- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਰਜ਼ੋਈ ਦਾ ਸਭ ਤੋਂ ਉੱਤਮ ਰੂਪ ਉਹ ਹੈ, ਜਿਸ ’ਚ ਸਭ ਦੇ ਭਲੇ ਦੀ ਭਾਵਨਾ ਲੁਕੀ ਹੋਵੇ। ਅਰਜ਼ੋਈ ਦਾ ਇਹ ਦੈਵੀ ਸਰੂਪ ਗੰਧਰਵਰਾਜ ਜੀਮੂਤਵਾਹਨ ਦੇ ਜੀਵਨ-ਚਰਿੱਤਰ ’ਚ ਦੇਖਣ ਨੂੰ ਮਿਲਦਾ ਹੈ, ਜੋ ਰਾਜਿਆਂ ਲਈ ਵੀ ਪ੍ਰੇਰਨਾ ਦਾ ਸਰੋਤ ਹੈ। ਵਿਦਿਆਧਰਾਂ ਦੇ ਰਾਜਾ ਜੀਮੂਤਕੇਤੂ ਦਾ ਇਹ ਪੁੱਤਰ ਜਦੋਂ ਰਾਜਗੱਦੀ ’ਤੇ ਬਿਰਾਜਮਾਨ ਹੋਇਆ ਤਾਂ ਉਸ ਨੇ ਆਪਣੀ ਪਰਜਾ ’ਚ ਗ਼ਰੀਬੀ ਦੇਖ ਕੇ ਵਿਚਾਰ ਕੀਤਾ ਕਿ ਸਾਡੇ ਰਾਜ ’ਚ ਪੀੜ੍ਹੀ-ਦਰ-ਪੀੜ੍ਹੀ ਚੱਲੀ ਆ ਰਹੀ ਕਲਪਬਿਰਖ ਦੀ ਅਜਿਹੀ ਸ਼ਕਤੀ ਹੈ, ਜੋ ਹਰ ਮਨੋਕਾਮਨਾ ਪੂਰੀ ਕਰ ਸਕਦਾ ਹੈ ਪਰ ਸਾਡੇ ਪੁਰਖਿਆਂ ਨੇ ਪਰਜਾ ਦੀਆਂ ਲੋੜਾਂ ਵੱਲ ਧਿਆਨ ਦੇਣ ਦੀ ਬਜਾਏ ਕੇਵਲ ਆਪਣੇ ਲਈ ਸੰਸਾਰ ਦੇ ਹਲਕੇ ਪੱਧਰ ਦੇ ਪਦਾਰਥ

ਅਰਜ਼ ਕਰਨੀ ਤੇ ਮੰਗਣਾ ਦੋਵੇਂ ਸਮਾਨਾਰਥਕ ਸ਼ਬਦ ਹਨ ਪਰ ਮੰਗਣ ਦੀ ਵਰਤੋਂ ਆਮ ਸੰਸਾਰਕ ਵਿਹਾਰ ’ਚ ਅਤੇ ਅਰਜ਼ੋਈ ਦੀ ਵਰਤੋਂ ਅਧਿਆਤਮਕ ਸੰਦਰਭ ’ਚ ਕੀਤੀ ਜਾਂਦੀ ਹੈ। ਨਿਮਰਤਾ ਤੇ ਦੀਨਤਾ ਦਾ ਭਾਵ ਵਧੇਰੇ ਹੋਣ ਕਾਰਨ ਅਰਜ਼ੋਈ ਨੂੰ ਆਮ ਤੌਰ ’ਤੇ ਸਵੈਮਾਣ ਦੇ ਵਿਰੁੱਧ ਸਮਝਿਆ ਜਾਂਦਾ ਹੈ ਪਰ ਅਧਿਆਤਮਕ ਖੇਤਰ ’ਚ ਜਦੋਂ ਕੋਈ ਭਗਤ ਆਤਮਿਕ ਕਲਿਆਣ ਦੇ ਨਾਲ-ਨਾਲ ਪਰਉਪਕਾਰ ਦੀ ਭਾਵਨਾ ਲੈ ਕੇ ਪਰਮਾਤਮਾ ਦੇ ਚਰਨਾਂ ’ਚ ਬੈਠਦਾ ਹੈ ਤੇ ਭਗਤੀ ਜਾਂ ਮੁਕਤੀ ਦੀ ਅਰਜ਼ੋਈ ਕਰਦਾ ਹੈ ਤਾਂ ਉਸ ਨੂੰ ਆਤਮਿਕ ਮਾਣ ਦਾ ਅਨੁਭਵ ਹੁੰਦਾ ਹੈ। ਸੰਸਾਰ ’ਚ ਅਰਜ਼ੋਈ ਦੇ ਤਿੰਨ ਰੂਪ ਦੇਖਣ ਨੂੰ ਮਿਲਦੇ ਹਨ-ਉੱਤਮ, ਮੱਧਮ ਤੇ ਆਖ਼ਰੀ। ਦੂਜੇ ਦੇ ਹਿੱਤ ਦੀ ਭਾਵਨਾ ਨਾਲ ਕੀਤੀ ਗਈ ਅਰਜ਼ੋਈ ਉੱਤਮ, ਆਪਣੇ ਸਵਾਰਥ ਲਈ ਕੀਤੀ ਗਈ ਯਾਚਨਾ ਦਰਮਿਆਨੀ, ਜਦਕਿ ਕਿਸੇ ਦੂਜੇ ਦਾ ਬੁਰਾ ਕਰਨ ਦੇ ਉਦੇਸ਼ ਨਾਲ ਕੀਤੀ ਗਈ ਅਰਜ਼ੋਈ ਨੂੰ ਸਭ ਤੋਂ ਨੀਵੇਂ ਦਰਜੇ ਦੀ ਮੰਨਿਆ ਗਿਆ ਹੈ। ਭਸਮਾਸੁਰ ਵਰਗੇ ਦੈਂਤਾਂ ਦੀ ਅਰਜ਼ੋਈ ਇਸੇ ਸ਼੍ਰੇਣੀ ’ਚ ਆਉਂਦੀ ਹੈ। ਅਰਜ਼ੋਈ ਦਾ ਸਭ ਤੋਂ ਉੱਤਮ ਰੂਪ ਉਹ ਹੈ, ਜਿਸ ’ਚ ਸਭ ਦੇ ਭਲੇ ਦੀ ਭਾਵਨਾ ਲੁਕੀ ਹੋਵੇ। ਅਰਜ਼ੋਈ ਦਾ ਇਹ ਦੈਵੀ ਸਰੂਪ ਗੰਧਰਵਰਾਜ ਜੀਮੂਤਵਾਹਨ ਦੇ ਜੀਵਨ-ਚਰਿੱਤਰ ’ਚ ਦੇਖਣ ਨੂੰ ਮਿਲਦਾ ਹੈ, ਜੋ ਰਾਜਿਆਂ ਲਈ ਵੀ ਪ੍ਰੇਰਨਾ ਦਾ ਸਰੋਤ ਹੈ। ਵਿਦਿਆਧਰਾਂ ਦੇ ਰਾਜਾ ਜੀਮੂਤਕੇਤੂ ਦਾ ਇਹ ਪੁੱਤਰ ਜਦੋਂ ਰਾਜਗੱਦੀ ’ਤੇ ਬਿਰਾਜਮਾਨ ਹੋਇਆ ਤਾਂ ਉਸ ਨੇ ਆਪਣੀ ਪਰਜਾ ’ਚ ਗ਼ਰੀਬੀ ਦੇਖ ਕੇ ਵਿਚਾਰ ਕੀਤਾ ਕਿ ਸਾਡੇ ਰਾਜ ’ਚ ਪੀੜ੍ਹੀ-ਦਰ-ਪੀੜ੍ਹੀ ਚੱਲੀ ਆ ਰਹੀ ਕਲਪਬਿਰਖ ਦੀ ਅਜਿਹੀ ਸ਼ਕਤੀ ਹੈ, ਜੋ ਹਰ ਮਨੋਕਾਮਨਾ ਪੂਰੀ ਕਰ ਸਕਦਾ ਹੈ ਪਰ ਸਾਡੇ ਪੁਰਖਿਆਂ ਨੇ ਪਰਜਾ ਦੀਆਂ ਲੋੜਾਂ ਵੱਲ ਧਿਆਨ ਦੇਣ ਦੀ ਬਜਾਏ ਕੇਵਲ ਆਪਣੇ ਲਈ ਸੰਸਾਰ ਦੇ ਹਲਕੇ ਪੱਧਰ ਦੇ ਪਦਾਰਥਾਂ ਦੀ ਅਰਜ਼ੋਈ ਕੀਤੀ। ਇਸ ਤਰ੍ਹਾਂ ਨਾ ਤਾਂ ਕਲਪਵ੍ਰਿੱਖ ਦੀ ਹੋਂਦ ਦਾ ਮਕਸਦ ਪੂਰਾ ਹੋਇਆ ਅਤੇ ਨਾ ਹੀ ਰਾਜਧਰਮ ਦੀ ਪਾਲਣਾ ਹੋ ਸਕੀ। ਇਸ ਨੂੰ ਸਾਰਥਕ ਬਣਾਉਣ ਦਾ ਫ਼ੈਸਲਾ ਕਰਦਿਆਂ ਰਾਜੇ ਨੇ ਕਲਪਬਿਰਖ ਦੀ ਪੂਜਾ ਕੀਤੀ ਤੇ ਬੜੀ ਨਿਮਰਤਾ ਨਾਲ ਸਾਰੀ ਪਰਜਾ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਦੀ ਅਰਜ਼ੋਈ ਕੀਤੀ। ਇਸ ਦੈਵੀ ਅਰਜ਼ੋਈ ਨਾਲ ਨਾ ਸਿਰਫ਼ ਪਰਜਾ, ਸਗੋਂ ਕਲਪਬਿਰਖ ਵੀ ਧੰਨ ਹੋ ਗਿਆ। ਆਪਣੀ ਹੋਂਦ ਨੂੰ ਬੇਅਰਥ ਸਮਝਦਿਆਂ ਉਹ ਰਾਜੇ ’ਤੇ ਫੁੱਲਾਂ ਦੀ ਵਰਖਾ ਕਰਦਾ ਹੋਇਆ ਆਪਣੇ ਲੋਕ ਨੂੰ ਚਲਾ ਗਿਆ। ਸਾਡੀ ਭਾਰਤ ਮਾਤਾ ਵੀ ਕਲਪਬਿਰਖ ਵਾਂਗ ਹੈ, ਜੋ ਆਪਣੀਆਂ ਸਾਰੀਆਂ ਸੰਤਾਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਦੇ ਸਮਰੱਥ ਹੈ। ਸਮਰੱਥ ਲੋਕਾਂ ਦਾ ਫ਼ਰਜ਼ ਹੈ ਕਿ ਉਹ ਸਾਰਿਆਂ ਦੀ ਭਲਾਈ ਅਤੇ ਹਿੱਤਾਂ ਦੀ ਰਾਖੀ ਲਈ ਯਤਨ ਕਰਨ।
-ਡਾ. ਸਤਿਆਪ੍ਰਕਾਸ਼ ਮਿਸ਼ਰਾ।