Asian Games 2026: 9 ਸਾਲ ਦੀ ਉਮਰ 'ਚ ਸ਼ੁਰੂ ਕੀਤੀ ਪ੍ਰੈਕਟਿਸ, ਹੁਣ ਰਚਿਆ ਇਤਿਹਾਸ; ਜਾਣੋ ਕੌਣ ਹੈ ਕੁਰਾਸ਼ 'ਚ ਬ੍ਰੌਂਜ਼ ਮੈਡਲ ਜਿੱਤਣ ਵਾਲੀ ਪਿੰਕੀ
ਪਿੰਕੀ ਮੁਨੀਰਕਾ 'ਚ ਬਾਬਾ ਗੰਗਾ ਨਾਥ ਜੂਡੋ ਅਤੇ ਕੁਰਾਸ਼ ਅਕੈਡਮੀ 'ਚ ਟ੍ਰੇਨਿੰਗ ਕਰਦੀ ਹੈ, ਜਿਸ ਨੂੰ ਉਨ੍ਹਾਂ ਦੇ ਮਾਮਾ ਅਤੇ ਜਾਣੇ-ਪਛਾਣੇ ਕੋਚ ਸਮੁੰਦਰ ਟੋਕਸ ਚਲਾਉਂਦੇ ਹਨ। 9 ਸਾਲ ਦੀ ਉਮਰ 'ਚ ਪਿੰਕੀ ਨੇ ਕੁਰਾਸ਼ ਖੇਡਣਾ ਸ਼ੁਰੂ ਕੀਤਾ ਸੀ।
Publish Date: Mon, 28 Sep 2026 02:07 PM (IST)
Updated Date: Mon, 28 Sep 2026 02:09 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਏਸ਼ੀਅਨ ਗੇਮਜ਼-2026 'ਚ ਭਾਰਤ ਲਈ ਸੋਮਵਾਰ ਨੂੰ ਪਿੰਕੀ ਬਲਹਾਰਾ ਨੇ ਕੁਰਾਸ਼ 'ਚ ਬ੍ਰੌਂਜ਼ ਮੈਡਲ ਆਪਣੇ ਨਾਮ ਕੀਤਾ। ਇਸ ਮੈਡਲ ਦੇ ਨਾਲ ਹੀ ਪਿੰਕੀ ਨੇ ਇਤਿਹਾਸ ਰਚ ਦਿੱਤਾ। ਪਿੰਕੀ ਨੂੰ ਮਹਿਲਾਵਾਂ ਦੇ 78 ਕਿਲੋਗ੍ਰਾਮ ਭਾਰ ਵਰਗ ਦੇ ਸੈਮੀਫਾਈਨਲ ਮੈਚ 'ਚ ਦੱਖਣੀ ਕੋਰੀਆ ਦੀ ਸੁਮਿਨ ਮੋ ਦੇ ਹੱਥੋਂ 0-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇਸ ਤਰ੍ਹਾਂ ਉਨ੍ਹਾਂ ਦੇ ਹਿੱਸੇ ਬ੍ਰੌਂਜ਼ ਮੈਡਲ ਆਇਆ।
ਇਹ ਪਿੰਕੀ ਦਾ ਏਸ਼ੀਅਨ ਗੇਮਜ਼ 'ਚ ਦੂਜਾ ਮੈਡਲ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਜਕਾਰਤਾ 'ਚ ਸਾਲ 2018 'ਚ ਹੋਈਆਂ ਏਸ਼ੀਅਨ ਗੇਮਜ਼ 'ਚ 52 ਕਿਲੋਗ੍ਰਾਮ ਭਾਰ ਵਰਗ 'ਚ ਮੈਡਲ ਆਪਣੇ ਨਾਮ ਕੀਤਾ ਸੀ। ਇਸ ਵਾਰ ਮੈਡਲ ਜਿੱਤਦੇ ਹੋਏ ਪਿੰਕੀ ਨੇ ਇਤਿਹਾਸ ਰਚ ਦਿੱਤਾ। ਉਹ ਕੁਰਾਸ਼ 'ਚ ਏਸ਼ੀਅਨ ਗੇਮਜ਼ 'ਚ ਦੋ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ।
ਅਜਿਹਾ ਰਿਹਾ ਸਫਰ
ਪ੍ਰੀ-ਕੁਆਰਟਰ ਫਾਈਨਲ 'ਚ ਪਿੰਕੀ ਨੂੰ ਬਾਏ ਮਿਲੀ ਸੀ ਅਤੇ ਇਸ ਤੋਂ ਬਾਅਦ ਕੁਆਰਟਰ ਫਾਈਨਲ 'ਚ ਉਨ੍ਹਾਂ ਨੇ ਗਾਰਮ ਲਿਨ ਨੂੰ 3-0 ਨਾਲ ਮਾਤ ਦਿੰਦੇ ਹੋਏ ਸੈਮੀਫਾਈਨਲ 'ਚ ਜਗ੍ਹਾ ਬਣਾਈ ਅਤੇ ਮੈਡਲ ਪੱਕਾ ਕੀਤਾ ਸੀ। ਸੈਮੀਫਾਈਨਲ 'ਚ ਜੇਕਰ ਉਹ ਜਿੱਤ ਜਾਂਦੀ ਤਾਂ ਗੋਲਡ ਦੀ ਦਾਅਵੇਦਾਰ ਹੁੰਦੀ। ਇਸ ਮੁਕਾਬਲੇ ਤੋਂ ਬਾਅਦ ਪਿੰਕੀ ਨੇ ਕਿਹਾ ਕਿ ਉਹ ਗੋਡੇ ਦੇ ਦਰਦ ਤੋਂ ਪਰੇਸ਼ਾਨ ਸੀ। ਨਿਊਜ਼ ਏਜੰਸੀ ਪੀਟੀਆਈ ਨੇ ਆਪਣੀ ਰਿਪੋਰਟ 'ਚ ਪਿੰਕੀ ਦੇ ਹਵਾਲੇ ਨਾਲ ਲਿਖਿਆ ਹੈ, "ਕੁਆਰਟਰ ਫਾਈਨਲ ਮੈਚ 'ਚ ਮੈਂ ਜ਼ਖਮੀ ਹੋ ਗਈ ਸੀ। ਮੇਰੇ ਗੋਡੇ 'ਤੇ ਸੱਟ ਲੱਗੀ ਸੀ। ਕੁਆਰਟਰ ਫਾਈਨਲ 'ਚ ਵੀ ਮੇਰੇ ਸਾਹਮਣੇ ਕੋਰੀਆਈ ਖਿਡਾਰਨ ਸੀ। ਇਸ ਲਈ ਸੈਮੀਫਾਈਨਲ 'ਚ ਮੇਰੀ ਵਿਰੋਧੀ ਜਾਣਦੀ ਸੀ ਕਿ ਮੇਰੇ ਸੱਜੇ ਗੋਡੇ 'ਤੇ ਸੱਟ ਲੱਗੀ ਹੈ।"
ਦਿੱਲੀ ਦੇ ਨੇਬ ਸਰਾਏ ਦੀ ਰਹਿਣ ਵਾਲੀ ਪਿੰਕੀ ਨੇ ਕਿਹਾ, "ਮੈਂ ਅਟੈਕ ਕਰ ਰਹੀ ਸੀ, ਪਰ ਉਹ ਮੇਰੇ ਗੋਡੇ 'ਤੇ ਵਾਰ-ਵਾਰ ਮਾਰ ਰਹੀ ਸੀ। ਇਸ ਲਈ ਮੈਂ ਪੈਨਲਟੀ 'ਤੇ ਹਾਰ ਗਈ। 78 ਕਿਲੋਗ੍ਰਾਮ 'ਚ ਇਹ ਮੇਰਾ ਦੂਜਾ ਟੂਰਨਾਮੈਂਟ ਹੈ। ਇਸ ਤੋਂ ਪਹਿਲਾਂ ਮੈਂ ਮਈ 'ਚ ਉਜ਼ਬੇਕਿਸਤਾਨ 'ਚ ਹੋਈ ਏਸ਼ੀਅਨ ਚੈਂਪੀਅਨਸ਼ਿਪ 'ਚ ਇਸ ਕੈਟੇਗਰੀ 'ਚ ਖੇਡੀ ਸੀ।"
— Dr Mansukh Mandaviya (@mansukhmandviya) September 28, 2026
9 ਸਾਲ ਦੀ ਉਮਰ 'ਚ ਸ਼ੁਰੂ ਕੀਤਾ ਸੀ ਸਫਰ
ਪਿੰਕੀ ਮੁਨੀਰਕਾ 'ਚ ਬਾਬਾ ਗੰਗਾ ਨਾਥ ਜੂਡੋ ਅਤੇ ਕੁਰਾਸ਼ ਅਕੈਡਮੀ 'ਚ ਟ੍ਰੇਨਿੰਗ ਕਰਦੀ ਹੈ, ਜਿਸ ਨੂੰ ਉਨ੍ਹਾਂ ਦੇ ਮਾਮਾ ਅਤੇ ਜਾਣੇ-ਪਛਾਣੇ ਕੋਚ ਸਮੁੰਦਰ ਟੋਕਸ ਚਲਾਉਂਦੇ ਹਨ। 9 ਸਾਲ ਦੀ ਉਮਰ 'ਚ ਪਿੰਕੀ ਨੇ ਕੁਰਾਸ਼ ਖੇਡਣਾ ਸ਼ੁਰੂ ਕੀਤਾ ਸੀ।
ਕੀ ਹੈ ਕੁਰਾਸ਼ ਖੇਡ?
ਕੁਰਾਸ਼ ਮਾਰਸ਼ਲ ਆਰਟ ਦੀ ਇੱਕ ਪੁਰਾਣੀ ਵਿਧਾ ਹੈ, ਜੋ ਸੈਂਟਰਲ ਏਸ਼ੀਆ, ਖਾਸ ਕਰਕੇ ਉਜ਼ਬੇਕਿਸਤਾਨ 'ਚ ਪ੍ਰਚਲਿਤ ਹੈ। ਇਸ ਨੂੰ ਦੋ ਖਿਡਾਰੀ ਖੇਡਦੇ ਹਨ, ਜਿਨ੍ਹਾਂ 'ਚੋਂ ਇੱਕ ਹਰੀ ਜੈਕਟ ਪਹਿਨਦਾ ਹੈ, ਜਦਕਿ ਦੂਜਾ ਨੀਲੀ ਜੈਕਟ ਪਹਿਨਦਾ ਹੈ। ਇਸ 'ਚ ਟਾਰਗੇਟ ਦੂਜੇ ਖਿਡਾਰੀ ਨੂੰ ਜ਼ਮੀਨ 'ਤੇ ਸੁੱਟਣਾ ਹੁੰਦਾ ਹੈ। ਜੇਕਰ ਪਿੱਠ ਦੇ ਬਲ ਸੁੱਟ ਦਿੱਤਾ ਜਾਂਦਾ ਹੈ ਤਾਂ ਸੁੱਟਣ ਵਾਲੇ ਨੂੰ ਜਿੱਤ ਦੇ ਦਿੱਤੀ ਜਾਂਦੀ ਹੈ। ਜੇਕਰ ਸਾਈਡ ਤੋਂ ਸੁੱਟਿਆ ਜਾਂਦਾ ਹੈ ਤਾਂ ਅੰਕ ਮਿਲਦੇ ਹਨ। ਜੇਕਰ ਪੇਟ ਦੇ ਬਲ ਜਾਂ ਸਾਈਡ ਤੋਂ ਸੁੱਟਿਆ ਜਾਂਦਾ ਹੈ ਤਾਂ ਘੱਟ ਅੰਕ ਮਿਲਦੇ ਹਨ। ਜਿਸ ਖਿਡਾਰੀ ਦੇ ਜ਼ਿਆਦਾ ਅੰਕ ਹੁੰਦੇ ਹਨ, ਉਹੀ ਜੇਤੂ ਹੁੰਦਾ ਹੈ।