- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਾਰ ਜਾਂ ਦੋ ਪਾਵਿਆਂ ਉੱਪਰ ਛੋਟੀ ਲੱਕੜ ਦੀ ਫੱਟੀ ਲਾ ਕੇ ਬੈਠਣ ਵਾਲੀ ਤਖ਼ਤੀ ਨੂੰ ਆਮ ਤੌਰ ’ਤੇ ਚੌਂਕੀ ਕਹਿ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਚੌਂਕੀ ਸ਼ਬਦ ਚਾਰ ਪਹਿਰੇਦਾਰਾਂ ਦੀ ਟੋਲੀ ਲਈ ਵੀ ਵਰਤਿਆ ਜਾਂਦਾ ਹੈ। ਇਨ੍ਹਾਂ ਅਰਥਾਂ ’ਚ ਹੀ ਇਕ ਨਿਗਰਾਨ ਟੋਲੀ ਦੇ ਸਥਾਪਿਤ ਕੀਤੇ ਟਿਕਾਣਿਆਂ ਨੂੰ ਵੀ ਚੌਂਕੀ ਜਾਂ ਚੌਂਕੀਆਂ ਕਹਿ ਦਿੱਤਾ ਜਾਂਦਾ ਹੈ।

ਚਾਰ ਜਾਂ ਦੋ ਪਾਵਿਆਂ ਉੱਪਰ ਛੋਟੀ ਲੱਕੜ ਦੀ ਫੱਟੀ ਲਾ ਕੇ ਬੈਠਣ ਵਾਲੀ ਤਖ਼ਤੀ ਨੂੰ ਆਮ ਤੌਰ ’ਤੇ ਚੌਂਕੀ ਕਹਿ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਚੌਂਕੀ ਸ਼ਬਦ ਚਾਰ ਪਹਿਰੇਦਾਰਾਂ ਦੀ ਟੋਲੀ ਲਈ ਵੀ ਵਰਤਿਆ ਜਾਂਦਾ ਹੈ। ਇਨ੍ਹਾਂ ਅਰਥਾਂ ’ਚ ਹੀ ਇਕ ਨਿਗਰਾਨ ਟੋਲੀ ਦੇ ਸਥਾਪਿਤ ਕੀਤੇ ਟਿਕਾਣਿਆਂ ਨੂੰ ਵੀ ਚੌਂਕੀ ਜਾਂ ਚੌਂਕੀਆਂ ਕਹਿ ਦਿੱਤਾ ਜਾਂਦਾ ਹੈ।
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਗੁਰਿਆਈ ਧਾਰਨ ਕੀਤੀ। ਸਿੱਖਾਂ ਨੂੰ ਭੇਟਾ ਵਜੋਂ ਘੋੜੇ ਤੇ ਸ਼ਸਤਰ ਲਿਆਉਣ ਦੇ ਹੁਕਮ ਦਿੱਤੇ। ਇਹ ਸਾਰਾ ਅਮਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੁਕਮਾਂ ਤੇ ਸਮੇਂ ਦੀ ਲੋੜ ਅਨੁਸਾਰ ਹੀ ਸੀ।
ਸ੍ਰੀ ਹਰਿਮੰਦਿਰ ਸਾਹਿਬ ਵਿਖੇ ਅੰਮਿ੍ਰਤ ਵੇਲੇ ਦੀ ਮਰਿਯਾਦਾ ਅਨੁਸਾਰ ਗੁਰਬਾਣੀ ਕੀਰਤਨ ਦੇ ਦੀਵਾਨ ਸਜਦੇ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ ਗਈ, ਜਿੱਥੇ ਬਾਅਦ ਦੁਪਹਿਰ ਢਾਡੀ ਜੱਥੇ ਇਤਿਹਾਸ ਸਰਵਣ ਕਰਵਾਉਂਦੇ, ਬਾਹਰੋਂ ਆਈਆਂ ਸੰਗਤਾਂ ਨਾਲ ਵਿਚਾਰਾਂ ਕੀਤੀਆਂ ਜਾਂਦੀਆਂ ਤੇ ਉਨ੍ਹਾਂ ਦੇ ਸਮਾਜਿਕ ਮਸਲੇ ਹੱਲ ਕੀਤੇ ਜਾਂਦੇ, ਸਰੀਰਕ ਖੇਡਾਂ ਕੁਸ਼ਤੀਆਂ ਆਦਿ ਦੇ ਨਾਲ-ਨਾਲ ਸ਼ਸਤਰਾਂ ਦੀ ਵਿੱਦਿਆ ਵੀ ਦਿੱਤੀ ਜਾਂਦੀ।
ਪਿੰ੍ਰਸੀਪਲ ਤੇਜਾ ਸਿੰਘ ਤੇ ਡਾ. ਗੰਡਾ ਸਿੰਘ ‘ਸਿੱਖ ਇਤਿਹਾਸ’ ’ਚ ਲਿਖਦੇ ਹਨ ਕਿ ਇਸੇ ਸਮੇਂ ਹੀ ਸ਼ਾਮ ਵੇਲੇ ਸੋਦਰ ਰਹਰਾਸਿ ਸਾਹਿਬ ਤੋਂ ਬਾਅਦ ਸ੍ਰੀ ਹਰਿਮੰਦਿਰ ਸਾਹਿਬ ਦੀ ਪਰਿਕਰਮਾ ’ਚ ਸ਼ਬਦ ਚੌਂਕੀ ਚਲਾਉਣ ਦੀ ਰਵਾਇਤ ਆਰੰਭ ਕੀਤੀ ਗਈ। ਰਾਤ ਦੇ ਵਕਤ ਸ੍ਰੀ ਹਰਿਮੰਦਰ ਸਾਹਿਬ ਦੇ ਚੌਗਿਰਦੇ ਬਿਗਲਾਂ ਦੀ ਗੂੰਜ, ਜੋਤਾਂ ਦੀ ਚਮਕ ਤੇ ਜੁਝਾਰੂ ਧੁਨਾਂ ’ਚ ਸੰਗਤਾਂ ਜੋਟੀਆਂ ਦੇ ਰੂਪ ’ਚ ਸ਼ਬਦ ਕੀਰਤਨ ਕਰਦੀਆਂ ਚੱਲਦੀਆਂ। ਇਨ੍ਹਾਂ ਸਾਰੇ ਪ੍ਰੋਗਰਾਮਾਂ ਨੇ ਸਿੱਖੀ ਦੀ ਢਹਿੰਦੀ ਕਲਾ ’ਚ ਨਵੀਂ ਰੂਹ ਭਰ ਦਿੱਤੀ ਤੇ ਸਿੱਖ ਇਵੇਂ ਉੱਭਰਨ ਲੱਗੇ ਜਿਵੇਂ ਬਰਸਾਤ ਦੇ ਮੌਸਮ ’ਚ ਬਨਸਪਤੀ ਵਧਦੀ-ਫੱੁਲਦੀ ਹੈ। ਇਸ ਸ਼ਬਦ ਚੌਂਕੀ ਦਾ ਚੱਲਣਾ ਅੰਤਰ ਆਤਮੇ ਗੁਰਬਾਣੀ ਸ਼ਬਦ ਨਾਲ ਜੁੜਣ ਤੇ ਬਾਹਰੀ ਰੂਪ ’ਚ ਨਿਗਰਾਨੀ, ਖ਼ਬਰਦਾਰੀ ਤੇ ਪਹਿਰੇਦਾਰੀ ਲਈ ਸੁਜੱਗਤਾ ਵਜੋਂ ਸੀ।
ਜਹਾਂਗੀਰ ਦੇ ਬੁਲਾਵੇ ’ਤੇ ਮੀਰੀ- ਪੀਰੀ ਦੇ ਮਾਲਕ ਸ੍ਰੀ ਗਰੂ ਹਰਿਗੋਬਿੰਦ ਸਾਹਿਬ ਜੀ ਜਦ ਦਿੱਲੀ ਗਏ ਤਾਂ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਤੇ ਮਾਤਾ ਜੀ ਨੂੰ ਪ੍ਰਬੰਧ, ਮਰਿਯਾਦਾ ਤੇ ਸੰਘਰਸ਼ਾਂ ਦੀਆਂ ਜੁਗਤਾਂ ਬਾਰੇ ਸਭ ਸਮਝਾ ਕੇ ਗਏ ਸਨ। ਗੁਰੂ ਜੀ ਨੂੰ ਵਰਤਣ ਵਾਲੇ ਭਾਣੇ ਦੀ ਸੂਝ ਸੀ ਪਰ ਇਸ ਦੇਸ਼ ਦੀ ਮਜ਼ਲੂਮ ਜਨਤਾ ’ਤੇ ਜੋ ਜ਼ੁਲਮ ਹੋ ਰਿਹਾ ਸੀ, ਉਸ ਦਾ ਟਾਕਰਾ ਕਰਨ ਲਈ ਇਸ ਤਰ੍ਹਾਂ ਦੀਆਂ ਜੁਗਤਾਂ ਅਪਣਾਉਣੀਆਂ ਵੀ ਜ਼ਰੂਰੀ ਸਨ। ਇਸ ਸਮੇਂ ਵਕਤ ਦੇ ਬਾਦਸ਼ਾਹ ਜਹਾਂਗੀਰ ਨੇ ਰਾਜਨੀਤਕ ਪੱਖ ਤੋਂ ਬਾਗ਼ੀ ਸੁਰ ਵਾਲੇ ਕੁਝ ਰਾਜਪੂਤ ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ’ਚ ਕੈਦ ਰੱਖਿਆ ਹੋਇਆ ਸੀ। ਗੁਰੂ ਜੀ ਤੋਂ ਵੀ ਜਹਾਂਗੀਰ ਏਨਾ ਭੈਅਭੀਤ ਹੋ ਗਿਆ ਸੀ ਕਿ ਉਸ ਨੇ ਗੁਰੂ ਜੀ ਨੂੰ ਵੀ ਗਵਾਲੀਅਰ ਦੇ ਕਿਲ੍ਹੇ ’ਚ ਭੇਜ ਦਿੱਤਾ। ਜਦ ਸਿੱਖ ਜਗਤ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਸਿੱਖਾਂ ਵਿਚ ਸੋਗ ਤੇ ਰੋਹ ਦੀ ਲਹਿਰ ਦੌੜ ਉੱਠੀ। ਉਸ ਸਮੇਂ ਬਾਬਾ ਬੁੱਢਾ ਜੀ ਨੇ ਵਿਉਂਤਬੱਧ ਢੰਗ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਆਰੰਭ ਕੀਤੀ ਸ਼ਬਦ ਚੌਂਕੀ ਦਾ ਰੁਖ਼ ਗਵਾਲੀਅਰ ਦੇ ਕਿਲ੍ਹੇ ਵੱਲ ਮੋੜ ਦਿੱਤਾ। ਸੰਗਤਾਂ ਦਾ ਜਥਾ ਗੁਰੂ ਜੀ ਦੇ ਇਸ ਵਿਛੋੜੇ ਦੀ ਕਸਕ ਨਾ ਸਹਾਰਦਾ ਹੋਇਆ ਜਥੇ ਦੇ ਰੂਪ ’ਚ ਵੈਰਾਗਮਈ ਸ਼ਬਦਾਂ ਦਾ ਕੀਰਤਨ ਕਰਦਿਆਂ ਪੜਾਅ ਦਰ ਪੜਾਅ ਮੰਜ਼ਿਲਾਂ ਮਾਰ ਕੇ ਗਵਾਲੀਅਰ ਪੁੱਜਦਾ। ਸੰਗਤ ਗਵਾਲੀਅਰ ਕਿਲ੍ਹੇ ਦੀ ਪਰਿਕਰਮਾ ਬੜੀ ਸ਼ਰਧਾ-ਭਾਵਨਾ ਨਾਲ ਕਰਦਾ। ਅੰਤ ਸੰਗਤ ਕਿਲ੍ਹੇ ਦੀਆਂ ਕੰਧਾਂ ਨੂੰ ਮੱਥਾ ਟੇਕ ਕੇ ਉਸੇ ਤਰ੍ਹਾਂ ਪ੍ਰਚਾਰ ਕਰਦੀ ਹੋਈ ਵਾਪਸ ਅੰਮਿ੍ਰਤਸਰ ਪੁੱਜਦੀ। ਰਸਤੇ ’ਚ ਜਹਾਂਗੀਰ ਵੱਲੋਂ ਕੀਤੇ ਜਾ ਰਹੇ ਜ਼ੁਲਮਾਂ ਦਾ ਸਹਿਜ ਭਾਵ ’ਚ ਹੀ ਜ਼ਬਰਦਸਤ ਪ੍ਰਚਾਰ ਹੋਈ ਜਾਂਦਾ। ਇਸ ਤਰ੍ਹਾਂ ਦੇ ਪ੍ਰਚਾਰ ਢੰਗ ਨਾਲ ਸਾਰੇ ਦੇਸ਼ ’ਚ ਇਸ ਜ਼ੁਲਮ ਦੀ ਵਾਰਤਾ ਦਾ ਬਹੁਤ ਪ੍ਰਚਾਰ ਹੋਇਆ ਤੇ ਸਾਰੇ ਧਰਮਾਂ ਦੇ ਸੂਝਵਾਨ ਤੇ ਪ੍ਰਭਾਵਸ਼ਾਲੀ ਲੋਕਾਂ ਨੇ ਬਾਦਸ਼ਾਹ ਦੀ ਇਸ ਕਾਰਗੁਜ਼ਾਰੀ ਨੂੰ ਨਿੰਦਿਆ। ਚੰਗੇ ਮੁਸਲਮਾਨਾਂ ਨੇ ਵੀ ਇਸ ਪੱਖ ਤੋਂ ਬਾਦਸ਼ਾਹ ਦੀ ਆਲੋਚਨਾ ਕੀਤੀ। ਇਸ ਜ਼ਾਲਮਾਨਾ ਕਾਰਵਾਈ ਦਾ ਏਨਾ ਪ੍ਰਚਾਰ ਹੋ ਗਿਆ ਸੀ ਕਿ ਬਾਦਸ਼ਾਹ ਨੂੰ ਖ਼ੁਦ ਵੀ ਅੰਤਰ-ਆਤਮੇ ਭੈਅ ਆਉਣ ਲੱਗਾ। ਉਹ ਰਾਤ-ਦਿਨ ਇਕ ਅਜੱਲੀ ਭੈਅ ਕਾਰਨ ਪਾਗ਼ਲਾਂ ਦੀ ਤਰ੍ਹਾਂ ਬੁੜਬੁੜਾਉਣ ਲੱਗਾ। ਅਖੀਰ ਉਸ ਨੇ ਕੁਝ ਸਮੇਂ ਬਾਅਦ ਗੁਰੂੁ ਜੀ ਨੂੰ ਕਿਲ੍ਹੇ ਤੋਂ ਵਾਪਸ ਭੇਜਣ ਦਾ ਫ਼ੈੈਸਲਾ ਕੀਤਾ। ਗਵਾਲੀਅਰ ਵਿਖੇ ਕਿਲ੍ਹੇ ’ਚ ਕੈਦ ਰਾਜਿਆਂ ਦੀ ਹਾਲਤ ਬਹੁਤ ਤਰਸਯੋਗ ਸੀ। ਉਨ੍ਹਾਂ ਨੇ ਗੁਰੂੁ ਜੀ ਨੂੰ ਆਪਣੇ ਛੁਟਕਾਰੇ ਲਈ ਅਰਦਾਸ ਬੇਨਤੀ ਕੀਤੀ। ਗੁਰੂ ਜੀ ਨੇ ਉਨ੍ਹਾਂ ਨੂੰ ਵਿਸ਼ਵਾਸ ਦਿੱਤਾ ਕਿ ਉਹ ਇੱਥੇ ਆਏ ਹੀ ਇਸੇ ਕਾਰਜ ਲਈ ਹਨ ਤੇ ਉਹ ਉਨ੍ਹਾਂ ਨੂੰ ਵੀ ਰਿਹਾਅ ਕਰਵਾ ਕੇ ਹੀ ਜਾਣਗੇ। ਗੁਰੂੁ ਜੀ ਨੇ ਜਹਾਂਗੀਰ ਕੋਲ ਉਨ੍ਹਾਂ ਰਾਜਿਆਂ ਨੂੰ ਵੀ ਰਿਹਾਅ ਕਰਨ ਦੀ ਸ਼ਰਤ ਜਦ ਭੇਜੀ ਤਾਂ ਜਹਾਂਗੀਰ ਨੇ ਇਹ ਫ਼ੈਸਲਾ ਕੀਤਾ ਕਿ ਜਿੰਨੇ ਵੀ ਗੁਰੂੁ ਜੀ ਦਾ ਪੱਲੂ ਫੜ ਕੇ ਨਿਕਲ ਆਉਣ, ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਜਾਵੇ। ਬਾਦਸ਼ਾਹ ਸੋਚਦਾ ਸੀ ਕਿ ਦੋ-ਚਾਰ ਗੁਰੂ ਜੀ ਦਾ ਪੱਲਾ ਫੜ ਕੇ ਰਿਹਾਅ ਹੋ ਜਾਣਗੇ ਪਰ ਗੁਰੂ ਜੀ ਨੇ ਇਸ ਸਮੇਂ 52 ਕਲੀਆਂ ਵਾਲਾ ਚੋਲਾ ਪਹਿਨ ਕੇ ਸਾਰੇ ਰਾਜਿਆਂ ਨੂੰ ਰਿਹਾਅ ਕਰਵਾਇਆ ਤੇ ਉਨ੍ਹਾਂ ਦੇ ਕਸ਼ਟਾਂ ਦਾ ਨਿਵਾਰਨ ਕੀਤਾ।
ਸੋ ਇਹ ਸ਼ਬਦ ਚੌਂਕੀਆਂ ਪ੍ਰਚਾਰ ਦਾ ਅਜਿਹਾ ਸਾਧਨ ਸਾਬਤ ਹੋਈਆਂ, ਜਿਨ੍ਹਾਂ ਨੇ ਦੂਰ- ਨੇੜੇ ਹਰੇਕ ਦੇ ਕੰਨਾਂ ’ਚ ਬਾਦਸ਼ਾਹ ਦੇ ਕਹਿਰ ਦੀ ਵਾਰਤਾ ਇਕ ਵਿਸ਼ੇਸ਼ ਢੰਗ ਨਾਲ ਬਿਆਨ ਕਰ ਦਿੱਤੀ ਤੇ ਇਸ ਜੁਗਤ ਨਾਲ ਲੋਕਾਈ ਦਾ ਇਹ ਹੌਸਲਾ ਵੀ ਜਾਗਿਆ ਕਿ ਬਾਦਸ਼ਾਹ ਦੇ ਜ਼ੁਲਮ ਵਿਰੁੱਧ ਵੀ ਆਵਾਜ਼ ਉਠਾਈ ਜਾ ਸਕਦੀ ਹੈ। ਇਹ ਸ਼ਬਦ ਚੌਂਕੀਆਂ ਉਸ ਇਤਿਹਾਸਕ ਯਾਦ ਨੂੰ ਤਾਜ਼ਾ ਰੱਖਣ ਲਈ ਇਕ ਰਵਾਇਤ ਅਨੁਸਾਰ ਅੱਜ ਤਕ ਹਰਿਮੰਦਰ ਸਾਹਿਬ ’ਚ ਚੱਲਦੀਆਂ ਹਨ। ਸੋ ਦਰੁ ਰਹਰਾਸਿ ਸਾਹਿਬ ਦੇ ਪਾਠ ਤੋਂ ਬਾਅਦ ਉਹੀ ਸ਼ਬਦ ਚੌਂਕੀ ਜੋ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੇਲੇ ਆਰੰਭ ਹੋਈ, ਅੱਜ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ’ਚ ਚੱਲਦੀ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੋ ਦਰੁ ਰਹਰਾਸਿ ਦੇ ਪਾਠ ਉਪਰੰਤ ਚੌਂਕੀ ਦੇ ਮੁਖੀ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਆ ਖੜ੍ਹੇ ਹੁੰਦੇ ਹਨ ਤੇ ਉੱਥੇ ਹਾਜ਼ਰ ਗ੍ਰੰਥੀ ਇਨ੍ਹਾਂ ਨੂੰ ਇਕ ਨਿਸ਼ਾਨ ਸਾਹਿਬ ਤੇ ਇਕ ਸਿਰੀ ਸਾਹਿਬ ਬਖ਼ਸ਼ਿਸ਼ ਕਰਦੇ ਹਨ। ਸ਼ਬਦ ਚੌਂਕੀ ਦੇ ਸਿੰਘ ਇਹ ਵਸਤਾਂ ਸਤਿਕਾਰ ਨਾਲ ਪ੍ਰਾਪਤ ਕਰਦੇ ਹਨ ਤੇ ਇਨ੍ਹਾਂ ’ਚੋਂ ਇਕ ਸਿੰਘ ਅਰਦਾਸ ਕਰਦਾ ਹੈ। ਉਪਰੰਤ ਗੁੁਰਬਾਣੀ ਦਾ ਸ਼ਬਦ ਉਚਾਰਨ ਕਰਨ ਨਾਲ ਚੌਂਕੀ ਆਰੰਭ ਹੋ ਜਾਂਦੀ ਹੈ। ਸ਼ਬਦ ਗਾਇਨ ਕਰਨ ਵਾਲੇ ਸਿੰਘਾਂ ਦੇ ਦੋ ਜੱਥੇ ਬਣ ਜਾਂਦੇ ਹਨ। ਇਕ ਜੱਥਾ ਅੱਗੇ ਸ਼ਬਦ ਪੜ੍ਹਦਾ ਹੈ ਤੇ ਦੂਜਾ ਮਗਰ ਉਸੇ ਤੁਕ ਨੂੰ ਦੁਹਰਾਉਂਦਾ ਹੈ। ਇਕ ਮਿਸਾਲਚੀ ਅੱਗੇ-ਅੱਗੇ ਚੱਲਦਾ ਹੈ ਤੇ ਇਕ ਚੋਭਦਾਰ ਉਸ ਦੇ ਪਿੱਛੇ ਚੱਲਦਾ ਹੈ। ਇਨ੍ਹਾਂ ਦਾ ਸ਼ਬਦ ਗਾਇਨ ਕਰਨ ਦਾ ਢੰਗ, ਲੈਅ, ਤਰਜ਼ ਆਪਣੀ ਕਿਸਮ ਦੀ ਤੇ ਬਹੁਤ ਪੁਰਾਤਨ ਹੈ। ਇਨ੍ਹਾਂ ਨੇ ਵੈਰਾਗਮਈ ਸ਼ਬਦਾਂ ਦਾ ਇਕ ਗੁਟਕਾ ਸਾਹਿਬ ਤਿਆਰ ਕੀਤਾ ਹੋਇਆ ਹੈ ਤੇ ਗੁਟਕਾ ਸਾਹਿਬ ਹੱਥਾਂ ’ਚ ਫੜ ਕੇ ਇਕ ਗੁਰਮੁਖ ਅੱਗੇ ਗਾਇਨ ਕਰਦਾ ਹੈ ਤੇ ਦੂਜਾ ਪਿੱਛੇ ਇਸ ਤੁਕ ਨੂੰ ਦੁਹਰਾਉਂਦਾ ਹੈ। ਇਸ ਤਰ੍ਹਾਂ ਇਹ ਚੌਂਕੀ ਬਹੁਤ ਧੀਮੀ ਚਾਲ ਤੇ ਬੜੀ ਸ਼ਰਧਾ ਭਾਵਨਾ ਨਾਲ ਪਰਿਕਰਮਾ ’ਚ ਚੱਲਦੀ ਹੈ। ਚੋਭਦਾਰ ਜੋ ਇਸ ਚੌਂਕੀ ਦੇ ਅੱਗੇ-ਅੱਗੇ ਚੱਲਦਾ ਹੈ, ਉਹ ਪਰਿਕਰਮਾ ’ਚ ਬੈਠੀ ਸੰਗਤ ਨੂੰ ਸੁਚੇਤ ਕਰੀ ਜਾਂਦਾ ਹੈ। ਇਸ ਤਰ੍ਹਾਂ ਇਹ ਸਾਰਾ ਜੱਥਾ ਪੂਰੀ ਪਰਿਕਰਮਾ ਕਰ ਕੇ ਦਰਸ਼ਨੀ ਡਿਊੜੀ ’ਚੋਂ ਲੰਘ ਕੇ ਪੁਲ ਉੱਪਰ ਦੀ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਖੜ੍ਹ ਜਾਂਦਾ ਹੈ। ਇਸ ਸਮੇਂ ਹਰਿਮੰਦਰ ਸਾਹਿਬ ਵਿਖੇ ਹੋ ਰਿਹਾ ਕੀਰਤਨ ਕੁਝ ਸਮੇਂ ਲਈ ਰੁਕ ਜਾਂਦਾ ਹੈ ਪਰ ਸੰਗਤ ਉਸੇ ਤਰ੍ਹਾਂ ਸਜੀ ਰਹਿੰਦੀ ਹੈ।
ਚੌਂਕੀ ਹਰਿਮੰਦਰ ਸਾਹਿਬ ਦੀ ਛੋਟੀ ਪਰਿਕਰਮਾ ਕਰ ਕੇ ਸਾਹਮਣੇ ਦਰਵਾਜ਼ੇ ਆ ਕੇ ਅਰਦਾਸ ਕਰਦੀ ਹੈ। ਇਸ ਤਰ੍ਹਾਂ ਚੌਂਕੀ ਦੀ ਸੰਪੂਰਨਤਾ ਹੁੰਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਦੇ ਹੁਕਮਾਂ ਅਨੁਸਾਰ ਇਸ ਸਾਲ ਬੰਦੀ ਛੋੜ ਦਿਵਸ ਦੀ ਚਾਰ ਸੌ ਸਾਲਾ ਸ਼ਤਾਬਦੀ ਸਮੁੱਚੇ ਪੰਥ ਵੱਲੋਂ ਗੁਰਦੁਆਰਾ ਦਾਤਾ ਬੰਦੀ ਛੋੜ ਕਿਲ੍ਹਾ ਗਵਾਲੀਅਰ ਵਿਖੇ ਬੜੀ ਸ਼ਰਧਾ ਨਾਲ ਮਨਾਈ ਜਾ ਰਹੀ ਹੈ। ਇਸ ਮੌਕੇ ਉਸ ਸਮੇਂ ਦੀ ਯਾਦ ਨੂੰ ਤਾਜ਼ਾ ਕਰਨ ਲਈ ਇਕ ਸ਼ਬਦ ਚੌਂਕੀ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ ਹੈ। ਇਹ ਸ਼ਬਦ ਚੌਂਕੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 6 ਸਤੰਬਰ ਨੂੰ ਆਰੰਭ ਹੋ ਕੇ ਪੈਦਲ ਚੱਲਦਿਆਂ ਲਗਭਗ 850 ਕਿਲੋਮੀਟਰ ਦਾ ਪੈਂਡਾ 28 ਦਿਨਾਂ ’ਚ ਪੂਰਾ ਕਰ ਕੇ ਗਵਾਲੀਅਰ ਪੁੱਜੇਗੀ। ਗੁਰਦੁਆਰਾ ਦਾਤਾ ਬੰਦੀ ਛੋੜ ਪਾਤਸ਼ਾਹੀ ਛੇਵੀਂ ਵਿਖੇ ਸ਼ਤਾਬਦੀ ਦੇ ਸਮਾਗਮਾਂ ਦੀ ਆਰੰਭਤਾ ਹੋਵੇਗੀ, ਜੋ ਤਿੰਨ ਦਿਨ ਚੱਲਣਗੇ।
- ਨਵਜੋਤ ਸਿੰਘ