- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸੇ ਨੂੰ ਵੀ ਸਿਰਫ਼ ਸਮਾਜਿਕ ਦਿਖਾਵੇ ਲਈ ਆਪਣੀ ਹੈਸੀਅਤ ਤੋਂ ਵੱਧ ਖ਼ਰਚ ਕਰਨ ਜਾਂ ਕਰਜ਼ਾ ਲੈਣ ਦੀ ਲੋੜ ਨਹੀਂ ਹੈ। ਅਸਲ ’ਚ ਤਿਉਹਾਰ ਦੀ ਖ਼ੁਸ਼ੀ ਵਸਤਾਂ ਦੀ ਕੀਮਤ ਨਾਲ ਨਹੀਂ, ਸਗੋਂ ਪਰਿਵਾਰ ਨਾਲ ਸਾਂਝੀ ਕੀਤੀ ਖ਼ੁਸ਼ੀ ਨਾਲ ਵਧਦੀ ਹੈ। ਧਨਤੇਰਸ ਦੀ ਸ਼ਾਮ ਨੂੰ ਘਰ ਦੇ ਮੁੱਖ ਦਰਵਾਜ਼ੇ, ਖਿੜਕੀਆਂ, ਛੱਤ, ਤੁਲਸੀ ਦੇ ਬੂਟੇ, ਰਸੋਈ ਤੇ ਵਿਹੜੇ ਆਦਿ ਥਾਵਾਂ ’ਤੇ ਦੀਵੇ ਰੱਖੇ ਜਾਂਦੇ ਹਨ।

ਤਿਉਹਾਰ ਸਿਰਫ਼ ਧਾਰਮਿਕ ਆਸਥਾ ਦੇ ਪ੍ਰਤੀਕ ਹੀ ਨਹੀਂ ਹੁੰਦੇ, ਸਗੋਂ ਇਹ ਜੀਵਨ ਨੂੰ ਬਿਹਤਰ ਬਣਾਉਣ ਤੇ ਸਮਾਜ ਨੂੰ ਉਸਾਰੂ ਸੇਧ ਦੇਣ ਦਾ ਸੰਦੇਸ਼ ਵੀ ਦਿੰਦੇ ਹਨ। ਧਨਤੇਰਸ ਅਜਿਹਾ ਹੀ ਇਕ ਤਿਉਹਾਰ ਹੈ। ਇਹ ਧਨ, ਤੰਦਰੁਸਤੀ, ਸੁੱਖ, ਸ਼ਾਂਤੀ ਅਤੇ ਖ਼ੁਸ਼ਹਾਲੀ ਦੀ ਕਾਮਨਾ ਨਾਲ ਜੁੜਿਆ ਹੋਇਆ ਹੈ। ਆਮ ਤੌਰ ’ਤੇ ਲੋਕ ਇਸ ਦਿਨ ਗਹਿਣੇ, ਭਾਂਡੇ ਤੇ ਹੋਰ ਵਰਤੋਂ ਦੀਆਂ ਚੀਜ਼ਾਂ ਖ਼ਰੀਦਣੀਆਂ ਸ਼ੁਭ ਮੰਨਦੇ ਹਨ ਪਰ ਧਨਤੇਰਸ ਦਾ ਅਸਲ ਅਰਥ ਸਿਰਫ਼ ਖ਼ਰੀਦਦਾਰੀ ਤੱਕ ਸੀਮਤ ਨਹੀਂ ਹੈ। ਇਹ ਤਿਉਹਾਰ ਸਾਨੂੰ ਸਮਝਾਉਂਦਾ ਹੈ ਕਿ ਜੀਵਨ ’ਚ ਧਨ ਜਿੰਨਾ ਜ਼ਰੂਰੀ ਹੈ, ਉਸ ਤੋਂ ਕਿਤੇ ਵੱਧ ਮਹੱਤਵਪੂਰਨ ਸਿਹਤ, ਪਰਿਵਾਰ ਦੀ ਖ਼ੁਸ਼ਹਾਲੀ ਤੇ ਮਨ ਦੀ ਸ਼ਾਂਤੀ ਹੈ। ਧਨਤੇਰਸ ਵਾਲੇ ਦਿਨ ਤੋਂ ਹੀ ਦੀਵਾਲੀ ਦਾ ਪੰਜ ਰੋਜ਼ਾ ਤਿਉਹਾਰ ਸ਼ੁਰੂ ਹੋ ਜਾਂਦਾ ਹੈ। ਧਨਤੇਰਸ ਨੂੰ ਧਨਤ੍ਰਯੋਦਸ਼ੀ ਵੀ ਕਿਹਾ ਜਾਂਦਾ ਹੈ ਤੇ ਇਸ ਦਿਨ ਧਨਵੰਤਰੀ ਜੈਅੰਤੀ ਵੀ ਮਨਾਈ ਜਾਂਦੀ ਹੈ। ਮਾਨਤਾ ਹੈ ਕਿ ਸਮੁੰਦਰ ਮੰਥਨ ਦੌਰਾਨ ਭਗਵਾਨ ਧਨਵੰਤਰੀ ਅੰਮ੍ਰਿਤ ਨਾਲ ਭਰਿਆ ਕਲਸ਼ ਲੈ ਕੇ ਪ੍ਰਗਟ ਹੋਏ ਸਨ। ਉਨ੍ਹਾਂ ਨੂੰ ਆਯੁਰਵੇਦ ਦਾ ਮੋਢੀ ਤੇ ਦੇਵਤਿਆਂ ਦਾ ਵੈਦ ਮੰਨਿਆ ਜਾਂਦਾ ਹੈ। ਧਨਤੇਰਸ ਧਨ ਤੇ ਸਿਹਤ ਵਿਚਕਾਰ ਸੰਤੁਲਨ ਬਣਾਈ ਰੱਖਣ ਦਾ ਸੰਦੇਸ਼ ਦਿੰਦਾ ਹੈ। ਇਸ ਤਿਉਹਾਰ ਮੌਕੇ ਖ਼ਰੀਦਦਾਰੀ ਨੂੰ ਆਪਣੀ ਸਮਰੱਥਾ ਤੇ ਸ਼ਰਧਾ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਕਿਸੇ ਨੂੰ ਵੀ ਸਿਰਫ਼ ਸਮਾਜਿਕ ਦਿਖਾਵੇ ਲਈ ਆਪਣੀ ਹੈਸੀਅਤ ਤੋਂ ਵੱਧ ਖ਼ਰਚ ਕਰਨ ਜਾਂ ਕਰਜ਼ਾ ਲੈਣ ਦੀ ਲੋੜ ਨਹੀਂ ਹੈ। ਅਸਲ ’ਚ ਤਿਉਹਾਰ ਦੀ ਖ਼ੁਸ਼ੀ ਵਸਤਾਂ ਦੀ ਕੀਮਤ ਨਾਲ ਨਹੀਂ, ਸਗੋਂ ਪਰਿਵਾਰ ਨਾਲ ਸਾਂਝੀ ਕੀਤੀ ਖ਼ੁਸ਼ੀ ਨਾਲ ਵਧਦੀ ਹੈ। ਧਨਤੇਰਸ ਦੀ ਸ਼ਾਮ ਨੂੰ ਘਰ ਦੇ ਮੁੱਖ ਦਰਵਾਜ਼ੇ, ਖਿੜਕੀਆਂ, ਛੱਤ, ਤੁਲਸੀ ਦੇ ਬੂਟੇ, ਰਸੋਈ ਤੇ ਵਿਹੜੇ ਆਦਿ ਥਾਵਾਂ ’ਤੇ ਦੀਵੇ ਰੱਖੇ ਜਾਂਦੇ ਹਨ। ਇਸ ਦਾ ਮਕਸਦ ਘਰ ਦੇ ਹਰ ਕੋਨੇ ’ਚ ਰੌਸ਼ਨੀ ਤੇ ਸਕਾਰਾਤਮਕਤਾ ਦਾ ਸੰਚਾਰ ਕਰਨਾ ਹੈ। ਧਨਤੇਰਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਿਹਤਮੰਦ ਸਰੀਰ ਤੇ ਸਿਹਤਮੰਦ ਮਨ ਹੀ ਸਭ ਤੋਂ ਵੱਡੀ ਪੂੰਜੀ ਹਨ। ਸਿਰਫ਼ ਧਨ ਇਕੱਠਾ ਕਰਨਾ ਹੀ ਖ਼ੁਸ਼ਹਾਲੀ ਨਹੀਂ ਹੈ, ਸਗੋਂ ਇਸ ਨੂੰ ਸਹੀ ਦਿਸ਼ਾ ’ਚ ਖ਼ਰਚ ਕਰਨਾ ਵੀ ਓਨਾ ਹੀ ਜ਼ਰੂਰੀ ਹੈ। ਧਨਤੇਰਸ ਸਾਨੂੰ ਸਿਖਾਉਂਦਾ ਹੈ ਕਿ ਧਨ, ਸਿਹਤ ਤੇ ਸੁੱਖ-ਸ਼ਾਂਤੀ ਇਕ-ਦੂਜੇ ਦੇ ਪੂਰਕ ਹਨ। ਇਨ੍ਹਾਂ ’ਚੋਂ ਕਿਸੇ ਇਕ ਦੀ ਅਣਦੇਖੀ ਕਰਕੇ ਜੀਵਨ ਨੂੰ ਮੁਕੰਮਲ ਨਹੀਂ ਬਣਾਇਆ ਜਾ ਸਕਦਾ।
-ਮਹਿੰਦਰ ਤਿਵਾੜੀ।