- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Vidur Niti ਦੀਆਂ ਇਨ੍ਹਾਂ ਗੱਲਾਂ ਦਾ ਮੁੱਖ ਸੰਦੇਸ਼ ਇਹੋ ਹੈ ਕਿ ਇਨਸਾਨ ਨੂੰ ਆਪਣੀਆਂ ਬੁਰੀਆਂ ਆਦਤਾਂ 'ਤੇ ਕਾਬੂ ਰੱਖਣਾ ਚਾਹੀਦਾ ਹੈ। ਹੰਕਾਰ, ਕ੍ਰੋਧ, ਆਲਸ, ਈਰਖਾ ਤੇ ਲਾਲਚ ਤੋਂ ਦੂਰ ਰਹਿ ਕੇ ਵਿਅਕਤੀ ਆਪਣੇ ਵਿਵਹਾਰ ਅਤੇ ਜੀਵਨ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਸਕਦਾ ਹੈ।

ਧਰਮ ਡੈਸਕ, ਨਵੀਂ ਦਿੱਲੀ : ਵਿਅਕਤੀ ਬੇਸ਼ੱਕ ਬਹੁਤ ਪੜ੍ਹਿਆ-ਲਿਖਿਆ ਹੋਵੇ, ਪਰ ਕਦੇ-ਕਦੇ ਉਸ ਦੀਆਂ ਕੁਝ ਆਦਤਾਂ ਅਜਿਹੀਆਂ ਹੁੰਦੀਆਂ ਹਨ ਕਿ ਪੰਜ ਲੋਕਾਂ ਵਿਚਕਾਰ ਉਹ ਮਹਾਮੂਰਖ ਲੱਗਦਾ ਹੈ। ਅਸਲ ਵਿਚ, ਕਿਤਾਬੀ ਗਿਆਨ ਦੇ ਨਾਲ-ਨਾਲ ਵਿਅਕਤੀ ਦੀ ਸੋਚ, ਵਿਵਹਾਰ ਤੇ ਆਦਤਾਂ ਇਹ ਤੈਅ ਕਰਨ 'ਚ ਬਹੁਤ ਮਹੱਤਵਪੂਰਨ ਹੁੰਦੀਆਂ ਹਨ ਕਿ ਉਹ ਕਿੰਨਾ ਸਮਝਦਾਰ ਹੈ।
ਅਜਿਹੇ ਵਿਚ ਕੁਝ ਆਦਤਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਠੀਕ ਨਾ ਕੀਤਾ ਜਾਵੇ ਤਾਂ ਉਹ ਤੁਹਾਨੂੰ ਮਹਾਮੂਰਖ ਦੀ ਸ਼੍ਰੇਣੀ 'ਚ ਲਿਆ ਕੇ ਖੜ੍ਹਾ ਕਰ ਦਿੰਦੀਆਂ ਹਨ। ਵਿਦੁਰ ਨੀਤੀ 'ਚ ਅਜਿਹੀਆਂ ਹੀ ਕੁਝ ਆਦਤਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੂੰ ਸੁਧਾਰਨਾ ਬਹੁਤ ਹੀ ਜ਼ਰੂਰੀ ਹੈ। ਆਓ ਅਸੀਂ ਤੁਹਾਨੂੰ ਉਨ੍ਹਾਂ ਬਾਰੇ ਦੱਸਦੇ ਹਾਂ।
ਬਹੁਤ ਸਾਰੇ ਲੋਕ ਹੁੰਦੇ ਹਨ, ਜਿਨ੍ਹਾਂ ਨੂੰ ਲੱਗਦਾ ਹੈ ਕਿ ਚਾਰ ਕਿਤਾਬਾਂ ਜ਼ਿਆਦਾ ਪੜ੍ਹ ਕੇ ਉਹ ਬਹੁਤ ਵੱਡੇ ਵਿਦਵਾਨ ਬਣ ਗਏ ਹਨ। ਉਹ ਖੁਦ ਨੂੰ ਦੂਜਿਆਂ ਤੋਂ ਸ੍ਰੇਸ਼ਠ ਸਮਝਣ ਲੱਗਦੇ ਹਨ, ਜੋ ਉਨ੍ਹਾਂ ਲਈ ਬੇਹੱਦ ਨੁਕਸਾਨਦੇਹ ਹੋ ਸਕਦਾ ਹੈ। ਹੰਕਾਰੀ ਵਿਅਕਤੀ ਅਕਸਰ ਦੂਜਿਆਂ ਦੀ ਸਹੀ ਗੱਲ ਜਾਂ ਚੰਗੇ ਗੁਣਾਂ ਨੂੰ ਨਜ਼ਰਅੰਦਾਜ਼ ਕਰਦਾ ਹੈ ਤੇ ਆਪਣੇ ਵੱਲੋਂ ਕੀਤੀਆਂ ਗਈਆਂ ਗਲਤੀਆਂ ਨੂੰ ਸਵੀਕਾਰ ਨਹੀਂ ਕਰਦਾ। ਆਪਣੇ ਹੰਕਾਰ 'ਚ, ਉਸ ਨੂੰ ਇਹ ਵੀ ਲੱਗਦਾ ਹੈ ਕਿ ਉਸ ਨੂੰ ਸਭ ਕੁਝ ਆਉਂਦਾ ਹੈ। ਬੱਸ ਇੱਥੋਂ ਹੀ ਉਸ ਦਾ ਪਤਨ ਸ਼ੁਰੂ ਹੋ ਜਾਂਦਾ ਹੈ। ਅਜਿਹੀ ਸੋਚ ਹੌਲੀ-ਹੌਲੀ ਉਸ ਨੂੰ ਲੋਕਾਂ ਤੋਂ ਦੂਰ ਕਰ ਸਕਦੀ ਹੈ। ਇਸ ਲਈ ਵਿਅਕਤੀ ਨੂੰ ਆਪਣੀਆਂ ਪ੍ਰਾਪਤੀਆਂ 'ਤੇ ਮਾਣ ਤਾਂ ਜ਼ਰੂਰ ਕਰਨਾ ਚਾਹੀਦਾ ਹੈ, ਪਰ ਹੰਕਾਰ ਕਦੇ ਨਹੀਂ ਕਰਨਾ ਚਾਹੀਦਾ।
ਗੁੱਸਾ ਇਨਸਾਨ ਦੀ ਸੋਚਣ-ਸਮਝਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰ ਸਕਦਾ ਹੈ। ਕ੍ਰੋਧ 'ਚ ਵਿਅਕਤੀ ਕਈ ਵਾਰ ਅਜਿਹੇ ਸ਼ਬਦ ਬੋਲ ਦਿੰਦਾ ਹੈ ਜਾਂ ਫੈਸਲੇ ਲੈ ਲੈਂਦਾ ਹੈ, ਜਿਨ੍ਹਾਂ ਦਾ ਬਾਅਦ 'ਚ ਉਸ ਨੂੰ ਪਛਤਾਵਾ ਹੁੰਦਾ ਹੈ। ਗੁੱਸੇ ਦੀ ਵਜ੍ਹਾ ਨਾਲ ਰਿਸ਼ਤਿਆਂ 'ਚ ਵੀ ਤਣਾਅ ਪੈਦਾ ਹੋ ਸਕਦਾ ਹੈ। ਇਸ ਲਈ ਕਿਸੇ ਵੀ ਹਾਲਤ 'ਚ ਤੁਰੰਤ ਪ੍ਰਤੀਕਿਰਿਆ ਦੇਣ ਦੀ ਬਜਾਏ ਸ਼ਾਂਤ ਹੋ ਕੇ ਸੋਚਣ ਦੀ ਕੋਸ਼ਿਸ਼ ਕਰਨਾ ਬਿਹਤਰ ਮੰਨਿਆ ਜਾਂਦਾ ਹੈ।
ਆਲਸ ਵਿਅਕਤੀ ਨੂੰ ਉਸ ਦੇ ਟੀਚੇ ਤੋਂ ਦੂਰ ਕਰ ਸਕਦਾ ਹੈ। ਅੱਜ ਦਾ ਕੰਮ ਟਾਲਣ ਵਾਲਿਆਂ ਨੂੰ ਸਫਲਤਾ ਕਦੇ ਨਹੀਂ ਮਿਲਦੀ। ਅਜਿਹੇ ਲੋਕ ਵੀ ਦੂਰ ਰਹਿੰਦੇ ਹਨ। ਜੇਕਰ ਤੁਹਾਡੇ ਵਿਚ ਵੀ ਜ਼ਰੂਰੀ ਕੰਮਾਂ ਨੂੰ ਵਾਰ-ਵਾਰ ਟਾਲਣ ਦੀ ਆਦਤ ਹੈ ਤਾਂ ਇਸ ਨਾਲ ਤੁਹਾਡੇ ਉੱਪਰ ਕੰਮ ਦਾ ਬੋਝ ਵਧਦਾ ਹੀ ਜਾਵੇਗਾ ਤੇ ਜੋ ਮੌਕੇ ਤੁਹਾਨੂੰ ਮਿਲ ਸਕਦੇ ਹਨ, ਉਹ ਸਭ ਤੁਹਾਡੇ ਹੱਥੋਂ ਨਿਕਲ ਸਕਦੇ ਹਨ। ਜੇਕਰ ਤੁਸੀਂ ਸਮੇਂ ਦੀ ਕੀਮਤ ਨਹੀਂ ਸਮਝੋਗੇ ਤਾਂ ਸਮਾਂ ਵੀ ਤੁਹਾਡੀ ਕਦਰ ਨਹੀਂ ਕਰੇਗਾ। ਲੋਕ ਤੁਹਾਡੇ ਤੋਂ ਅੱਗੇ ਵਧ ਜਾਣਗੇ ਤੇ ਤੁਸੀਂ ਪਿੱਛੇ ਹੀ ਰਹਿ ਜਾਓਗੇ।
ਦੂਜਿਆਂ ਦੀ ਸਫਲਤਾ, ਧਨ ਜਾਂ ਸੁੱਖ ਦੇਖ ਕੇ ਸੜਨ ਵਾਲਾ ਵਿਅਕਤੀ ਵੀ ਮਹਾਮੂਰਖ ਹੁੰਦਾ ਹੈ। ਅਸਲ ਵਿਚ, ਅਜਿਹੇ ਲੋਕ ਦੂਜਿਆਂ ਤੋਂ ਸੜਨ ਵਿਚ ਹੀ ਸਮਾਂ ਬਰਬਾਦ ਕਰ ਦਿੰਦੇ ਹਨ, ਉੱਥੇ ਹੀ ਸਮਝਦਾਰ ਲੋਕ ਦੂਜਿਆਂ ਦੀ ਕਾਮਯਾਬੀ ਤੋਂ ਸਬਕ ਲੈਂਦੇ ਹਨ ਤੇ ਖੁਦ ਨੂੰ ਕਾਮਯਾਬ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਈਰਖਾ ਮਨ ਵਿਚ ਨਕਾਰਾਤਮਕਤਾ ਨੂੰ ਵਧਾ ਸਕਦੀ ਹੈ। ਈਰਖਾ ਕਰਨ ਵਾਲਾ ਵਿਅਕਤੀ ਆਪਣੀਆਂ ਪ੍ਰਾਪਤੀਆਂ 'ਤੇ ਧਿਆਨ ਦੇਣ ਦੀ ਬਜਾਏ ਹਮੇਸ਼ਾ ਦੂਜਿਆਂ ਨਾਲ ਆਪਣੀ ਤੁਲਨਾ ਕਰਦਾ ਰਹਿੰਦਾ ਹੈ। ਇਸ ਨਾਲ ਉਸ ਦਾ ਆਤਮ-ਵਿਸ਼ਵਾਸ ਵੀ ਪ੍ਰਭਾਵਿਤ ਹੋ ਸਕਦਾ ਹੈ। ਬਿਹਤਰ ਹੈ ਕਿ ਦੂਜਿਆਂ ਦੀ ਸਫਲਤਾ ਤੋਂ ਪ੍ਰੇਰਨਾ ਲੈ ਕੇ ਖੁਦ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ।
ਜ਼ਰੂਰਤ ਤੋਂ ਜ਼ਿਆਦਾ ਹਾਸਲ ਕਰਨ ਦੀ ਚਾਹ ਵਿਅਕਤੀ ਨੂੰ ਗਲਤ ਰਸਤੇ 'ਤੇ ਲੈ ਜਾ ਸਕਦੀ ਹੈ। ਲਾਲਚੀ ਵਿਅਕਤੀ ਕੋਲ ਕਿੰਨਾ ਵੀ ਧਨ ਜਾਂ ਸੁੱਖ-ਸਹੂਲਤਾਂ ਕਿਉਂ ਨਾ ਹੋਣ, ਉਸ ਦੀਆਂ ਇੱਛਾਵਾਂ ਖਤਮ ਨਹੀਂ ਹੁੰਦੀਆਂ। ਲਗਾਤਾਰ ਜ਼ਿਆਦਾ ਪਾਉਣ ਦੀ ਚਾਹਤ ਮਾਨਸਿਕ ਸ਼ਾਂਤੀ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਲਈ ਸੰਤੋਖ ਤੇ ਸਹੀ ਤਰੀਕੇ ਨਾਲ ਮਿਹਨਤ ਕਰਨ ਨੂੰ ਜੀਵਨ ਵਿਚ ਮਹੱਤਵਪੂਰਨ ਮੰਨਿਆ ਜਾਂਦਾ ਹੈ।
ਅੰਤ ਵਿਦੁਰ ਨੀਤੀ ਦੀਆਂ ਇਨ੍ਹਾਂ ਗੱਲਾਂ ਦਾ ਮੁੱਖ ਸੰਦੇਸ਼ ਇਹੋ ਹੈ ਕਿ ਇਨਸਾਨ ਨੂੰ ਆਪਣੀਆਂ ਬੁਰੀਆਂ ਆਦਤਾਂ 'ਤੇ ਕਾਬੂ ਰੱਖਣਾ ਚਾਹੀਦਾ ਹੈ। ਹੰਕਾਰ, ਕ੍ਰੋਧ, ਆਲਸ, ਈਰਖਾ ਤੇ ਲਾਲਚ ਤੋਂ ਦੂਰ ਰਹਿ ਕੇ ਵਿਅਕਤੀ ਆਪਣੇ ਵਿਵਹਾਰ ਅਤੇ ਜੀਵਨ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਸਕਦਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।