- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਕ ਦੂਜੇ ਨੂੰ ਤਰੱਕੀ ਕਰਦਿਆਂ ਵੇਖਣਾ ਤੇ ਦੂਜਿਆਂ ਦੀ ਤਰੱਕੀ ’ਚ ਆਪਣੇ ਵੱਲੋਂ ਸਹਿਯੋਗ ਦਾ ਹਿੱਸਾ ਪਾਉਣਾ ਵੀ ਉੱਚੇ ਕਿਰਦਾਰ ਦੀ ਨਿਸ਼ਾਨੀ ਹੈ। ਦੂਜਿਆਂ ਲਈ ਸਹਿਯੋਗੀ ਮਨੁੱਖ ਹਮੇਸ਼ਾ ਸੋਭਾ ਦਾ ਪਾਤਰ ਬਣਦਾ ਹੈ। ਦੂਜਿਆਂ ਦੀ ਤਰੱਕੀ ਦੇ ਰਸਤਿਆਂ ’ਚ ਰੋੜੇ ਅਟਕਾਉਣ ਵਾਲਾ ਵਿਅਕਤੀ ਨਾ ਤਾਂ ਖ਼ੁਦ ਕਿਤੇ ਪੁੱਜਦਾ ਹੈ ਤੇ ਨਾ ਹੀ ਕਿਸੇ ਦੂਸਰੇ ਨੂੰ ਕੋਈ ਮੁਕਾਮ ਹਾਸਲ ਕਰਨ ਦਿੰਦਾ ਹੈ।

-ਜਗਜੀਵਨ ਮੀਤ।
ਕਦਰਤ ਨੇ ਸਾਰਾ ਸੰਸਾਰ ਇਕ ਸੂਤਰ ’ਚ ਪਿਰੋਇਆ ਹੋਇਆ ਹੈ। ਕੋਈ ਵੀ ਚੀਜ਼ ਇਕ ਦੂਜੇ ਤੋਂ ਵੱਖ ਕਰ ਕੇ ਨਹੀਂ ਵੇਖੀ ਜਾ ਸਕਦੀ ਹੈ। ਹਵਾ, ਪਾਣੀ, ਮਿੱਟੀ, ਫੁੱਲ ਬੂਟੇ ਤੇ ਮਨੁੱਖਾਂ ਸਮੇਤ ਸਾਰੇ ਜੀਵ ਜੰਤੂ ਇਕ ਦੂਜੇ ਦੇ ਨਾਲ ਕਿਸੇ ਨਾ ਕਿਸੇ ਰੂਪ ’ਚ ਬੱਝੇ ਹੋਏ ਹਨ। ਜੰਗਲ ਦੀ ਆਪਣੀ ਖ਼ੂਬਸੂਰਤੀ ਹੈ। ਸਮਾਜ ਦਾ ਆਪਣਾ ਮਹੱਤਵ ਹੈ। ਅਕਾਸ਼ ਤੋਂ ਲੈ ਕੇ ਪਤਾਲ ਤੱਕ ਸਾਰਾ ਕੁਝ ਇਕੋ ਨਿਯਮ ’ਚ ਬੰਨ੍ਹਿਆ ਹੋਇਆ ਹੈ। ਜੰਗਲੀ ਜੀਵ ਇਕ ਦੂਜੇ ’ਤੇ ਕਿਸੇ ਨਾ ਕਿਸੇ ਰੂਪ ’ਚ ਨਿਰਭਰ ਹਨ। ਇਸੇ ਤਰ੍ਹਾਂ ਮਨੁੱਖ ਨੇ ਜਿੰਨਾ ਵੀ ਧਰਤੀ ’ਤੇ ਵਿਕਾਸ ਕੀਤਾ ਹੈ, ਉਹ ਇਕ ਦੂਜੇ ਦੇ ਸਹਿਯੋਗ ਦਾ ਹੀ ਨਤੀਜਾ ਹੈ। ਕੋਈ ਵੀ ਇਹ ਦਾਅਵਾ ਨਹੀਂ ਕਰ ਸਕਦਾ ਕਿ ਉਹ ਇਕੱਲਾ ਸਫ਼ਲਤਾ ਦੀਆਂ ਪੌੜੀਆਂ ਚੜ੍ਹ ਸਕਦਾ ਹੈ। ਮਨੁੱਖ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦਾ ਕਿ ਉਸ ਨੂੰ ਕਿਸੇ ਦੇ ਸਹਿਯੋਗ ਦੀ ਲੋੜ ਨਹੀਂ ਹੈ। ਸਹਿਯੋਗ ਕਰਨਾ ਤੇ ਸਹਿਯੋਗ ਲੈਣਾ ਇਹ ਦੁਵੱਲੀ ਕਿਰਿਆ ਹੈ ਪਰ ਇਹ ਕਿਰਿਆ ਹਮੇਸ਼ਾ ਹਾਂ-ਪੱਖੀ ਹੋਣੀ ਚਾਹੀਦਾ ਹੈ। ਸਹਿਯੋਗ ਦੀ ਭਾਵਨਾ ਕਦੇ ਵੀ ਅਹਿਸਾਨ ਕਰਨ ਦੀ ਸੋਚ ਵਾਲੀ ਨਹੀਂ ਹੋਣੀ ਚਾਹੀਦੀ ਹੈ। ਮਨੁੱਖ ਦੇ ਨਜ਼ਰੀਏ ਤੋਂ ਇਹ ਗੱਲ ਇਸ ਲਈ ਵੀ ਅਹਿਮ ਹੈ, ਕਿਉਂਕਿ ਇਸ ਭਾਵਨਾ ਨਾਲ ਉਸ ਦੇ ਕਿਰਦਾਰ ਦਾ ਪਤਾ ਚੱਲਦਾ ਹੈ। ਜੇਕਰ ਅਸੀਂ ਸਹਿਯੋਗ ਕਰ ਕੇ ਉਸ ’ਚੋਂ ਹਉਮੈ ਪਾਲਦੇ ਹਾਂ ਤਾਂ ਇਹ ਭਾਵਨਾ ਬੇਅਰਥ ਹੋ ਜਾਂਦੀ ਹੈ। ਸਹਿਯੋਗ ਕਰਨਾ ਆਪਸੀ ਭਾਈਚਾਰੇ ਦੀ ਨੀਂਹ ਹੈ। ਕੋਈ ਵੀ ਸੱਭਿਅਕ ਸਮਾਜ ਉਦੋਂ ਤੱਕ ਤਰੱਕੀ ਨਹੀਂ ਕਰ ਸਕਦਾ, ਜਦੋਂ ਤੱਕ ਉਸ ਦੇ ਬਾਸ਼ਿੰਦਿਆਂ ’ਚ ਇਕ ਦੂਜੇ ਦਾ ਸਹਿਯੋਗ ਕਰਨ ਦੀ ਭਾਵਨਾ ਨਹੀਂ ਹੈ। ਇਕ ਦੂਜੇ ਨੂੰ ਤਰੱਕੀ ਕਰਦਿਆਂ ਵੇਖਣਾ ਤੇ ਦੂਜਿਆਂ ਦੀ ਤਰੱਕੀ ’ਚ ਆਪਣੇ ਵੱਲੋਂ ਸਹਿਯੋਗ ਦਾ ਹਿੱਸਾ ਪਾਉਣਾ ਵੀ ਉੱਚੇ ਕਿਰਦਾਰ ਦੀ ਨਿਸ਼ਾਨੀ ਹੈ। ਦੂਜਿਆਂ ਲਈ ਸਹਿਯੋਗੀ ਮਨੁੱਖ ਹਮੇਸ਼ਾ ਸੋਭਾ ਦਾ ਪਾਤਰ ਬਣਦਾ ਹੈ। ਦੂਜਿਆਂ ਦੀ ਤਰੱਕੀ ਦੇ ਰਸਤਿਆਂ ’ਚ ਰੋੜੇ ਅਟਕਾਉਣ ਵਾਲਾ ਵਿਅਕਤੀ ਨਾ ਤਾਂ ਖ਼ੁਦ ਕਿਤੇ ਪੁੱਜਦਾ ਹੈ ਤੇ ਨਾ ਹੀ ਕਿਸੇ ਦੂਸਰੇ ਨੂੰ ਕੋਈ ਮੁਕਾਮ ਹਾਸਲ ਕਰਨ ਦਿੰਦਾ ਹੈ। ਅਜਿਹੇ ਵਿਅਕਤੀ ਈਰਖਾ, ਸਾੜਾ ਤੇ ਪਿਛਾਂਹ ਖਿੱਚੂ ਸੋਚ ਦੀ ਅੱਗ ’ਚ ਸੜਦੇ ਰਹਿੰਦੇ ਹਨ। ਧਰਤੀ ਸਾਰੇ ਮਨੁੱਖਾਂ ਦੀ ਸਾਂਝੀ ਹੈ ਤੇ ਸਾਰੇ ਹੀ ਬਰਾਬਰ ਰੂਪ ’ਚ ਤਰੱਕੀ ਕਰਨ ਦੇ ਹੱਕਦਾਰ ਹਨ। ਅਸਲ ਮਾਅਨੇ ’ਚ ਸਫ਼ਲ ਮਨੁੱਖ ਉਹੀ ਹੈ, ਜੋ ਦੂਜਿਆਂ ਦੇ ਨਾਲ ਹਮੇਸ਼ਾ ਸਹਿਯੋਗ ਕਰਨ ਦੀ ਭਾਵਨਾ ਨੂੰ ਆਪਣੇ ਕਿਰਦਾਰ ਦਾ ਹਿੱਸਾ ਬਣਾ ਲੈਂਦਾ ਹੈ।