- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਨੇ ਰਾਸ਼ਟਰੀ ਗੀਤ ਦੌਰਾਨ ਵਹਿਣ ਵਾਲੇ ਹੰਝੂਆਂ ਦੇ ਪਿੱਛੇ ਦੀਆਂ ਭਾਵਨਾਵਾਂ ਨੂੰ ਸਾਂਝਾ ਕੀਤਾ। ਆਪਣੇ ਪਰਿਵਾਰ ਤੇ ਕੋਚਾਂ ਨੂੰ ਆਪਣੀ ਸਫਲਤਾ ਦਾ ਸਭ ਤੋਂ ਵੱਡਾ ਥੰਮ੍ਹ ਦੱਸਿਆ ਤੇ ਨੌਜਵਾਨਾਂ ਨੂੰ ਸਖ਼ਤ ਮਿਹਨਤ, ਅਨੁਸ਼ਾਸਨ ਤੇ ਕੁਰਬਾਨੀ ਨਾਲ ਦੇਸ਼ ਦਾ ਨਾਂ ਰੌਸ਼ਨ ਕਰਨ ਦਾ ਸੱਦਾ ਦਿੱਤਾ।

ਰਾਸ਼ਟਰਮੰਡਲ ਖੇਡਾਂ ’ਚ ਲਗਾਤਾਰ ਤੀਜਾ ਸੋਨ ਤਮਗਾ ਜਿੱਤ ਕੇ ਭਾਰਤ ਦਾ ਨਾਂ ਰੌਸ਼ਨ ਕਰਨ ਵਾਲੀ ਸਟਾਰ ਵੇਟਲਿਫਟਰ ਮੀਰਾਬਾਈ ਚਾਨੂ ਲਈ ਇਹ ਜਿੱਤ ਸਿਰਫ ਇਕ ਤਮਗਾ ਨਹੀਂ ਹੈ ਸਗੋਂ ਸਾਲਾਂ ਦੇ ਸੰਘਰਸ਼, ਸੱਟਾਂ ਤੇ ਅਡੋਲ ਸਾਹਸ ਦੀ ਜਿੱਤ ਹੈ। ਪੈਰਿਸ ਉਲੰਪਿਕ ਤੋਂ ਬਾਅਦ ਗੰਭੀਰ ਸੱਟਾਂ ਲੱਗਣ ਦੇ ਬਾਵਜੂਦ ਉਸ ਨੇ ਹਿੰਮਤ ਨਹੀਂ ਹਾਰੀ ਤੇ ਮੁੜ ਵਸੇਬੇ ’ਤੇ ਧਿਆਨ ਦੇ ਕੇ ਖੁਦ ਨੂੰ ਦੁਬਾਰਾ ਬਣਾਇਆ। ਉਨ੍ਹਾਂ ਨੇ ਰਾਸ਼ਟਰੀ ਗੀਤ ਦੌਰਾਨ ਵਹਿਣ ਵਾਲੇ ਹੰਝੂਆਂ ਦੇ ਪਿੱਛੇ ਦੀਆਂ ਭਾਵਨਾਵਾਂ ਨੂੰ ਸਾਂਝਾ ਕੀਤਾ। ਆਪਣੇ ਪਰਿਵਾਰ ਤੇ ਕੋਚਾਂ ਨੂੰ ਆਪਣੀ ਸਫਲਤਾ ਦਾ ਸਭ ਤੋਂ ਵੱਡਾ ਥੰਮ੍ਹ ਦੱਸਿਆ ਤੇ ਨੌਜਵਾਨਾਂ ਨੂੰ ਸਖ਼ਤ ਮਿਹਨਤ, ਅਨੁਸ਼ਾਸਨ ਤੇ ਕੁਰਬਾਨੀ ਨਾਲ ਦੇਸ਼ ਦਾ ਨਾਂ ਰੌਸ਼ਨ ਕਰਨ ਦਾ ਸੱਦਾ ਦਿੱਤਾ। ਲੋਕੇਸ਼ ਸ਼ਰਮਾ ਨੇ ਮੀਰਾਬਾਈ ਚਾਨੂ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼-
--
ਸਵਾਲ : ਰਾਸ਼ਟਰਮੰਡਲ ਖੇਡਾਂ ’ਚ ਲਗਾਤਾਰ ਤੀਜਾ ਸੋਨ ਤਮਗਾ ਜਿੱਤਣ ਲਈ ਵਧਾਈਆਂ। ਇਸ ਜਿੱਤ ਤੋਂ ਬਾਅਦ ਤੁਹਾਡੀ ਪਹਿਲੀ ਭਾਵਨਾ ਕੀ ਸੀ?
ਚਾਨੂ : ਤੁਹਾਡਾ ਬਹੁਤ-ਬਹੁਤ ਧੰਨਵਾਦ। ਇਹ ਸੋਨਾ ਮੇਰੇ ਲਈ ਬਹੁਤ ਖਾਸ ਸੀ। ਇਹ ਮੇਰੀਆਂ ਚੌਥੀ ਰਾਸ਼ਟਰਮੰਡਲ ਖੇਡਾਂ ਹਨ, ਜਿਸ ’ਚ ਮੈਂ ਤਿੰਨ ਸੋਨ ਤੇ ਇੱਕ ਚਾਂਦੀ ਦਾ ਤਮਗਾ ਜਿੱਤਿਆ ਹੈ। ਲਗਾਤਾਰ ਤੀਜਾ ਸੋਨ ਤਮਗਾ ਜਿੱਤਣਾ ਮੇਰੇ ਲਈ ਮਾਣ ਵਾਲੀ ਗੱਲ ਹੈ। ਇਹ ਨਾ ਸਿਰਫ ਮੇਰੇ ਲਈ ਸਗੋਂ ਭਾਰਤੀ ਵੇਟ ਲਿਫਟਿੰਗ ਲਈ ਵੀ ਵੱਡੀ ਪ੍ਰਾਪਤੀ ਹੈ।
--
ਸਵਾਲ : ਮੈਡਲ ਜਿੱਤਣ ਤੋਂ ਬਾਅਦ ਰਾਸ਼ਟਰੀ ਗੀਤ ਦੌਰਾਨ ਤੁਹਾਡੀਆਂ ਅੱਖਾਂ 'ਚ ਹੰਝੂ ਆ ਗਏ ਸਨ। ਤੁਸੀਂ ਉਸ ਪਲ ਨੂੰ ਕਿਵੇਂ ਯਾਦ ਕਰਦੇ ਹੋ?
ਚਾਨੂ : ਜਦੋਂ ਵਿਦੇਸ਼ੀ ਧਰਤੀ ’ਤੇ ਤਿਰੰਗਾ ਸਭ ਤੋਂ ਉੱਪਰ ਲਹਿਰਾਉਂਦਾ ਹੈ ਤੇ ਰਾਸ਼ਟਰੀ ਗੀਤ ਵੱਜਦਾ ਹੈ ਤਾਂ ਹਰ ਖਿਡਾਰੀ ਭਾਵੁਕ ਹੋ ਜਾਂਦਾ ਹੈ। ਪਿਛਲੇ 4 ਸਾਲਾਂ ’ਚ ਸਿਖਲਾਈ, ਸੱਟਾਂ ਤੇ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ ਸੀ। ਅਜਿਹੇ 'ਚ ਸੋਨ ਤਮਗਾ ਜਿੱਤਣ ਤੋਂ ਬਾਅਦ ਆਪਣੇ ਆਪ ਹੀ ਖੁਸ਼ੀ ਦੇ ਹੰਝੂ ਨਿਕਲ ਆਏ। ਉਹ ਪਲ ਮੇਰੀ ਜ਼ਿੰਦਗੀ ਦੇ ਸਭ ਤੋਂ ਭਾਵੁਕ ਪਲਾਂ ’ਚੋਂ ਇੱਕ ਸੀ।
---
ਸਵਾਲ : ਇਸ ਵਾਰ ਤਿਆਰੀ ਦੌਰਾਨ ਸਭ ਤੋਂ ਵੱਡੀ ਚੁਣੌਤੀ ਕੀ ਸੀ?
ਚਾਨੂ : ਸਭ ਤੋਂ ਵੱਡੀ ਚੁਣੌਤੀ ਸੱਟ ਸੀ। ਪੈਰਿਸ ਉਲੰਪਿਕ ਦੌਰਾਨ ਮੇਰੀ ਕਮਰ ਦੇ ਜੋੜ, ਮੋਢੇ ਤੇ ਗੁੱਟ ’ਚ ਬਹੁਤ ਦਰਦ ਹੋਇਆ ਸੀ। ਸਿਰਫ ਚਿੰਤਾ ਇਹ ਸੀ ਕਿ ਕੀ ਮੈਂ ਰਾਸ਼ਟਰਮੰਡਲ ਖੇਡਾਂ ਤੇ ਫਿਰ ਏਸ਼ੀਆਈ ਖੇਡਾਂ ’ਚ ਆਪਣਾ ਸਰਬੋਤਮ ਪ੍ਰਦਰਸ਼ਨ ਕਰ ਸਕਾਂਗੀ ਜਾਂ ਨਹੀਂ। ਇਸ ਲਈ ਇਸ ਵਾਰ ਅਸੀਂ ਸਿਖਲਾਈ ਨਾਲੋਂ ਮੁੜ ਵਸੇਬੇ ’ਤੇ ਜ਼ਿਆਦਾ ਧਿਆਨ ਦਿੱਤਾ।
--
ਸਵਾਲ : ਹੁਣ ਏਸ਼ੀਅਨ ਖੇਡਾਂ ਅੱਗੇ ਹਨ। ਕੀ ਤੁਸੀਂ ਇਸ ਲਈ ਕੋਈ ਵਿਸ਼ੇਸ਼ ਯੋਜਨਾ ਬਣਾਈ ਹੈ?
ਚਾਨੂ : ਕੋਈ ਵੱਖਰੀ ਜਾਂ ਵਿਸ਼ੇਸ਼ ਯੋਜਨਾ ਨਹੀਂ ਹੈ। ਏਸ਼ੀਆਈ ਖੇਡਾਂ ਦਾ ਪੱਧਰ ਕਾਫ਼ੀ ਮੁਸ਼ਕਲ ਹੈ। ਇਸ ਲਈ ਅਭਿਆਸ ਦਾ ਭਾਰ ਯਕੀਨੀ ਤੌਰ ’ਤੇ ਵਧੇਗਾ। ਮੇਰੀ ਪਹਿਲੀ ਤਰਜੀਹ ਪੂਰੀ ਤਰ੍ਹਾਂ ਫਿੱਟ ਰਹਿਣਾ ਹੈ। ਮੈਂ ਭਾਰਤ ’ਚ ਰਹਿ ਕੇ ਤਿਆਰੀ ਕਰਾਂਗਾ ਤੇ ਬਿਨਾਂ ਕਿਸੇ ਸੱਟ ਦੇ ਮੁਕਾਬਲੇ ’ਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕਰਾਂਗੀ।
---
ਸਵਾਲ : ਤੁਹਾਡੀ ਇਸ ਕਾਮਯਾਬੀ ’ਚ ਸਭ ਤੋਂ ਵੱਡਾ ਯੋਗਦਾਨ ਕਿਸ ਦਾ ਰਿਹਾ?
ਚਾਨੂ : ਮੇਰੀ ਸਫਲਤਾ ਦਾ ਸਭ ਤੋਂ ਵੱਡਾ ਸਿਹਰਾ ਮੇਰੇ ਪਰਿਵਾਰ ਤੇ ਕੋਚਾਂ ਨੂੰ ਜਾਂਦਾ ਹੈ। ਮੇਰੀ ਮਾਂ ਨੇ ਹਰ ਹਾਲਤ ’ਚ ਮੇਰਾ ਸਾਥ ਦਿੱਤਾ। ਮੇਰੇ ਕੋਚ ਵਿਜੇ ਸਰ ਨੇ ਹਮੇਸ਼ਾ ਮੇਰਾ ਆਤਮ-ਵਿਸ਼ਵਾਸ ਵਧਾਇਆ ਤੇ ਸਹੀ ਮਾਰਗਦਰਸ਼ਨ ਦਿੱਤਾ। ਭਾਰਤੀ ਵੇਟ ਲਿਫਟਿੰਗ ਫੈੱਡਰੇਸ਼ਨ ਨੇ ਵੀ ਹਰ ਕਦਮ ’ਤੇ ਪੂਰਾ ਸਹਿਯੋਗ ਦਿੱਤਾ।
--
ਸਵਾਲ : ਨੌਜਵਾਨ ਵੇਟ ਲਿਫਟਰਾਂ ਤੇ ਹੋਰ ਖਿਡਾਰੀਆਂ ਲਈ ਤੁਹਾਡਾ ਕੀ ਸੰਦੇਸ਼ ਹੈ?
ਚਾਨੂ : ਇਸ ਵਾਰ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਮੈਡਲ ਜਿੱਤਣ ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਜਿਹੜੇ ਮੈਡਲ ਨਹੀਂ ਜਿੱਤ ਸਕੇ ਉਨ੍ਹਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਮਿਹਨਤ ਕਰਦੇ ਰਹੋ ਤੇ ਦੇਸ਼ ਦਾ ਨਾਂ ਰੌਸ਼ਨ ਕਰਦੇ ਰਹੋ।
--
ਸਵਾਲ : ਦੇਸ਼ ਵਾਸੀਆਂ ਤੇ ਨੌਜਵਾਨਾਂ ਲਈ ਤੁਹਾਡਾ ਸੁਨੇਹਾ?
ਚਾਨੂ : ਮੈਂ ਪੂਰੇ ਦੇਸ਼ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਲੋਕਾਂ ਦੇ ਪਿਆਰ ਤੇ ਸਮਰਥਨ ਕਾਰਨ ਹੀ ਮੈਂ ਇੱਥੇ ਤੱਕ ਪਹੁੰਚੀ ਹਾਂ। ਮੈਂ ਨੌਜਵਾਨਾਂ ਨੂੰ ਕਹਿਣਾ ਚਾਹਾਂਗੀ ਕਿ ਉਹ ਸਖ਼ਤ ਮਿਹਨਤ, ਅਨੁਸ਼ਾਸਨ ਤੇ ਤਿਆਗ ਨਾਲ ਆਪਣੇ ਟੀਚਿਆਂ ਵੱਲ ਵਧਣ, ਜੇਕਰ ਅਸੀਂ ਪੂਰੀ ਇਮਾਨਦਾਰੀ ਨਾਲ ਮਿਹਨਤ ਕਰਾਂਗੇ ਤਾਂ ਯਕੀਨਨ ਹੀ ਭਾਰਤ ਦਾ ਨਾਂ ਦੁਨੀਆ ’ਚ ਉੱਚਾ ਕਰ ਸਕਾਂਗੇ।