- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੋ ਬੀਤ ਗਿਆ, ਉਸ ਲਈ ਬੇਲੋੜਾ ਪਛਤਾਵਾ ਕਰਨਾ ਤੇ ਜੋ ਮਿਲਿਆ ਹੀ ਨਹੀਂ, ਉਸ ਦੀ ਲਗਾਤਾਰ ਚਿੰਤਾ ਕਰਦੇ ਰਹਿਣ ਨਾਲ ਵਰਤਮਾਨ ਵੀ ਬੋਝਲ ਹੋ ਜਾਂਦਾ ਹੈ। ਜਿਹੜੀ ਚੀਜ਼ ਹੁਣ ਸਾਡੀ ਨਹੀਂ ਰਹੀ, ਉਸ ਦੇ ਮੋਹ ’ਚ ਵਰਤਮਾਨ ਨੂੰ ਗੁਆ ਦੇਣਾ ਅਕਲਮੰਦੀ ਨਹੀਂ ਹੈ। ਜੀਵਨ ’ਚ ਪ੍ਰਾਪਤੀ ਤੇ ਗਵਾਚਣ ਦਾ ਆਪਣਾ ਗਣਿਤ ਹੈ, ਪਰ ਇਸ ਦਾ ਅਰਥ ਇਹ ਨਹੀਂ ਕਿ ਸਭ ਕੁਝ ਪਹਿਲਾਂ ਹੀ ਤੈਅ ਹੈ ਤੇ ਮਨੁੱਖ ਦੇ ਯਤਨਾਂ ਦਾ ਕੋਈ ਮਹੱਤਵ ਨਹੀਂ।

ਜ਼ਿੰਦਗੀ ’ਚ ਕੁਝ ਮਿਲ ਜਾਂਦਾ ਹੈ ਤੇ ਕੁਝ ਛੁੱਟ ਜਾਂਦਾ ਹੈ। ਕੁਝ ਇੱਛਾਵਾਂ ਸਹਿਜੇ ਹੀ ਪੂਰੀਆਂ ਹੋ ਜਾਂਦੀਆਂ ਹਨ, ਜਦਕਿ ਕੁਝ ਲਈ ਨਿਰੰਤਰ ਯਤਨ ਕਰਨ ਤੋਂ ਬਾਅਦ ਵੀ ਸਫ਼ਲਤਾ ਨਹੀਂ ਮਿਲਦੀ। ਮਨੁੱਖ ਅਕਸਰ ਪ੍ਰਾਪਤ ਚੀਜ਼ਾਂ ਨਾਲ ਖ਼ੁਸ਼ ਹੁੰਦਾ ਹੈ ਪਰ ਜੋ ਪ੍ਰਾਪਤ ਨਹੀਂ ਹੋ ਸਕਿਆ, ਉਸ ਲਈ ਚਿੰਤਤ ਤੇ ਦੁਖੀ ਰਹਿੰਦਾ ਹੈ। ਉਹ ਵਾਰ-ਵਾਰ ਸੋਚਦਾ ਹੈ ਕਿ ਜਿਹੜੀ ਚੀਜ਼ ਨਹੀਂ ਮਿਲੀ, ਉਹ ਕਿਉਂ ਨਹੀਂ ਮਿਲੀ। ਜੀਵਨ ਦਾ ਇਕ ਮਹੱਤਵਪੂਰਨ ਸੱਚ ਇਹ ਹੈ ਕਿ ਜੋ ਕੁਝ ਪ੍ਰਾਪਤ ਹੋਇਆ ਹੈ, ਉਸ ਪ੍ਰਤੀ ਸ਼ੁਕਰਗੁਜ਼ਾਰੀ ਦਾ ਭਾਵ ਰੱਖਿਆ ਜਾਵੇ ਅਤੇ ਜੋ ਨਹੀਂ ਮਿਲ ਰਿਹਾ, ਉਸ ਨੂੰ ਸਵੀਕਾਰ ਕਰਨ ਦੀ ਸੂਝ ਵਿਕਸਿਤ ਕੀਤੀ ਜਾਵੇ। ਜਿਹੜੀ ਚੀਜ਼ ਸਾਡੇ ਲਈ ਹਿਤਕਾਰੀ, ਕਲਿਆਣਕਾਰੀ ਤੇ ਵਿਕਾਸ ’ਚ ਸਹਾਈ ਸੀ, ਉਸ ਦੀ ਪ੍ਰਾਪਤੀ ਨੂੰ ਪਰਮਾਤਮਾ ਦੀ ਕਿਰਪਾ ਮੰਨ ਕੇ ਸਵੀਕਾਰ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ, ਜਿਹੜਾ ਕੁਝ ਸਾਡੀਆਂ ਇੱਛਾਵਾਂ ਦੇ ਅਨੁਸਾਰ ਨਹੀਂ ਹੋਇਆ, ਉਸ ਦੇ ਪਿੱਛੇ ਵੀ ਕਈ ਵਾਰ ਪਰਮਾਤਮਾ ਦੀ ਰਚੀ ਕੋਈ ਅਜਿਹੀ ਸਥਿਤੀ ਜਾਂ ਸੰਭਾਵਨਾ ਹੋ ਸਕਦੀ ਹੈ, ਜਿਸ ਨੂੰ ਅਸੀਂ ਉਸ ਸਮੇਂ ਸਮਝ ਨਹੀਂ ਪਾਉਂਦੇ। ਇਸ ਲਈ ਹਰ ਚੀਜ਼ ਗਵਾਚਣ ਨੂੰ ਬਦਕਿਸਮਤੀ ਤੇ ਹਰ ਅਸਫ਼ਲਤਾ ਨੂੰ ਜੀਵਨ ਦੀ ਹਾਰ ਮੰਨ ਲੈਣਾ ਉਚਿਤ ਨਹੀਂ ਹੈ। ਜੋ ਬੀਤ ਗਿਆ, ਉਸ ਲਈ ਬੇਲੋੜਾ ਪਛਤਾਵਾ ਕਰਨਾ ਤੇ ਜੋ ਮਿਲਿਆ ਹੀ ਨਹੀਂ, ਉਸ ਦੀ ਲਗਾਤਾਰ ਚਿੰਤਾ ਕਰਦੇ ਰਹਿਣ ਨਾਲ ਵਰਤਮਾਨ ਵੀ ਬੋਝਲ ਹੋ ਜਾਂਦਾ ਹੈ। ਜਿਹੜੀ ਚੀਜ਼ ਹੁਣ ਸਾਡੀ ਨਹੀਂ ਰਹੀ, ਉਸ ਦੇ ਮੋਹ ’ਚ ਵਰਤਮਾਨ ਨੂੰ ਗੁਆ ਦੇਣਾ ਅਕਲਮੰਦੀ ਨਹੀਂ ਹੈ। ਜੀਵਨ ’ਚ ਪ੍ਰਾਪਤੀ ਤੇ ਗਵਾਚਣ ਦਾ ਆਪਣਾ ਗਣਿਤ ਹੈ, ਪਰ ਇਸ ਦਾ ਅਰਥ ਇਹ ਨਹੀਂ ਕਿ ਸਭ ਕੁਝ ਪਹਿਲਾਂ ਹੀ ਤੈਅ ਹੈ ਤੇ ਮਨੁੱਖ ਦੇ ਯਤਨਾਂ ਦਾ ਕੋਈ ਮਹੱਤਵ ਨਹੀਂ। ਕਿਸਮਤ ਦੀਆਂ ਹੱਦਾਂ ਨੂੰ ਸਵੀਕਾਰ ਕਰਦਿਆਂ ਆਪਣੇ ਪੁਰਸ਼ਾਰਥ, ਅਰਥਾਤ ਮਿਹਨਤ ਅਤੇ ਯਤਨ, ਕਰਦੇ ਰਹਿਣਾ ਹੀ ਸੰਤੁਲਿਤ ਜੀਵਨ-ਦ੍ਰਿਸ਼ਟੀ ਹੈ। ਇਸੇ ਵਰਤਮਾਨ ਜੀਵਨ ’ਚ ਮਿਹਨਤ, ਪਿਆਰ, ਦਇਆ, ਸਾਧਨਾ ਤੇ ਸਦਾਚਾਰ ਦੇ ਬੀਜ ਬੀਜ ਕੇ ਭਵਿੱਖ ਨੂੰ ਸੁੰਦਰ ਬਣਾਇਆ ਜਾ ਸਕਦਾ ਹੈ। ਜੋ ਪ੍ਰਾਪਤ ਹੋਇਆ ਹੈ, ਉਸ ਪ੍ਰਤੀ ਸ਼ੁਕਰਗੁਜ਼ਾਰੀ; ਜੋ ਅਪ੍ਰਾਪਤ ਰਿਹਾ, ਉਸ ਨੂੰ ਸਹਿਜਤਾ ਨਾਲ ਸਵੀਕਾਰ ਕਰਨਾ; ਤੇ ਵਰਤਮਾਨ ਪ੍ਰਤੀ ਪੂਰੀ ਨਿਸ਼ਠਾ ਨਾਲ ਯਤਨ ਕਰਦੇ ਰਹਿਣਾ-ਇਹੀ ਜੀਵਨ ਨੂੰ ਸ਼ਾਂਤੀ, ਗਿਆਨ ਤੇ ਆਨੰਦ ਨਾਲ ਭਰਪੂਰ ਬਣਾਉਣ ਦਾ ਮਾਰਗ ਹੈ। ਜਿਹੜਾ ਮਨੁੱਖ ਇਸ ਸੰਤੁਲਨ ਨੂੰ ਸਮਝ ਲੈਂਦਾ ਹੈ, ਉਹ ਹਾਲਾਤ ਤੋਂ ਵਿਚਲਿਤ ਹੋਏ ਬਿਨਾਂ ਆਪਣੇ ਜੀਵਨ ਨੂੰ ਸਾਰਥਕ ਬਣਾਉਣ ਦੀ ਦਿਸ਼ਾ ਵਿੱਚ ਅੱਗੇ ਵਧਦਾ ਰਹਿੰਦਾ ਹੈ।
-ਪ੍ਰੋ. (ਡਾ.) ਦਿਨੇਸ਼ ਚਮੋਲਾ ‘ਸ਼ੈਲੇਸ਼’।