ਬਰਥਸਟੋਨ ਤੇ ਕੁੰਡਲੀ ਵਾਲੇ ਰਤਨ 'ਚ ਹੈ ਜ਼ਮੀਨ-ਅਸਮਾਨ ਦਾ ਫ਼ਰਕ, ਖਰੀਦਣ ਤੋਂ ਪਹਿਲਾਂ ਜਾਣ ਲਓ ਕਿਹੜਾ ਰਤਨ ਹੈ ਤੁਹਾਡੇ ਲਈ ਸਹੀ
Vedic Jyotish 'ਚ ਤੁਹਾਡੀ ਕੁੰਡਲੀ 'ਚ ਗ੍ਰਹਿਆਂ ਦੀ ਸਥਿਤੀ ਦੇ ਆਧਾਰ 'ਤੇ ਜੋਤਿਸ਼ ਰਤਨ ਦੀ ਚੋਣ ਕੀਤੀ ਜਾਂਦੀ ਹੈ। ਜਨਮ ਰਤਨਾਂ ਦੇ ਮੁਕਾਬਲੇ ਜੋਤਿਸ਼ ਰਤਨ ਵਧੇਰੇ ਨਿੱਜੀ ਅਤੇ ਵਿਅਕਤੀਗਤ ਹੁੰਦੇ ਹਨ। ਮੰਨਿਆ ਜਾਂਦਾ ਹੈ ਕਿ ਇਹ ਖਾਸ ਗ੍ਰਹਿਆਂ ਨੂੰ ਮਜ਼ਬੂਤ ਕਰਦੇ ਹਨ, ਜੋ ਜੀਵਨ ਦੇ ਵੱਖ-ਵੱਖ ਖੇਤਰਾਂ ਨੂੰ ਪ੍ਰਭਾਵਿਤ ਕਰਦੇ ਹਨ।
Publish Date: Mon, 09 Nov 2026 03:47 PM (IST)
Updated Date: Mon, 09 Nov 2026 03:52 PM (IST)
ਧਰਮ ਡੈਸਕ, ਨਵੀਂ ਦਿੱਲੀ : ਜਦੋਂ ਰਤਨ ਖਰੀਦਣ ਦੀ ਗੱਲ ਆਉਂਦੀ ਹੈ ਤਾਂ ਕਈ ਵਾਰ ਲੋਕ ਦੋ ਖਾਸ ਗੱਲਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਇਹ ਹਨ ਬਰਥਸਟੋਨ ਅਤੇ ਐਸਟ੍ਰੋਲੋਜੀਕਲ ਜੈਮਸਟੋਨ। ਪਹਿਲੀ ਨਜ਼ਰ 'ਚ ਭਾਵੇਂ ਇਹ ਦੋਵੇਂ ਇਕੋ ਜਿਹੇ ਲੱਗ ਸਕਦੇ ਹਨ, ਪਰ ਅਸਲ 'ਚ ਇਨ੍ਹਾਂ ਵਿਚ ਕਾਫ਼ੀ ਫ਼ਰਕ ਹੈ।
ਬਰਥਸਟੋਨ ਆਮ ਤੌਰ 'ਤੇ ਤੁਹਾਡੇ ਜਨਮ ਦੇ ਮਹੀਨੇ ਨਾਲ ਜੁੜਿਆ ਮੰਨਿਆ ਜਾਂਦਾ ਹੈ, ਜਦਕਿ ਜੋਤਿਸ਼ ਰਤਨ ਤੁਹਾਡੀ ਕੁੰਡਲੀ ਅਤੇ ਵੈਦਿਕ ਜੋਤਿਸ਼ 'ਚ ਗ੍ਰਹਿਆਂ ਦੀ ਸਥਿਤੀ ਤੇ ਉਨ੍ਹਾਂ ਦੇ ਪ੍ਰਭਾਵ 'ਤੇ ਆਧਾਰਿਤ ਹੁੰਦਾ ਹੈ।
ਜਨਮ ਰਤਨ ਜਾਂ ਜੋਤਿਸ਼ ਰਤਨ, ਕਿਹੜਾ ਚੁਣੀਏ?
ਬਰਥਸਟੋਨ ਉਹ ਰਤਨ ਹੁੰਦਾ ਹੈ ਜਿਸ ਦਾ ਇਤਿਹਾਸਕ ਤੌਰ 'ਤੇ ਉਸ ਮਹੀਨੇ ਨਾਲ ਸਬੰਧ ਹੁੰਦਾ ਹੈ, ਜਿਸ ਮਹੀਨੇ 'ਚ ਤੁਹਾਡਾ ਜਨਮ ਹੋਇਆ ਸੀ। ਬਰਥਸਟੋਨ ਦਾ ਆਧਾਰ ਜੋਤਿਸ਼ ਨਹੀਂ, ਸਗੋਂ ਇਤਿਹਾਸਕ, ਸੱਭਿਆਚਾਰਕ ਅਤੇ ਪੱਛਮੀ ਰੀਤੀ-ਰਿਵਾਜ ਹਨ।
ਹਰ ਮਹੀਨੇ ਨਾਲ ਇਕ ਖਾਸ ਰਤਨ ਜੁੜਿਆ ਹੁੰਦਾ ਹੈ। ਇਸ ਰਤਨ ਨੂੰ ਕਿਸਮਤ, ਸਕਾਰਾਤਮਕਤਾ, ਸੁਰੱਖਿਆ ਜਾਂ ਨਿੱਜੀ ਮਹੱਤਵ ਵਰਗੀਆਂ ਖੂਬੀਆਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਜੋਤਿਸ਼ ਰਤਨ ਕੀ ਹੁੰਦਾ ਹੈ?
ਵੈਦਿਕ ਜੋਤਿਸ਼ 'ਚ ਤੁਹਾਡੀ ਕੁੰਡਲੀ 'ਚ ਗ੍ਰਹਿਆਂ ਦੀ ਸਥਿਤੀ ਦੇ ਆਧਾਰ 'ਤੇ ਜੋਤਿਸ਼ ਰਤਨ ਦੀ ਚੋਣ ਕੀਤੀ ਜਾਂਦੀ ਹੈ। ਜਨਮ ਰਤਨਾਂ ਦੇ ਮੁਕਾਬਲੇ ਜੋਤਿਸ਼ ਰਤਨ ਵਧੇਰੇ ਨਿੱਜੀ ਅਤੇ ਵਿਅਕਤੀਗਤ ਹੁੰਦੇ ਹਨ। ਮੰਨਿਆ ਜਾਂਦਾ ਹੈ ਕਿ ਇਹ ਖਾਸ ਗ੍ਰਹਿਆਂ ਨੂੰ ਮਜ਼ਬੂਤ ਕਰਦੇ ਹਨ, ਜੋ ਜੀਵਨ ਦੇ ਵੱਖ-ਵੱਖ ਖੇਤਰਾਂ ਨੂੰ ਪ੍ਰਭਾਵਿਤ ਕਰਦੇ ਹਨ।
- ਰੋਜ਼ੀ-ਰੋਟੀ ਅਤੇ ਕਰੀਅਰ
- ਧਨ ਅਤੇ ਵਿੱਤੀ ਸਥਿਤੀ
- ਪਿਆਰ ਅਤੇ ਪਰਿਵਾਰ
- ਸਿਹਤ
- ਮਾਨਸਿਕ ਸਥਿਤੀ ਅਤੇ ਸ਼ਾਂਤੀ
- ਸਿੱਖਿਆ, ਗਿਆਨ ਅਤੇ ਬੁੱਧੀ
- ਹਿੰਮਤ, ਅਗਵਾਈ ਕਰਨ ਦੀ ਸਮਰੱਥਾ ਅਤੇ ਆਤਮ-ਵਿਸ਼ਵਾਸ
- ਅਧਿਆਤਮਿਕ ਵਿਕਾਸ ਅਤੇ ਸੁਰੱਖਿਆ
ਜੋਤਿਸ਼ ਰਤਨ ਦੀ ਚੋਣ ਇਨ੍ਹਾਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਕੀਤੀ ਜਾਂਦੀ ਹੈ
- ਜਨਮ ਦੀ ਤਰੀਕ (DOB)
- ਜਨਮ ਦਾ ਸਹੀ ਸਮਾਂ
- ਜਨਮ ਸਥਾਨ
- ਗ੍ਰਹਿਆਂ ਦੀ ਸਥਿਤੀ
- ਮਹਾਦਸ਼ਾ ਦੀ ਮਿਆਦ
- ਗ੍ਰਹਿਆਂ ਦੀ ਤਾਕਤ ਅਤੇ ਕਮਜ਼ੋਰੀਆਂ
ਇਕੋ ਮਹੀਨੇ 'ਚ ਜਨਮ ਲੈਣ ਵਾਲੇ ਲੋਕਾਂ ਨੂੰ ਵੱਖ-ਵੱਖ ਜੋਤਿਸ਼ ਰਤਨ ਪਹਿਨਣ ਦੀ ਸਲਾਹ ਦਿੱਤੀ ਜਾ ਸਕਦੀ ਹੈ, ਕਿਉਂਕਿ ਉਨ੍ਹਾਂ ਦੀਆਂ ਜਨਮ ਕੁੰਡਲੀਆਂ ਵੱਖਰੀਆਂ ਹੁੰਦੀਆਂ ਹਨ।
ਜੋਤਿਸ਼ ਰਤਨ ਤੇ ਜਨਮ ਰਤਨ ਵਿਚਕਾਰ ਫ਼ਰਕ
ਚੋਣ ਦਾ ਆਧਾਰ
- ਬਰਥਸਟੋਨ: ਇਹ ਤੁਹਾਡੇ ਜਨਮ ਦੇ ਮਹੀਨੇ ਦੇ ਆਧਾਰ 'ਤੇ ਚੁਣਿਆ ਜਾਂਦਾ ਹੈ।
- ਇਸ ਨੂੰ ਕੋਈ ਵੀ ਵਿਅਕਤੀ ਪਹਿਨ ਸਕਦਾ ਹੈ, ਭਾਵੇਂ ਉਸ ਦਾ ਜਨਮ ਕਿਸੇ ਵੀ ਮਹੀਨੇ 'ਚ ਹੋਇਆ ਹੋਵੇ।
- ਲੋਕ ਜਨਮ ਰਤਨ ਨੂੰ ਪ੍ਰਤੀਕ, ਫੈਸ਼ਨ ਅਤੇ ਗਹਿਣਿਆਂ ਵਜੋਂ ਪਹਿਨਣਾ ਪਸੰਦ ਕਰਦੇ ਹਨ।
- ਜਨਮ ਰਤਨਾਂ ਨਾਲ ਆਮ ਤੌਰ 'ਤੇ ਜੋਤਿਸ਼ੀ ਨਤੀਜਿਆਂ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਡਰ ਨਹੀਂ ਜੋੜਿਆ ਜਾਂਦਾ, ਕਿਉਂਕਿ ਇਨ੍ਹਾਂ ਨੂੰ ਪ੍ਰਤੀਕਾਤਮਕ ਮੰਨਿਆ ਜਾਂਦਾ ਹੈ।
- ਜੋਤਿਸ਼ ਰਤਨ: ਇਹ ਤੁਹਾਡੀ ਜਨਮ ਕੁੰਡਲੀ ਅਤੇ ਗ੍ਰਹਿਆਂ ਦੀ ਸਥਿਤੀ ਦੇ ਆਧਾਰ 'ਤੇ ਚੁਣਿਆ ਜਾਂਦਾ ਹੈ।
ਜੋਤਿਸ਼ ਰਤਨ
ਜੋਤਿਸ਼ ਰਤਨ ਵਿਅਕਤੀ ਦੀ ਕੁੰਡਲੀ ਅਨੁਸਾਰ ਚੁਣੇ ਜਾਂਦੇ ਹਨ। ਇਨ੍ਹਾਂ ਦੀ ਚੋਣ ਕਮਜ਼ੋਰ ਗ੍ਰਹਿਆਂ, ਸ਼ਕਤੀਸ਼ਾਲੀ ਗ੍ਰਹਿਆਂ, ਮਹਾਦਸ਼ਾ ਦੇ ਸਮੇਂ ਅਤੇ ਕੁੰਡਲੀ 'ਚ ਗ੍ਰਹਿਆਂ ਦੀ ਸਥਿਤੀ ਨੂੰ ਧਿਆਨ 'ਚ ਰੱਖ ਕੇ ਕੀਤੀ ਜਾਂਦੀ ਹੈ। ਇਕੋ ਦਿਨ ਜਨਮ ਲੈਣ ਵਾਲੇ ਦੋ ਲੋਕਾਂ ਨੂੰ ਵੀ ਵੱਖ-ਵੱਖ ਰਤਨ ਪਹਿਨਣ ਦੀ ਸਲਾਹ ਦਿੱਤੀ ਜਾ ਸਕਦੀ ਹੈ।
ਜੋਤਿਸ਼ ਰਤਨ ਪਹਿਨਣ ਦਾ ਮਕਸਦ ਗ੍ਰਹਿਆਂ ਨੂੰ ਮਜ਼ਬੂਤ ਕਰਨਾ, ਕਰੀਅਰ 'ਚ ਤਰੱਕੀ, ਵਿੱਤੀ ਸਥਿਰਤਾ ਅਤੇ ਅਧਿਆਤਮਿਕ ਇਲਾਜ ਨਾਲ ਜੋੜਿਆ ਜਾਂਦਾ ਹੈ।
ਜੋਤਿਸ਼ ਰਤਨ ਪਹਿਨਣ ਸਮੇਂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ। ਜੋਤਿਸ਼ ਸ਼ਾਸਤਰ 'ਚ ਰਤਨਾਂ ਨੂੰ ਗ੍ਰਹਿਆਂ ਦੀ ਊਰਜਾ ਵਧਾਉਣ ਵਾਲਾ ਮੰਨਿਆ ਜਾਂਦਾ ਹੈ। ਅਜਿਹੇ 'ਚ ਕੁੰਡਲੀ 'ਚ ਕਿਸੇ ਅਸ਼ੁੱਭ ਗ੍ਰਹਿ ਨੂੰ ਮਜ਼ਬੂਤ ਕਰਨਾ ਨੁਕਸਾਨਦੇਹ ਹੋ ਸਕਦਾ ਹੈ। ਇਸੇ ਕਾਰਨ ਜੋਤਸ਼ੀ ਬਿਨਾਂ ਸਲਾਹ ਦੇ ਨੀਲਮ ਵਰਗੇ ਸ਼ਨੀ ਦੇ ਸ਼ਕਤੀਸ਼ਾਲੀ ਰਤਨ ਪਹਿਨਣ ਤੋਂ ਸਾਵਧਾਨ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਸ਼ਨੀ ਦਾ ਪ੍ਰਭਾਵ ਵਧ ਸਕਦਾ ਹੈ।