- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉੱਤਰਾਖੰਡ ਦੇ ਉੱਤਰਕਾਸ਼ੀ ਦੇ ਹਨੋਲ ਖੇਤਰ 'ਚ ਟੋਂਸ ਨਦੀ ਦੇ ਕਿਨਾਰੇ 'ਤੇ ਵਸਿਆ ਹੈ ਮਹਾਸੂ ਦੇਵਤਾ ਦਾ ਮੰਦਰ, ਜੋ ਦੇਵਤਿਆਂ ਦੇ ਸਮੂਹਕ ਨਾਂ 'ਤੇ ਆਧਾਰਤ ਹੈ। ਮਹਾਸੂ ਦੇਵਤਾ ਦੀ ਪੂਜਾ ਉੱਤਰਾਖੰਡ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ 'ਚ ਵੀ ਹੁੰਦੀ ਹੈ। ਮਹਾਸੂ ਦੇਵਤਾ ਨੂੰ ਨਿਆਂ ਦਾ ਦੇਵਤਾ ਵੀ ਮੰਨਿਆ ਜਾਂਦਾ ਹੈ ਤੇ ਉਨ੍ਹਾਂ ਦੇ ਮੰਦਰ ਨੂੰ ਅਦਾਲਤ ਦੇ ਤੌਰ 'ਤੇ ਦੇਖਿਆ ਜਾਂਦਾ ਹੈ।

ਧਰਮ ਡੈਸਕ, ਨਵੀਂ ਦਿੱਲੀ : ਉੱਤਰਾਖੰਡ ਜਿਸ ਨੂੰ ਦੇਵਤਿਆਂ ਦੀ ਭੂਮੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇੱਥੇ ਕਈ ਅਜਿਹੇ ਪ੍ਰਾਚੀਨ ਮੰਦਰ ਹਨ ਜਿਨ੍ਹਾਂ ਦਾ ਜ਼ਿਕਰ ਧਾਰਮਿਕ ਗ੍ਰੰਥਾਂ 'ਚ ਦੇਖਣ ਨੂੰ ਮਿਲਦਾ ਹੈ। ਇਨ੍ਹਾਂ ਵਿਚ ਕੇਦਾਰਨਾਥ ਤੋਂ ਲੈ ਕੇ ਗੰਗੋਤਰੀ, ਯਮੁਨੋਤਰੀ, ਤੁੰਗਨਾਥ ਤੇ ਜਾਗੇਸ਼ਵਰ ਧਾਮ ਵਰਗੇ ਪ੍ਰਮੁੱਖ ਮੰਦਰ ਹਨ, ਜਿਨ੍ਹਾਂ ਬਾਰੇ ਜ਼ਿਆਦਾਤਰ ਲੋਕਾਂ ਨੂੰ ਪਤਾ ਹੈ।
ਅੱਜ ਅਸੀਂ ਉੱਤਰਾਖੰਡ ਦੇ ਉਨ੍ਹਾਂ 5 ਰਹੱਸਮਈ ਮੰਦਰਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਬਾਰੇ ਬਹੁਤ ਘੱਟ ਲੋਕਾਂ ਨੂੰ ਹੀ ਪਤਾ ਹੈ। ਇਨ੍ਹਾਂ ਮੰਦਰਾਂ ਨਾਲ ਜੁੜੀਆਂ ਪਰੰਪਰਾਵਾਂ ਤੇ ਉਸ ਦੇ ਪਿੱਛੇ ਦਾ ਰਹੱਸ ਹਰ ਕਿਸੇ ਨੂੰ ਹੈਰਾਨੀ 'ਚ ਪਾ ਦਿੰਦਾ ਹੈ।
ਉੱਤਰਾਖੰਡ ਦੇ ਉੱਤਰਕਾਸ਼ੀ ਦੇ ਹਨੋਲ ਖੇਤਰ 'ਚ ਟੋਂਸ ਨਦੀ ਦੇ ਕਿਨਾਰੇ 'ਤੇ ਵਸਿਆ ਹੈ ਮਹਾਸੂ ਦੇਵਤਾ ਦਾ ਮੰਦਰ, ਜੋ ਦੇਵਤਿਆਂ ਦੇ ਸਮੂਹਕ ਨਾਂ 'ਤੇ ਆਧਾਰਤ ਹੈ। ਮਹਾਸੂ ਦੇਵਤਾ ਦੀ ਪੂਜਾ ਉੱਤਰਾਖੰਡ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ 'ਚ ਵੀ ਹੁੰਦੀ ਹੈ।
ਮਹਾਸੂ ਦੇਵਤਾ ਨੂੰ ਨਿਆਂ ਦਾ ਦੇਵਤਾ ਵੀ ਮੰਨਿਆ ਜਾਂਦਾ ਹੈ ਤੇ ਉਨ੍ਹਾਂ ਦੇ ਮੰਦਰ ਨੂੰ ਅਦਾਲਤ ਦੇ ਤੌਰ 'ਤੇ ਦੇਖਿਆ ਜਾਂਦਾ ਹੈ। ਦੇਸ਼ ਭਰ ਤੋਂ ਸ਼ਰਧਾਲੂ ਇਸ ਮੰਦਰ ਵਿੱਚ ਨਿਆਂ ਪਾਉਣ ਦੀ ਪ੍ਰਾਰਥਨਾ ਲਈ ਆਉਂਦੇ ਹਨ।
ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ 'ਚ ਸਥਿਤ ਹੈ ਲਾਟੂ ਦੇਵਤਾ ਦਾ ਮੰਦਰ। ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਲਾਟੂ ਦੇਵਤਾ ਉੱਤਰਾਖੰਡ ਦੀ ਨੰਦਾ ਦੇਵੀ ਦੇ ਧਰਮ ਭਰਾ ਹਨ। ਇਸ ਮੰਦਰ ਦੇ ਕਪਾਟ ਸਾਲ 'ਚ ਇਕ ਵਾਰ ਖੁੱਲ੍ਹਦੇ ਹਨ। ਇਸ ਦਿਨ ਮੰਦਰ ਦੇ ਪੁਜਾਰੀ ਅੱਖਾਂ ਤੇ ਮੂੰਹ 'ਤੇ ਪੱਟੀ ਬੰਨ੍ਹ ਕੇ ਪੂਜਾ ਕਰਦੇ ਹਨ। ਇਸ ਤੋਂ ਇਲਾਵਾ ਭਗਤ ਵੀ ਦੇਵਤਾ ਦੇ ਦਰਸ਼ਨ ਦੂਰੋਂ ਹੀ ਕਰਦੇ ਹਨ। ਇਸ ਦੇ ਪਿੱਛੇ ਲੋਕਾਂ ਦਾ ਮੰਨਣਾ ਹੈ ਕਿ ਮੰਦਰ 'ਚ ਨਾਗਦੇਵਤਾ ਮਣੀ ਦੇ ਨਾਲ ਰਹਿੰਦੇ ਹਨ, ਜਿਸ ਨੂੰ ਦੇਖ ਸਕਣਾ ਆਮ ਲੋਕਾਂ ਲਈ ਆਸਾਨ ਨਹੀਂ ਹੈ। ਪੁਜਾਰੀ ਨਾਗਰਾਜ ਦੇ ਰੂਪ ਨੂੰ ਦੇਖ ਕੇ ਡਰ ਨਾ ਜਾਣ ਇਸ ਲਈ ਉਹ ਆਪਣੀਆਂ ਅੱਖਾਂ 'ਤੇ ਪੱਟੀ ਬੰਨ੍ਹ ਕੇ ਦਰਵਾਜ਼ਾ ਖੋਲ੍ਹਦੇ ਹਨ।
ਉੱਤਰਾਖੰਡ ਦਾ ਅਤਿਅੰਤ ਪਵਿੱਤਰ ਮੰਦਰ ਭਵਿੱਖ ਬਦਰੀ ਨੂੰ ਭਵਿੱਖ ਦਾ ਬਦਰੀਨਾਥ ਵੀ ਕਿਹਾ ਜਾਂਦਾ ਹੈ, ਜੋ ਚਮੋਲੀ ਜ਼ਿਲ੍ਹੇ ਦੇ ਜੋਸ਼ੀਮਠ ਤੋਂ ਲਗਪਗ 17 ਕਿਲੋਮੀਟਰ ਦੂਰ ਸੁਭੈਨ ਪਿੰਡ 'ਚ ਵਸਿਆ ਹੈ। ਉੱਤਰਾਖੰਡ ਦੇ ਇਸ ਮੰਦਰ ਬਾਰੇ ਕਿਹਾ ਜਾਂਦਾ ਹੈ ਕਿ ਜਦੋਂ ਕਲਯੁਗ ਦੇ ਅੰਤ 'ਚ ਬਦਰੀਨਾਥ ਦਾ ਮਾਰਗ ਬੰਦ ਹੋ ਜਾਵੇਗਾ ਤੇ ਯਾਤਰਾ ਮੁਸ਼ਕਲ ਬਣ ਜਾਵੇਗੀ, ਉਦੋਂ ਭਗਵਾਨ ਬਦਰੀ ਇਸ ਸਥਾਨ 'ਤੇ ਨਿਵਾਸ ਕਰਨਗੇ। ਉਸ ਸਮੇਂ ਤੋਂ ਇਹ ਸਥਾਨ ਭਗਤਾਂ ਲਈ ਪੂਜਾ ਦਾ ਅਹਿਮ ਸਥਾਨ ਹੋਵੇਗਾ।
ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ 'ਚ ਸਥਿਤ ਹੈ ਪਾਤਾਲ ਭੁਵਨੇਸ਼ਵਰ ਜਿਸ ਨੂੰ ਹਿੰਦੂ ਧਰਮ ਦੇ ਪ੍ਰਮੁੱਖ ਆਸਥਾ ਸਥਾਨਾਂ 'ਚ ਸ਼ਾਮਲ ਕੀਤਾ ਜਾਂਦਾ ਹੈ। ਸਕੰਦ ਪੁਰਾਣ ਵਰਗੇ ਪੌਰਾਣਿਕ ਗ੍ਰੰਥਾਂ 'ਚ ਵੀ ਇਸ ਦਾ ਜ਼ਿਕਰ ਦੇਖਣ ਨੂੰ ਮਿਲਦਾ ਹੈ। ਪਾਤਾਲ ਭੁਵਨੇਸ਼ਵਰ ਲਗਪਗ 90 ਫੁੱਟ ਡੂੰਘੀ ਇਸ ਕੁਦਰਤੀ ਗੁਫਾ ਤਕ ਜਾਣ ਲਈ ਲਗਪਗ 80 ਸੰਕਰੀਆਂ ਤੇ ਤਿਲਕਣ ਵਾਲੀਆਂ ਪੌੜੀਆਂ ਉਤਰਨੀਆਂ ਪੈਂਦੀਆਂ ਹਨ।
ਗੁਫਾ ਦੇ ਅੰਦਰ 6 ਕੁਦਰਤੀ ਥੰਮ੍ਹਾਂ 'ਚੋਂ 4 ਥੰਮ੍ਹਾਂ ਨੂੰ ਸਤਿਯੁਗ, ਤ੍ਰੇਤਾਯੁਗ, ਦੁਆਪਰਯੁਗ ਤੇ ਕਲਯੁਗ ਕਿਹਾ ਗਿਆ ਹੈ ਜਿਸ ਵਿਚ ਮੰਨਿਆ ਜਾਂਦਾ ਹੈ ਕਿ ਕਲਯੁਗ ਦਾ ਥੰਮ੍ਹ ਹੌਲੀ-ਹੌਲੀ ਵਧ ਰਿਹਾ ਹੈ ਅਤੇ ਇਸ ਦੇ ਠੀਕ ਉੱਪਰ ਛੱਤ ਤੋਂ ਲਟਕੀ ਹੋਈ ਕੁਦਰਤੀ ਚੱਟਾਨ ਜਿਸ ਨੂੰ ਲੈ ਕੇ ਕਿਹਾ ਜਾਂਦਾ ਹੈ ਕਿ ਜਿਸ ਦਿਨ ਇਹ ਚੱਟਾਨ ਤੇ ਥੰਮ੍ਹ ਆਪਸ 'ਚ ਮਿਲ ਜਾਣਗੇ, ਉਸ ਦਿਨ ਪ੍ਰਲਯ ਆ ਜਾਵੇਗੀ। ਹਾਲਾਂਕਿ ਇਹ ਗੱਲਾਂ ਪੂਰੀ ਤਰ੍ਹਾਂ ਧਾਰਮਿਕ ਅਤੇ ਪ੍ਰਚਲਿਤ ਮਾਨਤਾਵਾਂ 'ਤੇ ਆਧਾਰਿਤ ਹਨ।
ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ 'ਚ ਸਥਿਤ ਇਕ ਗੁਫਾ ਜਿਸ ਨੂੰ ਟਿਮਰਸੈਂਣ ਮਹਾਦੇਵ ਮੰਦਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਮੰਦਰ ਦਾ ਮੁੱਖ ਆਕਰਸ਼ਣ ਗੁਫਾ ਦੇ ਅੰਦਰ ਕੁਦਰਤੀ ਰੂਪ 'ਚ ਸਥਾਪਿਤ ਸ਼ਿਵਲਿੰਗ ਹੈ। ਇਸ ਨੂੰ ਸਥਾਨਕ ਭਗਤ ਬਾਬਾ ਬਰਫਾਨੀ ਵੀ ਬੁਲਾਉਂਦੇ ਹਨ।
ਕਿਉਂਕਿ ਇਸ ਮੰਦਰ 'ਚ ਪੂਰੇ ਸਾਲ ਠੰਢ ਦਾ ਪ੍ਰਭਾਵ ਰਹਿੰਦਾ ਹੈ ਅਤੇ ਸਰਦੀਆਂ ਦੇ ਮੌਸਮ 'ਚ ਗੁਫਾ ਦੇ ਅੰਦਰ ਬਰਫ਼ ਦੀ ਪਰਤ ਜੰਮ ਜਾਂਦੀ ਹੈ। ਇਹ ਪਰਤ ਦੇਖਦੇ ਹੀ ਦੇਖਦੇ ਕੁਦਰਤੀ ਸ਼ਿਵਲਿੰਗ ਦਾ ਆਕਾਰ ਲੈ ਲੈਂਦੀ ਹੈ ਜੋ ਦੇਖਣ 'ਚ ਇਕਦਮ ਅਮਰਨਾਥ ਗੁਫਾ ਦੀ ਤਰ੍ਹਾਂ ਦਿਖਾਈ ਦਿੰਦੀ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।