ਮਨੁੱਖਤਾ ਦੀ ਸੇਵਾ
ਸਭ ਧਰਮਾਂ 'ਚ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਦਿੱਤਾ ਗਿਆ ਹੈ। ਪਰਮਾਤਮਾ ਦੀ ਭਗਤੀ ਤੋਂ ਬਾਅਦ ਜੇ ਕਿਸੇ ਹੋਰ ਉੱਤਮ ਕਰਮ ਦੀ ਗੱਲ ਕੀਤੀ ਜਾਵੇ ਤਾਂ ਉਹ ਮਾਨਵ ਸੇਵਾ ਹੀ ਹੈ।
Publish Date: Mon, 31 Aug 2020 11:28 PM (IST)
Updated Date: Tue, 01 Sep 2020 07:00 AM (IST)

ਸਭ ਧਰਮਾਂ 'ਚ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਦਿੱਤਾ ਗਿਆ ਹੈ। ਪਰਮਾਤਮਾ ਦੀ ਭਗਤੀ ਤੋਂ ਬਾਅਦ ਜੇ ਕਿਸੇ ਹੋਰ ਉੱਤਮ ਕਰਮ ਦੀ ਗੱਲ ਕੀਤੀ ਜਾਵੇ ਤਾਂ ਉਹ ਮਾਨਵ ਸੇਵਾ ਹੀ ਹੈ। ਮਨੁੱਖਤਾ ਦੇ ਸੇਵਕਾਂ ਲਈ ਭਗਤੀ ਦਾ ਮਾਰਗ ਸੁਖਾਲ਼ਾ ਹੋ ਜਾਂਦਾ ਹੈ। ਇਸ ਸਦਕਾ ਆਤਮ ਸੰਤੁਸ਼ਟੀ ਅਤੇ ਆਤਮ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਮਾਨਵ ਸੇਵਾ ਦਾ ਅਰਥ ਕਿਸੇ ਵਿਅਕਤੀ ਵਿਸ਼ੇਸ਼ ਦੀ ਸੇਵਾ ਨਹੀਂ ਅਤੇ ਨਾ ਹੀ ਅਜਿਹੇ ਕਿਸੇ ਮਨੁੱਖ ਦੀ ਸੇਵਾ ਹੈ ਜਿਸ ਕੋਲ ਸੁੱਖ-ਸੁਵਿਧਾ ਦੇ ਅਨੇਕਾਂ ਸਾਧਨ ਹਨ। ਦਰਅਸਲ, ਮਾਨਵ ਸੇਵਾ ਦਾ ਅਰਥ ਹੈ-ਲੋੜਵੰਦ ਇਨਸਾਨਾਂ ਦੀ ਸੇਵਾ ਕਰਨੀ। ਨਿਆਸਰਿਆਂ ਨੂੰ ਆਸਰਾ ਦੇਣਾ ਹੀ ਮਾਨਵ ਸੇਵਾ ਹੈ। ਕਿਸੇ ਭੁੱਖੇ ਅਤੇ ਲਾਚਾਰ ਨੂੰ ਖਾਣਾ ਖੁਆਉਣਾ, ਪਿਆਸੇ ਨੂੰ ਪਾਣੀ ਪਿਆਉਣਾ, ਗ਼ਰੀਬ ਦੀ ਲੜਕੀ ਦੀ ਸ਼ਾਦੀ ਵਿਚ ਆਰਥਿਕ ਮਦਦ ਕਰਨਾ, ਕਿਸੇ ਗ਼ਰੀਬ ਵਿਦਿਆਰਥੀ ਦੀ ਪੜ੍ਹਾਈ ਲਈ ਆਰਥਿਕ ਮਦਦ ਕਰਨਾ, ਲੋੜਵੰਦ ਮਰੀਜ਼ਾਂ ਲਈ ਦਵਾਈਆਂ ਦਾ ਪ੍ਰਬੰਧ ਕਰਨਾ, ਲੋੜ ਪੈਣ 'ਤੇ ਖ਼ੂਨਦਾਨ ਕਰਨਾ, ਮਰਨ ਤੋਂ ਬਾਅਦ ਅੱਖਾਂ ਦਾਨ ਕਰਨਾ, ਬੇਘਰਿਆਂ ਨੂੰ ਮਕਾਨ ਬਣਾ ਕੇ ਦੇਣਾ, ਜਨਤਕ ਥਾਵਾਂ ਦੀ ਸੇਵਾ-ਸੰਭਾਲ ਕਰਨੀ, ਪੇੜ ਪੌਦੇ ਲਗਾਉਣਾ ਅਤੇ ਉਨ੍ਹਾਂ ਦੀ ਪੂਰੀ ਸੰਭਾਲ ਕਰਨੀ ਆਦਿ ਕੰਮ ਮਾਨਵ ਸੇਵਾ ਹੀ ਗਿਣੇ ਜਾਂਦੇ ਹਨ। ਅਨੇਕਾਂ ਹੋਰ ਅਜਿਹੇ ਕੰਮ ਹਨ ਜਿਨ੍ਹਾਂ ਨੂੰ ਕਰ ਕੇ ਅਸੀਂ ਮਾਨਵਤਾ ਦੀ ਸੇਵਾ ਕਰ ਸਕਦੇ ਹਾਂ। ਸਾਨੂੰ ਆਪਣੇ ਕੀਮਤੀ ਸਮੇਂ 'ਚੋਂ ਥੋੜ੍ਹਾ ਸਮਾਂ ਕੱਢ ਕੇ ਲੋਕ ਭਲਾਈ ਦੇ ਕੰਮਾਂ ਵਿਚ ਹਿੱਸਾ ਲੈਣਾ ਚਾਹੀਦਾ ਹੈ। ਮਾਨਵ ਸੇਵਾ ਕਰਦਿਆਂ ਸਾਨੂੰ ਜਾਤ-ਪਾਤ, ਰੰਗ, ਨਸਲ, ਭਾਸ਼ਾ ਅਤੇ ਧਰਮ ਆਦਿ ਤੋਂ ਨਿਰਲੇਪ ਰਹਿਣਾ ਚਾਹੀਦਾ ਹੈ। ਭਾਈ ਘਨੱ੍ਹਈਆ ਜੀ ਵਾਂਗ ਨਿਸਵਾਰਥ ਅਤੇ ਨਿਰਪੱਖ ਹੋ ਕੇ ਹਰ ਲੋੜਵੰਦ ਦੀ ਸਹਾਇਤਾ ਕਰਨੀ ਚਾਹੀਦੀ ਹੈ। ਤਨ, ਮਨ ਅਤੇ ਧਨ ਨਾਲ ਕੀਤੀ ਸੇਵਾ ਸਭ ਤੋਂ ਉੱਤਮ ਮੰਨੀ ਜਾਂਦੀ ਹੈ। ਜੇਕਰ ਅਸੀਂ ਇਨ੍ਹਾਂ 'ਚੋਂ ਕਿਸੇ ਇਕ ਵਿਚ ਊਣੇ ਹਾਂ ਤਾਂ ਵੀ ਪਿੱਛੇ ਨਹੀਂ ਹਟਣਾ ਚਾਹੀਦਾ। ਜੇ ਧਨ ਨਹੀਂ ਤਾਂ ਤਨ ਤੇ ਮਨ ਨਾਲ ਸੇਵਾ ਕੀਤੀ ਜਾ ਸਕਦੀ ਹੈ। ਜੇ ਤਨੋਂ ਤੇ ਮਨੋਂ ਸੇਵਾ ਨਹੀਂ ਕਰ ਸਕਦੇ ਤਾਂ ਧਨ ਨਾਲ ਸੇਵਾ ਕਰਨੀ ਚਾਹੀਦੀ ਹੈ। ਜੇਕਰ ਸਾਡੇ ਘਰ-ਪਰਿਵਾਰ 'ਚ ਕੋਈ ਬਿਮਾਰ ਹੈ, ਲਾਚਾਰ ਹੈ, ਲੋੜਵੰਦ ਹੈ ਜਿਸ ਨੂੰ ਸਾਡੀ ਮਦਦ ਦੀ ਲੋੜ ਹੈ ਅਤੇ ਅਸੀਂ ਉਸ ਨੂੰ ਛੱਡ ਕੇ ਬਾਹਰ ਸੇਵਾ ਕਰਦੇ ਫਿਰਦੇ ਹਾਂ ਤਾਂ ਇਹ ਕੋਈ ਚੰਗੀ ਗੱਲ ਨਹੀਂ। ਪਹਿਲਾਂ ਪਰਿਵਾਰ ਪ੍ਰਤੀ ਫ਼ਰਜ਼ ਨਿਭਾਓ, ਫਿਰ ਬਾਹਰ ਜਾ ਕੇ ਸੇਵਾ ਕਰੋ। -ਯਸ਼ਪਾਲ ਮਾਹਵਰ, ਸ੍ਰੀ ਮੁਕਤਸਰ ਸਾਹਿਬ।