Sharad Purnima ਦੀ ਰਾਤ ਇੱਥੇ ਰਾਧਾ-ਕ੍ਰਿਸ਼ਨ ਨੇ ਰਚਾਇਆ ਸੀ ਮਹਾਰਾਸ, ਚੰਦਰਦੇਵ ਵੀ ਠਹਿਰ ਗਏ ਸੀ ਅਸਮਾਨ 'ਚ
ਸ਼ਰਦ ਪੂਰਨਿਮਾ ਦੇ ਮੌਕੇ 'ਤੇ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਚਿੱਟੇ ਰੰਗ ਨਾਲ ਸ਼ਿੰਗਾਰ ਕਰਨ ਦੀ ਪਰੰਪਰਾ ਹੈ ਅਤੇ ਉਨ੍ਹਾਂ ਨੂੰ ਚਿੱਟੇ ਕੱਪੜੇ ਪਹਿਨਾਏ ਜਾਂਦੇ ਹਨ। ਇਸ ਦੇ ਨਾਲ ਹੀ ਚਿੱਟੇ ਰੰਗ ਦੀਆਂ ਚੀਜ਼ਾਂ ਦਾ ਭੋਗ ਲਗਾਇਆ ਜਾਂਦਾ ਹੈ। ਭਗਵਾਨ ਦੇ ਇਸ ਮਨਮੋਹਕ ਰੂਪ ਦੇ ਦਰਸ਼ਨ ਕਰਨ ਲਈ ਬ੍ਰਜ ਦੇ ਮੰਦਰਾਂ 'ਚ ਸ਼ਰਧਾਲੂਆਂ ਦੀ ਭਾਰੀ ਭੀੜ ਇਕੱਠੀ ਹੁੰਦੀ ਹੈ।
Publish Date: Sun, 25 Oct 2026 12:27 PM (IST)
Updated Date: Sun, 25 Oct 2026 12:30 PM (IST)
ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ 'ਚ ਸ਼ਰਦ ਪੂਰਨਿਮਾ (Sharad Purnima 2026) ਦਾ ਵਿਸ਼ੇਸ਼ ਮਹੱਤਵ ਹੈ। ਧਾਰਮਿਕ ਮਾਨਤਾ ਅਨੁਸਾਰ, ਸ਼ਰਦ ਪੂਰਨਿਮਾ ਦੀ ਰਾਤ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਗੋਪੀਆਂ ਨਾਲ ਮਹਾਰਾਸ ਰਚਾਇਆ ਸੀ। ਇਸੇ ਕਾਰਨ ਇਸ ਪੂਰਨਿਮਾ ਨੂੰ ਰਾਸ ਪੂਰਨਿਮਾ ਵੀ ਕਿਹਾ ਜਾਂਦਾ ਹੈ। ਮਾਨਤਾ ਹੈ ਕਿ ਸ਼ਰਦ ਪੂਰਨਿਮਾ ਦੀ ਰਾਤ ਚੰਦਰਮਾ 16 ਕਲਾ ਸੰਪੂਰਨ ਹੁੰਦਾ ਹੈ ਤੇ ਉਸ ਦੀ ਰੌਸ਼ਨੀ 'ਚੋਂ ਅੰਮ੍ਰਿਤ ਦੀ ਵਰਖਾ ਹੁੰਦੀ ਹੈ।
ਸ਼ਰਦ ਪੂਰਨਿਮਾ ਦੇ ਮੌਕੇ 'ਤੇ ਖੀਰ ਨੂੰ ਚੰਦਰਮਾ ਦੀ ਰੌਸ਼ਨੀ 'ਚ ਰੱਖਿਆ ਜਾਂਦਾ ਹੈ ਅਤੇ ਸਵੇਰੇ ਪ੍ਰਸਾਦ ਵਜੋਂ ਗ੍ਰਹਿਣ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਮਥੁਰਾ, ਵਰਿੰਦਾਵਨ ਅਤੇ ਗੋਵਰਧਨ ਦੇ ਮੰਦਰਾਂ 'ਚ ਵਿਸ਼ੇਸ਼ ਉਤਸਵ ਮਨਾਏ ਜਾਂਦੇ ਹਨ। ਮੰਦਰਾਂ ਨੂੰ ਚਿੱਟੇ ਫੁੱਲਾਂ ਅਤੇ ਰੌਸ਼ਨੀਆਂ ਨਾਲ ਸਜਾਇਆ ਜਾਂਦਾ ਹੈ।
ਬ੍ਰਜ ਖੇਤਰ 'ਚ ਕਈ ਧਾਰਮਿਕ ਸਥਾਨ ਹਨ, ਜਿਨ੍ਹਾਂ ਦਾ ਵਿਸ਼ੇਸ਼ ਮਹੱਤਵ ਹੈ। ਇਨ੍ਹਾਂ 'ਚ ਗੋਵਰਧਨ ਸਥਿਤ ਚੰਦਰ ਸਰੋਵਰ ਵੀ ਸ਼ਾਮਲ ਹੈ। ਧਾਰਮਿਕ ਮਾਨਤਾ ਅਨੁਸਾਰ, ਇਸੇ ਸਥਾਨ 'ਤੇ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਸ਼ਰਦ ਪੂਰਨਿਮਾ ਦੀ ਰਾਤ ਰਾਧਾਰਾਣੀ ਅਤੇ ਗੋਪੀਆਂ ਨਾਲ ਮਹਾਰਾਸ ਕੀਤਾ ਸੀ। ਆਓ, ਇਸ ਲੇਖ 'ਚ ਤੁਹਾਨੂੰ ਇਸ ਪਵਿੱਤਰ ਸਥਾਨ ਨਾਲ ਜੁੜੀਆਂ ਖ਼ਾਸ ਗੱਲਾਂ ਦੱਸਦੇ ਹਾਂ।
ਭਗਵਾਨ ਸ਼੍ਰੀ ਕ੍ਰਿਸ਼ਨ ਨਾਲ ਜੁੜਿਆ ਹੈ ਚੰਦਰ ਸਰੋਵਰ ਦਾ ਇਤਿਹਾਸ
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਮਥੁਰਾ ਜ਼ਿਲ੍ਹੇ 'ਚ ਗੋਵਰਧਨ ਨੇੜੇ ਪਰਾਸੌਲੀ 'ਚ ਚੰਦਰ ਸਰੋਵਰ ਸਥਿਤ ਹੈ। ਇਸ ਨੂੰ ਬ੍ਰਜ ਦਾ ਬਹੁਤ ਪਵਿੱਤਰ ਅਤੇ ਧਾਰਮਿਕ ਸਥਾਨ ਮੰਨਿਆ ਜਾਂਦਾ ਹੈ।
ਲੋਕ ਮਾਨਤਾ ਅਨੁਸਾਰ, ਸ਼ਰਦ ਪੂਰਨਿਮਾ ਦੇ ਸ਼ੁਭ ਮੌਕੇ 'ਤੇ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਬੰਸਰੀ ਵਜਾ ਕੇ ਰਾਧਾਰਾਣੀ ਅਤੇ ਗੋਪੀਆਂ ਨਾਲ ਮਹਾਰਾਸ ਰਚਾਇਆ ਸੀ। ਇਸ ਅਦਭੁੱਤ ਮਹਾਰਾਸ ਦੇ ਦਰਸ਼ਨ ਕਰਨ ਲਈ ਚੰਦਰਦੇਵ ਵੀ ਆਸਮਾਨ 'ਚ ਰੁਕ ਗਏ ਸਨ। ਮਾਨਤਾ ਹੈ ਕਿ ਸ਼ਰਦ ਪੂਰਨਿਮਾ ਦੀ ਉਹ ਰਾਤ ਛੇ ਮਹੀਨਿਆਂ ਦੇ ਬਰਾਬਰ ਹੋ ਗਈ ਸੀ, ਜਿਸ ਦੀ ਤੁਲਨਾ ਬ੍ਰਹਮਾ ਦੀ ਇਕ ਰਾਤ ਨਾਲ ਕੀਤੀ ਜਾਂਦੀ ਹੈ।
ਸ਼ਰਦ ਪੂਰਨਿਮਾ ਦੀ ਰਾਤ ਚੰਦਰਦੇਵ ਦੇ ਇੱਥੇ ਰੁਕਣ ਕਾਰਨ ਇਸ ਸਥਾਨ ਦਾ ਨਾਂ ਚੰਦਰ ਸਰੋਵਰ ਪੈ ਗਿਆ। ਇਸੇ ਪਵਿੱਤਰ ਥਾਂ 'ਤੇ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਅਦਭੁੱਤ ਮਹਾਰਾਸ ਕੀਤਾ ਸੀ। ਚੰਦਰ ਸਰੋਵਰ ਦੇ ਨੇੜੇ ਮਹਾਨ ਕਵੀ ਸੂਰਦਾਸ ਜੀ ਦੀ ਪ੍ਰਮੁੱਖ ਸਾਧਨਾ ਸਥਲੀ ਵੀ ਮੌਜੂਦ ਹੈ।
ਸ਼ਰਦ ਪੂਰਨਿਮਾ 'ਤੇ ਮੰਦਰਾਂ 'ਚ ਦਿਖਾਈ ਦਿੰਦੀ ਹੈ ਖ਼ਾਸ ਰੌਣਕ
ਜਦੋਂ ਸ਼ਰਧਾਲੂ ਗੋਵਰਧਨ ਯਾਤਰਾ ਅਤੇ ਬ੍ਰਜ ਚੌਰਾਸੀ ਕੋਸ ਦੀ ਪਰਿਕਰਮਾ ਕਰਨ ਆਉਂਦੇ ਹਨ, ਤਾਂ ਉਹ ਚੰਦਰ ਸਰੋਵਰ ਦੇ ਦਰਸ਼ਨ ਕਰਨ ਲਈ ਵੀ ਜ਼ਰੂਰ ਪਹੁੰਚਦੇ ਹਨ। ਭਗਵਾਨ ਸ਼੍ਰੀ ਕ੍ਰਿਸ਼ਨ ਦੀਆਂ ਪਵਿੱਤਰ ਲੀਲਾਵਾਂ ਦੀ ਧਰਤੀ ਬ੍ਰਜਮੰਡਲ 'ਚ ਹੋਣ ਵਾਲੀ ਬ੍ਰਜ ਚੌਰਾਸੀ ਕੋਸ ਪਰਿਕਰਮਾ ਦੇ ਰਸਤੇ 'ਚ ਇਹ ਪਵਿੱਤਰ ਸਥਾਨ ਵੀ ਆਉਂਦਾ ਹੈ। ਪਰਿਕਰਮਾ ਮਾਰਗ 'ਤੇ ਕਈ ਮੰਦਰ ਹਨ, ਜਿੱਥੇ ਸ਼ਰਦ ਪੂਰਨਿਮਾ ਦੇ ਮੌਕੇ 'ਤੇ ਵਿਸ਼ੇਸ਼ ਰੌਣਕ ਦੇਖਣ ਨੂੰ ਮਿਲਦੀ ਹੈ।
ਸ਼ਰਦ ਪੂਰਨਿਮਾ ਦੇ ਮੌਕੇ 'ਤੇ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਚਿੱਟੇ ਰੰਗ ਨਾਲ ਸ਼ਿੰਗਾਰ ਕਰਨ ਦੀ ਪਰੰਪਰਾ ਹੈ ਅਤੇ ਉਨ੍ਹਾਂ ਨੂੰ ਚਿੱਟੇ ਕੱਪੜੇ ਪਹਿਨਾਏ ਜਾਂਦੇ ਹਨ। ਇਸ ਦੇ ਨਾਲ ਹੀ ਚਿੱਟੇ ਰੰਗ ਦੀਆਂ ਚੀਜ਼ਾਂ ਦਾ ਭੋਗ ਲਗਾਇਆ ਜਾਂਦਾ ਹੈ। ਭਗਵਾਨ ਦੇ ਇਸ ਮਨਮੋਹਕ ਰੂਪ ਦੇ ਦਰਸ਼ਨ ਕਰਨ ਲਈ ਬ੍ਰਜ ਦੇ ਮੰਦਰਾਂ 'ਚ ਸ਼ਰਧਾਲੂਆਂ ਦੀ ਭਾਰੀ ਭੀੜ ਇਕੱਠੀ ਹੁੰਦੀ ਹੈ।