FIFA World Cup 'ਤੇ ਇੰਗਲੈਂਡ ਦੀ ਨਜ਼ਰ! ਕਪਤਾਨ ਹੈਰੀ ਕੇਨ ਦਾ ਵੱਡਾ ਦਾਅਵਾ, ਕਿਹਾ- ਟਰਾਫ਼ੀ ਜਿੱਤਣ ਦਾ ਇਹ ਸਭ ਤੋਂ ਸੁਨਹਿਰੀ ਮੌਕਾ
ਇੰਗਲੈਂਡ ਦੇ ਕਪਤਾਨ ਹੈਰੀ ਕੇਨ ਦਾ ਮੰਨਣਾ ਹੈ ਕਿ ਫੀਫਾ ਵਰਲਡ ਕੱਪ 2026 (FIFA World Cup 2026) 'ਚ ਟੀਮ ਕੋਲ ਟਰਾਫ਼ੀ ਆਪਣੇ ਨਾਮ ਕਰਨ ਦਾ ਸਭ ਤੋਂ ਸ਼ਾਨਦਾਰ ਮੌਕਾ ਹੋਵੇਗਾ। ਬਾਇਰਨ ਮਿਊਨਿਖ ਲਈ 51 ਮੈਚਾਂ 'ਚ 61 ਗੋਲ ਕਰਨ ਵਾਲੇ ਸ਼ਾਨਦਾਰ ਸੀਜ਼ਨ ਤੋਂ ਬਾਅਦ ਇਸ ਸਟ੍ਰਾਈਕਰ ਨੂੰ ਇਸ ਵਾਰ ਟੀਮ 'ਤੇ ਪੂਰਾ ਭਰੋਸਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਉਹ ਆਪਣੇ ਕਰੀਅਰ ਦੇ ਸਭ ਤੋਂ ਬਿਹਤਰੀਨ ਫਾਰਮ ਨੂੰ ਜਾਰੀ ਰੱਖਦਿਆਂ ਇੰਗਲੈਂਡ ਨੂੰ ਟੂਰਨਾਮੈਂਟ 'ਚ ਅੱਗੇ ਤੱਕ ਲੈ ਜਾਣ ਲਈ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਤਿਆਰ ਹਨ।
Publish Date: Wed, 17 Jun 2026 06:06 PM (IST)
Updated Date: Wed, 17 Jun 2026 06:08 PM (IST)

ਖੇਡ ਜਗਤ, ਨਵੀਂ ਦਿੱਲੀ : ਇੰਗਲੈਂਡ ਦੇ ਕਪਤਾਨ ਹੈਰੀ ਕੇਨ ਦਾ ਮੰਨਣਾ ਹੈ ਕਿ ਫੀਫਾ ਵਰਲਡ ਕੱਪ 2026 (FIFA World Cup 2026) 'ਚ ਟੀਮ ਕੋਲ ਟਰਾਫ਼ੀ ਆਪਣੇ ਨਾਮ ਕਰਨ ਦਾ ਸਭ ਤੋਂ ਸ਼ਾਨਦਾਰ ਮੌਕਾ ਹੋਵੇਗਾ। ਬਾਇਰਨ ਮਿਊਨਿਖ ਲਈ 51 ਮੈਚਾਂ 'ਚ 61 ਗੋਲ ਕਰਨ ਵਾਲੇ ਸ਼ਾਨਦਾਰ ਸੀਜ਼ਨ ਤੋਂ ਬਾਅਦ ਇਸ ਸਟ੍ਰਾਈਕਰ ਨੂੰ ਇਸ ਵਾਰ ਟੀਮ 'ਤੇ ਪੂਰਾ ਭਰੋਸਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਉਹ ਆਪਣੇ ਕਰੀਅਰ ਦੇ ਸਭ ਤੋਂ ਬਿਹਤਰੀਨ ਫਾਰਮ ਨੂੰ ਜਾਰੀ ਰੱਖਦਿਆਂ ਇੰਗਲੈਂਡ ਨੂੰ ਟੂਰਨਾਮੈਂਟ 'ਚ ਅੱਗੇ ਤੱਕ ਲੈ ਜਾਣ ਲਈ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਤਿਆਰ ਹਨ।
ਇੰਗਲੈਂਡ ਫੀਫਾ ਵਿਸ਼ਵ ਕੱਪ 'ਚ ਆਪਣੀ ਮੁਹਿੰਮ ਦੀ ਸ਼ੁਰੂਆਤ ਵੀਰਵਾਰ ਨੂੰ ਕਰੋਏਸ਼ੀਆ ਖ਼ਿਲਾਫ਼ ਕਰੇਗਾ। ਮੈਚ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ 'ਚ ਗੱਲਬਾਤ ਕਰਦਿਆਂ 32 ਸਾਲਾ ਇਸ ਖਿਡਾਰੀ ਨੇ ਕਿਹਾ, "ਜੇਕਰ ਮੈਂ ਨਿੱਜੀ ਤੌਰ 'ਤੇ ਕਹਾਂ ਤਾਂ ਮਾਨਸਿਕ ਅਤੇ ਸਰੀਰਕ ਤੌਰ 'ਤੇ ਇਹ ਮੇਰਾ ਹੁਣ ਤੱਕ ਦਾ ਸਭ ਤੋਂ ਵਧੀਆ ਸੀਜ਼ਨ ਰਿਹਾ ਹੈ। ਮੇਰੇ ਲਈ ਸੀਜ਼ਨ ਦਾ ਅੰਤ ਬਹੁਤ ਵਧੀਆ ਰਿਹਾ। ਸਰੀਰਕ ਤੌਰ 'ਤੇ ਮੈਂ ਖ਼ੁਦ ਨੂੰ ਬਹੁਤ ਵਧੀਆ ਸ਼ੇਪ (ਫਿਟਨੈੱਸ) 'ਚ ਮਹਿਸੂਸ ਕਰ ਰਿਹਾ ਹਾਂ।" ਉਨ੍ਹਾਂ ਅੱਗੇ ਕਿਹਾ, "ਆਪਣੇ ਕਰੀਅਰ ਲਈ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ, ਜੋ ਤੁਹਾਡੇ ਮੁਤਾਬਕ ਹੋਣ ਅਤੇ ਸਹੀ ਸਮੇਂ 'ਤੇ ਸਹੀ ਜਗ੍ਹਾ 'ਤੇ ਹੋਣ। ਮੈਨੂੰ ਲੱਗਦਾ ਹੈ ਕਿ ਇਸ ਟੂਰਨਾਮੈਂਟ ਲਈ ਬਿਲਕੁਲ ਅਜਿਹਾ ਹੀ ਹੋਇਆ ਹੈ। ਮੇਰੇ ਮੁਤਾਬਕ ਇੱਕ ਟੀਮ ਵਜੋਂ ਸਾਡੇ ਕੋਲ ਫੀਫਾ ਵਰਲਡ ਕੱਪ ਜਿੱਤਣ ਦਾ ਇਹ ਸਭ ਤੋਂ ਵਧੀਆ ਮੌਕਾ ਹੋਵੇਗਾ। ਮੈਨੂੰ ਲੱਗਦਾ ਹੈ ਕਿ ਹਰ ਕੋਈ ਸ਼ਾਨਦਾਰ ਸ਼ੁਰੂਆਤ ਕਰਨ ਅਤੇ ਇਹ ਸਾਬਤ ਕਰਨ ਲਈ ਬੇਤਾਬ ਹੈ ਕਿ ਸਾਡੇ ਕੋਲ ਇਸ ਟੂਰਨਾਮੈਂਟ 'ਚ ਅੱਗੇ ਤੱਕ ਜਾਣ ਦੀ ਕਾਬਲੀਅਤ ਹੈ।"
ਇੰਗਲੈਂਡ ਦੇ ਸਭ ਤੋਂ ਸਫ਼ਲ ਸਟ੍ਰਾਈਕਰਾਂ 'ਚੋਂ ਇੱਕ
ਹੈਰੀ ਕੇਨ ਇੰਗਲੈਂਡ ਦੇ ਹੁਣ ਤੱਕ ਦੇ ਸਭ ਤੋਂ ਸਫ਼ਲ ਸਟ੍ਰਾਈਕਰਾਂ 'ਚੋਂ ਇੱਕ ਹਨ। ਉਹ ਇੰਗਲੈਂਡ ਲਈ 'ਆਲ-ਟਾਈਮ ਰਿਕਾਰਡ ਗੋਲਸਕੋਰਰ' (ਸਭ ਤੋਂ ਵੱਧ ਗੋਲ ਕਰਨ ਵਾਲੇ) ਹਨ ਅਤੇ ਅੰਤਰਰਾਸ਼ਟਰੀ ਮੈਚਾਂ 'ਚ ਸਭ ਤੋਂ ਵੱਧ ਮੈਚ ਖੇਡਣ (Appearances) ਦੀ ਸੂਚੀ 'ਚ ਸਾਂਝੇ ਤੌਰ 'ਤੇ ਚੌਥੇ ਸਥਾਨ 'ਤੇ ਹਨ। ਕੇਨ ਲੰਬੇ ਸਮੇਂ ਤੋਂ ਇੰਗਲੈਂਡ ਦੀ ਟੀਮ ਦੇ ਅਹਿਮ ਖਿਡਾਰੀ ਰਹੇ ਹਨ ਅਤੇ ਕਈ ਵੱਡੇ ਟੂਰਨਾਮੈਂਟਾਂ 'ਚ ਟੀਮ ਦੀ ਸਫ਼ਲਤਾ 'ਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ।
ਉਹ ਇੰਗਲੈਂਡ ਦੀ ਉਸ ਟੀਮ ਦਾ ਹਿੱਸਾ ਸਨ, ਜਿਸ ਨੇ 2018 ਫੀਫਾ ਵਰਲਡ ਕੱਪ ਦੇ ਸੈਮੀਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਯੂਈਐੱਫਏ ਯੂਰੋ 2020 (UEFA Euro 2020) ਅਤੇ ਯੂਈਐੱਫਏ ਯੂਰੋ 2024 ਦੇ ਫਾਈਨਲ ਤੱਕ ਪਹੁੰਚਣ 'ਚ ਵੀ ਟੀਮ ਦਾ ਹਿੱਸਾ ਬਣ ਕੇ ਅਹਿਮ ਯੋਗਦਾਨ ਪਾਇਆ ਸੀ।
ਡੇਵਿਡ ਬੇਕਹਮ ਦੇ ਰਿਕਾਰਡ ਦੀ ਕਰਨਗੇ ਬਰਾਬਰੀ
ਕਰੋਏਸ਼ੀਆ ਖ਼ਿਲਾਫ਼ ਕੇਨ ਇੰਗਲੈਂਡ ਲਈ ਆਪਣਾ 115ਵਾਂ ਮੈਚ ਖੇਡਣ ਉਤਰਨਗੇ ਅਤੇ ਉਹ ਦਿੱਗਜ ਖਿਡਾਰੀ ਡੇਵਿਡ ਬੇਕਹਮ ਦੇ ਰਿਕਾਰਡ ਦੀ ਬਰਾਬਰੀ ਕਰ ਲੈਣਗੇ। ਹੈਰੀ ਕੇਨ ਨੇ ਕਿਹਾ, "ਬੇਕਹਮ ਦੇ ਬਰਾਬਰ ਤੱਕ ਪਹੁੰਚਣਾ ਮੇਰੇ ਲਈ ਬਹੁਤ ਵੱਡੀ ਗੱਲ ਹੈ। ਬੇਕਹਮ ਮੇਰੇ ਆਦਰਸ਼ ਰਹੇ ਹਨ, ਮੈਂ ਉਨ੍ਹਾਂ ਨੂੰ ਇੰਗਲੈਂਡ ਦੇ ਕਪਤਾਨ ਵਜੋਂ ਦੇਖਦਾ ਸੀ ਅਤੇ ਸੁਪਨਾ ਲੈਂਦਾ ਸੀ ਕਿ ਇੱਕ ਦਿਨ ਮੈਂ ਵੀ ਉਨ੍ਹਾਂ ਵਰਗੀ ਹੀ ਇੰਗਲੈਂਡ ਦੀ ਸ਼ਰਟ ਪਹਿਨਾਂਗਾ, ਇਸ ਲਈ ਇਹ ਇੱਕ ਬਹੁਤ ਹੀ ਖ਼ਾਸ ਤੇ ਭਾਵੁਕ ਪਲ ਹੋਵੇਗਾ।"
ਮੈਸੀ, ਰੋਨਾਲਡੋ ਅਤੇ ਮੋਡਰਿਕ ਵਰਗੀ ਨਿਰੰਤਰਤਾ ਦਾ ਟੀਚਾ
ਹੈਰੀ ਕੇਨ ਨੇ ਆਪਣੇ ਕਰੀਅਰ ਦੀ ਮਾਨਸਿਕਤਾ ਅਤੇ ਲਗਾਤਾਰ ਬਿਹਤਰ ਪ੍ਰਦਰਸ਼ਨ 'ਤੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪੂਰਾ ਧਿਆਨ ਹਮੇਸ਼ਾ ਸਭ ਤੋਂ ਵਧੀਆ ਬਣਨ ਅਤੇ ਹਰ ਸੀਜ਼ਨ 'ਚ ਖ਼ੁਦ ਨੂੰ ਸੁਧਾਰਨ 'ਤੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸੇ ਸੋਚ ਨੇ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਉੱਚ ਪੱਧਰ 'ਤੇ ਬਣਾਈ ਰੱਖਿਆ ਹੈ। ਕੇਨ ਨੇ ਕਿਹਾ ਕਿ ਜਿਸ ਪੱਧਰ 'ਤੇ ਉਹ ਖੇਡਣਾ ਚਾਹੁੰਦੇ ਹਨ, ਉੱਥੇ ਲਗਾਤਾਰ ਇੱਕੋ ਜਿਹਾ ਸਥਿਰ ਪ੍ਰਦਰਸ਼ਨ ਕਰਨਾ ਹੀ ਅਸਲੀ ਚੁਣੌਤੀ ਹੈ। ਉਨ੍ਹਾਂ ਮੁਤਾਬਕ ਲੰਬੇ ਸਮੇਂ ਤੱਕ ਲਗਾਤਾਰ ਅੱਛਾ ਖੇਡਣਾ ਹੀ ਆਮ ਖਿਡਾਰੀਆਂ ਨੂੰ ਮਹਾਨ ਖਿਡਾਰੀਆਂ ਤੋਂ ਵੱਖ ਕਰਦਾ ਹੈ।
ਇਸ ਦੌਰਾਨ ਉਨ੍ਹਾਂ ਨੇ ਦੁਨੀਆ ਦੇ ਕੁਝ ਮਹਾਨ ਫੁੱਟਬਾਲਰਾਂ ਦਾ ਵੀ ਜ਼ਿਕਰ ਕੀਤਾ, ਜਿਨ੍ਹਾਂ 'ਚ ਕ੍ਰਿਸਟੀਆਨੋ ਰੋਨਾਲਡੋ, ਲਿਓਨਲ ਮੈਸੀ ਅਤੇ ਲੂਕਾ ਮੋਡਰਿਕ ਸ਼ਾਮਲ ਹਨ। ਕੇਨ ਨੇ ਕਿਹਾ ਕਿ ਇਹਨਾਂ ਖਿਡਾਰੀਆਂ ਨੇ 20 ਸਾਲਾਂ ਤੋਂ ਵੱਧ ਸਮੇਂ ਤੱਕ ਉੱਚ ਪੱਧਰ 'ਤੇ ਆਪਣਾ ਪ੍ਰਦਰਸ਼ਨ ਬਰਕਰਾਰ ਰੱਖਿਆ ਹੈ, ਜੋ ਉਨ੍ਹਾਂ ਨੂੰ ਖ਼ਾਸ ਬਣਾਉਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਆਪਣੇ ਕਰੀਅਰ 'ਚ ਲਗਾਤਾਰ ਛੇਵੇਂ ਵੱਡੇ ਟੂਰਨਾਮੈਂਟ 'ਚ ਸ਼ਾਮਲ ਹੋਣਾ ਅਤੇ ਚੰਗੀ ਫਾਰਮ 'ਚ ਰਹਿਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਮੁਤਾਬਕ, ਇਸ ਤਰ੍ਹਾਂ ਦੀ ਨਿਰੰਤਰਤਾ ਹੀ ਕਿਸੇ ਖਿਡਾਰੀ ਨੂੰ ਮਹਾਨਤਾ ਦੇ ਪੱਧਰ ਤੱਕ ਲੈ ਕੇ ਜਾਂਦੀ ਹੈ ਅਤੇ ਉਹ ਇਸੇ ਮਾਨਸਿਕਤਾ ਨਾਲ ਅੱਗੇ ਵੀ ਖੇਡਦੇ ਰਹਿਣਾ ਚਾਹੁੰਦੇ ਹਨ।