- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋੜ ਇਸ ਗੱਲ ਦੀ ਹੈ ਕਿ ਧਰਮ ਨੂੰ ਸਿਰਫ਼ ਉਪਦੇਸ਼ ਦਾ ਵਿਸ਼ਾ ਬਣਾਉਣ ਦੀ ਬਜਾਏ ਜੀਵਨ ਦੇ ਆਚਰਨ ’ਚ ਵੀ ਅਪਣਾਇਆ ਜਾਵੇ। ਅੱਜ ਹਰੇਕ ਵਿਅਕਤੀ ਨੂੰ ਆਪਣੇ ਅੰਤਰ-ਮਨ ’ਚ ਪਾਂਚਜਨਿਆ ਦਾ ਸ਼ੰਖਨਾਦ ਕਰਨਾ ਪਵੇਗਾ। ਮਾਪੇ ਆਪਣੀ ਔਲਾਦ ’ਚ ਚੰਗੇ ਸੰਸਕਾਰਾਂ ਦੇ ਬੀਜ ਬੀਜਣ, ਅਧਿਆਪਕ ਚਰਿੱਤਰ ਨਿਰਮਾਣ ਨੂੰ ਸਿੱਖਿਆ ਦਾ ਆਧਾਰ ਬਣਾਉਣ, ਧਰਮ ਆਚਾਰੀਆ ਸਮਾਜ ਨੂੰ ਆਪਸੀ ਸਦਭਾਵਨਾ, ਭਾਈਚਾਰੇ ਅਤੇ ਸਦਾਚਾਰ ਦਾ ਰਾਹ ਦਿਖਾਉਣ ਅਤੇ ਨੌਜਵਾਨ ਸ਼ਕਤੀ ਦੇਸ਼ ਤੇ ਸੱਭਿਆਚਾਰ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਏ।

ਭਾਰਤੀ ਸੱਭਿਆਚਾਰ ’ਚ ਧਰਮ-ਜਾਗਰਣ ਲਈ ਸ਼ੰਖਨਾਦ ਦਾ ਦੈਵੀ ਐਲਾਨ ਸਦਾ ਹੀ ਸਤਪੁਰਸ਼ਾਂ ਵੱਲੋਂ ਹਰ ਖੇਤਰ ’ਚ ਹੁੰਦਾ ਆਇਆ ਹੈ। ਸ਼ੰਖਨਾਦ ਕੇਵਲ ਕਿਸੇ ਧਾਰਮਿਕ ਰਸਮ ਦਾ ਰਵਾਇਤੀ ਵਿਧਾਨ ਨਹੀਂ, ਸਗੋਂ ਇਹ ਧਰਮ, ਚੇਤਨਾ, ਸਦਾਚਾਰ ਤੇ ਅਧਿਆਤਮਿਕ ਜਾਗਰਣ ਦਾ ਦੈਵੀ ਸੰਦੇਸ਼ ਹੈ। ਭਗਵਾਨ ਸ੍ਰੀ ਕ੍ਰਿਸ਼ਨ ਦਾ ਪਾਂਚਜਨਇਆ ਸ਼ੰਖ ਇਸੇ ਸਦੀਵੀ ਚੇਤਨਾ ਦਾ ਪ੍ਰਤੀਕ ਹੈ। ਮਹਾਭਾਰਤ ਦੇ ਭਿਆਨਕ ਧਰਮ ਯੁੱਧ ਦੇ ਆਰੰਭ ਸਮੇਂ ਜਦੋਂ ਸ੍ਰੀ ਕ੍ਰਿਸ਼ਨ ਨੇ ਪਾਂਚਜਨਿਆ ਸ਼ੰਖ ਵਜਾਇਆ ਤਾਂ ਉਹ ਕੇਵਲ ਯੁੱਧ ਦਾ ਐਲਾਨ ਨਹੀਂ ਸੀ, ਸਗੋਂ ਅਧਰਮ ਵਿਰੁੱਧ ਧਰਮ ਦੀ ਸਥਾਪਨਾ ਕਰਨ ਦਾ ਸੰਕਲਪ ਸੀ। ਇਹ ਸ਼ੰਖਨਾਦ ਸਾਨੂੰ ਯਾਦ ਦਿਵਾਉਂਦਾ ਹੈ ਕਿ ਜਦੋਂ ਸਮਾਜ ’ਚ ਅਧਰਮ, ਬੇਇਨਸਾਫ਼ੀ, ਕੁਕਰਮ, ਸੁਆਰਥ ਤੇ ਨੈਤਿਕ ਕਦਰਾਂ-ਕੀਮਤਾਂ ਦਾ ਪਤਨ ਹੋਣ ਲੱਗੇ ਤਾਂ ਸੱਜਣ ਸ਼ਕਤੀ ਦਾ ਚੁੱਪ ਰਹਿਣਾ ਉਚਿਤ ਨਹੀਂ। ਧਰਮ ਕੇਵਲ ਪੂਜਾ-ਪਾਠ, ਕਰਮਕਾਂਡ ਜਾਂ ਬਾਹਰੀ ਦਿਖਾਵੇ ਤੱਕ ਸੀਮਤ ਨਹੀਂ ਹੈ। ਸੱਚਾਈ, ਦਇਆ, ਪਰਉਪਕਾਰ, ਨਾਰੀ ਸਨਮਾਨ, ਜੀਵਾਂ ਪ੍ਰਤੀ ਦਇਆ, ਫ਼ਰਜ਼ਾਂ ਦੀ ਪਾਲਣਾ ਤੇ ਸੰਜਮ ਵੀ ਧਰਮ ਦੇ ਲਾਜ਼ਮੀ ਪੱਖ ਹਨ। ਅੱਜ ਪਦਾਰਥਵਾਦ, ਖਪਤਵਾਦੀ ਰੁਚੀਆਂ, ਪਰਿਵਾਰਕ ਟੁੱਟ-ਭੱਜ, ਸੰਸਕਾਰਾਂ ਦੀ ਘਾਟ ਅਤੇ ਸੁਆਰਥੀ ਜੀਵਨ-ਦ੍ਰਿਸ਼ਟੀ ਕਾਰਨ ਮਨੁੱਖੀ ਰਿਸ਼ਤਿਆਂ ਦੀ ਪਵਿੱਤਰਤਾ ਪ੍ਰਭਾਵਿਤ ਹੋ ਰਹੀ ਹੈ। ਲੋੜ ਇਸ ਗੱਲ ਦੀ ਹੈ ਕਿ ਧਰਮ ਨੂੰ ਸਿਰਫ਼ ਉਪਦੇਸ਼ ਦਾ ਵਿਸ਼ਾ ਬਣਾਉਣ ਦੀ ਬਜਾਏ ਜੀਵਨ ਦੇ ਆਚਰਨ ’ਚ ਵੀ ਅਪਣਾਇਆ ਜਾਵੇ। ਅੱਜ ਹਰੇਕ ਵਿਅਕਤੀ ਨੂੰ ਆਪਣੇ ਅੰਤਰ-ਮਨ ’ਚ ਪਾਂਚਜਨਿਆ ਦਾ ਸ਼ੰਖਨਾਦ ਕਰਨਾ ਪਵੇਗਾ। ਮਾਪੇ ਆਪਣੀ ਔਲਾਦ ’ਚ ਚੰਗੇ ਸੰਸਕਾਰਾਂ ਦੇ ਬੀਜ ਬੀਜਣ, ਅਧਿਆਪਕ ਚਰਿੱਤਰ ਨਿਰਮਾਣ ਨੂੰ ਸਿੱਖਿਆ ਦਾ ਆਧਾਰ ਬਣਾਉਣ, ਧਰਮ ਆਚਾਰੀਆ ਸਮਾਜ ਨੂੰ ਆਪਸੀ ਸਦਭਾਵਨਾ, ਭਾਈਚਾਰੇ ਅਤੇ ਸਦਾਚਾਰ ਦਾ ਰਾਹ ਦਿਖਾਉਣ ਅਤੇ ਨੌਜਵਾਨ ਸ਼ਕਤੀ ਦੇਸ਼ ਤੇ ਸੱਭਿਆਚਾਰ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਏ। ਯਾਦ ਰਹੇ ਕਿ ਪਾਂਚਜਨਿਆ ਦਾ ਅਸਲ ਨਾਦ ਕਿਸੇ ਬਾਹਰੀ ਸੰਘਰਸ਼ ਦਾ ਨਹੀਂ, ਸਗੋਂ ਮਨੁੱਖ ਦੇ ਅੰਤਰ-ਮਨ ’ਚ ਸੁੱਤੀ ਪਈ ਧਰਮ-ਚੇਤਨਾ ਨੂੰ ਜਗਾਉਣ ਦਾ ਨੈਤਿਕ ਸੱਦਾ ਹੈ। ਇਹੋ ਸ਼ੰਖਨਾਦ ਅੱਜ ਦੇ ਧਰਮ ਤੋਂ ਦੂਰ ਹੁੰਦੇ ਜਾ ਰਹੇ ਸਮਾਜ ’ਚ ਸੁਧਾਰ ਲਿਆ ਕੇ ਸੱਚ, ਪਿਆਰ ਤੇ ਲੋਕ-ਭਲਾਈ ਦੀ ਸਥਾਪਨਾ ਦਾ ਰਾਹ ਪੱਧਰਾ ਕਰ ਸਕਦਾ ਹੈ।
-ਆਚਾਰੀਆ ਨਾਰਾਇਣ ਦਾਸ।