
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸ਼ਕਤੀ ਉਦੋਂ ਸਾਰਥਕ ਹੁੰਦੀ ਹੈ, ਜਦੋਂ ਉਹ ਸੁਰੱਖਿਆ ਦਾ ਸਾਧਨ ਬਣੇ। ਸੰਪੰਨਤਾ ਉਦੋਂ ਕੀਮਤੀ ਹੁੰਦੀ ਹੈ, ਜਦੋਂ ਉਸ ਵਿਚ ਦੂਜਿਆਂ ਲਈ ਸੰਵੇਦਨਾ ਦਾ ਸਥਾਨ ਹੋਵੇ। ਅਸਲ ਮਹਾਨਤਾ ਕਿਸੇ ਨੂੰ ਛੋਟਾ ਕਰਕੇ ਆਪਣੇ ਆਪ ਨੂੰ ਵੱਡਾ ਸਾਬਤ ਕਰਨ ਵਿਚ ਨਹੀਂ, ਸਗੋਂ ਆਪਣੇ ਆਪ ਨੂੰ ਇੰਨਾ ਬਿਹਤਰ ਬਣਾਉਣ ਵਿਚ ਹੈ ਕਿ ਸਾਡੇ ਹੋਣ ਨਾਲ ਦੂਜਿਆਂ ਦਾ ਜੀਵਨ ਵੀ ਬਿਹਤਰ ਹੋਵੇ। ਭਾਰਤੀ ਚਿੰਤਨ ਨੇ ਸਦਾ ਹੀ ਮਹਾਨਤਾ ਨੂੰ ਚਰਿੱਤਰ, ਤਿਆਗ ਅਤੇ ਦਇਆ ਨਾਲ ਜੋੜਿਆ ਹੈ।

ਇੱਛਾਵਾਂ ਮਨੁੱਖੀ ਜੀਵਨ ਦੀ ਇਕ ਸੁਭਾਵਿਕ ਪ੍ਰਵਿਰਤੀ ਹੈ। ਹਰ ਵਿਅਕਤੀ ਚਾਹੁੰਦਾ ਹੈ ਕਿ ਉਹ ਆਪਣੇ ਕੰਮ, ਗਿਆਨ, ਸ਼ਖ਼ਸੀਅਤ ਤੇ ਪ੍ਰਾਪਤੀਆਂ ਦੇ ਕਾਰਨ ਸਨਮਾਨ ਪ੍ਰਾਪਤ ਕਰੇ ਪਰ ਸਵਾਲ ਇਹ ਹੈ ਕਿ ਮਹਾਨਤਾ ਦੀ ਅਸਲ ਕਸੌਟੀ ਕੀ ਹੈ? ਕੀ ਉੱਚਾ ਅਹੁਦਾ, ਵੱਧ ਧਨ, ਵੱਡੀਆਂ ਪ੍ਰਾਪਤੀਆਂ ਅਤੇ ਪ੍ਰਸਿੱਧੀ ਹੀ ਮਨੁੱਖ ਨੂੰ ਉੱਤਮ ਬਣਾਉਂਦੀਆਂ ਹਨ? ਯਕੀਨੀ ਤੌਰ ’ਤੇ ਇਹ ਜੀਵਨ ਦੀਆਂ ਸਫ਼ਲਤਾਵਾਂ ਦੇ ਮਹੱਤਵਪੂਰਨ ਪੜਾਅ ਹਨ ਪਰ ਮਹਾਨਤਾ ਦਾ ਨਿਰਣਾਇਕ ਪ੍ਰਮਾਣ ਬਿਲਕੁਲ ਵੀ ਨਹੀਂ। ਅਸਲ ਮਹਾਨਤਾ ਉੱਥੋਂ ਸ਼ੁਰੂ ਹੁੰਦੀ ਹੈ, ਜਿੱਥੇ ਪ੍ਰਾਪਤੀਆਂ ਦੇ ਨਾਲ ਨਿਮਰਤਾ ਜਨਮ ਲੈਂਦੀ ਹੈ। ਕਿਸੇ ਵਿਅਕਤੀ ਦੀ ਮਹਾਨਤਾ ਇਸ ਗੱਲ ਨਾਲ ਨਹੀਂ ਪਰਖੀ ਜਾਣੀ ਚਾਹੀਦੀ ਕਿ ਉਸ ਨੇ ਕਿੰਨੀ ਉੱਚਾਈ ਹਾਸਲ ਕੀਤੀ ਹੈ, ਸਗੋਂ ਮਾਪਦੰਡ ਇਹ ਹੋਣਾ ਚਾਹੀਦਾ ਹੈ ਕਿ ਉਸ ਉੱਚਾਈ ’ਤੇ ਪਹੁੰਚ ਕੇ ਉਸ ਨੇ ਕਿੰਨਿਆਂ ਦਾ ਹੱਥ ਫੜਿਆ। ਗਿਆਨ ਉਦੋਂ ਉੱਤਮ ਹੁੰਦਾ ਹੈ, ਜਦੋਂ ਉਹ ਹੰਕਾਰ ਨਹੀਂ, ਸਗੋਂ ਵਿਵੇਕ ਪੈਦਾ ਕਰੇ। ਸ਼ਕਤੀ ਉਦੋਂ ਸਾਰਥਕ ਹੁੰਦੀ ਹੈ, ਜਦੋਂ ਉਹ ਸੁਰੱਖਿਆ ਦਾ ਸਾਧਨ ਬਣੇ। ਸੰਪੰਨਤਾ ਉਦੋਂ ਕੀਮਤੀ ਹੁੰਦੀ ਹੈ, ਜਦੋਂ ਉਸ ਵਿਚ ਦੂਜਿਆਂ ਲਈ ਸੰਵੇਦਨਾ ਦਾ ਸਥਾਨ ਹੋਵੇ। ਅਸਲ ਮਹਾਨਤਾ ਕਿਸੇ ਨੂੰ ਛੋਟਾ ਕਰਕੇ ਆਪਣੇ ਆਪ ਨੂੰ ਵੱਡਾ ਸਾਬਤ ਕਰਨ ਵਿਚ ਨਹੀਂ, ਸਗੋਂ ਆਪਣੇ ਆਪ ਨੂੰ ਇੰਨਾ ਬਿਹਤਰ ਬਣਾਉਣ ਵਿਚ ਹੈ ਕਿ ਸਾਡੇ ਹੋਣ ਨਾਲ ਦੂਜਿਆਂ ਦਾ ਜੀਵਨ ਵੀ ਬਿਹਤਰ ਹੋਵੇ। ਭਾਰਤੀ ਚਿੰਤਨ ਨੇ ਸਦਾ ਹੀ ਮਹਾਨਤਾ ਨੂੰ ਚਰਿੱਤਰ, ਤਿਆਗ ਅਤੇ ਦਇਆ ਨਾਲ ਜੋੜਿਆ ਹੈ। ਇਸ ਲਈ ਉੱਤਮ ਵਿਅਕਤੀ ਉਹ ਨਹੀਂ ਜੋ ਕੇਵਲ ਪ੍ਰਾਪਤੀਆਂ ਦੀ ਕਸੌਟੀ ’ਤੇ ਹੀ ਅੱਗੇ ਦਿਖਾਈ ਦੇਵੇ, ਸਗੋਂ ਉਹ ਹੈ ਜੋ ਆਪਣੇ ਅੰਦਰਲੇ ਲੋਭ, ਕ੍ਰੋਧ, ਹੰਕਾਰ ਅਤੇ ਸਵਾਰਥ ’ਤੇ ਜਿੱਤ ਪ੍ਰਾਪਤ ਕਰਕੇ ਆਪਣਾ ਜੀਵਨ ਲੋਕ-ਕਲਿਆਣ ਲਈ ਸਮਰਪਿਤ ਕਰ ਦੇਵੇ। ਬਾਹਰੀ ਜਿੱਤ ਹਾਲਾਤਾਂ ਉੱਤੇ ਹੁੰਦੀ ਹੈ, ਪਰ ਅੰਦਰੂਨੀ ਜਿੱਤ ਆਪਣੇ ਆਪ ਉੱਤੇ। ਮਹਾਨਤਾ ਇੱਕ ਨਿਰੰਤਰ ਸਾਧਨਾ ਹੈ। ਇਸ ਦੀ ਸਭ ਤੋਂ ਵੱਡੀ ਕਸੌਟੀ ਇਹੀ ਹੈ ਕਿ ਸਾਡੀ ਸਫਲਤਾ ਤੋਂ ਬਾਅਦ ਸਾਡਾ ਵਿਵਹਾਰ ਕਿੰਨਾ ਨਿਮਰ, ਸਾਡਾ ਹਿਰਦਾ ਕਿੰਨਾ ਸੰਵੇਦਨਸ਼ੀਲ ਅਤੇ ਸਾਡੇ ਕਰਮ ਕਿੰਨੇ ਲੋਕ-ਮੰਗਲਕਾਰੀ ਹੋਏ। ਮਨੁੱਖ ਦੀ ਅਸਲ ਉੱਚਾਈ ਉਸ ਦੇ ਅਹੁਦੇ ਨਾਲ ਨਹੀਂ, ਸਗੋਂ ਉਸ ਦੀ ਸ਼ਖ਼ਸੀਅਤ ਦੀ ਡੂੰਘਾਈ ਨਾਲ ਨਿਰਧਾਰਤ ਹੁੰਦੀ ਹੈ। ਉੱਤਮ ਉਹੀ ਹੈ, ਜੋ ਖੁਦ ਉੱਪਰ ਉੱਠੇ ਅਤੇ ਆਪਣੇ ਨਾਲ ਦੂਜਿਆਂ ਨੂੰ ਵੀ ਉੱਪਰ ਉਠਾਏ।
-ਪ੍ਰੇਰਣਾ ਅਵਸਥੀ।