- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਦਰਸ਼ਨ ਦੇ ਨਜ਼ਰੀਏ ਤੋਂ ਸ਼ੁਕਾਰਗੁਜ਼ਾਰੀ ਕੋਈ ਥੋਪੀ ਹੋਈ ਸ਼ਿਸ਼ਟਾਚਾਰ ਦੀ ਰਸਮ ਜਾਂ ਮਜਬੂਰੀ ਨਹੀਂ, ਸਗੋਂ ਜੀਵਨ ਨੂੰ ਦੇਖਣ ਅਤੇ ਸਮਝਣ ਦੀ ਇਕ ਪਰਿਪੱਕ ਚੇਤਨਾ ਹੈ। ਜਿਸ ਤਰ੍ਹਾਂ ਕੁਦਰਤ ਅਤੇ ਸੂਰਜ ਬਿਨਾਂ ਕਿਸੇ ਭੇਦਭਾਵ ਦੇ ਸਮੁੱਚੀ ਸ੍ਰਿਸ਼ਟੀ ਨੂੰ ਰੌਸ਼ਨੀ ਅਤੇ ਜੀਵਨ-ਊਰਜਾ ਪ੍ਰਦਾਨ ਕਰਦੇ ਹਨ, ਉਸੇ ਤਰ੍ਹਾਂ ਸਾਡਾ ਸਰੀਰ, ਸਾਡੇ ਰਿਸ਼ਤੇ ਅਤੇ ਜੀਵਨ ਦਾ ਹਰ ਪਲ ਸਾਨੂੰ ਹੋਂਦ ਦਾ ਅਹਿਸਾਸ ਕਰਵਾਉਂਦੇ ਹਨ।

ਮਨੁੱਖੀ ਚੇਤਨਾ ਅਕਸਰ ਸੋਚ ਦੇ ਘਾਟਿਆਂ ’ਚ ਉਲਝ ਕੇ ਇਹ ਹਿਸਾਬ ਲਗਾਉਣ ’ਚ ਲੱਗੀ ਰਹਿੰਦੀ ਹੈ ਕਿ ਉਸ ਕੋਲ ਕੀ ਨਹੀਂ ਹੈ। ਜਦੋਂ ਤੁਲਨਾ ਕਰਨ ਦਾ ਰੁਝਾਨ ਮਨੁੱਖ ਦੇ ਮਨ ’ਤੇ ਭਾਰੂ ਹੋ ਜਾਂਦਾ ਹੈ, ਤਾਂ ਉਸ ਨੂੰ ਦੂਜਿਆਂ ਦੀ ਭੌਤਿਕ ਦੌਲਤ, ਮਾਣ-ਮਰਿਆਦਾ ਅਤੇ ਬਾਹਰੀ ਚਮਕ-ਦਮਕ ਹੀ ਅਸਲੀਅਤ ਜਾਪਣ ਲੱਗਦੀ ਹੈ, ਜਦੋਂਕਿ ਆਪਣੇ ਕੋਲ ਮੌਜੂਦ ਜੀਵਨ ਦੀਆਂ ਅਨਮੋਲ ਦਾਤਾਂ ਉਸ ਦੀਆਂ ਨਜ਼ਰਾਂ ਤੋਂ ਓਹਲੇ ਹੋ ਜਾਂਦੀਆਂ ਹਨ। ਭਾਰਤੀ ਅਧਿਆਤਮਿਕ ਚਿੰਤਨ ਇਸ ਬਾਹਰੀ ਮਾਪਦੰਡ ਦੀ ਵੱਖਰੀ ਵਿਆਖਿਆ ਕਰਦਾ ਹੈ। ਭਾਰਤ ਦੇ ਰਿਸ਼ੀ-ਮੁਨੀਆਂ ਨੇ ਮਾਨਸਿਕ ਤੇ ਅੰਦਰੂਨੀ ਸੰਤੁਸ਼ਟੀ ਨੂੰ ਹੀ ਅਸਲ ਖ਼ੁਸ਼ਹਾਲੀ ਮੰਨਿਆ ਹੈ। ਜਦੋਂ ਮਨ ਅਸ਼ਾਂਤ ਹੋਵੇ ਅਤੇ ਅਧੂਰੇਪਣ ਦੀ ਭਾਵਨਾ ਨਾਲ ਘਿਰਿਆ ਹੋਵੇ, ਉਦੋਂ ਭੌਤਿਕ ਸਾਧਨਾਂ ਦੀ ਬਹੁਤਾਤ ਵੀ ਮਨੁੱਖ ਨੂੰ ਸੱਚਾ ਸੁੱਖ ਨਹੀਂ ਦੇ ਸਕਦੀ। ਇਸ ਦੇ ਉਲਟ, ਜਦੋਂ ਸਾਡਾ ਮਨ ਸ਼ੁਕਾਰਗੁਜ਼ਾਰੀ ਦੀ ਭਾਵਨਾ ਨਾਲ ਭਰਿਆ ਹੁੰਦਾ ਹੈ, ਉਦੋਂ ਹੀ ਅਸੀਂ ਜੀਵਨ ਦੇ ਅਸਲ ਆਨੰਦ ਨੂੰ ਮਹਿਸੂਸ ਕਰ ਸਕਦੇ ਹਾਂ। ਭਾਰਤੀ ਦਰਸ਼ਨ ਦੇ ਨਜ਼ਰੀਏ ਤੋਂ ਸ਼ੁਕਾਰਗੁਜ਼ਾਰੀ ਕੋਈ ਥੋਪੀ ਹੋਈ ਸ਼ਿਸ਼ਟਾਚਾਰ ਦੀ ਰਸਮ ਜਾਂ ਮਜਬੂਰੀ ਨਹੀਂ, ਸਗੋਂ ਜੀਵਨ ਨੂੰ ਦੇਖਣ ਅਤੇ ਸਮਝਣ ਦੀ ਇਕ ਪਰਿਪੱਕ ਚੇਤਨਾ ਹੈ। ਜਿਸ ਤਰ੍ਹਾਂ ਕੁਦਰਤ ਅਤੇ ਸੂਰਜ ਬਿਨਾਂ ਕਿਸੇ ਭੇਦਭਾਵ ਦੇ ਸਮੁੱਚੀ ਸ੍ਰਿਸ਼ਟੀ ਨੂੰ ਰੌਸ਼ਨੀ ਅਤੇ ਜੀਵਨ-ਊਰਜਾ ਪ੍ਰਦਾਨ ਕਰਦੇ ਹਨ, ਉਸੇ ਤਰ੍ਹਾਂ ਸਾਡਾ ਸਰੀਰ, ਸਾਡੇ ਰਿਸ਼ਤੇ ਅਤੇ ਜੀਵਨ ਦਾ ਹਰ ਪਲ ਸਾਨੂੰ ਹੋਂਦ ਦਾ ਅਹਿਸਾਸ ਕਰਵਾਉਂਦੇ ਹਨ। ਜਦੋਂ ਅਸੀਂ ਇਨ੍ਹਾਂ ਨੂੰ ਸੁਭਾਵਿਕ ਸਮਝ ਕੇ ਅਣਗੌਲਿਆਂ ਕਰ ਦਿੰਦੇ ਹਾਂ, ਤਾਂ ਅਸੀਂ ਆਪਣੇ ਹੀ ਜੀਵਨ ਦੇ ਬੁਨਿਆਦੀ ਆਧਾਰ ਤੋਂ ਦੂਰ ਹੋਣ ਲੱਗਦੇ ਹਾਂ। ਸਵਾਰਥ, ਲੋਭ ਅਤੇ ਸ਼ਿਕਾਇਤਾਂ ਦੀ ਭਾਵਨਾ ਨੂੰ ਖ਼ਤਮ ਕਰਨਾ ਸ਼ੁਕਾਰਗੁਜ਼ਾਰੀ ਦੇ ਬੀਜ ਦੇ ਪੁੰਗਰਨ ਲਈ ਉਪਜਾਊ ਜ਼ਮੀਨ ਤਿਆਰ ਕਰਦਾ ਹੈ। ਜਦੋਂ ਮਨ ਅੰਦਰਲੀ ਲਾਲਸਾ ਸ਼ਾਂਤ ਹੋ ਜਾਂਦੀ ਹੈ, ਤਾਂ ਅੰਦਰੂਨੀ ਟਕਰਾਅ ਘਟਣ ਲੱਗਦਾ ਹੈ ਅਤੇ ਚੇਤਨਾ ’ਚ ਡੂੰਘਾ ਸਥਿਰਤਾ ਦਾ ਭਾਵ ਪੈਦਾ ਹੁੰਦਾ ਹੈ। ਸ਼ੁਕਾਰਗੁਜ਼ਾਰੀ ਸਾਨੂੰ ਇਹ ਅਹਿਸਾਸ ਕਰਵਾਉਂਦੀ ਹੈ ਕਿ ਸੰਪੂਰਨਤਾ ਬਾਹਰੀ ਚੀਜ਼ਾਂ ਇਕੱਠੀਆਂ ਕਰਨ ’ਚ ਨਹੀਂ, ਸਗੋਂ ਅੰਦਰੂਨੀ ਸਵੀਕਾਰਤਾ ਅਤੇ ਸੰਤੁਲਨ ਵਿੱਚ ਨਿਹਿਤ ਹੈ। ਜਿਸ ਦਿਨ ਮਨੁੱਖ ਆਪਣੀਆਂ ਕਮੀਆਂ-ਪੇਸ਼ੀਆਂ ਦੇ ਨਾਲ-ਨਾਲ ਆਪਣੇ ਜੀਵਨ ’ਚ ਮਿਲ ਰਹੀਆਂ ਮਿਹਰਾਂ ਅਤੇ ਬਖ਼ਸ਼ਿਸ਼ਾਂ ਨੂੰ ਵੀ ਸਮੁੱਚੇ ਰੂਪ ’ਚ ਦੇਖਣ ਲੱਗ ਪੈਂਦਾ ਹੈ, ਉਸ ਦਿਨ ਜੀਵਨ ਸਿਰਫ਼ ਹੋਂਦ ਕਾਇਮ ਰੱਖਣ ਦਾ ਸੰਘਰਸ਼ ਨਹੀਂ ਰਹਿ ਜਾਂਦਾ, ਸਗੋਂ ਇੱਕ ਸ਼ਾਂਤ, ਸੰਤੁਲਿਤ, ਦਇਆਵਾਨ ਅਤੇ ਅਰਥਪੂਰਨ ਸਾਧਨਾ ਬਣ ਜਾਂਦਾ ਹੈ।
-ਲਵਲੀ ਆਨੰਦ।