- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਤਾ ਸਾਨੂੰ ਜਨਮ ਦੇਣ ਵਾਲੀ ਉਹ ਸ਼ਕਤੀ ਹੈ, ਜੋ ਆਪਣੇ ਜੀਵਨ ਨੂੰ ਦਾਅ ’ਤੇ ਲਗਾ ਕੇ ਨਾ ਸਿਰਫ਼ ਸਾਨੂੰ ਜਨਮ ਦਿੰਦੀ ਹੈ, ਸਗੋਂ ਸਾਡੇ ਬਚਪਨ ਦੇ ਪੂਰੇ ਸਮੇਂ ਦੌਰਾਨ ਸਾਡੇ ਮਲ-ਮੂਤਰ ਨੂੰ ਬਿਨਾਂ ਕਿਸੇ ਘ੍ਰਿਣਾ ਦੇ ਇਸ ਤਰ੍ਹਾਂ ਸਾਫ਼ ਕਰਦੀ ਹੈ, ਜਿਵੇਂ ਕੋਈ ਹੋਰ ਕਰ ਹੀ ਨਹੀਂ ਸਕਦਾ। ਉਸ ਦਾ ਪੇਟ ਭਰਿਆ ਹੋਵੇ ਜਾਂ ਉਹ ਕਈ ਦਿਨਾਂ ਤੋਂ ਭੁੱਖੀ ਹੋਵੇ, ਜਦੋਂ ਤੱਕ ਉਸ ਦੇ ਬੱਚੇ ਦਾ ਪੇਟ ਨਹੀਂ ਭਰ ਜਾਂਦਾ, ਉਹ ਰੋਟੀ ਦਾ ਇੱਕ ਟੁਕੜਾ ਵੀ ਆਪਣੇ ਮੂੰਹ ’ਚ ਨਹੀਂ ਪਾਉਂਦੀ।

‘ਦਦਾਤੀਤੀ ਦੇਵ:’ ਭਾਵ ਜੋ ਦਿੰਦਾ ਹੈ, ਉਹ ਦੇਵਤਾ ਹੈ। ਆਮ ਤੌਰ ’ਤੇ ਸੰਸਾਰਕ ਵਿਹਾਰ ’ਚ ਇਹ ਦੇਖਣ ਨੂੰ ਮਿਲਦਾ ਹੈ ਕਿ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ, ਜੋ ਵਸਤੂਆਂ ਦੇ ਲੈਣ-ਦੇਣ ਦੇ ਕਾਰਜ ਕਰਦੇ ਹਨ ਪਰ ਉਹ ਅਜਿਹੇ ਨਹੀਂ ਹੁੰਦੇ, ਜੋ ਨਿਰਸਵਾਰਥ ਭਾਵ ਨਾਲ ਚੀਜ਼ਾਂ ਦੇ ਲੈਣ-ਦੇਣ ਦਾ ਕੰਮ ਕਰਦੇ ਹੋਣ। ਕੋਈ ਆਪਣੇ ਕਿਸੇ ਤਤਕਾਲੀ ਸਵਾਰਥ ਲਈ, ਕੋਈ ਧਨ ਪ੍ਰਾਪਤੀ ਲਈ ਜਾਂ ਫਿਰ ਲੰਮੇ ਸਮੇਂ ਦੇ ਯਸ਼ ਦੀ ਪ੍ਰਾਪਤੀ ਲਈ ਲੈਣ-ਦੇਣ ਕਰਦਾ ਹੈ। ਇਸੇ ਲਈ ਉਨ੍ਹਾਂ ਨੂੰ ਦੇਵ ਸ਼੍ਰੇਣੀ ’ਚ ਨਹੀਂ ਗਿਣਿਆ ਜਾਂਦਾ। ਉਹ ਮਨੁੱਖ ਸ਼੍ਰੇਣੀ ’ਚ ਹੀ ਗਿਣੇ ਜਾਂਦੇ ਹਨ। ਵੈਸੇ ਤਾਂ ਭਾਰਤੀ ਪਰੰਪਰਾ ’ਚ ਤੇਤੀ ਕਰੋੜ ਦੇਵੀ-ਦੇਵਤਿਆਂ ਨੂੰ ਮੰਨਿਆ ਗਿਆ ਹੈ, ਜਿਨ੍ਹਾਂ ’ਚੋਂ ਕੁਝ ਪ੍ਰਤੱਖ ਹਨ ਅਤੇ ਕੁਝ ਅਪ੍ਰਤੱਖ। ਤੈੱਤਰੀਯ ਉਪਨਿਸ਼ਦ ’ਚ ਇਨ੍ਹਾਂ ਮਨੁੱਖਾਂ ’ਚੋਂ ਤਿੰਨ ਅਜਿਹੇ ਵਿਅਕਤੀਆਂ ਬਾਰੇ ਵਰਣਨ ਕੀਤਾ ਗਿਆ ਹੈ, ਜਿਨ੍ਹਾਂ ਤੋਂ ਬਿਨਾਂ ਸਾਡੇ ਮਨੁੱਖ ਹੋਣ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਅਤੇ ਜਿਨ੍ਹਾਂ ਦਾ ਜੀਵਨ-ਆਚਰਨ ਹੀ ਸਨਾਤਨ ਧਰਮ ਹੈ। ਉੱਥੇ ਕਿਹਾ ਗਿਆ ਹੈ-‘ਮਾਤ੍ਰ ਦੇਵੋ ਭਵ, ਪਿਤ੍ਰ ਦੇਵੋ ਭਵ, ਆਚਾਰਯ ਦੇਵੋ ਭਵ। ਏਸ਼ ਧਰਮ: ਸਨਾਤਨ:।’ ਅਰਥਾਤ ਮਾਤਾ ਦੇਵੀ ਹੈ, ਪਿਤਾ ਅਤੇ ਆਚਾਰਿਆ ਦੇਵਤਾ ਹਨ। ਇਨ੍ਹਾਂ ਦੇ ਆਚਾਰ-ਵਿਹਾਰ ਦਾ ਅਨੁਕਰਨ ਹੀ ਸਨਾਤਨ ਧਰਮ ਹੈ। ਮਾਤਾ ਸਾਨੂੰ ਜਨਮ ਦੇਣ ਵਾਲੀ ਉਹ ਸ਼ਕਤੀ ਹੈ, ਜੋ ਆਪਣੇ ਜੀਵਨ ਨੂੰ ਦਾਅ ’ਤੇ ਲਗਾ ਕੇ ਨਾ ਸਿਰਫ਼ ਸਾਨੂੰ ਜਨਮ ਦਿੰਦੀ ਹੈ, ਸਗੋਂ ਸਾਡੇ ਬਚਪਨ ਦੇ ਪੂਰੇ ਸਮੇਂ ਦੌਰਾਨ ਸਾਡੇ ਮਲ-ਮੂਤਰ ਨੂੰ ਬਿਨਾਂ ਕਿਸੇ ਘ੍ਰਿਣਾ ਦੇ ਇਸ ਤਰ੍ਹਾਂ ਸਾਫ਼ ਕਰਦੀ ਹੈ, ਜਿਵੇਂ ਕੋਈ ਹੋਰ ਕਰ ਹੀ ਨਹੀਂ ਸਕਦਾ। ਉਸ ਦਾ ਪੇਟ ਭਰਿਆ ਹੋਵੇ ਜਾਂ ਉਹ ਕਈ ਦਿਨਾਂ ਤੋਂ ਭੁੱਖੀ ਹੋਵੇ, ਜਦੋਂ ਤੱਕ ਉਸ ਦੇ ਬੱਚੇ ਦਾ ਪੇਟ ਨਹੀਂ ਭਰ ਜਾਂਦਾ, ਉਹ ਰੋਟੀ ਦਾ ਇੱਕ ਟੁਕੜਾ ਵੀ ਆਪਣੇ ਮੂੰਹ ’ਚ ਨਹੀਂ ਪਾਉਂਦੀ। ਪਿਤਾ ਭਾਵੇਂ ਕੁਝ ਵੀ ਕਰਦਾ ਹੋਵੇ, ਇੱਥੋਂ ਤੱਕ ਕਿ ਭੀਖ ਹੀ ਕਿਉਂ ਨਾ ਮੰਗਦਾ ਹੋਵੇ, ਉਹ ਆਪਣੀ ਸੰਤਾਨ ਦੇ ਜੀਵਨ ਨੂੰ ਵਿਸ਼ੇਸ਼ ਬਣਾਉਣ ਲਈ ਆਪਣਾ ਜੀਵਨ ਵੀ ਕੁਰਬਾਨ ਕਰ ਸਕਦਾ ਹੈ। ਸ਼ਾਸਤਰ ਕਹਿੰਦੇ ਹਨ ਕਿ ਮਨੁੱਖ ਤੇ ਪਸ਼ੂ ਦੀ ਪ੍ਰਵਿਰਤੀ ’ਚ ਕੋਈ ਅੰਤਰ ਨਹੀਂ ਹੁੰਦਾ ਪਰ ਆਚਾਰਿਆ, ਅਰਥਾਤ ਅਧਿਆਪਕ, ਆਪਣੇ ਗਿਆਨ ਦੀ ਜੋਤ ਨਾਲ ਉਸ ਨੂੰ ਸੰਸਕਾਰੀ ਮਨੁੱਖ ਬਣਾ ਦਿੰਦਾ ਹੈ ਅਤੇ ਕਿਸੇ ਤੋਂ ਕੋਈ ਉਮੀਦ ਨਹੀਂ ਰੱਖਦਾ। ਇਸ ਲਈ ਇਹ ਪ੍ਰਤੱਖ ਦੇਵਤੇ ਹਨ।
-ਡਾ. ਗਦਾਧਰ ਤ੍ਰਿਪਾਠੀ।