ਆਖ਼ਰ ਕਿਉਂ ਕਾਲੀ ਚੌਦਸ ਦੀ ਰਾਤ ਨੂੰ ਹੀ ਕੀਤਾ ਜਾਂਦਾ ਹੈ ਤੰਤਰ-ਮੰਤਰ? ਇੱਥੇ ਪੜ੍ਹੋ ਇਸ ਤਿਉਹਾਰ ਨਾਲ ਜੁੜੀਆਂ 5 ਮਾਨਤਾਵਾਂ
ਵੈਦਿਕ ਪੰਚਾਂਗ ਅਨੁਸਾਰ, ਇਸ ਵਾਰ ਕਾਲੀ ਚੌਦਸ ਸ਼ਨਿਚਰਵਾਰ ਯਾਨੀ 7 ਨਵੰਬਰ ਨੂੰ ਮਨਾਈ ਜਾ ਰਹੀ ਹੈ। ਇਸ ਮੌਕੇ ਮਾਂ ਕਾਲੀ, ਹਨੂੰਮਾਨ ਜੀ ਅਤੇ ਯਮਰਾਜ ਦੀ ਪੂਜਾ-ਅਰਚਨਾ ਕਰਨ ਦੀ ਪਰੰਪਰਾ ਹੈ। ਇਹ ਪੰਜ ਦਿਨਾਂ ਦੇ ਮਹਾਪੁਰਬ ਦਾ ਦੂਜਾ ਦਿਨ ਹੁੰਦਾ ਹੈ।
Publish Date: Sat, 07 Nov 2026 01:31 PM (IST)
Updated Date: Sat, 07 Nov 2026 01:35 PM (IST)
ਧਰਮ ਡੈਸਕ, ਨਵੀਂ ਦਿੱਲੀ : ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ ਤਿਥੀ ਨੂੰ ਕਾਲੀ ਚੌਦਸ (Kali Chaudas 2026) ਮਨਾਈ ਜਾਂਦੀ ਹੈ। ਵੈਦਿਕ ਪੰਚਾਂਗ ਅਨੁਸਾਰ, ਇਸ ਵਾਰ ਇਹ ਤਿਉਹਾਰ ਸ਼ਨਿਚਰਵਾਰ ਯਾਨੀ 7 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਮਾਂ ਕਾਲੀ, ਹਨੂੰਮਾਨ ਜੀ ਅਤੇ ਯਮਰਾਜ ਦੀ ਪੂਜਾ-ਅਰਚਨਾ ਕਰਨ ਦੀ ਪਰੰਪਰਾ ਹੈ। ਇਹ ਪੰਜ ਦਿਨਾਂ ਦੇ ਮਹਾਪੁਰਬ ਦਾ ਦੂਜਾ ਦਿਨ ਹੁੰਦਾ ਹੈ। ਇਸ ਤਿਉਹਾਰ ਨਾਲ ਕਈ ਧਾਰਮਿਕ ਮਾਨਤਾਵਾਂ ਜੁੜੀਆਂ ਹੋਈਆਂ ਹਨ, ਜਿਨ੍ਹਾਂ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਆਓ, ਇਸ ਲੇਖ 'ਚ ਤੁਹਾਨੂੰ ਕਾਲੀ ਚੌਦਸ ਨਾਲ ਜੁੜੀਆਂ ਪ੍ਰਮੁੱਖ ਮਾਨਤਾਵਾਂ ਬਾਰੇ ਵਿਸਥਾਰ ਨਾਲ ਦੱਸਦੇ ਹਾਂ।
ਕਿਉਂ ਖ਼ਾਸ ਹੈ ਕਾਲੀ ਚੌਦਸ ਦਾ ਤਿਉਹਾਰ?
ਮਾਂ ਕਾਲੀ ਦੀ ਪੂਜਾ ਅਤੇ ਸ਼ਕਤੀ ਦਾ ਪ੍ਰਤੀਕ : ਕਾਲੀ ਚੌਦਸ ਦੇ ਮੌਕੇ ਮਾਂ ਕਾਲੀ ਦੀ ਵਿਸ਼ੇਸ਼ ਪੂਜਾ-ਅਰਚਨਾ ਕਰਨ ਦੀ ਪਰੰਪਰਾ ਹੈ। ਪੌਰਾਣਿਕ ਕਥਾ ਅਨੁਸਾਰ, ਜਦੋਂ ਦੈਂਤ ਰਕਤਬੀਜ ਅਤੇ ਹੋਰ ਅਸੁਰਾਂ ਦਾ ਅੱਤਿਆਚਾਰ ਤਿੰਨਾਂ ਲੋਕਾਂ 'ਚ ਬਹੁਤ ਵਧ ਗਿਆ ਸੀ, ਤਾਂ ਉਨ੍ਹਾਂ ਦਾ ਸੰਹਾਰ ਕਰਨ ਲਈ ਮਾਂ ਕਾਲੀ ਪ੍ਰਗਟ ਹੋਏ ਸਨ। ਮਾਨਤਾ ਹੈ ਕਿ ਮਾਂ ਕਾਲੀ ਦੀ ਵਿਧੀ-ਵਿਧਾਨ ਨਾਲ ਪੂਜਾ ਕਰਨ ਨਾਲ ਸਾਧਕ ਨੂੰ ਹਰ ਤਰ੍ਹਾਂ ਦੇ ਮਾਨਸਿਕ ਅਤੇ ਸਰੀਰਕ ਕਸ਼ਟਾਂ ਤੋਂ ਮੁਕਤੀ ਮਿਲਦੀ ਹੈ।
ਰਾਕਸ਼ਸ ਨਰਕਾਸੁਰ ਦਾ ਵਧ : ਪੌਰਾਣਿਕ ਕਥਾ ਅਨੁਸਾਰ, ਇਸ ਤਿਥੀ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਨੇ ਅੱਤਿਆਚਾਰੀ ਰਾਕਸ਼ਸ ਨਰਕਾਸੁਰ ਦਾ ਵਧ ਕਰਕੇ ਉਸ ਦੀ ਕੈਦ 'ਚੋਂ 16,000 ਕੁੜੀਆਂ ਨੂੰ ਮੁਕਤ ਕਰਵਾਇਆ ਸੀ। ਨਰਕਾਸੁਰ ਦਾ ਵਧ ਕਰਨ ਤੋਂ ਬਾਅਦ ਸ੍ਰੀ ਕ੍ਰਿਸ਼ਨ ਨੇ ਆਪਣੇ ਸਰੀਰ 'ਤੇ ਲੱਗੇ ਖ਼ੂਨ ਨੂੰ ਸਾਫ਼ ਕਰਨ ਲਈ ਤੇਲ ਅਤੇ ਉਬਟਨ ਲਗਾ ਕੇ ਇਸ਼ਨਾਨ ਕੀਤਾ ਸੀ। ਇਸੇ ਕਾਰਨ ਇਸ ਦਿਨ ਅਭਯੰਗ ਇਸ਼ਨਾਨ (ਉਬਟਨ ਅਤੇ ਤੇਲ ਲਗਾ ਕੇ ਇਸ਼ਨਾਨ ਕਰਨ) ਦੀ ਪਰੰਪਰਾ ਹੈ।
ਯਮ ਦਾ ਦੀਵਾ : ਕਾਲੀ ਚੌਦਸ ਦੀ ਸ਼ਾਮ ਨੂੰ ਯਮਰਾਜ ਦੇ ਨਾਂ 'ਤੇ ਦੀਵਾ ਦਾਨ ਕਰਨ ਦੀ ਪੁਰਾਣੀ ਪਰੰਪਰਾ ਹੈ। ਧਾਰਮਿਕ ਮਾਨਤਾ ਅਨੁਸਾਰ, ਇਸ ਦਿਨ ਦੱਖਣ ਦਿਸ਼ਾ ਵੱਲ ਮੂੰਹ ਕਰਕੇ ਯਮ ਦਾ ਦੀਵਾ ਜਗਾਉਣ ਨਾਲ ਅਚਾਨਕ ਮੌਤ ਦਾ ਡਰ ਖ਼ਤਮ ਹੁੰਦਾ ਹੈ ਅਤੇ ਪਰਿਵਾਰਕ ਮੈਂਬਰਾਂ ਨੂੰ ਲੰਬੀ ਉਮਰ ਦਾ ਵਰਦਾਨ ਮਿਲਦਾ ਹੈ।
ਨਕਾਰਾਤਮਕ ਤਾਕਤਾਂ ਤੇ ਤੰਤਰ-ਮੰਤਰ ਤੋਂ ਮੁਕਤੀ : ਕਾਲੀ ਚੌਦਸ ਦੀ ਰਾਤ ਨੂੰ ਬੁਰੀ ਨਜ਼ਰ, ਤੰਤਰ-ਮੰਤਰ ਅਤੇ ਨਕਾਰਾਤਮਕ ਊਰਜਾ ਤੋਂ ਛੁਟਕਾਰਾ ਪਾਉਣ ਲਈ ਬੇਹੱਦ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਸਾਧਕ ਇਸ ਰਾਤ ਵਿਸ਼ੇਸ਼ ਪੂਜਾ-ਅਨੁਸ਼ਠਾਨ ਅਤੇ ਮੰਤਰਾਂ ਦਾ ਜਾਪ ਕਰਦੇ ਹਨ, ਜਿਸ ਨਾਲ ਘਰ-ਪਰਿਵਾਰ ਦੀਆਂ ਸਾਰੀਆਂ ਰੁਕਾਵਟਾਂ ਦੂਰ ਹੁੰਦੀਆਂ ਹਨ ਅਤੇ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ।
ਹਨੂੰਮਾਨ ਜੀ ਦੀ ਪੂਜਾ : ਗੁਜਰਾਤ ਅਤੇ ਮਹਾਰਾਸ਼ਟਰ ਸਮੇਤ ਕਈ ਇਲਾਕਿਆਂ 'ਚ ਇਸ ਦਿਨ ਹਨੂੰਮਾਨ ਜੀ ਦੀ ਵਿਸ਼ੇਸ਼ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਬਜਰੰਗਬਲੀ ਨੂੰ ਸਿੰਦੂਰ, ਤੇਲ ਅਤੇ ਚੋਲਾ ਚੜ੍ਹਾਉਣ ਦੀ ਪਰੰਪਰਾ ਹੈ। ਮਾਨਤਾ ਹੈ ਕਿ ਇਸ ਦਿਨ ਸੰਕਟਮੋਚਨ ਦੀ ਪੂਜਾ ਕਰਨ ਨਾਲ ਜੀਵਨ ਦੇ ਸਾਰੇ ਡਰ, ਸੰਕਟ ਅਤੇ ਗ੍ਰਹਿ ਦੋਸ਼ ਦੂਰ ਹੋ ਜਾਂਦੇ ਹਨ।