- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਕਸਰ ਦੇਰੀ ਸਾਨੂੰ ਕਿਸੇ ਬਿਹਤਰ ਚੀਜ਼ ਵੱਲ ਹੀ ਲੈ ਜਾਂਦੀ ਹੈ। ਇਹ ਵੀ ਯਾਦ ਰਹੇ ਕਿ ਸਬਰ ਦਾ ਅਸਲ ਸਰੂਪ ਕਰਮਸ਼ੀਲ ਰਹਿੰਦਿਆਂ ਕਿਸਮਤ ਅਤੇ ਸਮੇਂ ਦੀ ਗਤੀ ’ਚ ਪੂਰਨ ਸ਼ਰਧਾ ਰੱਖਣਾ ਹੈ। ਇਹ ਸਾਨੂੰ ਸਿਖਾਉਂਦਾ ਹੈ ਕਿ ਸਮਾਂ ਸਿਰਫ਼ ਬਾਹਰੀ ਹਾਲਾਤਾਂ ਨੂੰ ਹੀ ਨਹੀਂ ਬਦਲਦਾ, ਸਗੋਂ ਸਾਡੇ ਅੰਦਰਲੀ ਬੇਸਬਰੀ ਅਤੇ ਕੱਚੇਪਣ ਨੂੰ ਤਰਾਸ਼ ਕੇ ਸਾਨੂੰ ਹੋਰ ਗੰਭੀਰ, ਪਰਿਪੱਕ ਤੇ ਮਜ਼ਬੂਤ ਬਣਾਉਂਦਾ ਹੈ।

ਰਫ਼ਤਾਰ ਦੇ ਇਸ ਦੌਰ ’ਚ ਮਨੁੱਖ ਦੀ ਸਭ ਤੋਂ ਡੂੰਘੀ ਸਾਧਨਾ ਉਸ ਦਾ ਸਬਰ ਹੈ। ਅਸੀਂ ਤੁਰੰਤ ਸਫਲਤਾ, ਫੌਰੀ ਹੱਲ ਅਤੇ ਛੇਤੀ ਨਤੀਜੇ ਚਾਹੁੰਦੇ ਹਾਂ। ਹਾਲਾਂਕਿ ਜੀਵਨ ਦਾ ਸਦੀਵੀ ਨਿਯਮ ਇਹ ਹੈ ਕਿ ਚੇਤਨਾ ਅਤੇ ਕੁਦਰਤ ਦੀ ਆਪਣੀ ਇਕ ਅੰਦਰੂਨੀ ਲੈਅ ਹੁੰਦੀ ਹੈ, ਜਿਸ ਨੂੰ ਕਾਹਲੀ ਦੇ ਸ਼ੋਰ ਨਾਲ ਬਦਲਿਆ ਨਹੀਂ ਜਾ ਸਕਦਾ। ਅਧਿਆਤਮਿਕ ਦ੍ਰਿਸ਼ਟੀਕੋਣ ਤੋਂ ਸਬਰ ਦਾ ਅਰਥ ਨੀਰਸਤਾ ਜਾਂ ਆਲਸ ਨਾਲ ਹੱਥ ’ਤੇ ਹੱਥ ਧਰ ਕੇ ਬੈਠੇ ਰਹਿਣਾ ਨਹੀਂ ਹੈ। ਇਹ ਆਤਮਾ ਦੀ ਉਹ ਸੁਚੇਤ ਅਤੇ ਜਾਗਰੂਕ ਅਵਸਥਾ ਹੈ, ਜਿੱਥੇ ਮਨੁੱਖ ਆਪਣੇ ਕਰਮ ਨੂੰ ਪੂਰੀ ਦ੍ਰਿੜਤਾ ਨਾਲ ਕਰਦਾ ਹੈ ਪਰ ਉਸ ਦੇ ਫਲ ਲਈ ਬੇਸਬਰ ਨਹੀਂ ਹੁੰਦਾ। ਜਿਵੇਂ ਧਰਤੀ ’ਚ ਬੀਜੇ ਗਏ ਬੀਜ ਤੇ ਉਸ ਦੇ ਇਕ ਛਾਂਦਾਰ ਰੁੱਖ ’ਚ ਬਦਲਣ ਦਰਮਿਆਨ ਦਾ ਚੁੱਪਚਾਪ ਬੀਤਣ ਵਾਲਾ ਸਮਾਂ ਵਿਅਰਥ ਨਹੀਂ ਹੁੰਦਾ, ਠੀਕ ਉਸੇ ਤਰ੍ਹਾਂ ਸਾਡੀ ਉਡੀਕ ਦਾ ਸਮਾਂ ਵੀ ਬੇਮਤਲਬ ਨਹੀਂ ਹੁੰਦਾ। ਜੇ ਫਲ ਸਮੇਂ ਤੋਂ ਪਹਿਲਾਂ ਆ ਜਾਵੇ ਤਾਂ ਨਾ ਤਾਂ ਉਹ ਸੁੱਚਾ ਹੋਵੇਗਾ, ਨਾ ਹੀ ਉਸ ’ਚ ਮਿਠਾਸ ਹੋਵੇਗੀ ਅਤੇ ਨਾ ਹੀ ਲੋੜੀਂਦਾ ਪੋਸ਼ਣ ਹੋਵੇਗਾ। ਮਾਨਸਿਕ ਤੇ ਅਧਿਆਤਮਿਕ ਪਰਿਪੱਕਤਾ ਦੀ ਕਸੌਟੀ ਇਹੀ ਹੈ ਕਿ ਅਸੀਂ ਦੇਰੀ ਨੂੰ ਅਸਫਲਤਾ ਨਾ ਸਮਝੀਏ। ਅਕਸਰ ਦੇਰੀ ਸਾਨੂੰ ਕਿਸੇ ਬਿਹਤਰ ਚੀਜ਼ ਵੱਲ ਹੀ ਲੈ ਜਾਂਦੀ ਹੈ। ਇਹ ਵੀ ਯਾਦ ਰਹੇ ਕਿ ਸਬਰ ਦਾ ਅਸਲ ਸਰੂਪ ਕਰਮਸ਼ੀਲ ਰਹਿੰਦਿਆਂ ਕਿਸਮਤ ਅਤੇ ਸਮੇਂ ਦੀ ਗਤੀ ’ਚ ਪੂਰਨ ਸ਼ਰਧਾ ਰੱਖਣਾ ਹੈ। ਇਹ ਸਾਨੂੰ ਸਿਖਾਉਂਦਾ ਹੈ ਕਿ ਸਮਾਂ ਸਿਰਫ਼ ਬਾਹਰੀ ਹਾਲਾਤਾਂ ਨੂੰ ਹੀ ਨਹੀਂ ਬਦਲਦਾ, ਸਗੋਂ ਸਾਡੇ ਅੰਦਰਲੀ ਬੇਸਬਰੀ ਅਤੇ ਕੱਚੇਪਣ ਨੂੰ ਤਰਾਸ਼ ਕੇ ਸਾਨੂੰ ਹੋਰ ਗੰਭੀਰ, ਪਰਿਪੱਕ ਤੇ ਮਜ਼ਬੂਤ ਬਣਾਉਂਦਾ ਹੈ। ਇਸ ਲਈ ਜਦੋਂ ਵੀ ਜੀਵਨ ਦੇ ਕਿਸੇ ਰਸਤੇ ’ਤੇ ਰੁਕਾਵਟ ਮਹਿਸੂਸ ਹੋਵੇ ਤਾਂ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਠਹਿਰਾਅ ਨਹੀਂ, ਸਗੋਂ ਕੁਦਰਤ ਵੱਲੋਂ ਕੀਤੀ ਜਾ ਰਹੀ ਇੱਕ ਤਿਆਰੀ ਹੈ। ਜੀਵਨ ਦਾ ਸਭ ਤੋਂ ਸੁੰਦਰ ਅਤੇ ਡੂੰਘਾ ਭੇਤ ਇਹੀ ਹੈ ਕਿ ਜਿਸ ਨੂੰ ਅੱਜ ਅਸੀਂ ਅਣਉਚਿਤ ਦੇਰੀ ਸਮਝ ਕੇ ਦੁਖੀ ਹੋ ਰਹੇ ਹਾਂ, ਕੱਲ੍ਹ ਉਹੀ ਸਾਨੂੰ ਸਹੀ ਈਸ਼ਵਰੀ ਮਾਰਗਦਰਸ਼ਨ ਦੇ ਰੂਪ ’ਚ ਸਮਝ ਆਵੇਗਾ। ਧੀਰਜ ਰੱਖਣਾ ਜ਼ਰੂਰੀ ਹੈ, ਕਿਉਂਕਿ ਜੋ ਤੁਹਾਡੇ ਲਈ ਨਿਯਤ ਹੈ, ਉਹ ਸਹੀ ਸਮੇਂ ’ਤੇ ਆਪਣੀ ਪੂਰਨਤਾ, ਸੁੰਦਰਤਾ ਅਤੇ ਮਿਠਾਸ ਨਾਲ ਪ੍ਰਗਟ ਹੋਵੇਗਾ।
-ਲਵਲੀ ਆਨੰਦ।