- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਬਾ ਬੰਦਾ ਸਿੰਘ ਜੀ ਤੇ ਸਾਥੀਆਂ ਨੂੰ ਤਿੰਨ ਮਹੀਨੇ ਬੰਦੀਖ਼ਾਨੇ 'ਚ ਸਖ਼ਤ ਤਸੀਹੇ ਦਿੱਤੇ ਗਏ ਤੇ 9 ਜੂਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਹੀਦ ਕਰਨ ਦਾ ਦਿਨ ਰੱਖਿਆ ਗਿਆ।

ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ 1670 ਈਸਵੀ ਵਿਚ ਰਾਜੌਰੀ (ਪੁਣਛ) ਵਿਖੇ ਸ਼੍ਰੀ ਰਾਮ ਦੇਵ ਭਾਰਦਵਾਜ ਰਾਜਪੂਤ ਦੇ ਘਰ ਹੋਇਆ। ਉਨ੍ਹਾਂ ਦਾ ਨਾਂ ਲਛਮਣ ਦਾਸ ਰੱਖਿਆ ਗਿਆ। ਉਨ੍ਹਾਂ ਨੇ ਜਾਨਕੀ ਪ੍ਰਸਾਦ ਵੈਰਾਗੀ ਸਾਧੂ ਪਾਸੋਂ ਰਾਜੌਰੀ ਵਿਖੇ ਉਪਦੇਸ਼ ਲਿਆ। ਫਿਰ ਸਾਧੂ ਰਾਮਦਾਸ ਪਾਸੋਂ ਰਾਮਧੰਮਣ, ਲਾਹੌਰ ਵਿਖੇ ਤੇ ਇਸੇ ਤਰ੍ਹਾਂ ਜੋਗੀ ਔਘੜ ਨਾਥ ਪਾਸੋਂ ਨਾਸਿਕ ਵਿਖੇ ਉਪਦੇਸ਼ ਲਿਆ। ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਜਦ ਨਾਂਦੇੜ ਪੁੱਜੇ ਤਾਂ ਉਥੇ ਉਨ੍ਹਾਂ ਦੀ ਮੁਲਾਕਾਤ ਗੁਰੂ ਸਾਹਿਬ ਨਾਲ ਹੋਈ ਤੇ ਉਹ ਗੁਰੂ ਸਾਹਿਬ ਨੂੰ ਹੀ ਸਮਰਪਿਤ ਹੋ ਗਏ।
ਗੁਰੂ ਗੋਬਿੰਦ ਸਿੰਘ ਜੀ ਉਨ੍ਹਾਂ ਨੂੰ ਅੰਮ੍ਰਿਤਪਾਨ ਕਰਵਾ ਕੇ ਮਾਧੋ ਦਾਸ ਬੈਰਾਗੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਬਣਾਇਆ, ਰਹਿਤ 'ਚ ਪੱਕੇ ਰਹਿਣ ਤੇ ਔਕੜ ਵੇਲੇ ਅਕਾਲ ਪੁਰਖ ਅੱਗੇ ਅਰਦਾਸ ਕਰਨ ਦੀ ਹਦਾਇਤ ਕੀਤੀ। ਸਿੰਘ ਸਾਜਣ ਤੋਂ ਬਾਅਦ ਗੁਰੂ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਿਆ। ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਵਾਏ ਜਾਣ ਤੇ ਗੁਰੂ ਘਰ ਦੇ ਹੋਰ ਦੋਖੀਆਂ ਨੂੰ ਕੀਤੇ ਦੀ ਸਜ਼ਾ ਦੇਣ ਲਈ 26 ਨਵੰਬਰ 1709 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣੇ ਉੱਤੇ ਧਾਵਾ ਬੋਲਿਆ, ਜਿਥੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ ਜੱਲਾਦ ਸੱਯਦ ਜਲਾਲਦੀਨ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜੱਲਾਦ ਸ਼ਾਸਲਬੇਗ਼ ਤੇ ਬਾਸ਼ਲਬੇਗ਼ ਰਹਿੰਦੇ ਸਨ।
12 ਮਈ 1710 ਨੂੰ ਸਢੌਰਾ ਫ਼ਤਹਿ ਕਰਨ ਉਪਰੰਤ ਚੱਪੜਚਿੜੀ ਦੇ ਮੈਦਾਨ 'ਚ 14 ਮਈ 1710 ਨੂੰ ਸਰਹਿੰਦ ਆਦਿ ਨੂੰ ਜਿੱਤਦੇ ਹੋਏ ਬਾਬਾ ਜੀ 1715 ਨੂੰ ਬਟਾਲਾ, ਕਲਾਨੌਰ ਵੱਲ ਨਿੱਕਲ ਗਏ। ਉਨ੍ਹਾਂ ਨੇ ਅਖ਼ੀਰਲੀ ਲੜਾਈ ਲਾਹੌਰ ਦੇ ਸੂਬੇ ਅਬਦਲ ਸਮੱਦ ਖ਼ਾਂ ਨਾਲ ਗੁਰਦਾਸਪੁਰ ਤੋਂ ਚਾਰ ਮੀਲ ਪੱਛਮ ਵੱਲ ਗੁਰਦਾਸ ਨੰਗਲ ਦੀ ਗੜ੍ਹੀ ਵਿਚ ਲੜੀ। ਫ਼ੌਜ ਨੇ ਗੜ੍ਹੀ ਅੰਦਰ ਰਾਸ਼ਨ-ਪਾਣੀ ਜਾਣਾ ਬੰਦ ਕਰ ਦਿਤਾ। ਬਾਬਾ ਜੀ ਤੇ ਸਿੰਘ ਅੰਨ-ਪਾਣੀ ਤੇ ਜੰਗੀ ਸਾਜ਼-ਸਮਾਨ ਦੀ ਤੰਗੀ ਦੇ ਬਾਵਜੂਦ ਸਿਦਕਦਿਲੀ ਨਾਲ ਜੂਝਦੇ ਰਹੇ।
ਫ਼ੌਜ ਦਾ ਗੜ੍ਹੀ ਦੁਆਲੇ ਘੇਰਾ ਤੰਗ ਹੁੰਦਾ ਗਿਆ ਤੇ ਅਖ਼ੀਰ ਭੁੱਖੇ-ਭਾਣੇ ਸਿੰਘ ਅੱਠ ਮਹੀਨੇ ਦੀ ਲੜਾਈ ਤੋ ਬਾਅਦ 7 ਦਸੰਬਰ 1715 ਨੂੰ ਫ਼ੌਜ ਦੁਆਰਾ ਫੜ ਲਏ ਗਏ। ਜਦ ਬਾਬਾ ਜੀ ਨੂੰ ਫੜ ਕੇ ਲਿਜਾਇਆ ਜਾ ਰਿਹਾ ਸੀ ਤਾਂ ਉਨ੍ਹਾਂ ਦੇ ਨਾਲ ਦੋ-ਤਿੰਨ ਸੌ ਸਿੱਖਾਂ ਦੇ ਹੱਥ-ਪੈਰ ਬੰਨ੍ਹ ਕੇ, ਸੀਸ ਵੱਢ ਕੇ ਨੇਜਿਆਂ-ਉੱਪਰ ਟੰਗੇ ਹੋਏ ਸਨ। ਬਾਬਾ ਬੰਦਾ ਸਿੰਘ ਬਹਾਦਰ ਦੀ ਮਾਤਾ, ਸੁਪਤਨੀ ਤੇ ਤਿੰਨ ਸਾਲ ਦੇ ਸਪੁੱਤਰ ਬਾਬਾ ਅਜੈ ਸਿੰਘ ਨੂੰ ਵੀ ਫੜ ਲਿਆ ਗਿਆ। ਬਾਬਾ ਜੀ ਤੇ ਬਾਕੀ ਸਿੱਖਾਂ ਨੂੰ ਲਾਹੌਰ ਲਿਜਾਇਆ ਗਿਆ। ਬੇਪਤੀ ਕਰ ਕੇ ਬਾਜ਼ਾਰਾਂ 'ਚ ਘੁਮਾਇਆ ਗਿਆ ਤੇ ਫਿਰ ਲਾਹੌਰ ਤੋਂ ਦਿੱਲੀ ਵੱਲ ਨੂੰ ਤੋਰਿਆ ਗਿਆ। ਬਾਬਾ ਜੀ ਨੂੰ ਚਾਰ ਥਾਵਾਂ ਤੋਂ ਸੰਗਲਾਂ ਨਾਲ ਨੂੜ ਕੇ ਲੋਹੇ ਦੇ ਪਿੰਜਰੇ 'ਚ ਬੰਦ ਕੀਤਾ ਗਿਆ। ਬਾਬਾ ਜੀ ਦੇ ਮਗਰ ਕੈਦੀਆਂ ਦੀ ਗਿਣਤੀ 740 ਸੀ, ਨੇਜ਼ਿਆਂ 'ਤੇ ਟੰਗੇ ਸਿਰਾਂ ਦੀ ਗਿਣਤੀ 2,000 ਸੀ। ਇਸ ਤੋਂ ਇਲਾਵਾ 700 ਗੱਡੇ ਸਿੱਖਾਂ ਦੇ ਸੀਸਾਂ ਦੇ ਸਨ।
ਇਹ ਕਾਫ਼ਲਾ 28 ਫਰਵਰੀ 1716 ਨੂੰ ਦਿੱਲੀ ਪੁੱਜਾ। ਮੁਗ਼ਲ ਬਾਦਸ਼ਾਹ ਫਰੁੱਖਸ਼ੀਅਰ ਦੇ ਹੁਕਮ ਨਾਲ ਬਾਬਾ ਬੰਦਾ ਸਿੰਘ ਬਹਾਦਰ, ਭਾਈ ਬਾਜ਼ ਸਿੰਘ, ਬਾਬਾ ਕਾਨ੍ਹ ਸਿੰਘ, ਭਾਈ ਫ਼ਤਹਿ ਸਿੰਘ ਆਦਿ ਸਿੱਖ ਸਰਦਾਰਾਂ ਨੂੰ ਵੱਖਰੀ ਕੈਦ 'ਚ ਰੱਖਿਆ ਗਿਆ। ਬਾਕੀ 694 ਸਿੰਘਾਂ ਨੂੰ ਸਰਬਰਾਹ ਖ਼ਾਂ ਕੋਤਵਾਲ ਦੇ ਹਵਾਲੇ ਕਰ ਦਿੱਤਾ ਗਿਆ ਤਾਂ ਕਿ ਉਨ੍ਹਾਂ ਨੂੰ ਕਤਲ ਕਰ ਦਿੱਤਾ ਜਾਵੇ। ਕੈਦੀ ਸਿੰਘਾਂ ਦਾ ਕਤਲੇਆਮ 5 ਮਾਰਚ 1716 ਨੂੰ ਸ਼ੁਰੂ ਹੋਇਆ ਤੇ ਰੋਜ਼ਾਨਾ ਇਕ ਸੌ ਸਿੱਖਾਂ ਨੂੰ ਕਤਲ ਕੀਤਾ ਜਾਂਦਾ। ਸ਼ਹਾਦਤਾਂ ਦਾ ਇਹ ਸਿਲਸਿਲਾ ਸੱਤ ਦਿਨ ਜਾਰੀ ਰਿਹਾ। ਗੁਰੂ ਦੇ ਸਿੱਖਾਂ ਨੂੰ ਧਰਮ ਪਰਿਵਰਤਨ ਕਰਨ ਲਈ ਮਜਬੂਰ ਕੀਤਾ ਗਿਆ ਪਰ ਸਿੱਖ ਅਡੋਲ ਰਹੇ ਤੇ ਧਰਮ ਪਰਿਵਰਤਨ ਦੀ ਥਾਂ ਸ਼ਹਾਦਤ ਦਾ ਜਾਮ ਪੀ ਗਏ। ਬਾਬਾ ਬੰਦਾ ਸਿੰਘ ਜੀ ਤੇ ਸਾਥੀਆਂ ਨੂੰ ਤਿੰਨ ਮਹੀਨੇ ਬੰਦੀਖ਼ਾਨੇ 'ਚ ਸਖ਼ਤ ਤਸੀਹੇ ਦਿੱਤੇ ਗਏ ਤੇ 9 ਜੂਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਹੀਦ ਕਰਨ ਦਾ ਦਿਨ ਰੱਖਿਆ ਗਿਆ।
ਬਾਬਾ ਜੀ ਤੇ ਉਨ੍ਹਾਂ ਦੇ ਸਾਥੀਆਂ ਨੂੰ ਬਾਜ਼ਾਰ 'ਚ ਘੁਮਾਇਆ ਗਿਆ। ਇਸ ਉਪਰੰਤ ਉਨ੍ਹਾਂ ਦੇ ਤਿੰਨ ਸਾਲ ਦੇ ਬੱਚੇ ਅਜੈ ਸਿੰਘ ਦੇ ਬਾਬਾ ਜੀ ਸਾਹਮਣੇ ਟੁਕੜੇ-ਟੁਕੜੇ ਕਰ ਕੇ ਉਸ ਦਾ ਦਿਲ ਬਾਬਾ ਜੀ ਦੇ ਮੂੰਹ ਵਿਚ ਦਿੱਤਾ ਗਿਆ। ਫਿਰ ਬਾਬਾ ਜੀ ਦਾ ਸਰੀਰ ਗਰਮ ਜੰਬੂਰਾਂ ਨਾਲ ਨੋਚਿਆ ਗਿਆ ਤੇ ਕਈ ਤਰ੍ਹਾਂ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਉਨ੍ਹਾਂ ਦੇ ਬਾਕੀ ਸਾਥੀ ਸਿੰਘਾਂ ਨੂੰ ਵੀ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਗੁਰੂ ਦੇ ਅਜਿਹੇ ਸਿਦਕੀ ਸਿੱਖਾਂ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ।
- ਸੁਖਵਿੰਦਰ ਸਿੰਘ ਮੁੱਲਾਂਪੁਰ
99141-84794