- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਗਲ ਨੂੰ ਊਰਜਾ, ਹਿੰਮਤ, ਸੇਵਾ ਤੇ ਸਮਰਪਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸੇ ਕਾਰਨ ਮੁਲਾਂਕ 9 ਵਾਲੇ ਲੋਕ ਸੁਭਾਅ ਤੋਂ ਬਹੁਤ ਮਦਦਗਾਰ ਤੇ ਦਿਆਲੂ ਹੁੰਦੇ ਹਨ। ਨਾਲ ਹੀ ਇਹ ਲੋਕ ਦਿਲ ਦੇ ਸੱਚੇ ਤੇ ਵਫ਼ਾਦਾਰ ਵੀ ਹੁੰਦੇ ਹਨ।

ਧਰਮ ਡੈਸਕ, ਨਵੀਂ ਦਿੱਲੀ: ਅੰਕ ਜੋਤਿਸ਼ 'ਚ ਮੁਲਾਂਕ 9 ਨੂੰ ਸਭ ਤੋਂ ਵੱਧ ਨਿਸ਼ਕਾਮ ਤੇ ਪਰਉਪਕਾਰੀ ਮੰਨਿਆ ਜਾਂਦਾ ਹੈ। ਇਹ ਅੰਕ ਮੰਗਲ ਗ੍ਰਹਿ ਨਾਲ ਸੰਬੰਧਤ ਹੈ। ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 9, 18 ਜਾਂ 27 ਤਰੀਕ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 9 ਹੁੰਦਾ ਹੈ।
ਇਨ੍ਹਾਂ ਜਾਤਕਾਂ 'ਤੇ ਮੰਗਲ ਗ੍ਰਹਿ ਦਾ ਸਭ ਤੋਂ ਵੱਧ ਪ੍ਰਭਾਵ ਰਹਿੰਦਾ ਹੈ। ਮੰਗਲ ਨੂੰ ਊਰਜਾ, ਹਿੰਮਤ, ਸੇਵਾ ਤੇ ਸਮਰਪਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸੇ ਕਾਰਨ ਮੁਲਾਂਕ 9 ਵਾਲੇ ਲੋਕ ਸੁਭਾਅ ਤੋਂ ਬਹੁਤ ਮਦਦਗਾਰ ਤੇ ਦਿਆਲੂ ਹੁੰਦੇ ਹਨ।
ਨਾਲ ਹੀ ਇਹ ਲੋਕ ਦਿਲ ਦੇ ਸੱਚੇ ਤੇ ਵਫ਼ਾਦਾਰ ਵੀ ਹੁੰਦੇ ਹਨ। ਕਈ ਵਾਰ ਲੋਕ ਉਨ੍ਹਾਂ ਦੀ ਇਸ ਨੇਕਦਿਲੀ ਦਾ ਫਾਇਦਾ ਚੁੱਕ ਲੈਂਦੇ ਹਨ। ਮਦਦ ਲੈਣ ਤੋਂ ਬਾਅਦ ਉਨ੍ਹਾਂ ਨੂੰ ਭੁੱਲ ਜਾਂਦੇ ਹਨ। ਆਓ ਜਾਣਦੇ ਹਾਂ ਕਿ ਉਨ੍ਹਾਂ ਨਾਲ ਅਜਿਹਾ ਕਿਉਂ ਹੁੰਦਾ ਹੈ।
ਮੁਲਾਂਕ 9 ਵਾਲੇ ਲੋਕ ਭਾਵਨਾਤਮਕ ਤੌਰ 'ਤੇ ਬਹੁਤ ਮਜ਼ਬੂਤ ਹੁੰਦੇ ਹਨ। ਉਨ੍ਹਾਂ ਦਾ ਦਿਲ ਸ਼ੀਸ਼ੇ ਵਾਂਗ ਸਾਫ਼ ਹੁੰਦਾ ਹੈ। ਕਿਸੇ ਨੂੰ ਤਕਲੀਫ਼ 'ਚ ਦੇਖਣਾ ਉਨ੍ਹਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਹੁੰਦਾ। ਜੇਕਰ ਉਨ੍ਹਾਂ ਦੇ ਆਲੇ-ਦੁਆਲੇ ਕੋਈ ਪਰੇਸ਼ਾਨ ਹੋਵੇ ਤਾਂ ਉਹ ਬਿਨਾਂ ਸੋਚੇ-ਸਮਝੇ ਸਭ ਤੋਂ ਪਹਿਲਾਂ ਮਦਦ ਲਈ ਅੱਗੇ ਆ ਜਾਂਦੇ ਹਨ। ਦੂਜਿਆਂ ਦਾ ਦੁੱਖ ਉਨ੍ਹਾਂ ਨੂੰ ਆਪਣਾ ਦੁੱਖ ਲੱਗਦਾ ਹੈ।
ਰਿਸ਼ਤਿਆਂ 'ਚ ਵੀ ਉਹ ਪੂਰੀ ਵਫ਼ਾਦਾਰੀ ਨਿਭਾਉਂਦੇ ਹਨ। ਦੋਸਤ ਹੋਵੇ ਜਾਂ ਪਰਿਵਾਰ, ਉਹ ਹਰ ਕਿਸੇ ਲਈ ਹਰ ਸੰਭਵ ਯਤਨ ਕਰਦੇ ਹਨ। ਉਨ੍ਹਾਂ ਲਈ ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ। ਇਸੇ ਗੁਣ ਕਾਰਨ ਲੋਕ ਉਨ੍ਹਾਂ 'ਤੇ ਬਹੁਤ ਜਲਦੀ ਭਰੋਸਾ ਕਰ ਲੈਂਦੇ ਹਨ। ਮੁਲਾਂਕ 9 ਵਾਲੇ ਲੋਕ ਵੀ ਕਿਸੇ ਨੂੰ ਨਿਰਾਸ਼ ਨਹੀਂ ਕਰਦੇ। ਚਾਹੇ ਪੈਸਾ ਹੋਵੇ, ਸਮਾਂ ਹੋਵੇ ਜਾਂ ਸਲਾਹ, ਲੋੜ ਪੈਣ 'ਤੇ ਉਹ ਕਦੇ ਪਿੱਛੇ ਨਹੀਂ ਹਟਦੇ। ਸਮਾਜ ਸੇਵਾ, ਦਾਨ-ਪੁੰਨ ਤੇ ਲੋੜਵੰਦਾਂ ਦੀ ਮਦਦ ਕਰਨਾ ਉਨ੍ਹਾਂ ਦੇ ਸੁਭਾਅ ਦਾ ਹਿੱਸਾ ਹੁੰਦਾ ਹੈ।
ਮੁਲਾਂਕ 9 ਦੀ ਸਭ ਤੋਂ ਵੱਡੀ ਤਾਕਤ ਹੀ ਕਈ ਵਾਰ ਉਨ੍ਹਾਂ ਦੀ ਕਮਜ਼ੋਰੀ ਬਣ ਜਾਂਦੀ ਹੈ। ਉਹ ਲੋਕਾਂ ਨੂੰ 'ਨਾ' ਕਹਿਣਾ ਨਹੀਂ ਜਾਣਦੇ।
ਜੇਕਰ ਕੋਈ ਮਦਦ ਮੰਗੇ ਤਾਂ ਭਾਵੇਂ ਖੁਦ ਨੂੰ ਪਰੇਸ਼ਾਨੀ ਹੋਵੇ, ਫਿਰ ਵੀ ਉਹ ਇਨਕਾਰ ਨਹੀਂ ਕਰਦੇ। ਇਸੇ ਕਾਰਨ ਕਈ ਲੋਕ ਉਨ੍ਹਾਂ ਦੇ ਭੋਲੇਪਣ ਤੇ ਚੰਗੇ ਸੁਭਾਅ ਦਾ ਫਾਇਦਾ ਉਠਾਉਂਦੇ ਹਨ। ਦਫ਼ਤਰ ਹੋਵੇ ਜਾਂ ਦੋਸਤਾਂ ਦਾ ਘੇਰਾ, ਹਰ ਕੋਈ ਜਾਣਦਾ ਹੈ ਕਿ ਇਹ ਵਿਅਕਤੀ ਮਦਦ ਲਈ ਕਦੇ ਇਨਕਾਰ ਨਹੀਂ ਕਰੇਗਾ। ਹੌਲੀ-ਹੌਲੀ ਲੋਕ ਉਨ੍ਹਾਂ ਨੂੰ ਆਪਣੀ ਸੁਵਿਧਾ ਲਈ ਵਰਤਣਾ ਸ਼ੁਰੂ ਕਰ ਦਿੰਦੇ ਹਨ। ਆਰਥਿਕ ਮਦਦ, ਭਾਵਨਾਤਮਕ ਸਹਾਰਾ ਜਾਂ ਕੋਈ ਵੀ ਜ਼ਿੰਮੇਵਾਰੀ, ਮਲਾਂਕ 9 ਵਾਲੇ ਲੋਕ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਹਨ। ਪਰ ਜਦੋਂ ਉਨ੍ਹਾਂ ਦੀ ਲੋੜ ਖ਼ਤਮ ਹੋ ਜਾਂਦੀ ਹੈ ਤਾਂ ਕਈ ਲੋਕ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੰਦੇ ਹਨ।
ਫ਼ੋਨ ਆਉਣੇ ਘੱਟ ਹੋ ਜਾਂਦੇ ਹਨ, ਹਾਲ-ਚਾਲ ਪੁੱਛਣਾ ਵੀ ਬੰਦ ਹੋ ਜਾਂਦਾ ਹੈ। ਅਜਿਹੇ ਹਾਲਾਤ ਉਨ੍ਹਾਂ ਨੂੰ ਅੰਦਰੋਂ ਬਹੁਤ ਦੁਖੀ ਕਰਦੇ ਹਨ।
ਫਿਰ ਵੀ ਮੁਲਾਂਕ 9 ਵਾਲੇ ਜਾਤਕ ਹਿੰਮਤ ਨਹੀਂ ਹਾਰਦੇ। ਉਹ ਬਹੁਤ ਸਵੈ-ਸਨਮਾਨ ਵਾਲੇ ਹੁੰਦੇ ਹਨ। ਜੇਕਰ ਕੋਈ ਉਨ੍ਹਾਂ ਨਾਲ ਗਲਤ ਵਿਵਹਾਰ ਕਰੇ ਤਾਂ ਉਹ ਲੜਾਈ-ਝਗੜਾ ਨਹੀਂ ਕਰਦੇ। ਪਿੱਠ ਪਿੱਛੇ ਬੁਰਾਈ ਕਰਨਾ ਜਾਂ ਬਦਲਾ ਲੈਣਾ ਉਨ੍ਹਾਂ ਦੇ ਸੁਭਾਅ 'ਚ ਨਹੀਂ ਹੁੰਦਾ। ਉਹ ਚੁੱਪਚਾਪ ਆਪਣਾ ਰਾਹ ਬਦਲ ਲੈਂਦੇ ਹਨ ਤੇ ਮੁੜ ਆਪਣੇ ਕੰਮ ਵਿੱਚ ਜੁਟ ਜਾਂਦੇ ਹਨ। ਮੰਗਲ ਦਾ ਪ੍ਰਭਾਵ ਉਨ੍ਹਾਂ ਨੂੰ ਹਾਰ ਨਾ ਮੰਨਣ ਵਾਲਾ ਬਣਾਉਂਦਾ ਹੈ। ਡਿੱਗ ਕੇ ਮੁੜ ਖੜ੍ਹਾ ਹੋਣਾ ਤੇ ਦੂਜਿਆਂ ਦੀ ਮਦਦ ਕਰਦੇ ਰਹਿਣਾ ਹੀ ਉਨ੍ਹਾਂ ਦੇ ਜੀਵਨ ਦਾ ਸਿਧਾਂਤ ਹੁੰਦਾ ਹੈ। ਉਨ੍ਹਾਂ ਨੂੰ ਦਿਖਾਵੇ ਨਾਲ ਨਫ਼ਰਤ ਹੁੰਦੀ ਹੈ ਅਤੇ ਜੋ ਵੀ ਕਰਦੇ ਹਨ, ਪੂਰੇ ਦਿਲੋਂ ਕਰਦੇ ਹਨ। ਇਸ ਲਈ ਮੁਲਾਂਕ 9 ਵਾਲੇ ਲੋਕਾਂ ਨੂੰ ਆਪਣੀ ਨੇਕਦਿਲੀ ਦੇ ਨਾਲ-ਨਾਲ ਥੋੜ੍ਹੀ ਸਮਝਦਾਰੀ ਵੀ ਰੱਖਣੀ ਚਾਹੀਦੀ ਹੈ। ਹਰ ਕਿਸੇ ਦੀ ਮਦਦ ਕਰਨਾ ਚੰਗੀ ਗੱਲ ਹੈ, ਪਰ ਆਪਣੀਆਂ ਹੱਦਾਂ ਤੈਅ ਕਰਨਾ ਵੀ ਓਨਾ ਹੀ ਜ਼ਰੂਰੀ ਹੈ।