- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੋਤਸ਼ੀ ਪੰਡਿਤ ਕਰਨ ਸ਼ਰਮਾ ਮਹਿਤਪੁਰ ਅਨੁਸਾਰ, ਇਸ ਵਾਰ ਸ਼ੁੱਕਰ ਗ੍ਰਹਿ ਦੇ ਅਸਤ ਹੋਣ ਨਾਲ ਕਰਵਾ ਚੌਥ ਦੇ ਉਦਿਆਪਨ ਨੂੰ ਲੈ ਕੇ ਕੁਝ ਸ਼ਾਸਤਰੀ ਨਿਯਮਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਜੋਤਿਸ਼ੀ ਮਾਨਤਾਵਾਂ ਅਨੁਸਾਰ ਸ਼ੁੱਕਰ ਗ੍ਰਹਿ ਦੇ ਅਸਤ ਹੋਣ ਤੋਂ ਪਹਿਲਾਂ ਅਤੇ ਇਸ ਦੇ ਮੁੜ ਉਦੈ ਹੋਣ ਮਗਰੋਂ ਬਾਲ ਅਤੇ ਬੁਢਾਪੇ ਦੇ ਦੋਸ਼ਾਂ ਦੀਆਂ ਅਵਸਥਾਵਾਂ ਮੰਨੀਆਂ ਜਾਂਦੀਆਂ ਹਨ।

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਪਤੀ ਦੀ ਲੰਮੀ ਉਮਰ, ਚੰਗੀ ਸਿਹਤ, ਵਿਆਹੁਤਾ ਜੀਵਨ ਵਿਚ ਸੁੱਖ-ਸ਼ਾਂਤੀ ਤੇ ਅਖੰਡ ਸੁਹਾਗ ਦੀ ਕਾਮਨਾ ਨਾਲ ਮਨਾਇਆ ਜਾਣ ਵਾਲਾ ਕਰਵਾ ਚੌਥ ਦਾ ਪਵਿੱਤਰ ਤਿਉਹਾਰ 29 ਅਕਤੂਬਰ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਦਿਨ ਸੁਹਾਗਣਾਂ ਆਪਣੇ ਪਤੀ ਦੀ ਸੁੱਖ-ਸਮਰਿੱਧੀ ਅਤੇ ਪਰਿਵਾਰ ਦੀ ਖ਼ੁਸ਼ਹਾਲੀ ਲਈ ਦਿਨ ਭਰ ਨਿਰਜਲ ਵਰਤ ਰੱਖਣਗੀਆਂ। ਸ਼ਾਮ ਵੇਲੇ ਕਰਵਾ ਮਾਤਾ ਅਤੇ ਭਗਵਾਨ ਗਣੇਸ਼ ਦੀ ਪੂਜਾ ਕਰਨ ਮਗਰੋਂ ਚੰਦਰਮਾ ਦੇ ਦਰਸ਼ਨ ਕਰਕੇ ਅਰਘ ਭੇਟ ਕੀਤਾ ਜਾਵੇਗਾ ਅਤੇ ਵਰਤ ਖੋਲ੍ਹਿਆ ਜਾਵੇਗਾ। ਇਸ ਸਾਲ ਕਰਵਾ ਚੌਥ ’ਤੇ ਗੌਰੀ ਯੋਗ ਅਤੇ ਪਰਿਧੀ ਯੋਗ ਦਾ ਸੰਯੋਗ ਜੋਤਿਸ਼ੀ ਦ੍ਰਿਸ਼ਟੀ ਤੋਂ ਵਿਸ਼ੇਸ਼ ਮੰਨਿਆ ਜਾ ਰਿਹਾ ਹੈ। ਚੰਦਰਮਾ ਰਾਤ 8 ਵੱਜ ਕੇ 14 ਮਿੰਟ ’ਤੇ ਚੜ੍ਹਨ ਦੀ ਸੰਭਾਵਨਾ ਹੈ।
ਜੋਤਸ਼ੀ ਪੰਡਿਤ ਕਰਨ ਸ਼ਰਮਾ ਮਹਿਤਪੁਰ ਅਨੁਸਾਰ, ਇਸ ਵਾਰ ਸ਼ੁੱਕਰ ਗ੍ਰਹਿ ਦੇ ਅਸਤ ਹੋਣ ਨਾਲ ਕਰਵਾ ਚੌਥ ਦੇ ਉਦਿਆਪਨ ਨੂੰ ਲੈ ਕੇ ਕੁਝ ਸ਼ਾਸਤਰੀ ਨਿਯਮਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਜੋਤਿਸ਼ੀ ਮਾਨਤਾਵਾਂ ਅਨੁਸਾਰ ਸ਼ੁੱਕਰ ਗ੍ਰਹਿ ਦੇ ਅਸਤ ਹੋਣ ਤੋਂ ਪਹਿਲਾਂ ਅਤੇ ਇਸ ਦੇ ਮੁੜ ਉਦੈ ਹੋਣ ਮਗਰੋਂ ਬਾਲ ਅਤੇ ਬੁਢਾਪੇ ਦੇ ਦੋਸ਼ਾਂ ਦੀਆਂ ਅਵਸਥਾਵਾਂ ਮੰਨੀਆਂ ਜਾਂਦੀਆਂ ਹਨ। ਇਨ੍ਹਾਂ ਸਮਿਆਂ ਦੌਰਾਨ ਵਿਆਹ, ਮੁੰਡਨ, ਜਨੇਊ ਸੰਸਕਾਰ ਸਮੇਤ ਕਈ ਸ਼ੁਭ ਕਾਰਜਾਂ ਲਈ ਉਚਿਤ ਮੁਹੂਰਤ ਦੀ ਉਡੀਕ ਕਰਨ ਦੀ ਪਰੰਪਰਾ ਹੈ। ਇਸ ਲਈ ਉਦਿਆਪਨ ਕਰਵਾਉਣ ਦੀ ਯੋਜਨਾ ਬਣਾ ਰਹੀਆਂ ਔਰਤਾਂ ਨੂੰ ਯੋਗ ਸਮੇਂ ਬਾਰੇ ਵਿਦਵਾਨਾਂ ਤੋਂ ਸਲਾਹ ਲੈਣੀ ਚਾਹੀਦੀ ਹੈ।
ਪੰਡਿਤ ਸੰਦੀਪ ਪ੍ਰਭਾਕਰ ਨੇ ਸਪੱਸ਼ਟ ਕੀਤਾ ਕਿ ਪਹਿਲੀ ਵਾਰ ਕਰਵਾ ਚੌਥ ਦਾ ਵਰਤ ਰੱਖਣ ਵਾਲੀਆਂ ਨਵ-ਵਿਆਹੀਆਂ ਨੂੰ ਸ਼ੁੱਕਰ ਦੇ ਅਸਤ ਹੋਣ ਕਾਰਨ ਚਿੰਤਾ ਕਰਨ ਦੀ ਲੋੜ ਨਹੀਂ ਹੈ। ਇਸੇ ਤਰ੍ਹਾਂ, ਪਹਿਲਾਂ ਤੋਂ ਇਹ ਵਰਤ ਰੱਖਦੀਆਂ ਆ ਰਹੀਆਂ ਸੁਹਾਗਣਾਂ ਵੀ ਆਪਣੀ ਪਰੰਪਰਾ ਤੇ ਸ਼ਰਧਾ ਅਨੁਸਾਰ ਵਰਤ ਰੱਖ ਸਕਦੀਆਂ ਹਨ ਅਤੇ ਪੂਜਾ ਦੀਆਂ ਰਸਮਾਂ ਨਿਭਾਅ ਸਕਦੀਆਂ ਹਨ।
ਪੰਚਾਂਗ ਅਨੁਸਾਰ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਿਥੀ 28 ਅਕਤੂਬਰ ਨੂੰ ਸਵੇਰੇ 1 ਵੱਜ ਕੇ 7 ਮਿੰਟ ’ਤੇ ਸ਼ੁਰੂ ਹੋਵੇਗੀ ਅਤੇ 29 ਅਕਤੂਬਰ ਨੂੰ ਰਾਤ 10 ਵੱਜ ਕੇ 11 ਮਿੰਟ ਤੱਕ ਰਹੇਗੀ। ਚੰਦਰਮਾ ਦੇ ਚੜ੍ਹਨ ਦੀ ਤਾਰੀਖ਼ ਨੂੰ ਮੁੱਖ ਰੱਖਦਿਆਂ ਕਰਵਾ ਚੌਥ ਦਾ ਵਰਤ 29 ਅਕਤੂਬਰ ਨੂੰ ਮਨਾਇਆ ਜਾਵੇਗਾ। ਇਸ ਦਿਨ ਚੰਦਰਮਾ ਦਾ ਬ੍ਰਿਖ ਰਾਸ਼ੀ ਵਿੱਚ ਗੋਚਰ ਅਤੇ ਗੌਰੀ ਯੋਗ ਦਾ ਸੰਯੋਗ ਵੀ ਜੋਤਿਸ਼ੀ ਮਾਨਤਾਵਾਂ ਅਨੁਸਾਰ ਸ਼ੁਭ ਮੰਨਿਆ ਜਾ ਰਿਹਾ ਹੈ। ਰਾਤ 8 ਵੱਜ ਕੇ 14 ਮਿੰਟ ’ਤੇ ਚੰਦਰਮਾ ਦੇ ਦਰਸ਼ਨਾਂ ਦੀ ਉਡੀਕ ਕਰਦਿਆਂ ਸੁਹਾਗਣਾਂ ਆਪਣੇ ਵਰਤ ਦੀ ਸੰਪੂਰਨਤਾ ਲਈ ਅਰਦਾਸ ਕਰਨਗੀਆਂ।