- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੀਵਾਲੀ ਦੇ ਤਿਉਹਾਰ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ। ਇਸ ਪੰਜ ਦਿਨਾਂ ਦੇ ਤਿਉਹਾਰ ਦੀ ਸ਼ੁਰੂਆਤ ਧਨਤੇਰਸ ਤੋਂ ਹੁੰਦੀ ਹੈ ਅਤੇ ਇਸ ਦਾ ਸਮਾਪਨ ਭਾਈ ਦੂਜ ਵਾਲੇ ਦਿਨ ਹੁੰਦਾ ਹੈ। ਇਨ੍ਹਾਂ ਪੰਜਾਂ ਦਿਨਾਂ ਦੌਰਾਨ ਹਰ ਸ਼ਾਮ ਦੀਵੇ ਜਗਾਉਣ ਦਾ ਵਿਸ਼ੇਸ਼ ਮਹੱਤਵ ਹੈ।

ਧਰਮ ਡੈਸਕ, ਨਵੀਂ ਦਿੱਲੀ। ਦੀਵਾਲੀ ਦੇ ਤਿਉਹਾਰ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ। ਇਸ ਪੰਜ ਦਿਨਾਂ ਦੇ ਤਿਉਹਾਰ ਦੀ ਸ਼ੁਰੂਆਤ ਧਨਤੇਰਸ ਤੋਂ ਹੁੰਦੀ ਹੈ ਅਤੇ ਇਸ ਦਾ ਸਮਾਪਨ ਭਾਈ ਦੂਜ ਵਾਲੇ ਦਿਨ ਹੁੰਦਾ ਹੈ। ਇਨ੍ਹਾਂ ਪੰਜਾਂ ਦਿਨਾਂ ਦੌਰਾਨ ਹਰ ਸ਼ਾਮ ਦੀਵੇ ਜਗਾਉਣ ਦਾ ਵਿਸ਼ੇਸ਼ ਮਹੱਤਵ ਹੈ। ਇਹ ਪਰੰਪਰਾ ਪ੍ਰਾਚੀਨ ਸਮੇਂ ਤੋਂ ਚੱਲੀ ਆ ਰਹੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਧਨਤੇਰਸ ਤੋਂ ਲੈ ਕੇ ਭਾਈ ਦੂਜ ਤੱਕ ਦੀਵੇ ਕਿਉਂ ਜਗਾਏ ਜਾਂਦੇ ਹਨ ਅਤੇ ਇਸ ਪਿੱਛੇ ਕੀ ਧਾਰਮਿਕ ਮਾਨਤਾ ਹੈ? ਆਓ, ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ।
ਧਨਤੇਰਸ ਤੋਂ ਭਾਈ ਦੂਜ ਤੱਕ ਦੀਵੇ ਜਗਾਉਣ ਦਾ ਮਹੱਤਵ
ਧਨਤੇਰਸ: ਦੀਪ ਉਤਸਵ ਦੇ ਪਹਿਲੇ ਦਿਨ ਧਨਤੇਰਸ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਦਿਨ ਘਰ ਦੀ ਦੱਖਣ ਦਿਸ਼ਾ ਵਿੱਚ ਯਮ ਦਾ ਦੀਵਾ ਜਗਾਉਣ ਦਾ ਵਿਸ਼ੇਸ਼ ਮਹੱਤਵ ਹੈ। ਧਾਰਮਿਕ ਮਾਨਤਾ ਅਨੁਸਾਰ, ਧਨਤੇਰਸ ਵਾਲੇ ਦਿਨ ਯਮਰਾਜ ਦੇ ਨਾਮ ਦਾ ਦੀਵਾ ਜਗਾਉਣ ਨਾਲ ਪਰਿਵਾਰ ’ਤੇ ਅਚਨਚੇਤ ਮੌਤ ਦਾ ਡਰ ਦੂਰ ਹੁੰਦਾ ਹੈ।
ਛੋਟੀ ਦੀਵਾਲੀ (ਨਰਕ ਚਤੁਰਦਸ਼ੀ): ਪੌਰਾਣਿਕ ਕਥਾ ਅਨੁਸਾਰ, ਛੋਟੀ ਦੀਵਾਲੀ ਦੇ ਮੌਕੇ ’ਤੇ ਦੀਵੇ ਜਗਾਉਣੇ ਸ਼ੁਭ ਮੰਨੇ ਜਾਂਦੇ ਹਨ। ਮਾਨਤਾ ਹੈ ਕਿ ਇਸੇ ਦਿਨ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਨਰਕਾਸੁਰ ਨਾਮਕ ਰਾਖਸ਼ ਦਾ ਵਧ ਕੀਤਾ ਸੀ ਅਤੇ 16,100 ਰਾਜਕੁਮਾਰੀਆਂ ਤੇ ਬੰਦੀਆਂ ਨੂੰ ਉਸ ਦੇ ਅੱਤਿਆਚਾਰਾਂ ਤੋਂ ਮੁਕਤ ਕਰਵਾਇਆ ਸੀ। ਇਸ ਲਈ ਇਸ ਦਿਨ ਬੁਰਾਈ ਅਤੇ ਹਨੇਰੇ ’ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਵਜੋਂ ਦੀਵੇ ਜਗਾਏ ਜਾਂਦੇ ਹਨ।
ਦੀਵਾਲੀ: ਕੱਤਕ ਮਹੀਨੇ ਦੀ ਮੱਸਿਆ ਵਾਲੇ ਦਿਨ ਭਗਵਾਨ ਸ਼੍ਰੀ ਰਾਮ, ਮਾਤਾ ਸੀਤਾ ਅਤੇ ਭਰਾ ਲਕਸ਼ਮਣ 14 ਸਾਲ ਦਾ ਵਨਵਾਸ ਪੂਰਾ ਕਰਨ ਤੋਂ ਬਾਅਦ ਅਯੁੱਧਿਆ ਪਰਤੇ ਸਨ। ਉਨ੍ਹਾਂ ਦੇ ਆਗਮਨ ਦੀ ਖੁਸ਼ੀ ਵਿੱਚ ਨਗਰ ਵਾਸੀਆਂ ਨੇ ਦੀਵੇ ਜਗਾ ਕੇ ਪ੍ਰਭੂ ਦਾ ਸਵਾਗਤ ਕੀਤਾ ਸੀ। ਇਸੇ ਕਰਕੇ ਦੀਵਾਲੀ ਵਾਲੇ ਦਿਨ ਦੀਵੇ ਜਗਾਉਣ ਨੂੰ ਸਭ ਤੋਂ ਸ਼ੁਭ ਮੰਨਿਆ ਜਾਂਦਾ ਹੈ। ਦੀਵਿਆਂ ਦੀ ਰੌਸ਼ਨੀ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਜੀਵਨ ਵਿੱਚ ਗਿਆਨ, ਸੁੱਖ ਅਤੇ ਖੁਸ਼ਹਾਲੀ ਲਿਆਉਣ ਦਾ ਪ੍ਰਤੀਕ ਹੈ।
ਗੋਵਰਧਨ ਪੂਜਾ: ਦੀਪ ਉਤਸਵ ਦੇ ਚੌਥੇ ਦਿਨ ਗੋਵਰਧਨ ਪੂਜਾ ਕੀਤੀ ਜਾਂਦੀ ਹੈ। ਪੌਰਾਣਿਕ ਕਥਾ ਅਨੁਸਾਰ, ਦੁਆਪਰ ਯੁੱਗ ਵਿੱਚ ਬ੍ਰਜ ਦੇ ਲੋਕ ਦੇਵਰਾਜ ਇੰਦਰ ਦੀ ਪੂਜਾ ਕਰਦੇ ਸਨ। ਇੱਕ ਦਿਨ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਬ੍ਰਜ ਵਾਸੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਗੋਵਰਧਨ ਪਰਬਤ ਦੀ ਪੂਜਾ ਕਰਨੀ ਚਾਹੀਦੀ ਹੈ, ਕਿਉਂਕਿ ਇਸ ਨਾਲ ਉਨ੍ਹਾਂ ਦੀਆਂ ਗਾਵਾਂ ਨੂੰ ਚਾਰਾ ਅਤੇ ਲੋਕਾਂ ਨੂੰ ਜੀਵਨ ਮਿਲਦਾ ਹੈ। ਮਾਨਤਾ ਹੈ ਕਿ ਇਸੇ ਦਿਨ ਭਗਵਾਨ ਕ੍ਰਿਸ਼ਨ ਨੇ ਇੰਦਰ ਦਾ ਹੰਕਾਰ ਤੋੜਿਆ ਸੀ ਅਤੇ ਗੋਵਰਧਨ ਪਰਬਤ ਚੁੱਕ ਕੇ ਬ੍ਰਜ ਵਾਸੀਆਂ ਦੀ ਰੱਖਿਆ ਕੀਤੀ ਸੀ। ਇਸ ਤੋਂ ਬਾਅਦ ਲੋਕਾਂ ਨੇ ਪ੍ਰਭੂ ਨੂੰ 56 ਭੋਗ ਅਰਪਿਤ ਕੀਤੇ ਅਤੇ ਦੀਵੇ ਜਗਾਏ। ਇਸੇ ਕਾਰਨ ਗੋਵਰਧਨ ਪੂਜਾ ਵਾਲੇ ਦਿਨ ਵੀ ਦੀਵੇ ਜਗਾਉਣ ਦੀ ਪਰੰਪਰਾ ਹੈ।
ਭਾਈ ਦੂਜ: ਇਹ ਤਿਉਹਾਰ ਭੈਣ-ਭਰਾ ਦੇ ਅਟੁੱਟ ਪਿਆਰ ਦਾ ਪ੍ਰਤੀਕ ਹੈ। ਮਾਨਤਾ ਹੈ ਕਿ ਇਸ ਦਿਨ ਯਮਰਾਜ ਆਪਣੀ ਭੈਣ ਯਮੁਨਾ ਦੇ ਘਰ ਗਏ ਸਨ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੀ ਲੰਮੀ ਉਮਰ, ਚੰਗੀ ਸਿਹਤ ਅਤੇ ਸੁੱਖ-ਖੁਸ਼ਹਾਲੀ ਦੀ ਕਾਮਨਾ ਕਰਦਿਆਂ ਉਨ੍ਹਾਂ ਦੇ ਮੱਥੇ ’ਤੇ ਤਿਲਕ ਲਗਾਉਂਦੀਆਂ ਹਨ ਅਤੇ ਦੀਵਾ ਜਗਾ ਕੇ ਆਰਤੀ ਉਤਾਰਦੀਆਂ ਹਨ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ, ਲਾਭ, ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਇਸ ਲੇਖ ਵਿੱਚ ਦਿੱਤੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਸਰੋਤਾਂ, ਜੋਤਸ਼ੀਆਂ, ਪੰਚਾਂਗਾਂ, ਪ੍ਰਵਚਨਾਂ, ਧਾਰਮਿਕ ਮਾਨਤਾਵਾਂ, ਧਰਮ ਗ੍ਰੰਥਾਂ ਅਤੇ ਲੋਕ ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਇਸ ਜਾਣਕਾਰੀ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅੰਧਵਿਸ਼ਵਾਸ ਦੇ ਵਿਰੁੱਧ ਹੈ।