ਕਰਵਾ ਚੌਥ 'ਤੇ ਛਾਨਣੀ 'ਚੋਂ ਹੀ ਕਿਉਂ ਦੇਖਿਆ ਜਾਂਦਾ ਹੈ ਚੰਦ ਤੇ ਪਤੀ ਦਾ ਚਿਹਰਾ? ਜਾਣੋ ਵੀਰਾਵਤੀ ਨਾਲ ਜੁੜੀ ਪੌਰਾਣਿਕ ਕਥਾ
Karwa Chauth ਦਾ ਵਰਤ ਖੋਲ੍ਹਣ ਤੋਂ ਪਹਿਲਾਂ ਔਰਤਾਂ ਕਰਵਾ ਮਾਤਾ ਤੇ ਚੰਦਰ ਦੇਵ ਦੀ ਪੂਜਾ ਕਰਦੀਆਂ ਹਨ। ਇਸ ਤੋਂ ਬਾਅਦ ਛਾਨਣੀ 'ਚੋਂ ਆਪਣੇ ਪਤੀ ਅਤੇ ਚੰਦ ਦੇ ਦੀਦਾਰ ਕਰਦੀਆਂ ਹਨ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਆਖ਼ਰ ਕਰਵਾ ਚੌਥ ਮੌਕੇ ਔਰਤਾਂ ਆਪਣੇ ਪਤੀ ਨੂੰ ਛਾਨਣੀ 'ਚੋਂ ਹੀ ਕਿਉਂ ਦੇਖਦੀਆਂ ਹਨ?
Publish Date: Wed, 21 Oct 2026 03:03 PM (IST)
Updated Date: Wed, 21 Oct 2026 03:34 PM (IST)
ਧਰਮ ਡੈਸਕ, ਨਵੀਂ ਦਿੱਲੀ : ਨਰਾਤਿਆਂ ਤੇ ਦੁਸਹਿਰੇ ਤੋਂ ਬਾਅਦ ਹੁਣ ਵਿਆਹੁਤਾ ਔਰਤਾਂ ਕਰਵਾ ਚੌਥ (Karwa Chauth 2026) ਦੀਆਂ ਤਿਆਰੀਆਂ 'ਚ ਜੁਟ ਗਈਆਂ ਹਨ। ਇਸ ਸਾਲ ਕਰਵਾ ਚੌਥ ਦਾ ਵਰਤ 29 ਅਕਤੂਬਰ 2026, ਵੀਰਵਾਰ ਨੂੰ ਰੱਖਿਆ ਜਾਵੇਗਾ।
ਇਸ ਵਰਤ ਦੌਰਾਨ ਸੁਹਾਗਣ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ, ਉੱਜਵਲ ਭਵਿੱਖ ਤੇ ਸੁੱਖ-ਸਮ੍ਰਿੱਧੀ ਦੀ ਕਾਮਨਾ ਲਈ ਨਿਰਜਲਾ ਵਰਤ ਰੱਖਦੀਆਂ ਹਨ। ਇਸ ਵਰਤ ਦੀ ਪਰੰਪਰਾ ਸਦੀਆਂ ਤੋਂ ਚੱਲੀ ਆ ਰਹੀ ਹੈ, ਜੋ ਹੁਣ ਹੌਲੀ-ਹੌਲੀ ਪੂਰੇ ਭਾਰਤ 'ਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ।
ਕਰਵਾ ਚੌਥ ਦਾ ਵਰਤ ਖੋਲ੍ਹਣ ਤੋਂ ਪਹਿਲਾਂ ਔਰਤਾਂ ਕਰਵਾ ਮਾਤਾ ਤੇ ਚੰਦਰ ਦੇਵ ਦੀ ਪੂਜਾ ਕਰਦੀਆਂ ਹਨ। ਇਸ ਤੋਂ ਬਾਅਦ ਛਾਨਣੀ 'ਚੋਂ ਆਪਣੇ ਪਤੀ ਅਤੇ ਚੰਦ ਦੇ ਦੀਦਾਰ ਕਰਦੀਆਂ ਹਨ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਆਖ਼ਰ ਕਰਵਾ ਚੌਥ ਮੌਕੇ ਔਰਤਾਂ ਆਪਣੇ ਪਤੀ ਨੂੰ ਛਾਨਣੀ 'ਚੋਂ ਹੀ ਕਿਉਂ ਦੇਖਦੀਆਂ ਹਨ? ਆਓ, ਐਸਟ੍ਰੋਪਤਰੀ ਦੇ ਜੋਤਸ਼ੀ ਤੋਂ ਜਾਣਦੇ ਹਾਂ ਇਸ ਦੇ ਪਿੱਛੇ ਦਾ ਕਾਰਨ।
ਪਤੀ ਨੂੰ ਛਾਨਣੀ 'ਚੋਂ ਦੇਖਣ ਦੀ ਮਹੱਤਤਾ
ਐਸਟ੍ਰੋਪਤਰੀ ਦੇ ਜੋਤਸ਼ੀ ਚੰਦਰਸ਼ ਸ਼ਰਮਾ ਅਨੁਸਾਰ, ਕਰਵਾ ਚੌਥ 'ਤੇ ਛਾਨਣੀ 'ਚੋਂ ਚੰਦ ਅਤੇ ਫਿਰ ਪਤੀ ਦਾ ਚਿਹਰਾ ਦੇਖਣ ਪਿੱਛੇ ਪੌਰਾਣਿਕ ਤੇ ਧਾਰਮਿਕ ਮਾਨਤਾਵਾਂ ਹਨ। ਸਮਾਂ ਬੀਤਣ ਦੇ ਨਾਲ ਇਹ ਪਰੰਪਰਾ ਹੌਲੀ-ਹੌਲੀ ਇਸ ਤਿਉਹਾਰ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਬਣ ਗਈ ਹੈ।
ਦਰਅਸਲ, ਛਾਨਣੀ 'ਚ ਕਈ ਛੋਟੇ-ਛੋਟੇ ਛੇਕ ਹੁੰਦੇ ਹਨ। ਜਦੋਂ ਇਨ੍ਹਾਂ ਛੇਕਾਂ 'ਚੋਂ ਚੰਦ ਦੇ ਦਰਸ਼ਨ ਕੀਤੇ ਜਾਂਦੇ ਹਨ, ਤਾਂ ਇਸ ਦੇ ਕਈ ਪ੍ਰਤੀਬਿੰਬ ਦਿਖਾਈ ਦਿੰਦੇ ਹਨ। ਇਸ ਤੋਂ ਬਾਅਦ ਛਾਨਣੀ 'ਚੋਂ ਪਤੀ ਦਾ ਚਿਹਰਾ ਦੇਖਿਆ ਜਾਂਦਾ ਹੈ। ਮਾਨਤਾ ਹੈ ਕਿ ਇਸ ਦੌਰਾਨ ਜਿੰਨੇ ਪ੍ਰਤੀਬਿੰਬ ਦਿਖਾਈ ਦਿੰਦੇ ਹਨ, ਪਤੀ ਦੀ ਉਮਰ ਵੀ ਓਨੀ ਹੀ ਵਧਦੀ ਹੈ।
ਛਾਨਣੀ 'ਚੋਂ ਚੰਦ ਦੇਖਣ ਦੇ ਮੁੱਖ ਕਾਰਨ
1. ਵੀਰਾਵਤੀ ਦੀ ਪੌਰਾਣਿਕ ਕਥਾ
ਪੌਰਾਣਿਕ ਕਥਾ ਅਨੁਸਾਰ, ਵੀਰਾਵਤੀ ਨਾਂ ਦੀ ਇਕ ਪਤੀਵਰਤਾ ਔਰਤ ਨੇ ਕਰਵਾ ਚੌਥ ਦਾ ਵਰਤ ਰੱਖਿਆ ਸੀ। ਭੁੱਖ ਅਤੇ ਪਿਆਸ ਨਾਲ ਬੇਚੈਨ ਆਪਣੀ ਭੈਣ ਦੀ ਹਾਲਤ ਦੇਖ ਕੇ ਉਸ ਦੇ ਭਰਾਵਾਂ ਨੇ ਛਾਨਣੀ ਦੇ ਪਿੱਛੇ ਅੱਗ ਦੀ ਰੌਸ਼ਨੀ ਕਰ ਕੇ ਉਸ ਨੂੰ ਨਕਲੀ ਚੰਦ ਦਿਖਾ ਦਿੱਤਾ। ਵੀਰਾਵਤੀ ਨੇ ਉਸ ਨੂੰ ਅਸਲੀ ਚੰਦ ਸਮਝ ਕੇ ਅਰਘ ਦਿੱਤਾ ਅਤੇ ਆਪਣਾ ਵਰਤ ਖੋਲ੍ਹ ਲਿਆ। ਇਸ ਕਾਰਨ ਉਸ ਦੇ ਪਤੀ ਦੀ ਮੌਤ ਹੋ ਗਈ। ਜਦੋਂ ਵੀਰਾਵਤੀ ਨੂੰ ਸੱਚਾਈ ਦਾ ਪਤਾ ਲੱਗਿਆ, ਤਾਂ ਉਸ ਨੇ ਮੁੜ ਨਿਯਮਾਂ ਅਨੁਸਾਰ ਵਰਤ ਰੱਖਿਆ। ਮਾਨਤਾ ਹੈ ਕਿ ਇਸ ਤੋਂ ਬਾਅਦ ਛਾਨਣੀ 'ਚੋਂ ਅਸਲੀ ਚੰਦ ਨੂੰ ਚੰਗੀ ਤਰ੍ਹਾਂ ਦੇਖ ਕੇ ਅਰਘ ਦੇਣ ਦੀ ਪਰੰਪਰਾ ਸ਼ੁਰੂ ਹੋਈ।
2. ਨਕਾਰਾਤਮਕ ਊਰਜਾ ਤੋਂ ਰੱਖਿਆ
ਧਾਰਮਿਕ ਮਾਨਤਾ ਹੈ ਕਿ ਜਦੋਂ ਪਤਨੀ ਦਿਨ ਭਰ ਦਾ ਔਖਾ ਵਰਤ ਰੱਖਣ ਤੋਂ ਬਾਅਦ ਆਪਣੇ ਪਤੀ ਨੂੰ ਦੇਖਦੀ ਹੈ ਤਾਂ ਉਸ ਦੇ ਮਨ 'ਚ ਅਥਾਹ ਪਿਆਰ ਅਤੇ ਭਾਵਨਾਵਾਂ ਹੁੰਦੀਆਂ ਹਨ। ਮਾਨਤਾ ਅਨੁਸਾਰ, ਛਾਨਣੀ ਦੇ ਛੇਕਾਂ 'ਚੋਂ ਦੇਖਣ ਨਾਲ ਕਿਸੇ ਵੀ ਤਰ੍ਹਾਂ ਦੀ ਨਕਾਰਾਤਮਕ ਊਰਜਾ ਜਾਂ ਬੁਰੀ ਨਜ਼ਰ ਦਾ ਪ੍ਰਭਾਵ ਖ਼ਤਮ ਹੋ ਜਾਂਦਾ ਹੈ ਤੇ ਪਿਆਰ ਨਿਰਸਵਾਰਥ ਬਣਿਆ ਰਹਿੰਦਾ ਹੈ।
3. ਮਾਨਸਿਕ ਸ਼ਾਂਤੀ ਤੇ ਮਨ ਦੇ ਵਿਕਾਰਾਂ ਦਾ ਸ਼ਮਨ
ਧਾਰਮਿਕ ਮਾਨਤਾਵਾਂ ਅਨੁਸਾਰ, ਚੰਦਰਮਾ ਨੂੰ ਮਨ ਦਾ ਕਾਰਕ ਮੰਨਿਆ ਜਾਂਦਾ ਹੈ। ਛਾਨਣੀ 'ਚੋਂ ਛਣ ਕੇ ਆਉਣ ਵਾਲੀਆਂ ਚੰਦਰਮਾ ਦੀਆਂ ਕਿਰਨਾਂ ਮਾਨਸਿਕ ਸ਼ਾਂਤੀ ਪ੍ਰਦਾਨ ਕਰਨ ਦੇ ਨਾਲ-ਨਾਲ ਮਨ ਦੇ ਵਿਕਾਰਾਂ, ਰੋਗਾਂ, ਦੋਸ਼ਾਂ ਤੇ ਪੀੜਾ ਨੂੰ ਦੂਰ ਕਰਨ ਦਾ ਪ੍ਰਤੀਕ ਮੰਨੀਆਂ ਜਾਂਦੀਆਂ ਹਨ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।