ਸਵਾਰਥ ਦਾ ਅਰਥ ਗਰਜ਼ ਵੀ ਹੁੰਦਾ ਹੈ। ਸਵਾਰਥੀ ਵਿਅਕਤੀ ਖ਼ੁਦਗਰਜ਼ ਹੁੰਦਾ ਹੈ। ਖ਼ੁਦਗਰਜ਼ ਆਪਣੀ ਲੋੜ, ਖ਼ਿਆਲ, ਪ੍ਰਯੋਜਨ ਅਤੇ ਮੰਤਵ ਦੀ ਪੂਰਤੀ ਲਈ ਦੂਜੇ ਨੂੰ ਅਣਡਿੱਠ ਕਰਦਾ ਰਹਿੰਦਾ ਹੈ। ਇੰਜ ਆਖਿਆ ਜਾ ਸਕਦਾ ਹੈ ਕਿ ਸਵਾਰਥ ਇਕ ਔਗੁਣ ਹੁੰਦਾ ਹੈ। ਇਹ ਔਗੁਣ ਮਨੁੱਖੀ ਭਾਵ-ਧਾਰਾ ਨੂੰ ਸੀਮਤ ਕਰਦਾ ਰਹਿੰਦਾ ਹੈ। ਇਸ ਔਗੁਣ ਨਾਲ ਭਾਈਚਾਰਕ ਰਿਸ਼ਤਿਆਂ ਵਿਚ ਰੁਕਾਵਟ ਆਉਣ ਲੱਗਦੀ ਹੈ। ਸਵਾਰਥੀ ਸਦਭਾਵਨਾ ਨੂੰ ਤਿਲਾਂਜਲੀ ਦੇ ਕੇ ਨਿੱਜਵਾਦੀ ਬਣ ਬੈਠਦਾ ਹੈ। ਨਿੱਜਵਾਦੀ ਵਿਵਹਾਰ ਵਿਚਲੀ ਕੁੜੱਤਣ ਸਦਕਾ ਸਮਾਜਿਕ-ਦਿੱਖ ਅਤੇ ਦਰਸ਼ਨ ਦੀਆਂ ਧਾਰਨਾਵਾਂ ਜ਼ਹਿਰੀਲੀਆਂ ਬਣਦੀਆਂ ਹੋਈਆਂ ਮਨੁੱਖੀ ਆਪੇ ਲਈ ਔਕੜਾਂ ਪੈਦਾ ਕਰਨ ਲੱਗ ਪੈਂਦੀਆਂ ਹਨ। ਅੱਜ ਹੀ ਨਹੀਂ, ਮੁੱਢ ਕਦੀਮ ਤੋਂ ਹੀ ਨਿੱਜਵਾਦੀ ਪਰਪੰਚ ਅਤੇ ਪ੍ਰੰਪਰਾ ਕਾਰਨ ਸਮਾਜਿਕ ਕਲੇਸ਼ ਪੈਦਾ ਹੁੰਦੇ ਆ ਰਹੇ ਹਨ। ਸਾਨੂੰ ਕਲੇਸ਼ ਅਤੇ ਕਲਾ ਬਾਰੇ ਵਿਸ਼ੇਸ਼ ਕਿਸਮ ਦੀ ਜਾਣਕਾਰੀ ਹੋਣੀ ਚਾਹੀਦੀ ਹੈ। 'ਹਮਸਾਇਆ ਮਾਂ-ਪਿਓ ਜਾਇਆ' ਗੁਆਂਢੀ ਤਾਂ ਸਕੇ ਭੈਣ-ਭਰਾਵਾਂ ਵਰਗੇ ਹੁੰਦੇ ਹਨ। ਆਹ ਸਮੁੱਚੇ ਵਰਤਮਾਨ ਅਤੇ ਇਸ ਵਰਤਮਾਨ ਵਿਚ ਵਸਦੇ ਸਾਰੇ ਪ੍ਰਾਣੀ ਮਾਤਰ ਸਾਡੇ ਹਮਸਫ਼ਰ ਹਨ। ਪਰ ਸਵਾਰਥਪੁਣੇ ਵਿਚ ਅੰਨ੍ਹਾ ਹੋਇਆ ਮਨੁੱਖ ਹਮਸਾਏ ਤੇ ਹਮਸਫ਼ਰ ਨੂੰ ਅਣਡਿੱਠ ਕਰਨ ਲੱਗ ਪਿਆ ਹੈ। ਗੁਆਂਢੀ ਲਈ ਗੁਆਂਢੀ ਓਪਰਾ ਬਣਦਾ ਜਾ ਰਿਹਾ ਹੈ। ਬਾਜ਼ਾਰਵਾਦ ਦੀ ਤਿਕੜਮ ਨੇ ਸਮਾਜਿਕ ਸੰਸਕਾਰਾਂ ਨੂੰ ਸਵਾਰਥੀ ਬਣਾਉਣਾ ਆਰੰਭ ਕਰ ਦਿੱਤਾ ਹੈ। ਸਵਾਰਥੀ ਇਨਸਾਨ ਮੂਰਖ, ਹੰਕਾਰੀ, ਕੁਚੱਜਾ, ਕਮਜ਼ੋਰ ਅਤੇ ਕੰਮਚੋਰ ਹੁੰਦਾ ਹੈ। ਸਵਾਰਥੀ ਸੰਤੁਲਿਤ ਨਹੀਂ ਹੁੰਦਾ। ਸਵਾਰਥੀ ਅਕਲੋਂ ਅੰਨ੍ਹਾ ਹੁੰਦਾ ਹੈ। ਸਵਾਰਥੀ ਗੁਨਾਹਗਾਰ ਹੁੰਦਾ ਹੈ। ਸਵਾਰਥੀ ਹਰ ਜਗ੍ਹਾ ਕਲੇਸ਼ ਪੈਦਾ ਕਰਦਾ ਰਹਿੰਦਾ ਹੈ। ਸਾਮੰਤਵਾਦੀ ਸਭ ਤੋਂ ਵੱਡੇ ਸਵਾਰਥੀ ਹੁੰਦੇ ਹਨ। ਉਨ੍ਹਾਂ ਲਈ ਇਹ ਸਮਾਂ, ਇਹ ਸੁਚੱਜ, ਇਹ ਸਦਗੁਣ, ਇਹ ਸਹਿਹੋਂਦ, ਇਹ ਸਦਭਾਵਨਾ ਆਦਿ ਕੋਈ ਕੀਮਤ ਨਹੀਂ ਰੱਖਦੀ। ਸਾਮੰਤਵਾਦੀਆਂ ਦੇ ਮਨ ਵਿਚ ਸੂਰ, ਕੁੱਤਾ, ਸੱਪ, ਅੱਗ, ਭੂਚਾਲ, ਤੂਫਾਨ, ਤਪਸ਼ ਅਤੇ ਤੰਦੂਰ ਵਸਦਾ ਰਹਿੰਦਾ ਹੈ। ਮਨੁੱਖਤਾ ਉਨ੍ਹਾਂ ਲਈ ਇਕ ਮਖੌਲ ਹੈ। ਉਹ ਇਕ-ਦੂਜੇ ਨੂੰ ਮਾਰ ਕੇ ਆਪ ਜਿਊਂਦੇ ਰਹਿਣ ਨੂੰ ਪਹਿਲ ਦਿੰਦੇ ਹਨ। ਸਾਮੰਤਵਾਦ ਸਰਬੱਤ ਨੂੰ ਸਰਬੱਤ ਨਹੀਂ ਰਹਿਣ ਦਿੰਦਾ। ਸਵਾਰਥੀ ਕੋਲ ਹੁਨਰ ਨਹੀਂ ਹੁੰਦਾ। ਜ਼ਿੰਦਗੀ ਨੂੰ ਕੁਦਰਤੀ ਕਰਮ ਦੇ ਬਹੁਤ ਵੱਡੇ ਹਾਸਲ ਹੋਣ ਦਾ ਰੁਤਬਾ ਹਾਸਲ ਹੈ। ਸਵਾਰਥੀ ਮਸਲਿਆਂ ਦੀ ਪੂਰਤੀ ਲਈ ਕੀਤੀ ਜਾ ਰਹੀ ਭੱਜ-ਦੌੜ ਆਦਮੀ ਦੀ ਉਮਰ ਵਿਚੋਂ ਹੁਨਰ ਨੂੰ ਮਨਫ਼ੀ ਕਰ ਦਿੰਦੀ ਹੈ। ਅੱਜ ਸਾਡੀ ਇਸ ਧਰਤੀ ਉਤਲੇ ਕਿਸਮ-ਕਿਸਮ ਦੇ ਸਵਾਰਥੀ ਮਾਹੌਲ ਮਨੁੱਖੀ ਆਪੇ ਨੂੰ ਮਾਤਮੀ ਬਣਾ ਰਹੇ ਹਨ।

-ਓਮ ਪ੍ਰਕਾਸ਼ ਗਾਸੋ। (94635-61123)

Posted By: Sukhdev Singh