਿਆ ਪਰ ਉਸ ਓਲੰਪਿਕ ’ਚ ਅਮਰੀਕਾ ਦੇ ਕਹਿਣ ’ਤੇ ਬਹੁਤ ਸਾਰੇ ਉਸ ਦੇ ਮਿੱਤਰ ਦੇਸ਼ਾਂ ਨੇ ਭਾਗ ਹੀ ਨਹੀਂ ਸੀ ਲਿਆ।
ਮੈਂ ਬੜੀ ਇਮਾਨਦਾਰੀ ਨਾਲ ਕਹਿ ਰਿਹਾ ਹਾਂ, ਹੋ ਸਕਦਾ ਮੈਂ ਗ਼ਲਤ ਹੋਵਾਂ ਜਾਂ ਜਜ਼ਬਾਤ ਦੇ ਵਹਿਣ ’ਚ ਵਹਿ ਕੇ ਕਹਿ ਰਿਹਾ ਹੋਵਾਂ ਪਰ ਮੈਂ ਉਸ ਪੱਧਰ ਦੀ ਹਾਕੀ ਮੁੜ ਕਦੇ ਨਹੀਂ ਵੇਖੀ। ਅਜੀਤਪਾਲ ਵਰਗਾ ਠਰ੍ਹੰਮੇ ਵਾਲਾ ਸੈਂਟਰ ਹਾਫ ਮੁੜ ਕਦੇ ਭਾਰਤੀ ਹਾਕੀ ਨੂੰ ਨਹੀਂ ਮਿਲਿਆ। ਉਸ ਦੇ ਕੋਲ ਦੀ ਬਾਲ ਲੈ ਕੇ ਲੰਘਣਾ ਲਗਪਗ ਅਸੰਭਵ ਹੀ ਸੀ। ਮੈਂ ਇਹ ਨਹੀਂ ਕਹਿ ਰਿਹਾ ਕੇ ਭਾਰਤ ਵਿਚ ਉਸ ਤੋਂ ਬਾਅਦ ਵਧੀਆ ਖਿਡਾਰੀ ਪੈਦਾ ਨਹੀਂ ਹੋਇਆ। ਪਰਗਟ ਸਿੰਘ ਦਾ ਹਾਕੀ ’ਚ ਬਹੁਤ ਵੱਡਾ ਨਾਂ ਰਿਹਾ ਹੈ ਤੇ ਧਨਰਾਜ ਪਿੱਲੇ ਦਾ ਵੀ। ਭਾਰਤੀ ਹਾਕੀ ’ਚ ਮੁਹਮੰਦ ਸ਼ਾਹਿਦ, ਜ਼ਫ਼ਰ ਇਕਬਾਲ ਤੇ ਰਾਜਿੰਦਰ ਸਿੰਘ ਦਾ ਵੀ ਸਿੱਕਾ ਚੱਲਿਆ ਹੈ। ਪਾਕਿਸਤਾਨ ਨੂੰ ਮੁੜ ਕੇ ਸ਼ਮੀਉੱਲ੍ਹਾ, ਕਾਲੀਮ ਉੱਲ੍ਹਾ, ਅਖ਼ਤਰ ਰਸੂਲ ਤੇ ਇਸਲਾਉਂਦੀਨ ਵਰਗੇ ਖਿਡਾਰੀ ਨਹੀਂ ਮਿਲੇ। ਸੋਹੇਲ ਅੱਬਾਸ , ਸ਼ਾਹਬਾਜ, ਹਸਨ ਸਰਦਾਰ ਵੀ ਵੱਡੇ ਚਿਹਰੇ ਵਜੋਂ ਪਾਕਿਸਤਾਨੀ ਹਾਕੀ ’ਚ ਉੱਭਰੇ ਸੀ ਪਰ ਉਹ ਗੱਲ ਨਹੀਂ ਸੀ, ਜੋ ਸ਼ਮੀਉੱਲ੍ਹਾ ਤੇ ਇਸਲਾਉਂਦੀਨ ਵਿਚ ਸੀ।
ਤਾਜ਼ਾ-ਤਾਜ਼ਾ ਜਿੱਤਿਆ ਏਸ਼ਿਆਈ ਖੇਡਾਂ ’ਚ ਗੋਲਡ
ਖ਼ੈਰ! ਗੱਲ ਏਸ਼ੀਅਨ ਹਾਕੀ ਚੈਂਪੀਅਨ ਟਰਾਫੀ ਦੀ ਕਰਨੀ ਸੀ ਪਰ ਹਾਕੀ ਦੇ ਸੁਨਹਿਰੀ ਇਤਿਹਾਸ ਦੇ ਵਰਕੇ ਹੀ ਫਰੋਲਣ ਲੱਗ ਪਏ। ਅਸੀਂ ਤਾਜ਼ੇ-ਤਾਜ਼ੇ ਹੀ ਏਸ਼ਿਆਈ ਖੇਡਾਂ ਵਿਚ ਹਾਕੀ ’ਚ ਗੋਲਡ ਮੈਡਲ ਜਿੱਤ ਕੇ ਮੁੜੇ ਹਾਂ। ਏਸ਼ੀਅਨ ਖੇਡਾਂ ’ਚ ਲੜਕੀਆਂ ਦੀ ਹਾਕੀ ਟੀਮ ਦੀ ਪ੍ਰਾਪਤੀ ਤਾਂ ਇਤਹਾਸਕ ਹੋ ਨਿੱਬੜੀ ਹੈ। ਮਰਦਾਂ ਨੇ ਵੀ ਵੱਡਾ ਮਾਅਰਕਾ ਮਾਰਿਆ ਹੈ। ਮੈਚ ਖ਼ਤਮ ਹੋਣ ’ਚ ਸਿਰਫ਼ 35 ਸੈਕਿੰਡ ਹੀ ਰਹਿੰਦੇ ਸੀ, ਜਦੋਂ ਇਕ ਤਰ੍ਹਾਂ ਨਾਲ ਚਮਤਕਾਰ ਹੀ ਹੋ ਗਿਆ ਤੇ ਗੋਲਡ ਮੈਡਲ ਸਾਡਾ ਹੋ ਗਿਆ। ਇਸ ’ਚ ਕੋਈ ਸ਼ੱਕ ਹੀ ਨਹੀਂ ਕਿ ਸਾਡੀ ਡਿਫੈਂਸ ਲਾਈਨ ’ਚ ਕਮੀਆਂ ਹਨ। ਅਸੀਂ ਓਲੰਪਿਕ ’ਚ ਵੀ ਆਪਣੇ ਸਿਰ ਮਾੜੀਆਂ ਤੋਂ ਮਾੜੀਆਂ ਟੀਮਾਂ ਤੋਂ ਗੋਲ਼ ਖਾਧੇ ਤੇ ਏਸ਼ੀਅਨ ਖੇਡਾਂ ’ਚ ਵੀ। ਕੁਝ ਮਹੀਨੇ ਪਹਿਲਾਂ ਬੈਲਜੀਅਮ ਵਿਚ ਹੋਏ ਵਰਲਡ ਕੱਪ ’ਚ ਅਸੀਂ ਜਿੰਨੇ ਗੋਲ਼ ਕੀਤੇ, ਲਗਪਗ ਓਨੇ ਗੋਲ਼ ਹੀ ਸਾਡੇ ਖ਼ਿਲਾਫ਼ ਹੋਏ। ਇਸ ਟੂਰਨਾਂਮੈਂਟ ’ਚ 8ਵੇਂ ਸਥਾਨ ’ਤੇ ਰਹੇ। ਜਦੋਂ ਆਸ ਇਹ ਸੀ ਕਿ ਅਸੀਂ ਸੈਮੀਫਾਈਨਲ ਜ਼ਰੂਰ ਖੇਡਾਂਗੇ। ਸਾਡੀ ਫਾਰਵਰਡ ਲਾਇਨ ਚੰਗੀ ਹੈ ਪਰ ਜੇ ਪ੍ਰਸਿੱਧ ਹਾਕੀ ਕੁਮੈਂਟੇਟਰ ਜਸਦੇਵ ਸਿੰਘ ਦੀ ਭਾਸ਼ਾ ’ਚ ਕਿਹਾ ਜਾਵੇ ਤਾਂ ‘ਰਖਸ਼ਾ ਪੰਕਤੀ’ ਵਿਚ ਜ਼ਰੂਰ ਵੱਡੀ ਕਮੀ ਹੈ। ਅਸੀਂ ਵਰਲਡ ਕੱਪ ’ਚ ਵੇਲਜ਼ ਵਰਗੀ ਟੀਮ ਤੋਂ ਹੀ ਇਕ ਗੋਲ਼ ਕਰਵਾ ਲਿਆ ਸੀ, ਭਾਵੇਂ ਉਹ ਮੈਚ 3-1 ਦੇ ਫ਼ਰਕ ਨਾਲ ਜਿੱਤ ਗਏ ਸੀ। ਬਹੁਤ ਜ਼ਿਆਦਾ ਗੈਪ ਰਹਿ ਜਾਂਦੇ ਹਨ, ਜਿਸ ਦਾ ਵਿਰੋਧੀ ਟੀਮਾਂ ਪੂਰਾ ਫ਼ਾਇਦਾ ਲੈਂਦੀਆਂ ਹਨ ਤੇ ਗੋਲ਼ ਕਰ ਜਾਂਦੀਆਂ ਹਨ।
ਪੰਜਾਬ ’ਚ ਪਹਿਲੀ ਵਾਰ ਹੋ ਰਹੀ ਚੈਂਪੀਅਨ ਟਰਾਫੀ
ਪੰਜਾਬ ’ਚ ਚੈਂਪੀਅਨ ਟਰਾਫੀ ਪਹਿਲੀ ਵਾਰ ਹੋ ਰਹੀ ਹੈ। ਕਹਿ ਲਵੋ ਕਿ ਹਾਕੀ ਜਗਤ ਨਾਲ ਜੁੜਿਆ ਪਹਿਲਾ ਵੱਡਾ ਟੂਰਨਾਮੈਂਟ ਪੰਜਾਬ ਵਿਚ ਪਹਿਲੀ ਵਾਰ ਹੋ ਰਿਹਾ ਹੈ। ਪੰਜਾਬ ਨੂੰ ਇਸ ਦਾ ਚਾਅ ਹੈ। ਇਹ ਗੱਲ ਵੱਖਰੀ ਹੈ ਕਿ ਜੋ ਹਾਕੀ ਲਈ ਉੜੀਸਾ ਦੇ ਸਾਬਕਾ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਕਰ ਦਿੱਤਾ, ਸ਼ਾਇਦ ਹਾਕੀ ਦਾ ਮੱਕਾ ਸਮਝਿਆ ਜਾਂਦਾ ਪੰਜਾਬ ਉਹ ਅਗਲੇ ਕਈ ਦਹਾਕੇ ਨਾ ਕਰ ਸਕੇ। ਪੰਜਾਬ ਤੋਂ ਵੀ ਛੋਟੇ ਦੇਸ਼ ਵਰਲਡ ਕੱਪ ਕਰਵਾ ਚੁੱਕੇ ਹਨ। ਬੈਲਜੀਅਮ ਦੀ ਆਬਾਦੀ ਪੰਜਾਬ ਦੀ ਆਬਾਦੀ ਨਾਲੋਂ ਅੱਧੀ ਵੀ ਨਹੀਂ ਤੇ ਉਥੇ ਹੁਣੇ ਹੀ ਵਰਲਡ ਕੱਪ ਹੋ ਕੇ ਹਟਿਆ ਹੈ। ਲੀਗ ਸਟੇਜ ਦੇ ਮੈਚ ਜਲੰਧਰ ਹੋਣਗੇ ਤੇ ਮੈਡਲ ਸਟੇਜ ਦੇ ਮੈਚ ਸਰਦਾਰ ਬਲਬੀਰ ਸਿੰਘ ਸਟੇਡੀਅਮ ਮੁਹਾਲੀ ਵਿਖੇ ਹੋਣਗੇ।
ਛੇ ਟੀਮਾਂ ਲੈ ਰਹੀਆਂ ਹਨ ਭਾਗ
ਭਾਰਤ ਦਾ ਪਹਿਲਾ ਮੈਚ ਬੰਗਲਾਦੇਸ਼ ਨਾਲ 27 ਅਕਤੂਬਰ ਨੂੰ ਹੋਵੇਗਾ, ਦੂਜਾ ਚੀਨ ਨਾਲ 29 ਅਕਤੂਬਰ, ਤੀਜਾ ਜਪਾਨ ਨਾਲ 30 ਅਕਤੂਬਰ ਨੂੰ, ਚੌਥਾ 1 ਨਵੰਬਰ ਨੂੰ ਮਲੇਸ਼ੀਆ ਨਾਲ ਤੇ ਪੰਜਵਾਂ ਸਾਊਥ ਕੋਰੀਆ ਨਾਲ 2 ਨਵੰਬਰ ਨੂੰ। ਟੂਰਨਾਮੈਂਟ ’ਚ ਛੇ ਟੀਮਾਂ ਭਾਗ ਲੈ ਰਹੀਆਂ ਹਨ।
ਪਾਕਿਸਤਾਨ ਦੀ ਟੀਮ ਨਹੀਂ ਖੇਡੇਗੀ ਟੂਰਨਾਮੈਂਟ
ਜਦੋਂ ਤੁਸੀਂ ਟੀਮਾਂ ਦੇ ਨਾਂ ਪੜ੍ਹ ਰਹੇ ਹੋਵੋਂਗੇ ਤਾਂ ਤੁਹਾਨੂੰ ਸ਼ਾਇਦ ਕੋਈ ਨਾਂ ਗੁੰਮ ਲੱਗੇ। ਤੁਸੀਂ ਬਿਲਕੁਲ ਠੀਕ ਹੋ। ਪਾਕਿਸਤਾਨ ਦੀ ਟੀਮ ਇਨ੍ਹਾਂ ਟੀਮਾਂ ’ਚ ਸ਼ਾਮਲ ਨਹੀਂ ਹੈ। ਉਹ ਨਹੀਂ ਆ ਰਹੀ। ਇਸ ਕਰਕੇ ਟੂਰਨਾਮੈਂਟ ਦੀ ਕਸ਼ਿਸ਼ ਨੂੰ ਭਾਰੀ ਠੋਕਰ ਵੱਜੀ ਹੈ। ਕਾਫ਼ੀ ਦੇਰ ਤੋਂ ਭਾਰਤ ਤੇ ਪਾਕਿਸਤਾਨ ਵਿਚਕਾਰ ਕਈ ਅਹਿਮ ਮੁੱਦਿਆਂ ਨੂੰ ਲੈ ਕੇ ਡਿਪਲੋਮੈਟਿਕ ਇੱਟ-ਖੜਕਾ ਚੱਲ ਰਿਹਾ ਹੈ। ਉਸ ਦਾ ਅਸਰ ਖੇਡਾਂ ’ਤੇ ਵੀ ਪੈ ਰਿਹਾ ਹੈ। ਪਾਕਿਸਤਾਨ ਦੀ ਟੀਮ ਆਉਂਦੀ ਤਾਂ ਇਸ ਟੂਰਨਾਮੈਂਟ ਪ੍ਰਤੀ ਖਿੱਚ ਹੱਦਾਂ ਬੰਨ੍ਹੇ ਟੱਪ ਜਾਣੀ ਸੀ। ਭਾਵੇਂ ਕ੍ਰਿਕਟ ਹੋਵੇ ਜਾਂ ਫਿਰ ਹਾਕੀ, ਪਾਕਿਸਤਾਨ ਨਾਲ ਮੈਚ ਖੇਡਾਂ ਨਜ਼ਾਰਾ ਹੀ ਵੱਖਰਾ ਹੁੰਦਾ। ਦੋਵੇਂ ਦੇਸ਼ਾਂ ਦੇ ਲੋਕ ਉਨ੍ਹਾਂ ਘੜੀਆਂ ਦੀ ਉਡੀਕ ਸਾਹ ਰੋਕ ਕੇ ਕਰਦੇ ਹਨ, ਜਿਸ ਸਮੇਂ ਮੈਚ ਸ਼ੁਰੂ ਹੋਣਾ ਹੁੰਦਾ ਹੈ। ਏਸ਼ਿਆਈ ਖੇਡਾਂ ’ਚ ਭਾਰਤ ਤੇ ਪਾਕਿਸਤਾਨ ਵਿਚ ਫਸਵਾਂ ਮੈਚ ਹੋਇਆ ਸੀ ਤੇ ਭਾਰਤ ਆਖ਼ਰੀ ਮਿੰਟ ਵਿਚ ਚੌਥਾ ਗੋਲ਼ ਕਰ ਕੇ ਜੇਤੂ ਰਿਹਾ ਸੀ। ਇਸ ਤਰ੍ਹਾਂ ਦਾ ਮੁਕਾਬਲਾ ਹੀ ਸ਼ਾਇਦ ਸਾਨੂੰ ਇੱਥੇ ਵੇਖਣ ਨੂੰ ਮਿਲਦਾ ਪਰ ਇਹ ਸਾਡੇ ਨਸੀਬ ’ ਨਹੀਂ ਸੀ। ਪਿਛਲੇ ਕੁਝ ਸਾਲਾਂ ਤੋਂ ਸਾਡੀ ਟੀਮ ਪਾਕਿਸਤਾਨ ਨੂੰ ਲਗਾਤਾਰ ਹਾਕੀ ਤੇ ਕ੍ਰਿਕਟ ਦੇ ਮੈਦਾਨ ਵਿਚ ਪਛਾੜਦੀ ਆ ਰਹੀ ਹੈ ਪਰ ਦੋਵੇਂ ਟੀਮਾਂ ਜਦੋਂ ਇਕ-ਦੂਜੇ ਖ਼ਿਲਾਫ਼ ਖੇਡਦੀਆਂ ਹਨ, ਤਾਂ ਮਾਹੌਲ ਹੀ ਕੁਝ ਹੋਰ ਹੋ ਜਾਂਦਾ ਹੈ।
ਦਿਲਚਸਪ ਹੋਣਗੇ ਮੁਕਾਬਲੇ
ਮੁਕਾਬਲੇ ਹੁਣ ਵੀ ਦਿਲਚਸਪ ਹੋਣਗੇ। ਮਲੇਸ਼ੀਆ, ਜਪਾਨ, ਚੀਨ ਤੇ ਸਾਊਥ ਕੋਰੀਆ ਦੀਆਂ ਟੀਮਾਂ ਨੂੰ ਹਲਕੇ ’ਚ ਨਹੀਂ ਲਿਆ ਜਾ ਸਕਦਾ। ਇਸ ਟੂਰਨਾਮੈਂਟ ਨੂੰ ਇਹ ਟੀਮਾਂ ਦਿਲਚਸਪ ਬਣਾ ਸਕਦੀਆਂ ਹਨ। ਏਸ਼ੀਅਨ ਖੇਡਾਂ ’ਚ ਭਾਰਤ ਨੇ ਜਪਾਨ ਨੂੰ ਮਹਿਜ਼ ਦੋ ਗੋਲਾਂ ਨਾਲ ਹੀ ਹਰਾਇਆ ਸੀ। ਇਸ ਟੂਰਨਾਮੈਂਟ ’ਚ ਮਲੇਸ਼ੀਆ ਦੂਸਰੇ ਨੰਬਰ ਅਤੇ ਪਾਕਿਸਤਾਨ ਤੀਜੇ ਨੰਬਰ ’ਤੇ ਰਿਹਾ ਸੀ। ਜਦੋਂ ਏਸ਼ੀਅਨ ਚੈਂਪੀਅਨਸ਼ਿਪ ਟਰਾਫੀ 2011 ’ਚ ਸ਼ੁਰੂ ਹੋਈ ਸੀ ਤਾਂ ਉਸ ਸਾਲ ਭਾਰਤ ਨੇ ਇਹ ਜਿੱਤੀ ਸੀ। ਉਸ ਤੋਂ ਬਾਅਦ ਚਾਰ ਵਾਰ 2016, 2018, 2023 ਤੇ 2024 ਵਿਚ ਭਾਰਤ ਇਹ ਜਿੱਤ ਚੁੱਕਿਆ ਹੈ। ਪਿਛਲੇ 15 ਸਾਲਾਂ ’ਚ ਕੁੱਲ ਪੰਜ ਵਾਰ ਭਾਰਤ ਜਿੱਤ ਚੁੱਕਿਆ ਹੈ।
ਸੀਨੀਅਰ ਖਿਡਾਰੀਆਂ ਨੂੰ ਹੈ ਵੱਧ ਚਾਅ
ਇਸ ਟੂਰਨਾਮੈਂਟ ਦਾ ਸਭ ਤੋਂ ਵੱਧ ਚਾਅ ਸਾਡੀ ਟੀਮ ਦੇ ਸੀਨੀਅਰ ਖਿਡਾਰੀ ਮਨਪ੍ਰੀਤ, ਹਰਮਨਪ੍ਰੀਤ, ਮਨਦੀਪ, ਜਰਮਨਪ੍ਰੀਤ, ਦਿਲਪ੍ਰੀਤ ਅਤੇ ਕ੍ਰਿਸ਼ਨ ਪਾਠਕ ਨੂੰ ਹੈ। ਜਲੰਧਰ ’ਚ ਖੇਡਦੇ ਹੋਏ ਹੀ ਉਹ ਇਸ ਖੇਡ ਵਿਚ ਅੰਤਰਰਾਸ਼ਟਰੀ ਪੱਧਰ ’ਤੇ ਪਹੁੰਚੇ ਹਨ। ਇੱਥੇ ਹੀ ਉਨ੍ਹਾਂ ਨੇ ਕਦੇ ਜਲੰਧਰ ਦੇ ਸੁਰਜੀਤ ਹਾਕੀ ਅਕੈਡਮੀ ’ਚ ਖੇਡਦਿਆਂ ਹੀ ਅੰਤਰਰਾਸ਼ਟਰੀ ਪੱਧਰ ’ਤੇ ਮੈਡਲ ਜਿੱਤਣ ਦੇ ਸੁਪਨੇ ਬੀਜੇ ਸੀ ਤੇ ਇਹ ਸੁਪਨੇ ਉਨ੍ਹਾਂ ਦੇ ਸਾਕਾਰ ਹੋਏ ਹਨ। ਹਾਰਦਿਕ ਦਾ ਨਾਂ ਭਾਵੇਂ ਮੁਹਾਲੀ ਹਾਕੀ ਅਕੈਡਮੀ ਨਾਲ ਜੁੜਿਆ ਹੋਇਆ ਹੈ ਪਰ ਉਹ ਵੀ ਕੁਝ ਸਮਾਂ ਜਲੰਧਰ ਰਿਹਾ ਹੈ ਤੇ ਉਥੇ ਖੇਡਿਆ ਹੈ। ਇਹ ਖਿਡਾਰੀ ਪਹਿਲੀ ਵਾਰ ਇਨ੍ਹਾਂ ਵੱਡਾ ਅੰਤਰਰਾਸ਼ਟਰੀ ਟੂਰਨਾਮੈਂਟ ਉਸ ਮੈਦਾਨ ਵਿਚ ਖੇਡ ਰਹੇ ਹੋਣਗੇ, ਜਿੱਥੇ ਉਨ੍ਹਾਂ ਨੇ ਹਾਕੀ ਦੇ ਵੱਡੇ ਦਾਅ-ਪੇਚ ਸਿੱਖੇ ਸੀ। ਆਪਣੇ ਲੋਕਾਂ ਦੇ ਸਾਹਮਣੇ ਖੇਡਣ ਤੇ ਆਪਣਾ ਹੁਨਰ ਦਿਖਾਉਣ ਦੀ ਖ਼ੁਸ਼ੀ ਹੀ ਵੱਖਰੀ ਹੁੰਦੀ ਹੈ।
ਸਟੇਡੀਅਮ ’ਚ ਮੁਫ਼ਤ ਦਾਖ਼ਲਾ
ਭਾਰਤੀ ਹਾਕੀ ਫੈਡਰੇਸ਼ਨ ਨੇ ਦਰਸ਼ਕਾਂ ਦਾ ਸਟੇਡੀਅਮ ’ਚ ਦਾਖ਼ਲਾ ਮੁਫ਼ਤ ਕਰ ਦਿੱਤਾ ਹੈ। ਕੋਈ ਟਿਕਟ ਨਹੀਂ ਲੱਗਣੀ, ਸਿਰਫ਼ ਰਜਿਸਟ੍ਰੇਸ਼ਨ ਹੋਣੀ ਹੈ ਤੇ ਉਸ ਤੋਂ ਬਾਅਦ ਸਟੇਡੀਅਮ ’ਚ ਦਾਖਲ ਹੋਣ ਲਈ ਪਾਸ ਮਿਲ ਜਾਣਾ ਹੈ।
- ਸਰਬਜੀਤ ਧਾਲੀਵਾਲ