- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਪਣੇ ਵੱਲੋਂ ਕੀਤੇ ਗਏ ਕਰਮਾਂ ਪ੍ਰਤੀ ਦੂਜਿਆਂ ਦੀ ਜਿੰਮੇਵਾਰੀ ਤੈਅ ਕਰਨਾ ਖ਼ੁਦ ਨੂੰ ਘੁੱਪ ਹਨੇਰੇ ’ਚ ਰੱਖਣ ਬਰਾਬਰ ਹੈ। ਬਹੁਤੇ ਲੋਕ ਇਸੇ ਲਈ ਕੋਈ ਪ੍ਰਾਪਤੀ ਹਾਸਲ ਨਹੀਂ ਕਰ ਪਾਉਂਦੇ, ਕਿਉਂਕਿ ਉਨ੍ਹਾਂ ਨੂੰ ਨਾ ਤਾਂ ਆਪਣੇ ਆਪ ’ਤੇ ਭਰੋਸਾ ਹੁੰਦਾ ਹੈ ਤੇ ਨਾ ਹੀ ਉਸ ਕਰਮ ’ਤੇ, ਜਿਹੜਾ ਉਨ੍ਹਾਂ ਦੀ ਰਾਹ ਮੰਜ਼ਿਲ ਵੱਲ ਲੈ ਕੇ ਜਾ ਰਿਹਾ ਹੁੰਦਾ ਹੈ।

.jpeg)
-ਜਗਜੀਵਨ ਮੀਤ
ਸਾਰਾ ਸੰਸਾਰ ਕਰਮ ਖੇਤਰ ਨਾਲ ਜੁੜਿਆ ਹੋਇਆ ਹੈ। ਇਹ ਸਮਾਜ ਦੀ ਨੀਂਹ ਹੈ। ਬਹੁਤੇ ਲੋਕਾਂ ਨੇ ਆਪਣੀ ਕਿਸਮਤ ਕਰਮ ਦੇ ਸਿਰ ’ਤੇ ਹੀ ਲਿਖੀ ਹੈ। ਕਰਮ ਜਿੰਨਾ ਸੁੱਚਾ ਤੇ ਨਿੱਠ ਕੇ ਕੀਤਾ ਗਿਆ ਹੋਵੇਗਾ, ਨਤੀਜੇ ਉਸੇ ਹਿਸਾਬ ਨਾਲ ਹਾਸਲ ਹੁੰਦੇ ਚਲੇ ਜਾਣਗੇ। ਕਰਮ ’ਚ ਛੱਡਿਆ ਗਿਆ ਰੱਤੀ ਭਰ ਵੀ ਕੱਚ ਮਨਮਾਫ਼ਿਕ ਨਤੀਜਿਆਂ ਤੋਂ ਊਣਾ ਰੱਖ ਸਕਦਾ ਹੈ। ਜਦੋਂ ਕਰਮ ਦੀ ਨੀਂਹ ਵੱਲ ਤੁਰਦੇ ਹਾਂ ਤਾਂ ਸਾਨੂੰ ਵਿਚਾਰਾਂ ਦੀਆਂ ਚੰਗੀਆਂ-ਮਾੜੀਆਂ ਲਹਿਰਾਂ ਉੱਠਦੀਆਂ ਦਿਸਦੀਆਂ ਹਨ। ਵਿਚਾਰ ਜਿਹੋ-ਜਿਹੇ ਹੋਣਗੇ, ਕਰਮ ਉਸੇ ਤਰ੍ਹਾਂ ਦਾ ਰੂਪ ਲੈਂਦੇ ਚਲੇ ਜਾਣਗੇ। ਕੀਤੇ ਗਏ ਕਰਮਾਂ ਦੇ ਸ਼ੀਸ਼ੇ ’ਚੋਂ ਵਿਚਾਰਾਂ ਦੇ ਦਰਸ਼ਨ ਹੁੰਦੇ ਹਨ। ਵਿਚਾਰ ਜਿੰਨੇ ਪਰਪੱਕ ਹੋਣਗੇ, ਸਵੈ ’ਤੇ ਭਰੋਸਾ ਓਨਾਂ ਹੀ ਮਜ਼ਬੂਤ ਹੋਵੇਗਾ। ਜਿਵੇਂ ਧਾਰਮਿਕ ਹੋਣਾ ਤੇ ਧਾਰਮਿਕ ਦਿਸਣਾ ਦੋ ਵੱਖ-ਵੱਖ ਗੱਲਾਂ ਹਨ, ਠੀਕ ਉਸੇ ਤਰ੍ਹਾਂ ਕਰਮ ਕਰਨਾ ਤੇ ਆਪਣੇ ਕਰਮ ਪ੍ਰਤੀ ਇਮਾਨਦਾਰ ਹੋਣਾ ਦੋ ਧੁਰੇ ਹਨ। ਜਿਹੜੇ ਲੋਕ ਕਰਮ ਨੂੰ ਸਿਰਫ਼ ਮਸ਼ੀਨਰੀ ਵਾਂਗ ਕਰਦੇ ਚਲੇ ਜਾਂਦੇ ਹਨ, ਉਨ੍ਹਾਂ ਦੇ ਅੰਦਰ ਕਦੇ ਵੀ ਉਸ ਪ੍ਰਤੀ ਪਰਪੱਕਤਾ ਨਹੀਂ ਆਉਂਦੀ। ਉਹ ਕਦੇ ਵੀ ਹੁਨਰਮੰਦ ਸ਼੍ਰੇਣੀ ਦਾ ਹਿੱਸਾ ਨਹੀਂ ਬਣਦੇ। ਜਿਨ੍ਹਾਂ ਦੀਆਂ ਕਰਮ ਕਰਦਿਆਂ ਦੀਆਂ ਅੱਖਾਂ ਕਿਤੇ ਹੋਰ, ਸਰੀਰ ਕਿਤੇ ਹੋਰ, ਦਿਮਾਗ਼ ਕਿਤੇ ਹੋਰ ਅਤੇ ਸੁਰਤੀ ਕਿਤੇ ਹੋਰ ਲੱਗੀ ਹੁੰਦੀ ਹੈ, ਉਨ੍ਹਾਂ ਨੂੰ ਇਸ ਤੋਂ ਹਾਸਲ ਨਤੀਜਿਆਂ ਤੋਂ ਕਦੇ ਵੀ ਰਸ ਨਹੀਂ ਮਿਲਦਾ। ਕਰਮ ਤੇ ਸੁਰਤੀ ਦੀ ਇਕਸਾਰਤਾ ਧਿਆਨ ’ਚ ਬੈਠਣ ਵਾਂਗ ਹੋਣੀ ਚਾਹੀਦੀ ਹੈ। ਇਹ ਉਦੋਂ ਹੀ ਆਉਂਦੀ ਹੈ, ਜਦੋਂ ਅਸੀਂ ਆਪਣੇ ਕੀਤੇ ਗਏ ਕਰਮਾਂ ਪ੍ਰਤੀ ਜਵਾਬਦੇਹ ਹੋਣ ਨੂੰ ਸਵੀਕਾਰ ਕਰ ਲੈਂਦੇ ਹਾਂ। ਕਦੇ ਵੀ ਆਪਣੇ ਅਸ਼ੁੱਭ ਕਰਮਾਂ ’ਤੇ ਪਰਦੇ ਨਾ ਪਾਓ, ਕਦੇ ਵੀ ਕੀਤੇ ਗਏ ਸ਼ੁੱਭ ਕਰਮਾਂ ਦਾ ਹਊਮੈ ਨਾਲ ਢਿਡੋਰਾ ਨਾ ਪਿੱਟੋ ਅਤੇ ਕਦੇ ਵੀ ਵਜਦ ’ਚ ਆ ਕੇ ਅਜਿਹਾ ਨਾ ਬੋਲੋ ਕਿ ‘ਜੋ ਮੈਂ ਕਰ ਸਕਦਾਂ, ਉਹ ਕੋਈ ਦੂਜਾ ਨਹੀਂ ਸਕਦਾ।’ ਆਪਣੀ ਸੁਰਤੀ ਨਾਲ ਕਰਮਾਂ ਨੂੰ ਪਾਰਦਰਸ਼ੀ ਰੱਖੋ, ਨਤੀਜੇ ਸਾਫ਼ ਦਿਸਣਗੇ।