- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੱਛਾਵਾਂ ਦੇ ਸ਼ੁੱਧੀਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹੈ, ਅਸਵੀਕਾਰ ਦੀ ਸ਼ਕਤੀ। ਜ਼ਿੰਦਗੀ ਵਿਚ ਜਿੱਥੇ ਅਣਉਚਿਤ, ਅਨੈਤਿਕ ਅਤੇ ਅਹਿੱਤਕਾਰੀ ਅਕਰਸ਼ਨ ਸਾਹਮਣੇ ਆਏ, ਉੱਥੇ ‘ਨਹੀਂ’ ਕਹਿਣ ਦੀ ਹਿੰਮਤ ਹੋਣੀ ਚਾਹੀਦੀ ਹੈ। ਅਨੇਕਾਂ ਲੋਕ ਆਪਣੇ ਸਵਾਰਥ ਦੀ ਪੂਰਤੀ ਦੇ ਲਈ ਲਾਲਚ ਰਾਹੀਂ ਭਰਮ ਪੈਦਾ ਕਰਦੇ ਹਨ। ਅਜਿਹੇ ਵਿਚ ਕਿਸੇ ਦੇ ਸੱਦੇ, ਸੁਝਾਅ ਜਾਂ ਦਬਾਅ ਵਿਚ ਆ ਕੇ ਫ਼ੈਸਲਾ ਲੈਣ ਦੀ ਥਾਂ ਸ਼ਾਂਤ ਮਨ ਤੇ ਜਾਗਰੂਕ ਵਿਵੇਕ ਨਾਲ ਵਿਚਾਰ ਕਰਨਾ ਚਾਹੀਦਾ ਹੈ।

ਇੱਛਾਵਾਂ ਦੀਆਂ ਕੜੀਆਂ ਜ਼ਿੰਦਗੀ ਦੇ ਨਾਲ ਬਹੁਤ ਸਹਿਜਤਾ ਨਾਲ ਜੁੜੀਆਂ ਹੋਈਆਂ ਹੁੰਦੀਆਂ ਹਨ• ਪਰ ਅਧਿਆਤਮਕ ਜੀਵਨ ਦਾ ਟੀਚਾ ਇੱਛਾਵਾਂ ਦਾ ਵਿਸਥਾਰ ਨਹੀਂ, ਉਨ੍ਹਾਂ ਦਾ ਸ਼ੁੱਧੀਕਰਨ ਹੈ। ਭਗਵਾਨ ਮਹਾਂਵੀਰ ਦੇ ਅਨੁਸਾਰ ਇੱਛਾਵਾਂ ਦੇ ਅਧੀਨ ਰਹਿਣ ਵਾਲਾ ਵਿਅਕਤੀ ਕਦੇ ਵੀ ਅੰਦਰੂਨੀ ਸ਼ਾਂਤੀ ਹਾਸਲ ਨਹੀਂ ਕਰ ਸਕਦਾ। ਇੱਛਾਵਾਂ ਜਦੋਂ ਵਿਵੇਕ ’ਤੇ ਭਾਰੀਆਂ ਪੈਣ ਲੱਗਣ ਤਾਂ ਪਤਨ ਵੱਲ ਕਦਮ ਵਧਣ ਲੱਗਦੇ ਹਨ। ਵਿਵੇਕ ਹੀ ਸਾਨੂੰ ਸਹੀ ਤੇ ਗ਼ਲਤ ਬਾਰੇ ਫ਼ਰਕ ਦੱਸਦਾ ਹੈ। ਅੱਜ ਪਦਾਰਥਵਾਦ ਦੀ ਸੰਸਕ੍ਰਿਤੀ ਵਿਚ ਵੱਧ ਤੋਂ ਵੱਧ ਪ੍ਰਾਪਤੀ ਨੂੰ ਹੀ ਸਫ਼ਲਤਾ ਮੰਨਿਆ ਜਾਂਦਾ ਹੈ ਜਦਕਿ ਸੱਚਾ ਸੁੱਖ ਇਕੱਠਾ ਕਰਨ ਵਿਚ ਨਹੀਂ, ਸੰਯਮ ਵਿਚ ਹੈ। ਇਸ ਲਈ ਜ਼ਰੂਰਤ ਅਤੇ ਇੱਛਾ ਵਿਚ ਅੰਤਰ ਨੂੰ ਸਮਝਣਾ ਜ਼ਿੰਦਗੀ ਦੀ ਵੱਡੀ ਸਾਧਨਾ ਹੈ। ਜ਼ਰੂਰਤਾਂ ਸੀਮਤ ਹੁੰਦੀਆਂ ਹਨ ਅਤੇ ਉਨ੍ਹਾਂ ਦੀ ਪੂਰਤੀ ਸੰਭਵ ਹੈ ਪਰ ਇੱਛਾਵਾਂ ਆਕਾਸ਼ ਦੀ ਤਰ੍ਹਾਂ ਬੇਅੰਤ ਹਨ। ਭਗਵਾਨ ਮਹਾਂਵੀਰ ਨੇ ਇਨ੍ਹਾਂ ਨੂੰ ਅਨੰਤ ਦੱਸਿਆ ਹੈ। ਇਸ ਲਈ ਜੋ ਵਿਅਕਤੀ ਇੱਛਾਵਾਂ ਦੇ ਅੰਨ੍ਹੇ ਪ੍ਰਵਾਹ ਵਿਚ ਵਹਿੰਦਾ ਹੈ, ਉਹ ਕਦੇ ਵੀ ਸੰਤੁਸ਼ਟ ਨਹੀਂ ਹੋ ਸਕਦਾ ਤੇ ਤਣਾਅ, ਮੁਕਾਬਲੇਬਾਜ਼ੀ ਤੇ ਅਸੰਤੋਸ਼ ਦੇ ਜਾਲ ਵਿਚ ਉਲਝਦਾ ਚਲਾ ਜਾਂਦਾ ਹੈ। ਇੱਛਾਵਾਂ ਦੇ ਸ਼ੁੱਧੀਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹੈ, ਅਸਵੀਕਾਰ ਦੀ ਸ਼ਕਤੀ। ਜ਼ਿੰਦਗੀ ਵਿਚ ਜਿੱਥੇ ਅਣਉਚਿਤ, ਅਨੈਤਿਕ ਅਤੇ ਅਹਿੱਤਕਾਰੀ ਅਕਰਸ਼ਨ ਸਾਹਮਣੇ ਆਏ, ਉੱਥੇ ‘ਨਹੀਂ’ ਕਹਿਣ ਦੀ ਹਿੰਮਤ ਹੋਣੀ ਚਾਹੀਦੀ ਹੈ। ਅਨੇਕਾਂ ਲੋਕ ਆਪਣੇ ਸਵਾਰਥ ਦੀ ਪੂਰਤੀ ਦੇ ਲਈ ਲਾਲਚ ਰਾਹੀਂ ਭਰਮ ਪੈਦਾ ਕਰਦੇ ਹਨ। ਅਜਿਹੇ ਵਿਚ ਕਿਸੇ ਦੇ ਸੱਦੇ, ਸੁਝਾਅ ਜਾਂ ਦਬਾਅ ਵਿਚ ਆ ਕੇ ਫ਼ੈਸਲਾ ਲੈਣ ਦੀ ਥਾਂ ਸ਼ਾਂਤ ਮਨ ਤੇ ਜਾਗਰੂਕ ਵਿਵੇਕ ਨਾਲ ਵਿਚਾਰ ਕਰਨਾ ਚਾਹੀਦਾ ਹੈ। ਅਸਵੀਕਾਰ ਦੀ ਸਮਰੱਥਾ ਹੀ ਵਿਅਕਤੀ ਨੂੰ ਧੋਖੇ, ਲਾਲਚ ਅਤੇ ਭਰਮ ਦੇ ਜਾਲ ਤੋਂ ਸੁਰੱਖਿਅਤ ਰੱਖਦੀ ਹੈ। ਭਾਰਤੀ ਸੰਸਕ੍ਰਿਤੀ ਤੇ ਧਾਰਮਿਕ ਪਰੰਪਰਾ ਸੰਯਮ ਨੂੰ ਜ਼ਿੰਦਗੀ ਦਾ ਸਭ ਤੋਂ ਉੱਤਮ ਗਹਿਣਾ ਮੰਨਦੇ ਹਨ। ਇੱਛਾਵਾਂ ਦਮਨ ਨਹੀਂ, ਬਲਕਿ ਉਨ੍ਹਾਂ ਦੀ ਸ਼ੁੱਧੀ ਹੀ ਅਧਿਆਤਮਕ ਸਾਧਨਾ ਦਾ ਸਾਰ ਹੈ। ਜਦੋਂ ਹਰੇਕ ਇੱਛਾ ਵਿਵੇਕ, ਨੈਤਿਕਤਾ ਅਤੇ ਆਤਮਕਲਿਆਣ ਦੀ ਕਸੌਟੀ ’ਤੇ ਪਰਖ਼ੀ ਜਾਂਦੀ ਹੈ, ਤਦ ਜੀਵਨ ਵਿਚ ਸੰਤੋਸ਼, ਸ਼ਾਂਤੀ ਤੇ ਆਤਮਿਕ ਆਨੰਦ ਦਾ ਆਗਮਨ ਹੁੰਦਾ ਹੈ। ਇਹੀ ਇੱਛਾਵਾਂ ਦੇ ਸ਼ੁੱਧੀਕਰਨ ਦਾ ਸੰਦੇਸ਼ ਹੈ।
-ਲਲਿਤ ਗਰਗ।