- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸੇ ਧਾਰਮਿਕ ਮਾਨਤਾ ਅਤੇ ਯਮ ਤੇ ਯਮੁਨਾ ਦੇ ਅਟੁੱਟ ਰਿਸ਼ਤੇ ਨਾਲ ਜੁੜੇ ਵਰਦਾਨ ਦਾ ਲਾਭ ਪ੍ਰਾਪਤ ਕਰਨ ਲਈ ਅੱਜ ਵੀ ਭਾਈ ਦੂਜ ਵਾਲੇ ਦਿਨ ਯਮੁਨਾ ਦੇ ਘਾਟਾਂ 'ਤੇ ਹਜ਼ਾਰਾਂ ਸ਼ਰਧਾਲੂਆਂ ਦੀ ਭੀੜ ਉਮੜਦੀ ਹੈ। ਭੈਣਾਂ ਆਪਣੇ ਭਰਾਵਾਂ ਦੀ ਲੰਬੀ ਉਮਰ ਅਤੇ ਅਕਾਲ ਮੌਤ ਦੇ ਡਰ ਤੋਂ ਮੁਕਤੀ ਦੀ ਕਾਮਨਾ ਕਰਦੀਆਂ ਹਨ।

ਧਰਮ ਡੈਸਕ, ਨਵੀਂ ਦਿੱਲੀ: ਭਾਈ ਦੂਜ ਦਾ ਤਿਉਹਾਰ ਸਿਰਫ਼ ਭੈਣ-ਭਰਾ ਦੇ ਰਿਸ਼ਤੇ ਵਿੱਚ ਪਿਆਰ ਅਤੇ ਵਿਸ਼ਵਾਸ ਦਾ ਪ੍ਰਤੀਕ ਹੀ ਨਹੀਂ ਹੈ, ਸਗੋਂ ਇਸ ਨਾਲ ਇਕ ਅਜਿਹੀ ਪੌਰਾਣਿਕ ਮਾਨਤਾ ਵੀ ਜੁੜੀ ਹੋਈ ਹੈ, ਜਿਸ ਦਾ ਸਬੰਧ ਮੌਤ ਦੇ ਦੇਵਤਾ ਯਮਰਾਜ ਨਾਲ ਹੈ। ਹਰ ਸਾਲ ਭਾਈ ਦੂਜ ਦਾ ਤਿਉਹਾਰ ਕੱਤਕ ਮਹੀਨੇ ਦੇ ਸ਼ੁਕਲ ਪੱਖ ਦੀ ਦੂਜ ਤਿਥੀ ਨੂੰ ਮਨਾਇਆ ਜਾਂਦਾ ਹੈ। ਇਸ ਨੂੰ ਯਮ ਦੂਜ ਵੀ ਕਿਹਾ ਜਾਂਦਾ ਹੈ।
ਇਸ ਤਿਉਹਾਰ ਨੂੰ ਲੈ ਕੇ ਮਾਨਤਾ ਹੈ ਕਿ ਇਸੇ ਤਿਥੀ 'ਤੇ ਯਮ ਦੇਵ ਦੀ ਭੈਣ ਯਮੁਨਾ ਨੇ ਆਪਣੇ ਭਰਾ ਨੂੰ ਘਰ ਆਉਣ ਦਾ ਸੱਦਾ ਦਿੱਤਾ ਸੀ ਅਤੇ ਉਨ੍ਹਾਂ ਦੇ ਮੱਥੇ 'ਤੇ ਤਿਲਕ ਲਗਾ ਕੇ ਭੋਜਨ ਕਰਵਾਇਆ ਸੀ। ਉਦੋਂ ਤੋਂ ਹੀ ਭਾਈ ਦੂਜ ਵਾਲੇ ਦਿਨ ਭੈਣਾਂ ਆਪਣੇ ਭਰਾਵਾਂ ਦੇ ਮੱਥੇ 'ਤੇ ਤਿਲਕ ਲਗਾ ਕੇ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ।
ਇੰਨਾ ਹੀ ਨਹੀਂ, ਇਸ ਦਿਨ ਯਮੁਨਾ ਨਦੀ ਵਿੱਚ ਇਸ਼ਨਾਨ ਕਰਨਾ ਵੀ ਵਿਸ਼ੇਸ਼ ਫਲਦਾਇਕ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਅਜਿਹਾ ਕਰਨ ਨਾਲ ਵਿਅਕਤੀ ਨੂੰ ਯਮਰਾਜ ਦੇ ਡਰ ਤੋਂ ਮੁਕਤੀ ਮਿਲਦੀ ਹੈ ਅਤੇ ਅਕਾਲ ਮੌਤ ਦਾ ਖ਼ਤਰਾ ਵੀ ਦੂਰ ਹੋ ਜਾਂਦਾ ਹੈ। ਆਓ ਜਾਣਦੇ ਹਾਂ ਕਿ ਇਸ ਦਿਨ ਯਮੁਨਾ ਨਦੀ ਵਿੱਚ ਇਸ਼ਨਾਨ ਕਰਨਾ ਸ਼ੁਭ ਕਿਉਂ ਮੰਨਿਆ ਜਾਂਦਾ ਹੈ।
ਯਮਰਾਜ ਨੂੰ ਭੈਣ ਯਮੁਨਾ ਨੇ ਦਿੱਤਾ ਸੀ ਸੱਦਾ
ਪੌਰਾਣਿਕ ਕਥਾ ਅਨੁਸਾਰ, ਸੂਰਜ ਦੇਵਤਾ ਅਤੇ ਸੰਜਨਾ ਦੇ ਪੁੱਤਰ ਯਮਰਾਜ ਅਤੇ ਧੀ ਯਮੁਨਾ ਭੈਣ-ਭਰਾ ਸਨ। ਦੋਵਾਂ ਵਿਚਾਲੇ ਬਹੁਤ ਪਿਆਰ ਸੀ। ਯਮੁਨਾ ਦੀ ਇੱਛਾ ਸੀ ਕਿ ਉਨ੍ਹਾਂ ਦੇ ਭਰਾ ਯਮਰਾਜ ਉਨ੍ਹਾਂ ਦੇ ਘਰ ਆਉਣ ਅਤੇ ਉਨ੍ਹਾਂ ਦੇ ਹੱਥਾਂ ਦਾ ਬਣਿਆ ਭੋਜਨ ਛਕਣ। ਉਹ ਕਈ ਵਾਰ ਯਮਰਾਜ ਨੂੰ ਸੱਦਾ ਦਿੰਦੀ ਸੀ, ਪਰ ਰੁਝੇਵਿਆਂ ਕਾਰਨ ਉਹ ਉਸ ਦੇ ਘਰ ਨਹੀਂ ਜਾ ਸਕਦੇ ਸਨ। ਆਖ਼ਰਕਾਰ ਇਕ ਦਿਨ ਕੱਤਕ ਮਹੀਨੇ ਦੇ ਸ਼ੁਕਲ ਪੱਖ ਦੀ ਦੂਜ ਤਿਥੀ ਨੂੰ ਯਮਰਾਜ ਆਪਣੀ ਭੈਣ ਯਮੁਨਾ ਦੇ ਘਰ ਪਹੁੰਚੇ।
ਆਪਣੇ ਭਰਾ ਨੂੰ ਦੇਖ ਕੇ ਯਮੁਨਾ ਬੇਹੱਦ ਖ਼ੁਸ਼ ਹੋਈ। ਉਸ ਨੇ ਉਨ੍ਹਾਂ ਦਾ ਆਦਰ-ਸਤਿਕਾਰ ਕੀਤਾ, ਮੱਥੇ 'ਤੇ ਤਿਲਕ ਲਗਾਇਆ ਅਤੇ ਪਿਆਰ ਨਾਲ ਭੋਜਨ ਕਰਵਾਇਆ। ਭੈਣ ਦੇ ਇਸ ਪਿਆਰ ਤੋਂ ਪ੍ਰਸੰਨ ਹੋ ਕੇ ਯਮਰਾਜ ਨੇ ਉਸ ਨੂੰ ਵਰਦਾਨ ਦਿੱਤਾ ਕਿ ਜਿਹੜਾ ਵੀ ਭਰਾ ਯਮ ਦੂਜ ਵਾਲੇ ਦਿਨ ਆਪਣੀ ਭੈਣ ਦੇ ਘਰ ਭੋਜਨ ਕਰੇਗਾ, ਉਸ ਦੇ ਜੀਵਨ ਵਿੱਚੋਂ ਅਕਾਲ ਮੌਤ ਦਾ ਡਰ ਦੂਰ ਹੋ ਜਾਵੇਗਾ।
ਯਮਰਾਜ ਤੋਂ ਭੈਣ ਯਮੁਨਾ ਨੇ ਮੰਗਿਆ ਸੀ ਇਹ ਵਰਦਾਨ
ਯਮੁਨਾ ਨੇ ਆਪਣੇ ਭਰਾ ਯਮਰਾਜ ਤੋਂ ਇਕ ਹੋਰ ਵਰਦਾਨ ਵੀ ਮੰਗਿਆ ਕਿ ਜਿਹੜਾ ਵੀ ਵਿਅਕਤੀ ਭਾਈ ਦੂਜ ਵਾਲੇ ਦਿਨ ਯਮੁਨਾ ਨਦੀ ਵਿੱਚ ਇਸ਼ਨਾਨ ਕਰੇਗਾ, ਉਸ ਨੂੰ ਕਦੇ ਵੀ ਯਮਰਾਜ ਦਾ ਡਰ ਨਹੀਂ ਸਤਾਏਗਾ। ਇਸ ਤੋਂ ਇਲਾਵਾ ਉਸ ਦੇ ਜੀਵਨ ਵਿੱਚੋਂ ਅਕਾਲ ਮੌਤ ਦਾ ਖ਼ਤਰਾ ਵੀ ਦੂਰ ਹੋ ਜਾਵੇਗਾ। ਉਦੋਂ ਤੋਂ ਹੀ ਯਮ ਦੂਜ ਵਾਲੇ ਦਿਨ ਯਮੁਨਾ ਨਦੀ ਵਿੱਚ ਇਸ਼ਨਾਨ ਕਰਨ ਦੀ ਪਰੰਪਰਾ ਚੱਲੀ ਆ ਰਹੀ ਹੈ।
ਮਾਨਤਾ ਹੈ ਕਿ ਅਜਿਹਾ ਕਰਨ ਵਾਲਾ ਵਿਅਕਤੀ ਨਿਡਰ ਹੋ ਜਾਂਦਾ ਹੈ ਅਤੇ ਉਸ ਨੂੰ ਮੌਤ ਦਾ ਡਰ ਵੀ ਨਹੀਂ ਰਹਿੰਦਾ। ਇੰਨਾ ਹੀ ਨਹੀਂ, ਇਸ ਦਿਨ ਯਮੁਨਾ ਨਦੀ ਵਿੱਚ ਇਸ਼ਨਾਨ ਕਰਨ ਵਾਲੇ ਦੇ ਜੀਵਨ ਵਿੱਚ ਕਦੇ ਵੀ ਮੁਸ਼ਕਲਾਂ ਨਹੀਂ ਆਉਂਦੀਆਂ ਅਤੇ ਖ਼ੁਸ਼ਹਾਲੀ ਬਣੀ ਰਹਿੰਦੀ ਹੈ।
ਇਸੇ ਧਾਰਮਿਕ ਮਾਨਤਾ ਅਤੇ ਯਮ ਤੇ ਯਮੁਨਾ ਦੇ ਅਟੁੱਟ ਰਿਸ਼ਤੇ ਨਾਲ ਜੁੜੇ ਵਰਦਾਨ ਦਾ ਲਾਭ ਪ੍ਰਾਪਤ ਕਰਨ ਲਈ ਅੱਜ ਵੀ ਭਾਈ ਦੂਜ ਵਾਲੇ ਦਿਨ ਯਮੁਨਾ ਦੇ ਘਾਟਾਂ 'ਤੇ ਹਜ਼ਾਰਾਂ ਸ਼ਰਧਾਲੂਆਂ ਦੀ ਭੀੜ ਉਮੜਦੀ ਹੈ। ਭੈਣਾਂ ਆਪਣੇ ਭਰਾਵਾਂ ਦੀ ਲੰਬੀ ਉਮਰ ਅਤੇ ਅਕਾਲ ਮੌਤ ਦੇ ਡਰ ਤੋਂ ਮੁਕਤੀ ਦੀ ਕਾਮਨਾ ਕਰਦੀਆਂ ਹਨ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ, ਲਾਭ, ਸਲਾਹ ਅਤੇ ਵਿਚਾਰ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਇਸ ਲੇਖ ਵਿੱਚ ਦਿੱਤੀਆਂ ਗੱਲਾਂ ਦੀ ਪੁਸ਼ਟੀ ਨਹੀਂ ਕਰਦਾ। ਇਸ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਸਰੋਤਾਂ, ਜੋਤਸ਼ੀਆਂ, ਪੰਚਾਂਗਾਂ, ਪ੍ਰਵਚਨਾਂ, ਧਾਰਮਿਕ ਮਾਨਤਾਵਾਂ, ਧਰਮ ਗ੍ਰੰਥਾਂ ਅਤੇ ਲੋਕ ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਇਸ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਜਾਗਰਣ ਸਮੂਹ ਅੰਧਵਿਸ਼ਵਾਸ ਦੇ ਵਿਰੁੱਧ ਹੈ।