ਔਲਾਦ ਨਾ ਹੋਣ 'ਤੇ ਕੌਣ ਕਰਦਾ ਹੈ ਸਰਾਧ? ਗਰੁੜ ਪੁਰਾਣ 'ਚ ਮਿਲਦਾ ਹੈ ਜਵਾਬ, ਜਾਣੋ ਕਿਨ੍ਹਾਂ ਨੂੰ ਮਿਲਦਾ ਹੈ ਪਿੰਡਦਾਨ ਦਾ ਅਧਿਕਾਰ
ਧਾਰਮਿਕ ਸ਼ਾਸਤਰਾਂ ਮੁਤਾਬਕ ਵੱਡੇ ਪੁੱਤਰ ਨੂੰ ਹੀ ਪਿਤਾ ਦਾ ਸਰਾਧ ਤੇ ਪਿੰਡਦਾਨ ਕਰਨਾ ਚਾਹੀਦਾ ਹੈ, ਪਰ ਜੇਕਰ ਕੋਈ ਪੁੱਤਰ ਨਾ ਹੋਵੇ ਜਾਂ ਪੁੱਤਰ ਜ਼ਿੰਦਾ ਨਾ ਹੋਵੇ ਜਾਂ ਕਿਸੇ ਕਾਰਨ ਸਰਾਧ ਕਰਮ 'ਚ ਹਾਜ਼ਰ ਨਾ ਹੋ ਸਕੇ ਤਾਂ ਅਜਿਹੀ ਸਥਿਤੀ ਨੂੰ ਲੈ ਕੇ ਗਰੁੜ ਪੁਰਾਣ 'ਚ ਸਪੱਸ਼ਟ ਨਿਰਦੇਸ਼ ਦਿੱਤੇ ਗਏ ਹਨ ਕਿ ਪਿੱਤਰ ਕਰਮ ਕਦੇ ਵੀ ਛੱਡਣਾ ਨਹੀਂ ਚਾਹੀਦਾ।
Publish Date: Mon, 28 Sep 2026 01:33 PM (IST)
Updated Date: Mon, 28 Sep 2026 02:16 PM (IST)
ਧਰਮ ਡੈਸਕ, ਨਵੀਂ ਦਿੱਲੀ : ਗਰੁੜ ਪੁਰਾਣ ਤੇ ਸਨਾਤਨ ਧਰਮ 'ਚ ਪਿੱਤਰ ਰਿਣ ਤੋਂ ਮੁਕਤੀ ਪਾਉਣ ਤੇ ਪੂਰਵਜਾਂ ਦੀ ਆਤਮਾ ਨੂੰ ਤ੍ਰਿਪਤ ਕਰਨ ਲਈ ਸਰਾਧ ਕਰਮ ਨੂੰ ਬੇਹੱਦ ਜ਼ਰੂਰੀ ਮੰਨਿਆ ਗਿਆ ਹੈ।
ਧਾਰਮਿਕ ਸ਼ਾਸਤਰਾਂ ਮੁਤਾਬਕ ਵੱਡੇ ਪੁੱਤਰ ਨੂੰ ਹੀ ਪਿਤਾ ਦਾ ਸਰਾਧ ਤੇ ਪਿੰਡਦਾਨ ਕਰਨਾ ਚਾਹੀਦਾ ਹੈ, ਪਰ ਜੇਕਰ ਕੋਈ ਪੁੱਤਰ ਨਾ ਹੋਵੇ ਜਾਂ ਪੁੱਤਰ ਜ਼ਿੰਦਾ ਨਾ ਹੋਵੇ ਜਾਂ ਕਿਸੇ ਕਾਰਨ ਸਰਾਧ ਕਰਮ 'ਚ ਹਾਜ਼ਰ ਨਾ ਹੋ ਸਕੇ ਤਾਂ ਅਜਿਹੀ ਸਥਿਤੀ ਨੂੰ ਲੈ ਕੇ ਗਰੁੜ ਪੁਰਾਣ 'ਚ ਸਪੱਸ਼ਟ ਨਿਰਦੇਸ਼ ਦਿੱਤੇ ਗਏ ਹਨ ਕਿ ਪਿੱਤਰ ਕਰਮ ਕਦੇ ਵੀ ਛੱਡਣਾ ਨਹੀਂ ਚਾਹੀਦਾ। ਇਸ ਲਈ ਸ਼ਾਸਤਰਾਂ 'ਚ ਕੁਝ ਨਿਯਮ ਦੱਸੇ ਗਏ ਹਨ, ਜਿਨ੍ਹਾਂ ਮੁਤਾਬਕ ਪਰਿਵਾਰ ਤੇ ਸਮਾਜ ਦੇ ਹੋਰ ਲੋਕ ਵੀ ਸ਼ਰਾਧ ਕਰਮ ਦੀ ਪਰੰਪਰਾ ਨੂੰ ਨਿਭਾ ਸਕਦੇ ਹਨ।
ਸੰਤਾਨ ਨਾ ਹੋਣ 'ਤੇ ਕੌਣ ਕਰ ਸਕਦਾ ਹੈ ਸਰਾਧ?
ਗਰੁੜ ਪੁਰਾਣ ਮੁਤਾਬਕ, ਪੁੱਤਰ ਨਾ ਹੋਣ 'ਤੇ ਸਰਾਧ ਕਰਮ ਕਰਨ ਦਾ ਪਹਿਲਾ ਅਧਿਕਾਰ ਪੋਤੇ ਜਾਂ ਪੜਪੋਤੇ ਦਾ ਹੁੰਦਾ ਹੈ। ਅਜਿਹਾ ਇਸ ਲਈ ਕਿਉਂਕਿ ਉਹ ਉਸੇ ਵੰਸ਼ ਲੜੀ ਦਾ ਹਿੱਸਾ ਹੁੰਦੇ ਹਨ। ਉੱਥੇ ਹੀ ਜੇਕਰ ਵੰਸ਼ 'ਚ ਕੋਈ ਪੁਰਸ਼ ਸੰਤਾਨ ਨਾ ਹੋਵੇ ਤਾਂ ਮ੍ਰਿਤਕ ਦੀ ਧਰਮਪਤਨੀ ਨੂੰ ਆਪਣੇ ਪਤੀ ਦਾ ਸਰਾਧ ਤੇ ਪਿੰਡਦਾਨ ਕਰਨ ਦਾ ਅਧਿਕਾਰ ਪ੍ਰਾਪਤ ਹੁੰਦਾ ਹੈ।
ਗਰੁੜ ਪੁਰਾਣ ਦੇ ਅਨੁਸਾਰ ਜੇਕਰ ਵੰਸ਼ 'ਚ ਸਿਰਫ਼ ਧੀਆਂ ਹੀ ਹਨ ਤਾਂ ਧੀ ਵੀ ਆਪਣੇ ਪਿਤਾ ਦਾ ਵਿਧੀ-ਵਿਧਾਨ ਨਾਲ ਸਰਾਧ ਕਰ ਸਕਦੀ ਹੈ। ਇਸ ਦੇ ਨਾਲ ਹੀ ਧੀ ਦਾ ਪੁੱਤਰ, ਯਾਨੀ ਦੋਹਤਾ ਵੀ ਆਪਣੇ ਨਾਨਾ-ਨਾਨੀ ਦਾ ਸ਼ਰਾਧ ਕਰਮ ਕਰ ਸਕਦਾ ਹੈ। ਇਸ ਤੋਂ ਇਲਾਵਾ ਘਰ 'ਚ ਪੁਰਸ਼ ਮੈਂਬਰ ਦੀ ਗੈਰਹਾਜ਼ਰੀ 'ਚ ਵੱਡੀ ਨੂੰਹ ਵੀ ਆਪਣੇ ਸੱਸ-ਸਹੁਰੇ ਦਾ ਪਿੰਡਦਾਨ ਕਰ ਸਕਦੀ ਹੈ।
ਭਤੀਜਾ ਵੀ ਕਰ ਸਕਦਾ ਹੈ ਸਰਾਧ
ਗਰੁੜ ਪੁਰਾਣ ਮੁਤਾਬਕ, ਘਰ 'ਚ ਔਲਾਦ ਨਾ ਹੋਣ ਦੀ ਸਥਿਤੀ 'ਚ ਮ੍ਰਿਤਕ ਦਾ ਸਕਾ ਭਰਾ ਜਾਂ ਸਕੇ ਭਰਾ ਦਾ ਪੁੱਤਰ, ਯਾਨੀ ਭਤੀਜਾ ਵੀ ਸਰਾਧ ਕਰਮ ਦੀ ਜ਼ਿੰਮੇਵਾਰੀ ਨਿਭਾ ਸਕਦਾ ਹੈ। ਨਜ਼ਦੀਕੀ ਪਰਿਵਾਰ 'ਚ ਕਿਸੇ ਮੈਂਬਰ ਦੇ ਨਾ ਹੋਣ 'ਤੇ ਸਗੋਤਰੀ, ਯਾਨੀ ਇੱਕੋ ਗੋਤ ਦੇ ਰਿਸ਼ਤੇਦਾਰ ਵੀ ਸਰਾਧ ਕਰਮ ਦੀ ਪਰੰਪਰਾ ਨੂੰ ਨਿਭਾ ਸਕਦੇ ਹਨ।
ਖੂਨ ਦੇ ਰਿਸ਼ਤੇਦਾਰ ਜ਼ਿੰਦਾ ਨਾ ਹੋਣ ਦੀ ਸਥਿਤੀ 'ਚ
ਜੇਕਰ ਕਿਸੇ ਮ੍ਰਿਤਕ ਦਾ ਕੋਈ ਵੀ ਪਰਿਵਾਰਕ ਜਾਂ ਖੂਨ ਨਾਲ ਜੁੜਿਆ ਰਿਸ਼ਤੇਦਾਰ ਇਸ ਦੁਨੀਆ 'ਚ ਨਾ ਹੋਵੇ ਤਾਂ ਉਸ ਦਾ ਦੋਸਤ ਵੀ ਆਤਮਾ ਦੀ ਸ਼ਾਂਤੀ ਲਈ ਸਰਾਧ ਕਰਮ ਨਿਭਾ ਸਕਦਾ ਹੈ। ਗਰੁੜ ਪੁਰਾਣ 'ਚ ਇਹ ਵੀ ਦੱਸਿਆ ਗਿਆ ਹੈ ਕਿ ਜੇਕਰ ਕੋਈ ਸਕਾ-ਸਬੰਧੀ ਜ਼ਿੰਦਾ ਨਾ ਬਚਿਆ ਹੋਵੇ ਤਾਂ ਕੋਈ ਯੋਗ ਬ੍ਰਾਹਮਣ ਵੀ ਸਰਾਧ ਕਰਮ ਕਰ ਸਕਦਾ ਹੈ।