- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
MudgalPurana ਦੇ ਦੂਜੇ ਖੰਡ ਵਿਚ ਵਰਣਿਤ ਕਥਾ ਅਨੁਸਾਰ, ਮਤਸਰਾਸੁਰ ਦੇ ਮਨ ਵਿਚ ਬਚਪਨ ਤੋਂ ਹੀ ਅਸਵੀਕਾਰ ਕੀਤੇ ਜਾਣ ਦਾ ਦਰਦ ਸੀ। ਕੁਝ ਪੌਰਾਣਿਕ ਮਾਨਤਾਵਾਂ 'ਚ ਦੱਸਿਆ ਗਿਆ ਹੈ ਕਿ ਉਸਦਾ ਸੰਬੰਧ ਇੰਦਰ ਨਾਲ ਸੀ, ਪਰ ਉਸਨੂੰ ਸਵੀਕਾਰ ਨਹੀਂ ਕੀਤਾ ਗਿਆ। ਇਹੋ ਅਣਦੇਖੀ ਹੌਲੀ-ਹੌਲੀ ਉਸਦੇ ਅੰਦਰ ਈਰਖਾ ਤੇ ਕ੍ਰੋਧ ਦਾ ਰੂਪ ਲੈਣ ਲੱਗੀ।
ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ ਗ੍ਰੰਥਾਂ 'ਚ ਭਗਵਾਨ ਗਣੇਸ਼ ਨੂੰ ਵਿਘਨਹਰਤਾ ਤੇ ਬੁੱਧੀ ਦਾ ਦੇਵਤਾ ਮੰਨਿਆ ਜਾਂਦਾ ਹੈ। ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਮੁਦਗਲ ਪੁਰਾਣ 'ਚ ਗਣੇਸ਼ ਜੀ ਦੇ ਅੱਠ ਵਿਸ਼ੇਸ਼ ਅਵਤਾਰਾਂ ਦਾ ਵਰਣਨ ਮਿਲਦਾ ਹੈ। ਇਨ੍ਹਾਂ ਦਾ ਉਦੇਸ਼ ਕੇਵਲ ਰਾਕਸ਼ਸਾਂ ਦਾ ਵਧ ਕਰਨਾ ਨਹੀਂ ਸੀ, ਬਲਕਿ ਮਨੁੱਖ ਦੇ ਅੰਦਰ ਲੁਕੀਆਂ ਬੁਰਾਈਆਂ ਨੂੰ ਪਛਾਣਨ ਤੇ ਉਨ੍ਹਾਂ ਉੱਪਰ ਜਿੱਤ ਹਾਸਲ ਕਰਨ ਦਾ ਸੰਦੇਸ਼ ਦੇਣਾ ਵੀ ਸੀ। ਇਨ੍ਹਾਂ ਵਿੱਚੋਂ ਹੀ ਪਹਿਲਾ ਅਵਤਾਰ ਸੀ 'ਵਕਰਤੁੰਡ' ਜਿਸ ਨੇ ਈਰਖਾ ਦੇ ਪ੍ਰਤੀਕ ਮਤਸਰਾਸੁਰ ਦਾ ਅੰਤ ਕੀਤਾ।
ਮੁਦਗਲ ਪੁਰਾਣ ਦੇ ਦੂਜੇ ਖੰਡ ਵਿਚ ਵਰਣਿਤ ਕਥਾ ਅਨੁਸਾਰ, ਮਤਸਰਾਸੁਰ ਦੇ ਮਨ ਵਿਚ ਬਚਪਨ ਤੋਂ ਹੀ ਅਸਵੀਕਾਰ ਕੀਤੇ ਜਾਣ ਦਾ ਦਰਦ ਸੀ। ਕੁਝ ਪੌਰਾਣਿਕ ਮਾਨਤਾਵਾਂ 'ਚ ਦੱਸਿਆ ਗਿਆ ਹੈ ਕਿ ਉਸਦਾ ਸੰਬੰਧ ਇੰਦਰ ਨਾਲ ਸੀ, ਪਰ ਉਸਨੂੰ ਸਵੀਕਾਰ ਨਹੀਂ ਕੀਤਾ ਗਿਆ। ਇਹੋ ਅਣਦੇਖੀ ਹੌਲੀ-ਹੌਲੀ ਉਸਦੇ ਅੰਦਰ ਈਰਖਾ ਤੇ ਕ੍ਰੋਧ ਦਾ ਰੂਪ ਲੈਣ ਲੱਗੀ। ਸਮੇਂ ਦੇ ਨਾਲ ਉਸਦਾ ਹੰਕਾਰ ਇੰਨਾ ਵੱਧ ਗਿਆ ਕਿ ਉਸਨੇ ਤਿੰਨਾਂ ਲੋਕਾਂ 'ਤੇ ਰਾਜ ਕਰਨ ਦਾ ਸੁਪਨਾ ਦੇਖ ਲਿਆ।
ਆਪਣੇ ਉਦੇਸ਼ ਨੂੰ ਪੂਰਾ ਕਰਨ ਲਈ ਮਤਸਰਾਸੁਰ ਨੇ ਭਗਵਾਨ ਸ਼ਿਵ ਦੀ ਕਠੋਰ ਤਪੱਸਿਆ ਕੀਤੀ। ਵਰ੍ਹਿਆਂ ਦੀ ਸਾਧਨਾ ਤੋਂ ਬਾਅਦ ਸ਼ਿਵ ਉਸਦੀ ਭਗਤੀ ਤੋਂ ਪ੍ਰਸੰਨ ਹੋਏ ਤੇ ਉਸਨੂੰ ਅਭੈ ਦਾ ਵਰਦਾਨ ਦੇ ਦਿੱਤਾ। ਇਸ ਵਰਦਾਨ ਨੇ ਉਸਨੂੰ ਨਿਡਰ ਤੇ ਅਤਿਅੰਤ ਸ਼ਕਤੀਸ਼ਾਲੀ ਬਣਾ ਦਿੱਤਾ। ਬਾਅਦ 'ਚ ਉਹ ਅਸੁਰਾਂ ਦਾ ਰਾਜਾ ਬਣਿਆ ਤੇ ਗੁਰੂ ਸ਼ੁਕਰਾਚਾਰੀਆ ਦੇ ਮਾਰਗਦਰਸ਼ਨ 'ਚ ਆਪਣੇ ਪੁੱਤਰਾਂ ਸੁੰਦਰਪ੍ਰਿਯ ਤੇ ਵਿਸ਼ੇਪ੍ਰਿਯ ਦੇ ਨਾਲ ਦੇਵਤਿਆਂ 'ਤੇ ਹਮਲਾ ਕਰਨ ਲੱਗਾ।
ਹੌਲੀ-ਹੌਲੀ ਸਵਰਗ, ਪ੍ਰਿਥਵੀ ਤੇ ਪਾਤਾਲ ਤਿੰਨੋਂ ਲੋਕ ਉਸਦੇ ਅੱਤਿਆਚਾਰਾਂ ਤੋਂ ਤ੍ਰਾਹ-ਤ੍ਰਾਹ ਕਰ ਉੱਠੇ। ਦੇਵਤੇ ਮਦਦ ਦੀ ਉਮੀਦ ਲੈ ਕੇ ਭਗਵਾਨ ਸ਼ਿਵ ਦੇ ਕੋਲ ਪਹੁੰਚੇ, ਪਰ ਸ਼ਿਵ ਆਪਣੇ ਦਿੱਤੇ ਹੋਏ ਵਰਦਾਨ ਨਾਲ ਬੱਝੇ ਹੋਏ ਸਨ। ਤਦ ਭਗਵਾਨ ਦੱਤਾਤਰੇਅ ਨੇ ਦੇਵਤਿਆਂ ਨੂੰ ਗਣੇਸ਼ ਜੀ ਦੀ ਅਰਾਧਨਾ ਕਰਨ ਦਾ ਸੁਝਾਅ ਦਿੱਤਾ।
ਦੇਵਤਿਆਂ ਦੀ ਪ੍ਰਾਰਥਨਾ ਸੁਣ ਕੇ ਗਣੇਸ਼ ਜੀ ਸਿੰਘ 'ਤੇ ਸਵਾਰ ਹੋ ਕੇ ਵਕਰਤੁੰਡ ਰੂਪ 'ਚ ਪ੍ਰਗਟ ਹੋਏ। ਉਨ੍ਹਾਂ ਨੇ ਯੁੱਧ ਵਿਚ ਪਹਿਲਾਂ ਮਤਸਰਾਸੁਰ ਦੇ ਦੋਵਾਂ ਪੁੱਤਰਾਂ ਨੂੰ ਹਰਾਇਆ। ਜਦੋਂ ਖੁਦ ਮਤਸਰਾਸੁਰ ਉਨ੍ਹਾਂ ਦੇ ਸਾਹਮਣੇ ਆਇਆ ਤਾਂ ਉਹ ਉਨ੍ਹਾਂ ਦੇ ਤੇਜ, ਸ਼ਕਤੀ ਤੇ ਦੈਵੀ ਸਰੂਪ ਨੂੰ ਦੇਖ ਕੇ ਡਰ ਗਿਆ। ਉਸਨੂੰ ਸਮਝ ਆ ਗਿਆ ਕਿ ਇਸ ਸ਼ਕਤੀ ਦੇ ਸਾਹਮਣੇ ਵਿਜੇ ਸੰਭਵ ਨਹੀਂ ਹੈ। ਅੰਤ ਵਿਚ ਉਸਨੇ ਹਥਿਆਰ ਸੁੱਟ ਦਿੱਤੇ ਅਤੇ ਖ਼ਿਮਾ ਮੰਗ ਲਈ।
ਗਣੇਸ਼ ਜੀ ਨੇ ਉਸਨੂੰ ਮਾਫ਼ ਕਰ ਦਿੱਤਾ ਤੇ ਇਸਦੇ ਨਾਲ ਹੀ ਤਿੰਨਾਂ ਲੋਕਾਂ 'ਚ ਫਿਰ ਤੋਂ ਸ਼ਾਂਤੀ ਸਥਾਪਿਤ ਹੋ ਗਈ। ਇਹ ਕਥਾ ਦੱਸਦੀ ਹੈ ਕਿ ਈਰਖਾ, ਹੰਕਾਰ ਤੇ ਨਫ਼ਰਤ ਇਨਸ਼ਾਨ ਨੂੰ ਪਤਨ ਵੱਲ ਲੈ ਜਾਂਦੇ ਹਨ, ਜਦੋਂਕਿ ਨਿਮਰਤਾ, ਆਤਮ-ਸਵੀਕ੍ਰਿਤੀ ਤੇ ਸਕਾਰਾਤਮਕ ਸੋਚ ਜੀਵਨ ਨੂੰ ਸਹੀ ਦਿਸ਼ਾ ਦਿੰਦੀ ਹੈ।