- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਾਂਧੀ ਨੇ ਭਾਰਤੀ ਅਹਿੰਸਾ ਦੀ ਇਸ ਪਰੰਪਰਾ ਤੋਂ ਪ੍ਰੇਰਣਾ ਲੈ ਕੇ ਸੱਤਿਆਗ੍ਰਹਿ ਨੂੰ ਰਾਜਨੀਤਿਕ ਕਰਮ ’ਚ ਬਦਲ ਦਿੱਤਾ। ਦੱਖਣੀ ਅਫ਼ਰੀਕਾ ’ਚ ਨੈਲਸਨ ਮੰਡੇਲਾ ਨੇ ਰੰਗਭੇਦ ਦੀ ਡੂੰਘੀ ਕੁੜੱਤਣ ਝੱਲਣ ਤੋਂ ਬਾਅਦ ਵੀ ਬਦਲੇ ਦਾ ਰਸਤਾ ਨਹੀਂ ਚੁਣਿਆ। ਸੱਤਾ ’ਚ ਆਉਂਦੇ ਹੀ ਉਨ੍ਹਾਂ ਨੇ ‘ਸੱਚ ਅਤੇ ਸੁਲਹ ਕਮਿਸ਼ਨ’ ਬਣਾਇਆ, ਜਿੱਥੇ ਦੋਸ਼ੀ ਆਪਣਾ ਅਪਰਾਧ ਸਵੀਕਾਰ ਕਰਦੇ ਅਤੇ ਬਦਲੇ ’ਚ ਸਮਾਜ ਉਨ੍ਹਾਂ ਨੂੰ ਮੁਆਫ਼ ਕਰ ਦਿੰਦਾ।

ਸੰਵਤਸਰੀ ਦੇ ਦਿਨ ਜੈਨ ਸਮਾਜ ਇਕ ਵਾਕ ਦੁਹਰਾਉਂਦਾ ਹੈ—‘ਮਿਚਛਾਮਿ ਦੁੱਕਡੰ।’ ਇਹ ਵਾਕ ਕਿਸੇ ਅਦਾਲਤ ’ਚ ਦਿੱਤਾ ਗਿਆ ਮੁਆਫ਼ੀਨਾਮਾ ਨਹੀਂ ਹੈ, ਨਾ ਹੀ ਸਮਾਜਿਕ ਸ਼ਿਸ਼ਟਾਚਾਰ ਦੀ ਕੋਈ ਰਸਮੀ ਕਾਰਵਾਈ। ਇਹ ਇਕ ਮਨਜ਼ੂਰੀ ਹੈ ਕਿ ਮਨੁੱਖ ਅਪੂਰਨ ਹੈ ਤੇ ਇਹੀ ਅਪੂਰਨਤਾ ਉਸ ਨੂੰ ਨਿਮਰ ਬਣਾਉਂਦੀ ਹੈ। ਖ਼ਿਮਾ ਦਾ ਅਰਥ ਸਿਰਫ਼ ਦੂਜਿਆਂ ਤੋਂ ਮਾਫ਼ੀ ਮੰਗਣਾ ਨਹੀਂ, ਸਗੋਂ ਆਪਣੇ ਅੰਦਰ ਝਾਤ ਮਾਰਨਾ ਵੀ ਹੈ। ਸੰਸਕ੍ਰਿਤ ਦੀ ਇਕ ਪ੍ਰਾਚੀਨ ਪੰਕਤੀ ਹੈ-‘ਖ਼ਿਮਾ ਵੀਰਸਯ ਭੂਸ਼ਣਮ’, ਅਰਥਾਤ ਖਿਮਾ ਗਹਿਣਾ ਹੈ। ਇਸ ਦਾ ਡੂੰਘਾ ਅਰਥ ਇਹ ਹੈ ਕਿ ਖ਼ਿਮਾ ਦਾ ਸਰਵੋਤਮ ਰੂਪ ਉਦੋਂ ਹੀ ਪ੍ਰਗਟ ਹੁੰਦਾ ਹੈ, ਜਦੋਂ ਬਦਲਾ ਲੈਣ ਦੀ ਸਮਰੱਥਾ ਹੋਣ ਦੇ ਬਾਵਜੂਦ ਮਨੁੱਖ ਸੰਯਮ ਨੂੰ ਚੁਣਦਾ ਹੈ। ਇਹ ਸਵੀਕਾਰਤਾ ਕਮਜ਼ੋਰੀ ਨਹੀਂ, ਸਗੋਂ ਸਮਰੱਥ ਹੋਣ ਦੀ ਮਿਸਾਲ ਹੈ। ਇਤਿਹਾਸ ’ਚ ਸਥਾਈ ਸ਼ਾਂਤੀ ਅਕਸਰ ਉੱਥੇ ਹੀ ਜਨਮੀ ਹੈ, ਜਿੱਥੇ ਕਿਸੇ ਧਿਰ ਨੇ ਆਪਣੀ ਪੂਰੀ ਜਿੱਤ ਦੀ ਇੱਛਾ ਤੋਂ ਉੱਪਰ ਉੱਠ ਕੇ ਸਮਝੌਤਾ ਕਰਨ ਦਾ ਹੌਸਲਾ ਦਿਖਾਇਆ। ਮਹਾਵੀਰ ਨੇ ਅਹਿੰਸਾ ਨੂੰ ਦਾਰਸ਼ਨਿਕ ਆਧਾਰ ਦਿੱਤਾ। ਗਾਂਧੀ ਨੇ ਭਾਰਤੀ ਅਹਿੰਸਾ ਦੀ ਇਸ ਪਰੰਪਰਾ ਤੋਂ ਪ੍ਰੇਰਣਾ ਲੈ ਕੇ ਸੱਤਿਆਗ੍ਰਹਿ ਨੂੰ ਰਾਜਨੀਤਿਕ ਕਰਮ ’ਚ ਬਦਲ ਦਿੱਤਾ। ਦੱਖਣੀ ਅਫ਼ਰੀਕਾ ’ਚ ਨੈਲਸਨ ਮੰਡੇਲਾ ਨੇ ਰੰਗਭੇਦ ਦੀ ਡੂੰਘੀ ਕੁੜੱਤਣ ਝੱਲਣ ਤੋਂ ਬਾਅਦ ਵੀ ਬਦਲੇ ਦਾ ਰਸਤਾ ਨਹੀਂ ਚੁਣਿਆ। ਸੱਤਾ ’ਚ ਆਉਂਦੇ ਹੀ ਉਨ੍ਹਾਂ ਨੇ ‘ਸੱਚ ਅਤੇ ਸੁਲਹ ਕਮਿਸ਼ਨ’ ਬਣਾਇਆ, ਜਿੱਥੇ ਦੋਸ਼ੀ ਆਪਣਾ ਅਪਰਾਧ ਸਵੀਕਾਰ ਕਰਦੇ ਅਤੇ ਬਦਲੇ ’ਚ ਸਮਾਜ ਉਨ੍ਹਾਂ ਨੂੰ ਮੁਆਫ਼ ਕਰ ਦਿੰਦਾ। ਮੰਡੇਲਾ ਨੇ ਮਹਾਵੀਰ ਦੇ ਦਰਸ਼ਨ ਦੀ ਆਧੁਨਿਕ ਰਾਜਨੀਤਿਕ ਸੰਭਾਵਨਾ ਨੂੰ ਸੱਚ ਕਰ ਕੇ ਦਿਖਾਇਆ। ਜੰਗਾਂ ਸਿਰਫ਼ ਸਰਹੱਦਾਂ ਨਹੀਂ ਬਦਲਦੀਆਂ, ਉਹ ਲੋਕਾਂ ਦੀਆਂ ਯਾਦਾਂ ’ਚ ਬਦਲੇ ਦੀ ਅਜਿਹੀ ਅੱਗ ਛੱਡ ਜਾਂਦੀਆਂ ਹਨ, ਜੋ ਅਗਲੀਆਂ ਪੀੜ੍ਹੀਆਂ ਤੱਕ ਬਲਦੀ ਰਹਿੰਦੀ ਹੈ। ਖ਼ਿਮਾ ਉਸ ਅੱਗ ’ਚ ਪਾਣੀ ਪਾਉਣ ਦਾ ਸਾਹਸ ਹੈ। ਸਾਡੀ ਸਭਿਅਤਾ ਨੇ ਦੁਨੀਆ ਨੂੰ ਅਹਿੰਸਾ, ਅਨੇਕਾਂਤਵਾਦ, ਅਪਰਿਗ੍ਰਹਿ ਅਤੇ ਖ਼ਿਮਾ ਵਰਗੇ ਵਿਚਾਰ ਦਿੱਤੇ ਹਨ। ਇਨ੍ਹਾਂ ਨੂੰ ਅੱਜ ਦੀ ਦੁਨੀਆ ’ਚ ਵੀ ਅਮਲ ’ਚ ਲਿਆਂਦਾ ਜਾ ਸਕਦਾ ਹੈ। ਸੰਵਤਸਰੀ ਦਾ ਦੀਵਾ ਮੰਦਰ ਦੀ ਦਹਿਲੀਜ਼ ਤੱਕ ਹੀ ਸੀਮਤ ਕਿਉਂ ਰਹੇ? ਜੇ ਉਸ ਦੀ ਲੌ ਵਿਅਕਤੀ ਤੋਂ ਸਮਾਜ, ਸਮਾਜ ਤੋਂ ਰਾਜਨੀਤੀ ਤੇ ਰਾਜਨੀਤੀ ਤੋਂ ਕੂਟਨੀਤੀ ਤੱਕ ਪਹੁੰਚੇ ਤਾਂ ਮਾਫ਼ੀ ਦੇ ਲਫ਼ਜ਼ ਸਿਰਫ਼ ਇਕ ਤਿਉਹਾਰ ਨਹੀਂ ਰਹਿਣਗੇ•, ਸਗੋਂ ਇਕ ਵਿਚਾਰ ਬਣਨਗੇ ਤੇ ਇਕ ਆਚਰਣ ’ਚ ਤਬਦੀਲ ਹੋ ਜਾਣਗੇ।
-ਅਨੁਰੋਧ ਲਲਿਤ ਜੈਨ।