
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕਿਸੇ ਦੇ ਕਠੋਰ ਸ਼ਬਦ ਸੁਣ ਕੇ ਤੁਰੰਤ ਜਵਾਬ ਨਾ ਦੇਣਾ, ਗੁੱਸੇ ’ਚ ਫ਼ੈਸਲਾ ਨਾ ਲੈਣਾ ਤੇ ਦੁੱਖ ’ਚ ਆਪਣੇ ਆਪ ਨੂੰ ਦੋਸ਼ੀ ਨਾ ਮੰਨਣਾ-ਇਹ ਵੀ ਮੌਨ ਦੀ ਸਾਧਨਾ ਹੈ। ਸ਼ਾਂਤ ਮਨ ਉਹ ਦੇਖ ਸਕਦਾ ਹੈ, ਜੋ ਉਤੇਜਿਤ ਮਨ ਤੋਂ ਅਣਦੇਖਿਆ ਰਹਿ ਜਾਂਦਾ ਹੈ। ਕਈ ਵਾਰ ਜੀਵਨ ਦੀ ਸਭ ਤੋਂ ਵੱਡੀ ਉਲਝਣ ਦਾ ਹੱਲ ਕਿਸੇ ਦੂਜੇ ਵਿਅਕਤੀ ਤੋਂ ਨਹੀਂ, ਸਗੋਂ ਸਾਡੇ ਅੰਤਰ-ਮਨ ਤੋਂ ਮਿਲਦਾ ਹੈ।

ਅੱਜ ਦੇ ਦੌਰ ’ਚ ਅਸੀਂ ਚਾਰੇ ਪਾਸਿਆਂ ਤੋਂ ਰੌਲੇ਼ ਨਾਲ ਘਿਰੇ ਹੋਏ ਹਾਂ। ਇਸ ਰੌਲ਼ੇ-ਰੱਪੇ ਦੇ ਵਿਚਕਾਰ ਅਸੀਂ ਸੰਵਾਦ ਕਰਨਾ ਤਾਂ ਸਿੱਖ ਲਿਆ ਹੈ ਪਰ ਉਹ ਭਾਸ਼ਾ ਭੁੱਲ ਗਏ ਹਾਂ, ਜਿਸ ਨੂੰ ਸਾਡੀ ਆਤਮਾ ਸਮਝਦੀ ਹੈ ਅਤੇ ਉਹ ਹੈ ਮੌਨ ਦੀ ਭਾਸ਼ਾ। ਅਸੀਂ ਅਕਸਰ ਸੋਚਦੇ ਹਾਂ ਕਿ ਮੌਨ ਦਾ ਅਰਥ ਸਿਰਫ਼ ਬੁੱਲ੍ਹਾਂ ਦਾ ਬੰਦ ਹੋ ਜਾਣਾ ਹੈ ਪਰ ਸੱਚ ਤਾਂ ਇਹ ਹੈ ਕਿ ਜਦੋਂ ਬੁੱਲ੍ਹ ਬੰਦ ਹੁੰਦੇ ਹਨ, ਉਦੋਂ ਵੀ ਮਨ ਦੇ ਅੰਦਰ ਵਿਚਾਰਾਂ ਦੀ ਇਕ ਹਨੇਰੀ ਚੱਲ ਰਹੀ ਹੁੰਦੀ ਹੈ। ਅਸਲ ਮੌਨ ਦਾ ਅਰਥ ਕੇਵਲ ਸ਼ਬਦਾਂ ਨੂੰ ਵਿਰਾਮ ਦੇਣਾ ਨਹੀਂ ਹੈ, ਸਗੋਂ ਮਨ ਦੇ ਰੌਲੇ ਦਾ ਰੁਕ ਜਾਣਾ ਹੈ। ਇਹ ਵਿਚਾਰਾਂ ਦਾ ਵਰਤ ਹੈ। ਇਸ ਸੰਦਰਭ ’ਚ ਮਹਾਤਮਾ ਗਾਂਧੀ ਨੇ ਬਿਲਕੁਲ ਸਹੀ ਕਿਹਾ ਸੀ ਕਿ ਮੌਨ ਸਭ ਤੋਂ ਸ਼ਕਤੀਸ਼ਾਲੀ ਭਾਸ਼ਣ ਹੈ। ਅਸਲ ’ਚ ਜਦੋਂ ਸ਼ਬਦਾਂ ਦਾ ਲੋਪ ਹੁੰਦਾ ਹੈ, ਉਦੋਂ ਆਤਮ-ਚਿੰਤਨ ਸ਼ੁਰੂ ਹੁੰਦਾ ਹੈ। ਮੌਨ ਸਾਨੂੰ ਹਾਲਾਤਾਂ ਤੋਂ ਭੱਜਣਾ ਨਹੀਂ ਸਿਖਾਉਂਦਾ, ਸਗੋਂ ਹਕੀਕਤ ਤੋਂ ਜਾਣੂ ਕਰਵਾਉਂਦਾ ਹੈ। ਭਾਰਤੀ ਦਰਸ਼ਨ ’ਚ ਮੌਨ ਨੂੰ ਸਾਧਨਾ ਮੰਨਿਆ ਗਿਆ ਹੈ। ਇਸ ਦਾ ਅਰਥ ਕੇਵਲ ਬੋਲਣਾ ਬੰਦ ਕਰ ਦੇਣਾ ਨਹੀਂ ਹੈ, ਸਗੋਂ ਅੰਦਰ ਉੱਠਣ ਵਾਲੀ ਹਰ ਪ੍ਰਤੀਕਿਰਿਆ ਨੂੰ ਤੁਰੰਤ ਸ਼ਬਦਾਂ ਦਾ ਰੂਪ ਨਾ ਦੇਣਾ ਹੈ। ਕਿਸੇ ਦੇ ਕਠੋਰ ਸ਼ਬਦ ਸੁਣ ਕੇ ਤੁਰੰਤ ਜਵਾਬ ਨਾ ਦੇਣਾ, ਗੁੱਸੇ ’ਚ ਫ਼ੈਸਲਾ ਨਾ ਲੈਣਾ ਤੇ ਦੁੱਖ ’ਚ ਆਪਣੇ ਆਪ ਨੂੰ ਦੋਸ਼ੀ ਨਾ ਮੰਨਣਾ-ਇਹ ਵੀ ਮੌਨ ਦੀ ਸਾਧਨਾ ਹੈ। ਸ਼ਾਂਤ ਮਨ ਉਹ ਦੇਖ ਸਕਦਾ ਹੈ, ਜੋ ਉਤੇਜਿਤ ਮਨ ਤੋਂ ਅਣਦੇਖਿਆ ਰਹਿ ਜਾਂਦਾ ਹੈ। ਕਈ ਵਾਰ ਜੀਵਨ ਦੀ ਸਭ ਤੋਂ ਵੱਡੀ ਉਲਝਣ ਦਾ ਹੱਲ ਕਿਸੇ ਦੂਜੇ ਵਿਅਕਤੀ ਤੋਂ ਨਹੀਂ, ਸਗੋਂ ਸਾਡੇ ਅੰਤਰ-ਮਨ ਤੋਂ ਮਿਲਦਾ ਹੈ। ਇਸ ਲਈ ਕੁਝ ਸਮੇਂ ਲਈ ਆਪਣੇ ਅੰਤਰ-ਮਨ ਨੂੰ ਸ਼ਾਂਤ ਕਰਨਾ ਪੈਂਦਾ ਹੈ, ਤਾਂ ਜੋ ਉਸ ਨਾਲ ਸੰਵਾਦ ਦੀਆਂ ਕੜੀਆਂ ਜੁੜਨ ਲਈ ਅਨੁਕੂਲ ਮਾਹੌਲ ਬਣ ਸਕੇ। ਇਸ ’ਚ ਸਿੱਧੀ ਪ੍ਰਾਪਤ ਕਰਨ ਲਈ ਹਰ ਰੋਜ਼ ਕੁਝ ਪਲਾਂ ਵਾਸਤੇ ਮੌਨ ਦਾ ਅਭਿਆਸ ਕਰੋ। ਇਸ ਲਈ ਕਿਸੇ ਮੰਤਰ ਜਾਂ ਕਿਸੇ ਵਿਸ਼ੇਸ਼ ਵਿਧੀ ਦੀ ਲੋੜ ਨਹੀਂ ਹੈ, ਬਸ ਆਪਣੇ ਆਪ ਨਾਲ ਰਹੋ। ਸ਼ੁਰੂ ’ਚ ਮਨ ਬਹੁਤ ਭਟਕੇਗਾ ਪਰ ਹੌਲੀ-ਹੌਲੀ ਇਹ ਸ਼ਾਂਤ ਹੋਣ ਲੱਗੇਗਾ ਤੇ ਜਿਸ ਦਿਨ ਬਾਹਰੀ ਦੁਨੀਆ ਦਾ ਸ਼ੋਰ ਤੁਹਾਡੇ ਅੰਦਰ ਦਾਖ਼ਲ ਹੋਣਾ ਬੰਦ ਹੋ ਜਾਵੇਗਾ, ਉਸ ਦਿਨ ਤੁਹਾਨੂੰ ਆਪਣੇ ਹੀ ਅੰਦਰੋਂ ਇਕ ਕੰਨਾਂ ਨੂੰ ਮਿੱਠਾ ਲੱਗਣ ਵਾਲੇ ਸੰਗੀਤ ਦਾ ਅਹਿਸਾਸ ਹੋਣ ਲੱਗੇਗਾ।
-ਲਵਲੀ ਆਨੰਦ।