
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜਦੋਂ ਅਸੀਂ ਕਿਸੇ ਪੂਰਨ ਸਤਿਗੁਰੂ ਦੇ ਚਰਨ-ਕਮਲਾਂ ’ਚ ਪਹੁੰਚਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਜੀਵਨ ’ਚ ਜੋ ਵੀ ਵਿਅਕਤੀ ਸਾਡੀ ਥੋੜ੍ਹੀ ਜਿਹੀ ਵੀ ਮਦਦ ਜਾਂ ਸਹਾਇਤਾ ਕਰਦਾ ਹੈ, ਉਸ ਦੇ ਪਿੱਛੇ ਉਸ ਦਾ ਕੋਈ ਨਾ ਕੋਈ ਸਵਾਰਥ ਛੁਪਿਆ ਹੋ ਸਕਦਾ ਹੈ। ਇਸ ਦੁਨੀਆ ’ਚ ਕੇਵਲ ਇੱਕ ਪੂਰਨ ਸਤਿਗੁਰੂ ਹੀ ਹਨ, ਜੋ ਸੱਚੇ ਅਰਥਾਂ ’ਚ ਸਾਡੇ ਮਦਦਗਾਰ ਹੁੰਦੇ ਹਨ। ਸਤਿਗੁਰੂ ਦਇਆ ਦੇ ਸਾਗਰ ਹੁੰਦੇ ਹਨ।

ਹਿੰਦੂਆਂ ਦਾ ਪਵਿੱਤਰ ਤਿਉਹਾਰ ਰੱਖੜੀ ਸਾਉਣ ਮਹੀਨੇ ਦੀ ਪੂਰਨਮਾਸ਼ੀ ਨੂੰ ਦੇਸ਼ ਭਰ ’ਚ ਮਨਾਇਆ ਜਾਂਦਾ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੀ ਸੁੱਖ-ਖ਼ੁਸ਼ਹਾਲੀ ਲਈ ਉਨ੍ਹਾਂ ਦੇ ਗੁੱਟ ’ਤੇ ਰੱਖੜੀ ਬੰਨ੍ਹਦੀਆਂ ਹਨ ਤੇ ਕਾਮਨਾ ਕਰਦੀਆਂ ਹਨ ਕਿ ਹਰ ਖ਼ਤਰੇ ਤੇ ਔਕੜ ਦੇ ਸਮੇਂ ਉਨ੍ਹਾਂ ਦਾ ਭਰਾ ਉਨ੍ਹਾਂ ਦੀ ਰਾਖੀ ਕਰੇਗਾ ਪਰ ਕੀ ਅਸੀਂ ਕਦੇ ਸੋਚਿਆ ਹੈ ਕਿ ਉਸ ਭਰਾ ਦੀ ਰਾਖੀ ਕੌਣ ਕਰੇਗਾ? ਇਸ ਸਵਾਲ ਦਾ ਜਵਾਬ ਸਾਨੂੰ ਪੂਰਨ ਸੰਤਾਂ-ਮਹਾਂ ਪੁਰਸ਼ਾਂ ਦੀ ਬਾਣੀ ’ਚ ਮਿਲਦਾ ਹੈ। ਉਨ੍ਹਾਂ ਅਨੁਸਾਰ ਕਿਸੇ ਵੀ ਤਿਉਹਾਰ ਦੀ ਡੂੰਘਾਈ ’ਚ ਰੂਹਾਨੀਅਤ ਦੇ ਕਈ ਰਾਜ਼ ਛੁਪੇ ਹੋਏ ਹਨ। ਇਨ੍ਹਾਂ ਰੂਹਾਨੀ ਰਹੱਸਾਂ ਨੂੰ ਜਾਣਨ ਲਈ ਜੇ ਅਸੀਂ ਧਿਆਨ ਨਾਲ ਵੇਖੀਏ ਤਾਂ ਸਾਡੇ ਜੀਵਨ ’ਚ ਕਈ ਅਜਿਹੇ ਲੋਕ ਹੁੰਦੇ ਹਨ, ਜੋ ਵੱਖ-ਵੱਖ ਤਰੀਕਿਆਂ ਨਾਲ ਸਾਡੀ ਸਹਾਇਤਾ ਕਰਦੇ ਹਨ। ਜਦੋਂ ਅਸੀਂ ਬੱਚੇ ਹੁੰਦੇ ਹਾਂ ਤਾਂ ਸਾਡੇ ਮਾਤਾ-ਪਿਤਾ ਸਾਨੂੰ ਭੋਜਨ, ਰਹਿਣ ਲਈ ਘਰ, ਖਿਡੌਣੇ ਤੇ ਸੁਰੱਖਿਆ ਪ੍ਰਦਾਨ ਕਰਦੇ ਹਨ। ਇਸ ਤੋਂ ਇਲਾਵਾ ਜਵਾਨੀ ’ਚ ਵੀ ਸਾਡੇ ਪਰਿਵਾਰਕ ਮੈਂਬਰ ਤੇ ਦੋਸਤ ਸਾਡੀ ਮਦਦ ਲਈ ਹੱਥ ਵਧਾਉਂਦੇ ਹਨ। ਜਦੋਂ ਅਸੀਂ ਬਜ਼ੁਰਗ ਹੋ ਜਾਂਦੇ ਹਾਂ ਤਾਂ ਸਾਡੇ ਬੱਚੇ ਸਾਡੀ ਦੇਖਭਾਲ ਕਰਦੇ ਹਨ। ਇਸ ਦੇ ਨਾਲ-ਨਾਲ ਸਾਡੇ ਜੀਵਨ ’ਚ ਅਨੇਕ ਅਜਿਹੇ ਲੋਕ ਵੀ ਹੁੰਦੇ ਹਨ, ਜੋ ਕਈ ਤਰ੍ਹਾਂ ਨਾਲ ਸਾਡੀ ਸਹਾਇਤਾ ਕਰਦੇ ਹਨ। ਜਦੋਂ ਅਸੀਂ ਕਿਸੇ ਪੂਰਨ ਸਤਿਗੁਰੂ ਦੇ ਚਰਨ-ਕਮਲਾਂ ’ਚ ਪਹੁੰਚਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਜੀਵਨ ’ਚ ਜੋ ਵੀ ਵਿਅਕਤੀ ਸਾਡੀ ਥੋੜ੍ਹੀ ਜਿਹੀ ਵੀ ਮਦਦ ਜਾਂ ਸਹਾਇਤਾ ਕਰਦਾ ਹੈ, ਉਸ ਦੇ ਪਿੱਛੇ ਉਸ ਦਾ ਕੋਈ ਨਾ ਕੋਈ ਸਵਾਰਥ ਛੁਪਿਆ ਹੋ ਸਕਦਾ ਹੈ। ਇਸ ਦੁਨੀਆ ’ਚ ਕੇਵਲ ਇੱਕ ਪੂਰਨ ਸਤਿਗੁਰੂ ਹੀ ਹਨ, ਜੋ ਸੱਚੇ ਅਰਥਾਂ ’ਚ ਸਾਡੇ ਮਦਦਗਾਰ ਹੁੰਦੇ ਹਨ। ਸਤਿਗੁਰੂ ਦਇਆ ਦੇ ਸਾਗਰ ਹੁੰਦੇ ਹਨ। ਉਹ ਕਿਸੇ ਦੇ ਦੁੱਖ-ਤਕਲੀਫ਼ ਨੂੰ ਨਹੀਂ ਦੇਖ ਸਕਦੇ। ਅਸੀਂ ਸ਼ਾਇਦ ਆਪਣੇ ਸਤਿਗੁਰੂ ਵੱਲੋਂ ਕੀਤੀ ਜਾਣ ਵਾਲੀ ਰਾਖੀ ਨੂੰ ਨਾ ਜਾਣ ਸਕੀਏ ਜਾਂ ਨਾ ਦੇਖ ਸਕੀਏ, ਕਿਉਂਕਿ ਉਹ ਇਹ ਸਭ ਕੁਝ ਬਿਨਾਂ ਦੱਸੇ ਅਤੇ ਬਿਨਾਂ ਦਿਖਾਵੇ ਦੇ ਕਰਦੇ ਹਨ। ਅਸੀਂ ਖੁਸ਼ਕਿਸਮਤ ਹਾਂ ਕਿ ਸਾਨੂੰ ਆਪਣੇ ਸਤਿਗੁਰੂ ਦੇ ਰੂਪ ’ਚ ਅਜਿਹੇ ਰਾਖੇ ਮਿਲੇ ਹਨ, ਜੋ ਨਾ ਸਿਰਫ਼ ਇਸ ਦੁਨੀਆ ’ਚ ਸਾਡੀ ਸਹਾਇਤਾ ਕਰਦੇ ਹਨ, ਸਗੋਂ ਅੰਦਰਲੇ ਰੂਹਾਨੀ ਮੰਡਲਾਂ ਵਿੱਚ ਵੀ ਸਾਡੀ ਰਾਖੀ ਕਰਦੇ ਹਨ। ਸਾਡੇ ਸਤਿਗੁਰੂ ਵੱਲੋਂ ਸਾਡੇ ਜੀਵਨ ’ਚ ਹਰ ਪਲ ਕੀਤੀ ਜਾਣ ਵਾਲੀ ਸਾਡੀ ਸੰਭਾਲ ਤੇ ਪਿਆਰ ਨੂੰ ਹੀ ਸੱਚਾ ਰੱਖੜੀ ਬੰਧਨ ਕਿਹਾ ਜਾਂਦਾ ਹੈ।
-ਸੰਤ ਰਾਜਿੰਦਰ ਸਿੰਘ ਜੀ ਮਹਾਰਾਜ।