ਸਰਾਧਾਂ 'ਚ ਛੋਟੀ ਜਿਹੀ ਗਲਤੀ ਵੀ ਪੈ ਸਕਦੀ ਹੈ ਭਾਰੀ! ਪਹਿਲੀ ਵਾਰ ਪਿੰਡਦਾਨ ਕਰਨ ਵਾਲੇ ਇਨ੍ਹਾਂ 5 ਗੱਲਾਂ ਦਾ ਰੱਖਣ ਖਾਸ ਖ਼ਿਆਲ
Pitru Paksha 2026 ਦੀ ਤਰੀਕ ਨੂੰ ਲੈ ਕੇ ਜ਼ਿਆਦਾਤਰ ਲੋਕਾਂ ਦੇ ਮਨ 'ਚ ਦੁਚਿੱਤੀ yCr ਰਹਿੰਦੀ ਹੈ। ਕੁਝ ਲੋਕ ਪਿੱਤਰ ਪੱਖ ਨੂੰ ਪੂਰਨਿਮਾ ਤੋਂ ਗਿਣਦੇ ਹਨ, ਜਦਕਿ ਕੁਝ ਲੋਕ ਪ੍ਰਤੀਪਦਾ ਤਿਥੀ ਤੋਂ। ਹਿੰਦੂ ਪੰਚਾਂਗ ਮੁਤਾਬਕ, ਇਸ ਸਾਲ 26 ਸਤੰਬਰ 2026, ਸ਼ਨੀਵਾਰ ਨੂੰ 'ਇਸ਼ਨਾਨ-ਦਾਨ ਦੀ ਪੂਰਨਿਮਾ' ਹੈ ਜਦਕਿ ਪਿੱਤਰ ਪੱਖ ਦੀ ਸ਼ੁਰੂਆਤ 27 ਸਤੰਬਰ 2026, ਐਤਵਾਰ ਤੋਂ ਹੋਣ ਜਾ ਰਹੀ ਹੈ।
Publish Date: Fri, 25 Sep 2026 01:01 PM (IST)
Updated Date: Fri, 25 Sep 2026 01:17 PM (IST)
ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਪਰਿਵਾਰਾਂ ਲਈ ਪਿੱਤਰ ਪੱਖ (Pitru Paksha 2026) ਦਾ ਸਮਾਂ ਕਾਫ਼ੀ ਖਾਸ ਮਹੱਤਵ ਰੱਖਦਾ ਹੈ। ਇਸ ਪਵਿੱਤਰ ਪੱਖ 'ਚ ਲੋਕ ਆਪਣੇ ਪੂਰਵਜਾਂ ਭਾਵ ਪਿਤਰਾਂ ਦਾ ਪਿੰਡਦਾਨ ਤੇ ਸ਼ਰਾਧ ਕਰਦੇ ਹਨ। ਹਰ ਸਾਲ ਭਾਦੋਂ ਪੂਰਨਿਮਾ ਤੋਂ ਬਾਅਦ ਕ੍ਰਿਸ਼ਨ ਪੱਖ ਦੀ ਪ੍ਰਤੀਪਦਾ ਤਿਥੀ ਤੋਂ ਲੈ ਕੇ ਅੱਸੂ ਮਹੀਨੇ ਦੀ ਮੱਸਿਆ ਤਕ ਚੱਲਣ ਵਾਲਾ ਸਰਾਧ ਪੱਖ ਆਪਣੇ ਪਿੱਤਰਾਂ ਪ੍ਰਤੀ ਕ੍ਰਿਤਜਤਾ ਪ੍ਰਗਟ ਕਰਨ ਦਾ ਸੁਨਹਿਰੀ ਮੌਕਾ ਮੰਨਿਆ ਜਾਂਦਾ ਹੈ।
ਇਹ ਧਾਰਮਿਕ ਕਿਰਿਆ ਸਦੀਆਂ ਤੋਂ ਪੀੜ੍ਹੀ ਦਰ ਪੀੜ੍ਹੀ ਕੀਤੀ ਜਾ ਰਹੀ ਹੈ। ਜੋ ਵੀ ਲੋਕ ਇਸ ਸਾਲ ਪਹਿਲੀ ਵਾਰ ਪਿੱਤਰਾਂ ਦਾ ਸ਼ਰਾਧ ਕਰਨ ਜਾ ਰਹੇ ਹਨ, ਉਨ੍ਹਾਂ ਨੂੰ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਪਿੱਤਰ ਪੱਖ 2026 'ਚ ਕਦੋਂ ਹੈ?
ਪਿੱਤਰ ਪੱਖ 2026 ਦੀ ਤਰੀਕ ਨੂੰ ਲੈ ਕੇ ਜ਼ਿਆਦਾਤਰ ਲੋਕਾਂ ਦੇ ਮਨ 'ਚ ਦੁਚਿੱਤੀ ਦੀ ਸਥਿਤੀ ਰਹਿੰਦੀ ਹੈ। ਕੁਝ ਲੋਕ ਪਿੱਤਰ ਪੱਖ ਨੂੰ ਪੂਰਨਿਮਾ ਤੋਂ ਗਿਣਦੇ ਹਨ, ਜਦਕਿ ਕੁਝ ਲੋਕ ਪ੍ਰਤੀਪਦਾ ਤਿਥੀ ਤੋਂ। ਹਿੰਦੂ ਪੰਚਾਂਗ ਮੁਤਾਬਕ, ਇਸ ਸਾਲ 26 ਸਤੰਬਰ 2026, ਸ਼ਨੀਵਾਰ ਨੂੰ 'ਇਸ਼ਨਾਨ-ਦਾਨ ਦੀ ਪੂਰਨਿਮਾ' ਹੈ ਜਦਕਿ ਪਿੱਤਰ ਪੱਖ ਦੀ ਸ਼ੁਰੂਆਤ 27 ਸਤੰਬਰ 2026, ਐਤਵਾਰ ਤੋਂ ਹੋਣ ਜਾ ਰਹੀ ਹੈ।
ਪਿੱਤਰ ਪੱਖ ਦਾ ਸਮਾਪਨ 10 ਅਕਤੂਬਰ 2026, ਸ਼ਨੀਵਾਰ ਨੂੰ ਪਿੱਤਰ ਮੱਸਿਆ ਦੇ ਮੌਕੇ 'ਤੇ ਹੋਵੇਗਾ ਜਿਸ ਨੂੰ 'ਇਸ਼ਨਾਨ-ਦਾਨ ਸਰਾਧ ਮੱਸਿਆ', ਪਿੱਤਰ ਵਿਸਰਜਨ ਤੇ ਮਹਾਲਿਆ ਸਮਾਪਤੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਤਰ੍ਹਾਂ ਇਸ ਸਾਲ ਪਿੱਤਰ ਪੱਖ ਕੁੱਲ 14 ਦਿਨਾਂ ਤਕ ਚੱਲਣ ਵਾਲਾ ਹੈ, ਜੋ ਪ੍ਰਤੀਪਦਾ ਤੋਂ ਲੈ ਕੇ ਮੱਸਿਆ ਤਕ ਰਹੇਗਾ। ਪਿੱਤਰ ਪੱਖ ਦੇ ਖ਼ਤਮ ਹੋਣ ਤੋਂ ਅਗਲੇ ਦਿਨ, ਯਾਨੀ 11 ਅਕਤੂਬਰ 2026 ਤੋਂ ਸ਼ਾਰਦੀਯ ਨਰਾਤੇ ਵੀ ਸ਼ੁਰੂ ਹੋ ਜਾਣਗੇ।
ਸਰਾਧ ਨਾਲ ਜੁੜੇ ਇਨ੍ਹਾਂ ਨਿਯਮਾਂ ਦੀ ਕਰੋ ਪਾਲਣਾ
ਜੋ ਵੀ ਲੋਕ ਇਸ ਸਾਲ ਪਹਿਲੀ ਵਾਰ ਆਪਣੇ ਪੂਰਵਜਾਂ ਦਾ ਸ਼ਰਾਧ ਕਰਨ ਜਾ ਰਹੇ ਹਨ, ਉਨ੍ਹਾਂ ਨੂੰ ਪੂਰਵਜ ਦੀ ਮੌਤ ਦੀ ਤਾਰੀਖ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਸ ਤਰੀਕ ਨੂੰ ਉਨ੍ਹਾਂ ਦਾ ਦੇਹਾਂਤ ਹੋਇਆ ਹੋਵੇ, ਉਸੇ ਤਿਥੀ 'ਤੇ ਉਨ੍ਹਾਂ ਦਾ ਸ਼ਰਾਧ ਕਰਨਾ ਸਹੀ ਮੰਨਿਆ ਜਾਂਦਾ ਹੈ। ਜੇਕਰ ਤੁਹਾਨੂੰ ਉਨ੍ਹਾਂ ਦੀ ਮੌਤ ਦੀ ਤਰੀਕ ਯਾਦ ਨਹੀਂ ਹੈ ਤਾਂ ਅਜਿਹੀ ਸਥਿਤੀ 'ਚ ਪਿਤਰਾਂ ਦਾ ਸ਼ਰਾਧ ਸਰਵਪਿੱਤਰ ਮੱਸਿਆ ਦੇ ਮੌਕੇ 'ਤੇ ਕਰਨਾ ਹੀ ਸਹੀ ਮੰਨਿਆ ਜਾਂਦਾ ਹੈ।
ਜੇਕਰ ਤੁਹਾਡੇ ਪੂਰਵਜ ਦੀ ਮੌਤ ਹਾਦਸੇ, ਹਿੰਸਾ ਜਾਂ ਅਸਧਾਰਨ ਹਾਲਾਤ 'ਚ ਹੋਈ ਹੈ ਤਾਂ ਅਜਿਹੇ 'ਚ ਉਨ੍ਹਾਂ ਦਾ ਸ਼ਰਾਧ ਚਤੁਰਦਸ਼ੀ ਤਿਥੀ 'ਤੇ ਕਰਨਾ ਸ਼ੁੱਭ ਮੰਨਿਆ ਜਾਂਦਾ ਹੈ ਕਿਉਂਕਿ ਪਿੱਤਰ ਪੱਖ 'ਚ ਚਤੁਰਦਸ਼ੀ ਤਿਥੀ ਦਾ ਸਰਾਧ ਆਮ ਮੌਤ ਲਈ ਨਹੀਂ ਕੀਤਾ ਜਾਂਦਾ।
ਪਿੱਤਰ ਪੱਖ ਦੌਰਾਨ ਸਾਤਵਿਕ ਭੋਜਨ ਹੀ ਗ੍ਰਹਿਣ ਕਰੋ। ਇਸ ਦੌਰਾਨ ਮਾਸਾਹਾਰ ਤੇ ਸ਼ਰਾਬ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ।
ਪਿੱਤਰ ਪੱਖ ਦੌਰਾਨ ਕਿਸੇ ਵੀ ਤਰ੍ਹਾਂ ਦੇ ਮੰਗਲਿਕ ਕਾਰਜ ਕਰਨ ਤੋਂ ਬਚਣਾ ਚਾਹੀਦਾ ਹੈ। ਇਸ ਦੌਰਾਨ ਗ੍ਰਹਿ ਪ੍ਰਵੇਸ਼, ਵਿਆਹ ਤੇ ਹੋਰ ਸ਼ੁਭ ਕਾਰਜ ਕਰਨ ਨਾਲ ਉਲਟ ਨਤੀਜੇ ਮਿਲ ਸਕਦੇ ਹਨ।
ਪਿੱਤਰ ਪੱਖ ਦੌਰਾਨ ਬ੍ਰਹਮਚਾਰੀਆ ਦਾ ਪਾਲਣ ਕਰਨਾ ਚਾਹੀਦਾ ਹੈ। ਘਰ 'ਚ ਕਲੇਸ਼, ਗੁੱਸੇ ਅਤੇ ਲਸਣ-ਪਿਆਜ਼, ਮਸੂਰ ਦੀ ਦਾਲ ਵਰਗੇ ਤਾਮਸਿਕ ਭੋਜਨ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ।
ਕਿਵੇਂ ਕਰੀਏ ਪਿੰਡਦਾਨ?
- ਸਰਾਧ ਕਰਮ, ਤਰਪਣ ਤੇ ਪਿੰਡਦਾਨ ਸਮੇਂ ਚਿੱਟੇ ਕੱਪੜੇ ਹੀ ਪਹਿਨੋ। ਜੌਂ ਦੇ ਆਟੇ ਨਾਲ ਪਿੰਡ ਤਿਆਰ ਕਰ ਲਓ।
- ਇਸ ਤੋਂ ਬਾਅਦ ਚੌਲ, ਕੱਚਾ ਸੂਤ, ਫੁੱਲ, ਚੰਦਨ, ਅਗਰਬੱਤੀ, ਧੂਪ, ਤਿਲ, ਜੌਂ ਆਦਿ ਕੁਸ਼ ਦੇ ਆਸਣ 'ਤੇ ਰੱਖ ਕੇ ਪਿੰਡ ਦੀ ਪੂਜਾ ਕਰ ਲਓ।
- ਪਿੰਡ ਨੂੰ ਹੱਥ 'ਚ ਲੈ ਕੇ ਇਹ ਮੰਤਰ ਪੜ੍ਹਨ ਤੋਂ ਬਾਅਦ ਪਿੰਡ ਨੂੰ ਅੰਗੂਠੇ ਤੇ ਤਰਜਨੀ ਦੇ ਵਿਚਕਾਰੋਂ ਛੱਡੋ।
- ਤਰਪਣ ਮੰਤਰ: “ਇਦੰ ਪਿੰਡੰ (ਪਿਤਰ ਦਾ ਨਾਮ ਅਤੇ ਗੋਤ ਲਓ) ਤੇਭ੍ਯਃ ਸਵਧਾ।”
ਇਸ ਤੋਂ ਬਾਅਦ ਪਿੰਡ ਨੂੰ ਚੁੱਕ ਕੇ ਪਾਣੀ 'ਚ ਪ੍ਰਵਾਹਿਤ ਕਰ ਦਿਓ ਜਾਂ ਪਿੱਪਲ ਦੀ ਜੜ੍ਹ 'ਚ ਰੱਖ ਦਿਓ। ਸ਼ਰਾਧ ਹਮੇਸ਼ਾ ਦੁਪਹਿਰ ਦੇ ਸਮੇਂ ਹੀ ਕਰੋ। ਸਵੇਰੇ ਅਤੇ ਸ਼ਾਮ ਨੂੰ ਸ਼ਰਾਧ ਕਰਨ ਦੀ ਮਨਾਹੀ ਹੈ। ਪਿੱਤਰਾਂ ਦਾ ਸਰਾਧ ਕਰਦੇ ਸਮੇਂ ਸੱਜੇ ਤੋਂ ਖੱਬੇ ਨਹੀਂ, ਸਗੋਂ ਖੱਬੇ ਤੋਂ ਸੱਜੇ ਪਰਿਕਰਮਾ ਕਰਨੀ ਚਾਹੀਦੀ ਹੈ। ਸਰਾਧ ਕਰਮ ਹਮੇਸ਼ਾ ਦੱਖਣ ਦਿਸ਼ਾ ਵੱਲ ਮੂੰਹ ਕਰਕੇ ਹੀ ਕਰੋ, ਕਿਉਂਕਿ ਦੱਖਣ ਦਿਸ਼ਾ ਨੂੰ ਯਮ ਦੀ ਦਿਸ਼ਾ ਮੰਨਿਆ ਜਾਂਦਾ ਹੈ।