ਮਹਾਭਾਰਤ 'ਚ ਦੁਰਯੋਧਨ, ਜਿਸ ਦਾ ਅਸਲ ਨਾਂ ਸੁਯੋਧਨ ਦੱਸਿਆ ਜਾਂਦਾ ਹੈ, ਦੇ ਕਈ ਬੇਇਨਸਾਫ਼ੀ ਵਾਲੇ ਕੰਮਾਂ ਕਰਕੇ ਉਸ ਨੂੰ ਖਲਨਾਇਕ ਕਿਹਾ ਜਾਂਦਾ ਹੈ। ਇਸ ਕੌਰਵ ਰਾਜੇ 'ਚ ਕਈ ਚੰਗੇ ਗੁਣ ਵੀ ਸ਼ਾਮਲ ਸਨ। ਦੁਰਯੋਧਨ ਦਾ ਜਾਤ-ਪਾਤ ਪ੍ਰਣਾਲੀ ਦੇ ਖ਼ਿਲਾਫ਼ ਹੋਣਾ, ਕਰਨ ਨਾਲ ਉਸ ਦੀ ਅਟੁੱਟ ਦੋਸਤੀ, ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨਾ ਤੇ ਦਲਿਤਾਂ ਪ੍ਰਤੀ ਉਸ ਦੀ ਹਮਦਰਦੀ ਕਾਫ਼ੀ ਸ਼ਲਾਘਾਯੋਗ ਸਨ।

ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਮਹਾਕਾਵਿ ਮਹਾਭਾਰਤ 'ਚ ਕੌਰਵਾਂ 'ਚੋਂ ਸਭ ਤੋਂ ਵੱਡੇ ਰਾਜਕੁਮਾਰ ਦੁਰਯੋਧਨ ਨੇ ਬਚਪਨ ਤੋਂ ਹੀ ਪਾਂਡਵਾਂ ਪ੍ਰਤੀ ਵੈਰ ਤੇ ਈਰਖਾ ਦੀ ਭਾਵਨਾ ਰੱਖਣ ਦੇ ਨਾਲ-ਨਾਲ ਕਾਫ਼ੀ ਅੱਤਿਆਚਾਰ ਕੀਤਾ। ਰਾਜਾ ਬਣਨ ਦੀ ਲਾਲਸਾ 'ਚ ਈਰਖਾ ਤੇ ਗੁੱਸੇ ਨੇ ਉਸ ਨੂੰ ਆਪਣੇ ਕਾਬੂ ਹੇਠ ਕਰ ਲਿਆ ਜਿਸ ਕਾਰਨ ਉਸ ਨੇ ਆਪਣੀ ਭਾਬੀ ਦ੍ਰੋਪਦੀ ਨਾਲ ਵੀ ਦੁਰਵਿਵਹਾਰ ਕੀਤਾ, ਸੁਲ੍ਹਾ ਕਰਨ ਦੀ ਬਜਾਏ ਯੁੱਧ ਨੂੰ ਚੁਣਿਆ। ਉਸ ਦੇ ਇੰਨੇ ਅੱਤਿਆਚਾਰ ਦੇ ਬਾਵਜੂਦ ਕੇਰਲ ਦਾ ਇਕ ਮੰਦਰ ਮਹਾਭਾਰਤ ਦੇ ਨਫ਼ਰਤ ਕੀਤੇ ਜਾਣ ਵਾਲੇ ਖਲਨਾਇਕ ਨੂੰ ਕਿਉਂ ਸਮਰਪਿਤ ਹੈ? ਆਓ ਜਾਣਦੇ ਹਾਂ ਇਸ ਬਾਰੇ।
ਮਹਾਭਾਰਤ 'ਚ ਦੁਰਯੋਧਨ, ਜਿਸ ਦਾ ਅਸਲ ਨਾਂ ਸੁਯੋਧਨ ਦੱਸਿਆ ਜਾਂਦਾ ਹੈ, ਦੇ ਕਈ ਬੇਇਨਸਾਫ਼ੀ ਵਾਲੇ ਕੰਮਾਂ ਕਰਕੇ ਉਸ ਨੂੰ ਖਲਨਾਇਕ ਕਿਹਾ ਜਾਂਦਾ ਹੈ। ਇਸ ਕੌਰਵ ਰਾਜੇ 'ਚ ਕਈ ਚੰਗੇ ਗੁਣ ਵੀ ਸ਼ਾਮਲ ਸਨ। ਦੁਰਯੋਧਨ ਦਾ ਜਾਤ-ਪਾਤ ਪ੍ਰਣਾਲੀ ਦੇ ਖ਼ਿਲਾਫ਼ ਹੋਣਾ, ਕਰਨ ਨਾਲ ਉਸ ਦੀ ਅਟੁੱਟ ਦੋਸਤੀ, ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨਾ ਤੇ ਦਲਿਤਾਂ ਪ੍ਰਤੀ ਉਸ ਦੀ ਹਮਦਰਦੀ ਕਾਫ਼ੀ ਸ਼ਲਾਘਾਯੋਗ ਸਨ।
ਕੇਰਲ ਦਾ ਪੋਰੂਵਾਝੀ ਪੇਰੂਵਿਰੂਥੀ ਮਾਲਨਾਦਾ ਮੰਦਰ ਮਹਾਭਾਰਤ ਦੇ ਪ੍ਰਸਿੱਧ ਖਲਨਾਇਕ ਦੁਰਯੋਧਨ ਨੂੰ ਸਮਰਪਿਤ ਹੈ। ਸਥਾਨਕ ਕਥਾਵਾਂ ਅਨੁਸਾਰ, ਜਦੋਂ ਪਾਂਡਵ ਆਪਣਾ ਬਨਵਾਸ ਕੱਟ ਰਹੇ ਸਨ, ਉਦੋਂ ਦੁਰਯੋਧਨ ਉਨ੍ਹਾਂ ਨੂੰ ਲੱਭਦੇ-ਲੱਭਦੇ ਕੇਰਲ ਦੇ ਦੱਖਣੀ ਜੰਗਲਾਂ ਦੀਆਂ ਪਹਾੜੀਆਂ ਤਕ ਜਾ ਪਹੁੰਚਿਆ।
ਪਿਆਸ ਅਤੇ ਥਕਾਵਟ ਨਾਲ ਚੂਰ ਉਸ ਨੇ ਮਾਲਨਾਦ ਅੱਪੋੱਪਨ ਦੇ ਨਿਵਾਸ ਸਥਾਨ ਤੋਂ ਪੀਣ ਲਈ ਪਾਣੀ ਮੰਗਿਆ, ਜੋ ਉਸ ਇਲਾਕੇ ਦਾ ਪੁਜਾਰੀ ਤੇ ਸ਼ਾਸਕ ਸੀ। ਉਸ ਦੀ ਬੇਨਤੀ ਸੁਣ ਕੇ ਇਕ ਬਜ਼ੁਰਗ ਔਰਤ ਨੇ ਸਤਿਕਾਰ ਦੇ ਪ੍ਰਤੀਕ ਵਜੋਂ ਉਸ ਨੂੰ ਤਾੜੀ ਪਿਆਈ। ਦੁਰਯੋਧਨ ਨੇ ਤਾੜੀ ਪੀ ਕੇ ਆਪਣੀ ਪਿਆਸ ਬੁਝਾਈ।
ਉਸ ਦੌਰਾਨ ਜਦੋਂ ਉਸ ਬਜ਼ੁਰਗ ਔਰਤ ਨੇ ਦੁਰਯੋਧਨ ਦੇ ਸ਼ਾਨਦਾਰ ਕੱਪੜੇ ਤੇ ਗਹਿਣੇ ਦੇਖੇ, ਤਾਂ ਉਸ ਨੂੰ ਪਤਾ ਲੱਗਿਆ ਕਿ ਉਹ ਇਕ ਰਾਜਾ ਹਨ ਜੋ ਕੁਰੂਵ ਜਾਤੀ ਦੀ ਅਛੂਤ ਔਰਤ ਵੱਲੋਂ ਦਿੱਤੀ ਗਈ ਤਾੜੀ ਨੂੰ ਪੀ ਰਹੇ ਹਨ।
ਦੁਰਯੋਧਨ, ਜਿਸ ਨੂੰ ਜਾਤ-ਪਾਤ ਪ੍ਰਣਾਲੀ 'ਤੇ ਭਰੋਸਾ ਨਹੀਂ ਸੀ, ਉਹ ਉਸ ਔਰਤ ਦੇ ਇਸ ਵਿਵਹਾਰ ਤੋਂ ਬਹੁਤ ਪ੍ਰਸੰਨ ਹੋਇਆ ਤੇ ਧੰਨਵਾਦ ਕਰਦੇ ਹੋਏ ਨੇੜੇ ਇੱਕ ਪਹਾੜੀ 'ਤੇ ਬੈਠ ਗਿਆ ਤੇ ਪਿੰਡ ਵਾਸੀਆਂ ਦੀ ਭਲਾਈ ਲਈ ਭਗਵਾਨ ਸ਼ਿਵ ਅੱਗੇ ਪ੍ਰਾਰਥਨਾ ਕੀਤੀ। ਇਸ ਤੋਂ ਇਲਾਵਾ ਦੁਰਯੋਧਨ ਨੇ ਪਿੰਡ ਵਾਸੀਆਂ ਨੂੰ ਖੇਤੀ ਕਰਨ ਲਈ ਜ਼ਮੀਨ ਦੇ ਵੱਡੇ-ਵੱਡੇ ਟੁਕੜੇ ਵੀ ਦਾਨ ਵਿੱਚ ਦਿੱਤੇ।
ਕੇਰਲ ਦਾ ਪੋਰੂਵਾਝੀ ਪੇਰੂਵਿਰੂਥੀ ਮੰਦਰ ਠੀਕ ਉਸੇ ਜਗ੍ਹਾ 'ਤੇ ਬਣਿਆ ਹੋਇਆ ਹੈ, ਜਿੱਥੇ ਦੁਰਯੋਧਨ ਨੇ ਧਿਆਨ ਲਗਾਇਆ ਸੀ। ਇਸ ਤੋਂ ਇਲਾਵਾ ਮੰਦਰ ਦਾ ਪ੍ਰਾਪਰਟੀ ਟੈਕਸ ਵੀ ਦੁਰਯੋਧਨ ਦੇ ਨਾਂ 'ਤੇ ਭਰਿਆ ਜਾਂਦਾ ਹੈ, ਜੋ ਇਸ ਗੱਲ ਦਾ ਪ੍ਰਤੀਕ ਹੈ ਕਿ ਸਥਾਨਕ ਲੋਕ ਉਸ ਦਾ ਕਿੰਨਾ ਸਤਿਕਾਰ ਤੇ ਪਿਆਰ ਕਰਦੇ ਹਨ ਅਤੇ ਅੱਜ ਵੀ ਇਸ ਮੰਦਰ ਦੇ ਪੁਜਾਰੀ ਕੁਰੂਵ ਭਾਈਚਾਰੇ ਤੋਂ ਹੀ ਹਨ।
ਕੇਰਲ ਦੇ ਇਸ ਮੰਦਰ ਦੀ ਖ਼ਾਸੀਅਤ ਇਹ ਹੈ ਕਿ ਇਸ ਵਿਚ ਕੋਈ ਵੀ ਮੂਰਤੀ ਨਹੀਂ ਹੈ ਅਤੇ ਨਾ ਹੀ ਪ੍ਰਵੇਸ਼ ਦੁਆਰ 'ਤੇ ਬਣਿਆ ਗੋਪੁਰਮ (ਮੰਦਰ ਦਾ ਸਿਖਰ) ਹੈ। ਇੱਥੇ ਸਿਰਫ਼ ਇਕ ਉੱਚਾ ਚਬੂਤਰਾ ਹੈ ਜਿਸ ਨੂੰ ਮੰਡਪਮ ਜਾਂ ਸਥਾਨਕ ਭਾਸ਼ਾ 'ਚ ਅਲਥਾਰਾ ਕਿਹਾ ਜਾਂਦਾ ਹੈ। ਪੋਰੂਵਾਝੀ ਪੇਰੂਵਿਰੂਥੀ ਮਾਲਨਾਦਾ ਮੰਦਰ ਸਿਰਫ਼ ਇਕ ਖੁੱਲ੍ਹਾ ਚਬੂਤਰਾ ਹੈ। ਸ਼ਰਧਾਲੂ ਮੰਡਪਮ ਵਿੱਚ ਖੜ੍ਹੇ ਹੋ ਕੇ ਆਪਣੀ ਪ੍ਰਾਰਥਨਾ ਕਰਦੇ ਹਨ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।