Asian Para Games 2026: ਬੈਡਮਿੰਟਨ 'ਚ ਭਾਰਤ ਦੀ ਸੋਨੇ-ਚਾਂਦੀ ਦੀ ਚਮਕ, ਦੋ ਗੋਲਡ ਤੇ ਦੋ ਸਿਲਵਰ ਨਾਲ ਜਾਪਾਨ 'ਚ ਮਚਾਇਆ ਧਮਾਲ
Asian Para Games : ਨਿਤੇਸ਼ ਨੇ ਪੈਰਾਲੰਪਿਕ ਚੈਂਪੀਅਨ ਪ੍ਰਮੋਦ ਨੂੰ ਸਿੱਧੀਆਂ ਗੇਮਾਂ 'ਚ 21-18, 21-16 ਨਾਲ ਹਰਾਉਂਦਿਆਂ ਸੋਨੇ ਦਾ ਤਗ਼ਮਾ ਜਿੱਤਿਆ। ਪ੍ਰਮੋਦ ਨੂੰ ਚਾਂਦੀ ਦੇ ਤਗ਼ਮੇ ਨਾਲ ਹੀ ਸੰਤੋਖ ਕਰਨਾ ਪਿਆ। ਭਾਰਤ ਲਈ ਚੰਗੀ ਗੱਲ ਇਹ ਰਹੀ ਕਿ ਇਸ ਮੁਕਾਬਲੇ ਦੇ ਦੋਵੇਂ ਤਗ਼ਮੇ ਭਾਰਤ ਦੇ ਹਿੱਸੇ ਆਏ।
Publish Date: Fri, 23 Oct 2026 11:33 AM (IST)
Updated Date: Fri, 23 Oct 2026 11:34 AM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਜਾਪਾਨ ਦੇ ਆਈਚੀ-ਨਾਗੋਆ 'ਚ ਖੇਡੀਆਂ ਜਾ ਰਹੀਆਂ ਪੈਰਾ ਏਸ਼ੀਅਨ ਖੇਡਾਂ 'ਚ ਭਾਰਤ ਦੇ ਬੈਡਮਿੰਟਨ ਖਿਡਾਰੀਆਂ ਨੇ ਕਮਾਲ ਕਰ ਦਿੱਤਾ ਹੈ। ਭਾਰਤੀ ਖਿਡਾਰੀਆਂ ਨੇ ਸ਼ੁੱਕਰਵਾਰ ਦੀ ਸਵੇਰ ਨੂੰ ਤਗ਼ਮਿਆਂ ਨਾਲ ਯਾਦਗਾਰ ਬਣਾ ਦਿੱਤਾ ਅਤੇ ਦੋ ਸੋਨੇ ਦੇ ਤਗ਼ਮਿਆਂ ਸਮੇਤ ਦੋ ਚਾਂਦੀ ਦੇ ਤਗ਼ਮੇ ਆਪਣੇ ਨਾਂ ਕੀਤੇ।
ਆਪਣੇ ਆਖ਼ਰੀ ਪੜਾਅ 'ਤੇ ਪਹੁੰਚ ਚੁੱਕੀਆਂ ਇਨ੍ਹਾਂ ਖੇਡਾਂ 'ਚ ਅੱਜ ਭਾਰਤ ਨੂੰ ਵੱਧ ਤੋਂ ਵੱਧ ਤਗ਼ਮੇ ਜਿੱਤਣ ਦੀ ਉਮੀਦ ਸੀ। ਸਵੇਰ ਤੋਂ ਹੀ ਤਗ਼ਮਿਆਂ ਦੀ ਬਾਰਿਸ਼ ਹੋ ਰਹੀ ਹੈ, ਜਿਸ 'ਚ ਬੈਡਮਿੰਟਨ ਖਿਡਾਰੀਆਂ ਨੇ ਉਮੀਦ ਮੁਤਾਬਕ ਪ੍ਰਦਰਸ਼ਨ ਕੀਤਾ।
ਆਲ ਇੰਡੀਆ ਫਾਈਨਲ 'ਚ ਨਿਤੇਸ਼ ਨੇ ਜਿੱਤਿਆ ਗੋਲਡ
ਭਾਰਤ ਦੇ ਪੈਰਾ-ਬੈਡਮਿੰਟਨ ਖਿਡਾਰੀ ਨਿਤੇਸ਼ ਕੁਮਾਰ ਨੇ ਪੁਰਸ਼ ਸਿੰਗਲਜ਼ ਐੱਸਐੱਲ3 ਮੁਕਾਬਲੇ 'ਚ ਸੋਨੇ ਦਾ ਤਗ਼ਮਾ ਆਪਣੇ ਨਾਂ ਕੀਤਾ। ਇਸ ਵਰਗ ਦਾ ਫਾਈਨਲ ਪੂਰੀ ਤਰ੍ਹਾਂ ਭਾਰਤੀ ਸੀ, ਕਿਉਂਕਿ ਨਿਤੇਸ਼ ਦਾ ਸਾਹਮਣਾ ਦਿੱਗਜ ਖਿਡਾਰੀ ਪ੍ਰਮੋਦ ਭਗਤ ਨਾਲ ਸੀ।
ਨਿਤੇਸ਼ ਨੇ ਪੈਰਾਲੰਪਿਕ ਚੈਂਪੀਅਨ ਪ੍ਰਮੋਦ ਨੂੰ ਸਿੱਧੀਆਂ ਗੇਮਾਂ 'ਚ 21-18, 21-16 ਨਾਲ ਹਰਾਉਂਦਿਆਂ ਸੋਨੇ ਦਾ ਤਗ਼ਮਾ ਜਿੱਤਿਆ। ਪ੍ਰਮੋਦ ਨੂੰ ਚਾਂਦੀ ਦੇ ਤਗ਼ਮੇ ਨਾਲ ਹੀ ਸੰਤੋਖ ਕਰਨਾ ਪਿਆ। ਭਾਰਤ ਲਈ ਚੰਗੀ ਗੱਲ ਇਹ ਰਹੀ ਕਿ ਇਸ ਮੁਕਾਬਲੇ ਦੇ ਦੋਵੇਂ ਤਗ਼ਮੇ ਭਾਰਤ ਦੇ ਹਿੱਸੇ ਆਏ।
ਨਵੀਨ ਨੇ ਵੀ ਜਿੱਤਿਆ ਗੋਲਡ, ਸੁਮਤੀ ਨੂੰ ਸਿਲਵਰ
ਨਿਤੇਸ਼ ਤੋਂ ਇਲਾਵਾ ਭਾਰਤ ਦੇ ਹੀ ਨਵੀਨ ਸ਼ਿਵਕੁਮਾਰ ਨੇ ਵੀ ਬੈਡਮਿੰਟਨ 'ਚ ਸੋਨੇ ਦਾ ਤਗ਼ਮਾ ਆਪਣੇ ਨਾਂ ਕੀਤਾ। ਉਨ੍ਹਾਂ ਨੇ ਪੁਰਸ਼ ਸਿੰਗਲਜ਼ ਐੱਸਐੱਲ4 ਮੁਕਾਬਲੇ 'ਚ ਇੰਡੋਨੇਸ਼ੀਆ ਦੇ ਫ੍ਰੈਡੀ ਸੇਤਿਆਵਾਨ ਨੂੰ 21-9, 21-17 ਨਾਲ ਹਰਾਇਆ। ਨਵੀਨ ਨੇ ਇਸ ਮੁਕਾਬਲੇ 'ਚ ਇਕਤਰਫ਼ਾ ਅੰਦਾਜ਼ 'ਚ ਜਿੱਤ ਦਰਜ ਕਰਦਿਆਂ ਸੋਨੇ ਦਾ ਤਗ਼ਮਾ ਹਾਸਲ ਕੀਤਾ।
ਮਹਿਲਾ ਵਰਗ 'ਚ ਭਾਰਤ ਦੀ ਸੁਮਤੀ ਸਿਵਨ ਨੂੰ ਚਾਂਦੀ ਦੇ ਤਗ਼ਮੇ ਨਾਲ ਹੀ ਸੰਤੋਖ ਕਰਨਾ ਪਿਆ। ਮਹਿਲਾਵਾਂ ਦੇ ਐੱਸਐੱਚ6 ਵਰਗ 'ਚ ਸੁਮਤੀ ਨੂੰ ਚੀਨ ਦੀ ਫੇਂਗਮੇਈ ਲੀ ਹੱਥੋਂ 12-21, 13-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਖਿਡਾਰਨ ਚੀਨ ਦੀ ਦਿੱਗਜ ਖਿਡਾਰਨ ਦੇ ਸਾਹਮਣੇ ਜ਼ਿਆਦਾ ਮੁਕਾਬਲਾ ਨਹੀਂ ਕਰ ਸਕੀ।