ਮੰਨਿਆ ਜਾਂਦਾ ਹੈ ਕਿ ਮਾਲਾ ਦੀ ਵਰਤੋਂ ਕਰਦੇ ਸਮੇਂ ਜਾਪ ਕਰਨ ਨਾਲ ਗਲੇ ਨਾਲ ਜੁੜੀਆਂ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਇਸ ਲਈ ਤੁਸੀਂ ਆਪਣੇ ਅਧਿਆਤਮਕ ਟੀਚਿਆਂ ਦੇ ਆਧਾਰ 'ਤੇ ਢੁਕਵੀਂ ਮਾਲਾ 'ਚੋਂ ਕਿਸੇ ਇਕ ਦੀ ਚੋਣ ਕਰ ਸਕਦੇ ਹੋ।

ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ 'ਚ ਮਾਲਾ ਦਾ ਖਾਸ ਮਹੱਤਵ ਹੈ। ਵੱਖ-ਵੱਖ ਅਨੁਸ਼ਠਾਨਾਂ ਦੌਰਾਨ ਮਾਲਾ ਦੀ ਲੋੜ ਹੁੰਦੀ ਹੈ ਤੇ ਅਕਸਰ ਸਵੇਰੇ ਤੇ ਸ਼ਾਮ ਦੋਵੇਂ ਸਮੇਂ ਪ੍ਰਾਰਥਨਾ ਲਈ ਇਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਮਾਲਾਵਾਂ ਦੇ ਪ੍ਰਯੋਗ ਨਾਲ ਮਿਲਣ ਵਾਲੇ ਲਾਭ, ਵਰਤੀ ਜਾ ਰਹੀ ਮਾਲਾ ਦੀ ਕਿਸਮ ਦੇ ਆਧਾਰ 'ਤੇ ਵੱਖ-ਵੱਖ ਹੋ ਸਕਦੇ ਹਨ।
ਕਮਲ ਦੇ ਬੀਜਾਂ ਤੋਂ ਬਣੀ ਮਾਲਾ ਧਾਰਨ ਕਰਨ ਨਾਲ ਦੁਸ਼ਮਣਾਂ ਦਾ ਨਾਸ ਹੋਣ ਦੇ ਨਾਲ-ਨਾਲ ਮਾਲਾ ਧਾਰਨ ਕਰਨ ਵਾਲੇ ਵਿਅਕਤੀ ਨੂੰ ਨੁਕਸਾਨ ਤੋਂ ਸੁਰੱਖਿਆ ਮਿਲਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਮਾਲਾ ਨਾਲ ਜਾਪ ਕਰਨ ਨਾਲ ਦੇਵੀ ਲਕਸ਼ਮੀ ਪ੍ਰਸੰਨ ਹੁੰਦੇ ਹਨ, ਆਰਥਿਕ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ ਤੇ ਸਾਰੇ ਕਾਰਜਾਂ 'ਚ ਸਫਲਤਾ ਮਿਲਦੀ ਹੈ।
ਹਿੰਦੂ ਧਰਮ 'ਚ ਤੁਲਸੀ ਦੀ ਮਾਲਾ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਤੁਲਸੀ ਦੀ ਮਾਲਾ ਭਗਵਾਨ ਵਿਸ਼ਨੂੰ ਨੂੰ ਖੁਸ਼ ਕਰਨ ਲਈ ਧਾਰਨ ਕੀਤੀ ਜਾਂਦੀ ਹੈ, ਜੋ ਵੈਰਾਗ ਵਧਾਉਣ ਵਾਲੀ ਮੰਨੀ ਜਾਂਦੀ ਹੈ। ਪਦਮ ਪੁਰਾਣ ਮੁਤਾਬਕ, ਤੁਲਸੀ ਦੀ ਮਾਲਾ ਧਾਰਨ ਕਰਦੇ ਹੋਏ ਭੋਜਨ ਕਰਨਾ ਅਸ਼ਵਮੇਧ ਯੱਗ ਕਰਨ ਦੇ ਬਰਾਬਰ ਹੈ।
ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਮੌਤ ਦੇ ਸਮੇਂ ਤੁਲਸੀ ਦੀ ਮਾਲਾ ਧਾਰਨ ਕਰਨ ਨਾਲ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ ਤੇ ਪਵਿੱਤਰ ਸਥਾਨਾਂ ਦੀ ਯਾਤਰਾ ਦੌਰਾਨ ਧਾਰਨ ਕਰਨ ਨਾਲ ਪੂਰਾ ਅਧਿਆਤਮਿਕ ਲਾਭ ਮਿਲਦਾ ਹੈ।
ਰੁਦਰਾਕਸ਼ ਦਾ ਸੰਬੰਧ ਭਗਵਾਨ ਸ਼ਿਵ ਨਾਲ ਹੈ ਤੇ ਇਸ ਦੀ ਉਤਪੱਤੀ ਵੀ ਉਨ੍ਹਾਂ ਨਾਲ ਹੀ ਜੁੜੀ ਹੋਈ ਹੈ। ਇਸ ਲਈ ਇਸ ਮਾਲਾ ਨਾਲ ਜਾਪ ਕਰਨ ਨਾਲ ਭਗਵਾਨ ਸ਼ਿਵ ਪ੍ਰਸੰਨ ਹੁੰਦੇ ਹਨ ਤੇ ਕਸ਼ਟਾਂ ਤੋਂ ਮੁਕਤੀ ਵੀ ਮਿਲਦੀ ਹੈ।
ਕ੍ਰਿਸਟਲ ਦੀ ਮਾਲਾ ਦੀ ਵਰਤੋਂ ਤਾਂਤਰਿਕ ਸ਼ਕਤੀਆਂ ਹਾਸਲ ਕਰਨ ਲਈ ਕੀਤੀ ਜਾਂਦੀ ਹੈ, ਪਰ ਪਰਿਵਾਰਕ ਲੋਕਾਂ ਨੂੰ ਆਮ ਤੌਰ 'ਤੇ ਇਸ ਦੀ ਵਰਤੋਂ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।
ਸੱਪ ਦੀਆਂ ਹੱਡੀਆਂ ਤੋਂ ਬਣੀ ਮਾਲਾ ਬਾਰੇ ਬਹੁਤ ਘੱਟ ਲੋਕਾਂ ਨੂੰ ਹੀ ਪਤਾ ਹੈ। ਆਮ ਤੌਰ 'ਤੇ ਇਸ ਤਰ੍ਹਾਂ ਦੀ ਮਾਲਾ ਦੀ ਵਰਤੋਂ ਤਪੱਸਵੀਆਂ ਤੇ ਕੁਝ ਅਧਿਆਤਮਕ ਸਾਧਕਾਂ ਵੱਲੋਂ ਹੀ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਤਾਂਤਰਿਕ ਅਨੁਸ਼ਠਾਨਾਂ, ਮੰਤਰਾਂ ਤੇ ਧਿਆਨ ਸਾਧਨਾਵਾਂ 'ਚ ਕੀਤੀ ਜਾਂਦੀ ਹੈ ਅਤੇ ਮੰਨਿਆ ਜਾਂਦਾ ਹੈ ਕਿ, ਇਸ ਨਾਲ ਮਨਚਾਹੇ ਫਲ ਦੀ ਪ੍ਰਾਪਤੀ ਹੁੰਦੀ ਹੈ।
ਕਿਸੇ ਵੀ ਮਾਲਾ ਦੀ ਵਰਤੋਂ ਕਰਦੇ ਸਮੇਂ ਮੰਤਰਾਂ ਦਾ ਜਾਪ ਕਰਨਾ ਇਕ ਪਰੰਪਰਾ ਹੈ। ਮੰਨਿਆ ਜਾਂਦਾ ਹੈ ਕਿ ਮਾਲਾ ਦੀ ਵਰਤੋਂ ਕਰਦੇ ਸਮੇਂ ਜਾਪ ਕਰਨ ਨਾਲ ਗਲੇ ਨਾਲ ਜੁੜੀਆਂ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਇਸ ਲਈ ਤੁਸੀਂ ਆਪਣੇ ਅਧਿਆਤਮਕ ਟੀਚਿਆਂ ਦੇ ਆਧਾਰ 'ਤੇ ਢੁਕਵੀਂ ਮਾਲਾ 'ਚੋਂ ਕਿਸੇ ਇਕ ਦੀ ਚੋਣ ਕਰ ਸਕਦੇ ਹੋ।