- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਤਾ ਦਾ ਵਾਹਨ ਸ਼ੇਰ ਕਿਵੇਂ ਬਣਿਆ ਅਤੇ ਉਨ੍ਹਾਂ ਨੂੰ ‘ਸ਼ੇਰਾਂਵਾਲੀ ਮਾਤਾ’ ਕਿਉਂ ਕਿਹਾ ਜਾਂਦਾ ਹੈ, ਇਸ ਬਾਰੇ ਪੌਰਾਣਿਕ ਕਥਾਵਾਂ ਵਿੱਚ ਵੱਖ-ਵੱਖ ਵਰਣਨ ਮਿਲਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਕਥਾਵਾਂ ਬਾਰੇ।

ਧਰਮ ਡੈਸਕ, ਨਵੀਂ ਦਿੱਲੀ। ਮਾਂ ਦੁਰਗਾ ਦੇ ਅਨੇਕਾਂ ਸਰੂਪ ਹਨ, ਜਿਨ੍ਹਾਂ ਦੀ ਪੂਜਾ ਕਰਨ ਨਾਲ ਭਗਤਾਂ ਨੂੰ ਆਤਮਿਕ ਸ਼ਾਂਤੀ ਅਤੇ ਆਸ਼ੀਰਵਾਦ ਮਿਲਣ ਦੀ ਮਾਨਤਾ ਹੈ। ਖ਼ਾਸ ਤੌਰ ’ਤੇ ਨਵਰਾਤਰੀ ਦੌਰਾਨ ਮਾਂ ਦੁਰਗਾ ਦੀ ਪੂਜਾ ਪੂਰੀ ਵਿਧੀ-ਵਿਧਾਨ ਨਾਲ ਕੀਤੀ ਜਾਂਦੀ ਹੈ। ਭਗਤ ਮਾਤਾ ਨੂੰ ਵੱਖ-ਵੱਖ ਨਾਵਾਂ ਨਾਲ ਬੁਲਾਉਂਦੇ ਹਨ ਅਤੇ ਉਨ੍ਹਾਂ ਦੀ ਭਗਤੀ ਵਿੱਚ ਲੀਨ ਰਹਿੰਦੇ ਹਨ। ਇਨ੍ਹਾਂ ਨਾਵਾਂ ਵਿੱਚੋਂ ਇੱਕ ਪ੍ਰਸਿੱਧ ਨਾਮ ਹੈ ‘ਸ਼ੇਰਾਂਵਾਲੀ ਮਾਤਾ’।
ਮਾਂ ਦੁਰਗਾ ਦੇ ਸਰੂਪ ਦੀ ਗੱਲ ਹੋਵੇ ਤਾਂ ਉਹ ਅਕਸਰ ਸ਼ੇਰ ’ਤੇ ਸਵਾਰ ਦਿਖਾਈ ਦਿੰਦੀਆਂ ਹਨ। ਧਾਰਮਿਕ ਮਾਨਤਾ ਅਨੁਸਾਰ, ਜਦੋਂ ਵੀ ਧਰਤੀ ’ਤੇ ਅਧਰਮ ਵਧਦਾ ਹੈ, ਉਦੋਂ ਦੇਵੀ ਸ਼ਕਤੀ ਪ੍ਰਗਟ ਹੁੰਦੀ ਹੈ। ਮਾਂ ਦੁਰਗਾ ਦੇ ਨਾਲ ਸ਼ੇਰ ਦਾ ਸਬੰਧ ਵੀ ਸ਼ਕਤੀ, ਸਾਹਸ ਅਤੇ ਬਹਾਦਰੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਮਾਤਾ ਦਾ ਵਾਹਨ ਸ਼ੇਰ ਕਿਵੇਂ ਬਣਿਆ ਅਤੇ ਉਨ੍ਹਾਂ ਨੂੰ ‘ਸ਼ੇਰਾਂਵਾਲੀ ਮਾਤਾ’ ਕਿਉਂ ਕਿਹਾ ਜਾਂਦਾ ਹੈ, ਇਸ ਬਾਰੇ ਪੌਰਾਣਿਕ ਕਥਾਵਾਂ ਵਿੱਚ ਵੱਖ-ਵੱਖ ਵਰਣਨ ਮਿਲਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਕਥਾਵਾਂ ਬਾਰੇ।
ਮਾਂ ਦੁਰਗਾ ਨੂੰ ‘ਸ਼ੇਰਾਂਵਾਲੀ ਮਾਤਾ’ ਕਿਉਂ ਕਿਹਾ ਜਾਂਦਾ ਹੈ?
ਮਾਂ ਦੁਰਗਾ ਦਾ ਵਾਹਨ ਸ਼ੇਰ ਸਿਰਫ਼ ਉਨ੍ਹਾਂ ਦੀ ਸਵਾਰੀ ਹੀ ਨਹੀਂ, ਸਗੋਂ ਸ਼ਕਤੀ, ਸਾਹਸ ਤੇ ਨਿਡਰਤਾ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਸ਼ੇਰ ’ਤੇ ਸਵਾਰ ਮਾਂ ਦੁਰਗਾ ਦੇ ਸਰੂਪ ਨੂੰ ਦੇਖ ਕੇ ਭਗਤ ਉਨ੍ਹਾਂ ਨੂੰ ਪਿਆਰ ਨਾਲ ‘ਸ਼ੇਰਾਂਵਾਲੀ ਮਾਤਾ’ ਕਹਿੰਦੇ ਹਨ। ਸ਼ੇਰ ਨੂੰ ਜੰਗਲ ਦਾ ਰਾਜਾ ਕਿਹਾ ਜਾਂਦਾ ਹੈ। ਉਹ ਤਾਕਤ ਅਤੇ ਦਬਦਬੇ ਦਾ ਪ੍ਰਤੀਕ ਹੈ। ਮਾਂ ਦੁਰਗਾ ਦਾ ਸ਼ੇਰ ’ਤੇ ਸਵਾਰ ਹੋਣਾ ਇਸ ਗੱਲ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਕਿ ਅਸਲ ਸ਼ਕਤੀ ਉਹ ਹੈ, ਜੋ ਹੰਕਾਰ ’ਤੇ ਕਾਬੂ ਪਾ ਸਕੇ ਅਤੇ ਡਰ ਦਾ ਨਾਸ਼ ਕਰ ਸਕੇ।
ਮਾਂ ਦੁਰਗਾ ਦਾ ਵਾਹਨ ਸ਼ੇਰ ਕਿਵੇਂ ਬਣਿਆ?
ਪੌਰਾਣਿਕ ਕਥਾ ਅਨੁਸਾਰ, ਪੁਰਾਣੇ ਸਮੇਂ ਵਿੱਚ ਮਹਿਸ਼ਾਸੁਰ ਨਾਮ ਦੇ ਇੱਕ ਦੈਂਤ ਨੇ ਕਠੋਰ ਤਪੱਸਿਆ ਕਰਕੇ ਬ੍ਰਹਮਾ ਜੀ ਤੋਂ ਵਰਦਾਨ ਪ੍ਰਾਪਤ ਕੀਤਾ ਸੀ ਕਿ ਕੋਈ ਪੁਰਸ਼, ਦੇਵਤਾ ਜਾਂ ਮਨੁੱਖ ਉਸ ਨੂੰ ਮਾਰ ਨਹੀਂ ਸਕੇਗਾ। ਇਸ ਵਰਦਾਨ ਦੇ ਹੰਕਾਰ ਵਿੱਚ ਮਹਿਸ਼ਾਸੁਰ ਨੇ ਤਿੰਨਾਂ ਲੋਕਾਂ ਵਿੱਚ ਅੱਤਿਆਚਾਰ ਮਚਾਉਣਾ ਸ਼ੁਰੂ ਕਰ ਦਿੱਤਾ। ਦੇਵਤੇ ਉਸ ਤੋਂ ਹਾਰ ਗਏ, ਸਵਰਗ ’ਤੇ ਉਸ ਦਾ ਕਬਜ਼ਾ ਹੋ ਗਿਆ ਅਤੇ ਧਰਤੀ ’ਤੇ ਡਰ ਦਾ ਮਾਹੌਲ ਬਣ ਗਿਆ। ਇਸ ਤੋਂ ਬਾਅਦ ਸਾਰੇ ਦੇਵਤੇ ਇਕੱਠੇ ਹੋ ਕੇ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਕੋਲ ਪਹੁੰਚੇ।
ਕਥਾ ਅਨੁਸਾਰ, ਸਾਰੇ ਦੇਵਤਿਆਂ ਦੇ ਤੇਜ ਤੋਂ ਇੱਕ ਦਿਵਿਆ ਸ਼ਕਤੀ ਪ੍ਰਗਟ ਹੋਈ, ਜਿਸ ਨੂੰ ਮਾਂ ਦੁਰਗਾ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਜਦੋਂ ਮਾਂ ਦੁਰਗਾ ਪ੍ਰਗਟ ਹੋਈਆਂ, ਤਾਂ ਧਰਤੀ ਕੰਬ ਉੱਠੀ। ਇਸੇ ਦੌਰਾਨ ਜੰਗਲ ਵਿੱਚੋਂ ਇੱਕ ਸ਼ਕਤੀਸ਼ਾਲੀ ਅਤੇ ਤੇਜਸਵੀ ਸ਼ੇਰ ਗਰਜਦਾ ਹੋਇਆ ਆਇਆ।
ਮਾਨਤਾ ਅਨੁਸਾਰ, ਦੇਵਤਿਆਂ ਨੇ ਉਸ ਸ਼ੇਰ ਨੂੰ ਮਾਂ ਦੁਰਗਾ ਦੇ ਚਰਨਾਂ ਵਿੱਚ ਅਰਪਿਤ ਕਰ ਦਿੱਤਾ। ਮਾਤਾ ਨੇ ਸ਼ੇਰ ਨੂੰ ਆਪਣੇ ਵਾਹਨ ਵਜੋਂ ਸਵੀਕਾਰ ਕਰ ਲਿਆ। ਇਸ ਤੋਂ ਬਾਅਦ ਸ਼ੇਰ ਨੂੰ ਮਾਂ ਦੁਰਗਾ ਦੇ ਵਾਹਨ ਵਜੋਂ ਦਰਸਾਇਆ ਜਾਣ ਲੱਗਾ।
ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਨਾਲ ਜੁੜੀ ਕਥਾ
ਇੱਕ ਹੋਰ ਪੌਰਾਣਿਕ ਕਥਾ ਮਾਤਾ ਪਾਰਵਤੀ ਅਤੇ ਭਗਵਾਨ ਸ਼ਿਵ ਨਾਲ ਜੁੜੀ ਹੋਈ ਹੈ। ਕਥਾ ਅਨੁਸਾਰ, ਮਾਤਾ ਪਾਰਵਤੀ ਨੇ ਭਗਵਾਨ ਸ਼ਿਵ ਨੂੰ ਆਪਣੇ ਪਤੀ ਵਜੋਂ ਪ੍ਰਾਪਤ ਕਰਨ ਲਈ ਕਈ ਸਾਲਾਂ ਤੱਕ ਕਠੋਰ ਤਪੱਸਿਆ ਕੀਤੀ। ਲੰਬੀ ਤਪੱਸਿਆ ਕਾਰਨ ਉਨ੍ਹਾਂ ਦਾ ਗੌਰਾ ਰੰਗ ਸਾਂਵਲਾ ਹੋ ਗਿਆ ਸੀ। ਬਾਅਦ ਵਿੱਚ ਉਨ੍ਹਾਂ ਦੀ ਤਪੱਸਿਆ ਸਫ਼ਲ ਹੋਈ ਅਤੇ ਭਗਵਾਨ ਸ਼ਿਵ ਨੇ ਉਨ੍ਹਾਂ ਨੂੰ ਆਪਣੀ ਪਤਨੀ ਵਜੋਂ ਸਵੀਕਾਰ ਕਰ ਲਿਆ।
ਵਿਆਹ ਤੋਂ ਬਾਅਦ ਇੱਕ ਦਿਨ ਮਾਤਾ ਪਾਰਵਤੀ ਭਗਵਾਨ ਸ਼ਿਵ ਨਾਲ ਕੈਲਾਸ਼ ਪਰਬਤ ’ਤੇ ਬੈਠੇ ਸਨ। ਕਥਾ ਅਨੁਸਾਰ, ਉਸ ਸਮੇਂ ਭਗਵਾਨ ਸ਼ਿਵ ਨੇ ਹੱਸਦਿਆਂ ਮਾਤਾ ਪਾਰਵਤੀ ਨੂੰ ‘ਕਾਲੀ’ ਕਹਿ ਕੇ ਸੰਬੋਧਨ ਕੀਤਾ।
ਇਸ ਗੱਲ ਤੋਂ ਬਾਅਦ ਮਾਤਾ ਪਾਰਵਤੀ ਕੈਲਾਸ਼ ਛੱਡ ਕੇ ਜੰਗਲ ਵਿੱਚ ਚਲੇ ਗਏ ਤੇ ਆਪਣਾ ਗੌਰਾ ਰੰਗ ਮੁੜ ਪ੍ਰਾਪਤ ਕਰਨ ਲਈ ਤਪੱਸਿਆ ਕਰਨ ਲੱਗੇ, ਉਸੇ ਸਮੇਂ ਇੱਕ ਸ਼ੇਰ ਉਨ੍ਹਾਂ ਕੋਲ ਆਇਆ। ਮਾਤਾ ਨੂੰ ਤਪੱਸਿਆ ਵਿੱਚ ਲੀਨ ਦੇਖ ਕੇ ਉਹ ਉੱਥੇ ਹੀ ਬੈਠ ਗਿਆ।
ਕਥਾ ਅਨੁਸਾਰ, ਮਾਤਾ ਪਾਰਵਤੀ ਕਈ ਸਾਲਾਂ ਤੱਕ ਤਪੱਸਿਆ ਕਰਦੀਆਂ ਰਹੀਆਂ ਅਤੇ ਸ਼ੇਰ ਵੀ ਉੱਥੇ ਹੀ ਬੈਠਾ ਰਿਹਾ। ਜਦੋਂ ਮਾਤਾ ਤਪੱਸਿਆ ਤੋਂ ਬਾਹਰ ਆਈਆਂ, ਤਾਂ ਉਨ੍ਹਾਂ ਨੇ ਪ੍ਰਸੰਨ ਹੋ ਕੇ ਸ਼ੇਰ ਨੂੰ ਆਪਣਾ ਵਾਹਨ ਸਵੀਕਾਰ ਕਰ ਲਿਆ। ਇਸ ਕਥਾ ਨੂੰ ਵੀ ਮਾਂ ਦੁਰਗਾ ਦੇ ਸ਼ੇਰ ’ਤੇ ਸਵਾਰ ਹੋਣ ਅਤੇ ਉਨ੍ਹਾਂ ਨੂੰ ‘ਸ਼ੇਰਾਂਵਾਲੀ ਮਾਤਾ’ ਕਹੇ ਜਾਣ ਨਾਲ ਜੋੜਿਆ ਜਾਂਦਾ ਹੈ।
ਮਾਂ ਦੁਰਗਾ ਦੇ ਵੱਖ-ਵੱਖ ਨਾਵਾਂ ਦਾ ਧਾਰਮਿਕ ਮਹੱਤਵ
ਮਾਂ ਦੁਰਗਾ ਦੇ ਵੱਖ-ਵੱਖ ਨਾਵਾਂ ਤੇ ਸਰੂਪਾਂ ਨਾਲ ਕਈ ਪੌਰਾਣਿਕ ਕਥਾਵਾਂ ਜੁੜੀਆਂ ਹੋਈਆਂ ਹਨ। ਭਗਤ ਮਾਤਾ ਨੂੰ ਸ਼ੇਰਾਂਵਾਲੀ, ਜਗਦੰਬੇ ਅਤੇ ਦੁਰਗਾ ਵਰਗੇ ਨਾਵਾਂ ਨਾਲ ਯਾਦ ਕਰਦੇ ਹਨ ਅਤੇ ਵੱਖ-ਵੱਖ ਸਰੂਪਾਂ ਵਿੱਚ ਉਨ੍ਹਾਂ ਦੀ ਪੂਜਾ ਕਰਦੇ ਹਨ।
ਧਾਰਮਿਕ ਮਾਨਤਾਵਾਂ ਅਨੁਸਾਰ, ਸ਼ੇਰ ’ਤੇ ਸਵਾਰ ਮਾਂ ਦੁਰਗਾ ਬੁਰਾਈ ’ਤੇ ਚੰਗਿਆਈ ਦੀ ਜਿੱਤ, ਅਧਰਮ ’ਤੇ ਧਰਮ ਦੀ ਜਿੱਤ ਅਤੇ ਡਰ ’ਤੇ ਸਾਹਸ ਦੀ ਜਿੱਤ ਦਾ ਪ੍ਰਤੀਕ ਹਨ। ਇਸੇ ਕਰਕੇ ਨਰਾਤਿਆਂ ਦੌਰਾਨ ਸ਼ੇਰਾਂਵਾਲੀ ਮਾਤਾ ਦੀ ਪੂਜਾ ਦਾ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ।
ਡਿਸਕਲੇਮਰ : ਇਸ ਲੇਖ ਵਿੱਚ ਦਿੱਤੀਆਂ ਗਈਆਂ ਧਾਰਨਾਵਾਂ, ਉਪਾਅ, ਲਾਭ ਅਤੇ ਸਲਾਹ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਇਸ ਲੇਖ ਵਿੱਚ ਦੱਸੀਆਂ ਗੱਲਾਂ ਦੀ ਪੁਸ਼ਟੀ ਨਹੀਂ ਕਰਦਾ। ਇਸ ਵਿੱਚ ਦਿੱਤੀ ਜਾਣਕਾਰੀ ਵੱਖ-ਵੱਖ ਸਰੋਤਾਂ, ਜੋਤਸ਼ੀਆਂ, ਪੰਚਾਂਗਾਂ, ਧਾਰਮਿਕ ਪ੍ਰਵਚਨਾਂ, ਮਾਨਤਾਵਾਂ, ਧਾਰਮਿਕ ਗ੍ਰੰਥਾਂ ਅਤੇ ਲੋਕ-ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਅਪੀਲ ਹੈ ਕਿ ਇਸ ਜਾਣਕਾਰੀ ਨੂੰ ਅੰਤਿਮ ਸੱਚ ਜਾਂ ਪ੍ਰਮਾਣਿਤ ਤੱਥ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅੰਧਵਿਸ਼ਵਾਸ ਦੇ ਵਿਰੁੱਧ ਹੈ।