- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਬਾਣੀ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸੰਸਾਰ ਬਾਰੇ ਫ਼ਰਮਾਉਂਦੇ ਹਨ, ‘ਨਾਨਕ ਦੁਖੀਆ ਸਭੁ ਸੰਸਾਰੁ।’ ਭਾਵ ਇਸ ਦੁਨੀਆ ’ਚ ਹਰ ਮਨੁੱਖ ਦੁੱਖਾਂ ਨਾਲ ਘਿਰਿਆ ਹੋਇਆ ਹੈ। ਹਰ ਕਿਸੇ ਨੂੰ ਕੋਈ ਨਾ ਕੋਈ ਦੁੱਖ ਲੱਗਾ ਹੋਇਆ ਹੈ। ਹਰ ਮਨੁੱਖ ਇਹੀ ਸੋਚਦਾ ਹੈ ਕਿ ਸਭ ਤੋਂ ਵੱਧ ਦੁੱਖ ਉਸ ਨੂੰ ਹੀ ਹਨ। ਜੇਕਰ ਦੇਖਿਆ ਜਾਵੇ ਤਾਂ ਜਦੋਂ ਸਾਡੇ ਜੀਵਨ ’ਚ ਕੋਈ ਤਕਲੀਫ਼ ਆਉਂਦੀ ਹੈ, ਉਦੋਂ ਹੀ ਅਸੀਂ ਪ੍ਰਭੂ ਨੂੰ ਯਾਦ ਕਰਦੇ ਹਾਂ ਅਤੇ ਜਦੋਂ ਸਭ ਕੁਝ ਠੀਕ ਹੋ ਜਾਂਦਾ ਹੈ ਤਾਂ ਅਸੀਂ ਮੁੜ ਆਪਣੇ ਕੰਮਾਂ-ਕਾਰਾਂ ’ਚ ਮਸਤ ਹੋ ਜਾਂਦੇ ਹਾਂ।

ਭਾਰਤੀ ਸੰਸਕ੍ਰਿਤੀ ’ਚ ਅਧਿਆਤਮਿਕ ਗੁਰੂ ਨੂੰ ਬਹੁਤ ਮਹੱਤਵਪੂਰਨ ਸਥਾਨ ਦਿੱਤਾ ਗਿਆ ਹੈ। ਇੱਥੋਂ ਤੱਕ ਕਿ ਸਾਰੇ ਧਰਮਾਂ ’ਚ ਪੂਰਨ ਗੁਰੂ ਨੂੰ ਪਰਮਾਤਮਾ ਦੇ ਸਮਾਨ ਮੰਨਿਆ ਗਿਆ ਹੈ। ਅੱਜ ਸਾਰੀ ਦੁਨੀਆ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾ ਰਹੀ ਹੈ। ਉਨ੍ਹਾਂ ਵਰਗੇ ਪੂਰੇ ਗੁਰੂ ਸ੍ਰਿਸ਼ਟੀ ਦੀ ਸ਼ੁਰੂਆਤ ਤੋਂ ਹੀ ਇਸ ਧਰਤੀ ’ਤੇ ਸਾਡੀ ਆਤਮਾ ਨੂੰ ਪਿਤਾ-ਪਰਮਾਤਮਾ ਨਾਲ ਮਿਲਾਉਣ ਲਈ ਆਉਂਦੇ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਨਮ 1469 ਈਸਵੀ ’ਚ ਕੱਤਕ ਮਹੀਨੇ ਦੀ ਪੂਰਨਮਾਸ਼ੀ ਨੂੰ ਤਲਵੰਡੀ ਸ਼ਹਿਰ (ਪਾਕਿਸਤਾਨ) ਵਿਖੇ ਹੋਇਆ ਸੀ। ਉਹ ਸਿਰਫ਼ ਸਿੱਖਾਂ ਲਈ ਹੀ ਨਹੀਂ, ਸਗੋਂ ਸਮੁੱਚੀ ਮਨੁੱਖਤਾ ਲਈ ਸਨ, ਜਿਵੇਂ ਸਮੁੱਚੀ ਮਨੁੱਖਤਾ ਉਨ੍ਹਾਂ ਲਈ ਸੀ। ਅਜਿਹੇ ਮਹਾਂਪੁਰਖ ਇਸ ਧਰਤੀ ’ਤੇ ਚਾਨਣ ਦੀ ਕਿਰਨ ਬਣ ਕੇ ਆਉਂਦੇ ਹਨ ਅਤੇ ਆਪਣੇ ਰੂਹਾਨੀ ਨੂਰ ਨਾਲ 84 ਲੱਖ ਜੂਨਾਂ ’ਚ ਭਟਕ ਰਹੀਆਂ ਆਤਮਾਵਾਂ ਨੂੰ ਪਿਤਾ-ਪਰਮਾਤਮਾ ਨਾਲ ਇਕਮਿਕ ਕਰ ਦਿੰਦੇ ਹਨ। ਉਨ੍ਹਾਂ ਦੀਆਂ ਮੁੱਖ ਸਿੱਖਿਆਵਾਂ ’ਚ ‘ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ’ ਹਨ। ਇਸ ਦਾ ਭਾਵ ਹੈ ਕਿ ਮਨੁੱਖ ਆਪਣੀ ਮਿਹਨਤ ਦੀ ਕਮਾਈ ਕਰਦਿਆਂ ਪ੍ਰਭੂ ਦਾ ਸਿਮਰਨ ਕਰੇ ਤੇ ਸਾਰਿਆਂ ਨਾਲ ਮਿਲ-ਵੰਡ ਕੇ ਖਾਵੇ। ਗੁਰਬਾਣੀ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸੰਸਾਰ ਬਾਰੇ ਫ਼ਰਮਾਉਂਦੇ ਹਨ, ‘ਨਾਨਕ ਦੁਖੀਆ ਸਭੁ ਸੰਸਾਰੁ।’ ਭਾਵ ਇਸ ਦੁਨੀਆ ’ਚ ਹਰ ਮਨੁੱਖ ਦੁੱਖਾਂ ਨਾਲ ਘਿਰਿਆ ਹੋਇਆ ਹੈ। ਹਰ ਕਿਸੇ ਨੂੰ ਕੋਈ ਨਾ ਕੋਈ ਦੁੱਖ ਲੱਗਾ ਹੋਇਆ ਹੈ। ਹਰ ਮਨੁੱਖ ਇਹੀ ਸੋਚਦਾ ਹੈ ਕਿ ਸਭ ਤੋਂ ਵੱਧ ਦੁੱਖ ਉਸ ਨੂੰ ਹੀ ਹਨ। ਜੇਕਰ ਦੇਖਿਆ ਜਾਵੇ ਤਾਂ ਜਦੋਂ ਸਾਡੇ ਜੀਵਨ ’ਚ ਕੋਈ ਤਕਲੀਫ਼ ਆਉਂਦੀ ਹੈ, ਉਦੋਂ ਹੀ ਅਸੀਂ ਪ੍ਰਭੂ ਨੂੰ ਯਾਦ ਕਰਦੇ ਹਾਂ ਅਤੇ ਜਦੋਂ ਸਭ ਕੁਝ ਠੀਕ ਹੋ ਜਾਂਦਾ ਹੈ ਤਾਂ ਅਸੀਂ ਮੁੜ ਆਪਣੇ ਕੰਮਾਂ-ਕਾਰਾਂ ’ਚ ਮਸਤ ਹੋ ਜਾਂਦੇ ਹਾਂ। ਨਾਮ ਨਾਲ ਜੁੜਨ ਲਈ ਸਾਨੂੰ ਕਿਸੇ ਪੂਰਨ ਗੁਰੂ ਦੀ ਸ਼ਰਨ ’ਚ ਜਾਣਾ ਪਵੇਗਾ, ਜੋ ਆਪਣੀ ਦਇਆ-ਮਿਹਰ ਸਦਕਾ ਸਾਨੂੰ ਪ੍ਰਭੂ ਦੀ ਜੋਤ ਅਤੇ ਸ਼ਬਦ ਨਾਲ ਜੋੜ ਦਿੰਦੇ ਹਨ। ਜਦੋਂ ਸਾਡੀ ਆਤਮਾ ਨਾਮ ਅਵਸਥਾ ਦਾ ਅਨੁਭਵ ਕਰਦੀ ਹੈ ਤਾਂ ਉਸ ਦਾ ਮਿਲਾਪ ਪਿਤਾ-ਪਰਮਾਤਮਾ ਨਾਲ ਹੋ ਜਾਂਦਾ ਹੈ। ਉਨ੍ਹਾਂ ਦੀ ਇਸ ਸਿੱਖਿਆ ਅਨੁਸਾਰ ਅਸੀਂ ਸਾਰੇ ਇੱਕੋ ਪਿਤਾ-ਪਰਮਾਤਮਾ ਦੇ ਪਰਿਵਾਰ ਦੇ ਮੈਂਬਰ ਹਾਂ। ਆਓ! ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਸੱਚੇ ਅਰਥਾਂ ’ਚ ਉਦੋਂ ਹੀ ਮਨਾ ਸਕਦੇ ਹਾਂ, ਜਦੋਂ ਅਸੀਂ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ’ਚ ਅਪਣਾਈਏ ਅਤੇ ਉਨ੍ਹਾਂ ’ਤੇ ਅਮਲ ਕਰੀਏ।
- ਸੰਤ ਰਾਜਿੰਦਰ ਸਿੰਘ ਜੀ।