- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਤ-ਮਹਾਂਪੁਰਖ ਸਾਨੂੰ ਸਮਝਾਉਂਦੇ ਹਨ ਕਿ ਇਸ ਸੰਸਾਰ ’ਚ ਕੇਵਲ ਇਕ ਹੀ ਚੀਜ਼ ਹਮੇਸ਼ਾ-ਹਮੇਸ਼ਾ ਕਾਇਮ ਰਹਿਣ ਵਾਲੀ ਹੈ ਅਤੇ ਉਹ ਹਨ ਪਿਤਾ-ਪਰਮੇਸ਼ਰ। ਕੇਵਲ ਪਿਤਾ-ਪਰਮੇਸ਼ਰ ਹੀ ਹਮੇਸ਼ਾ ਸਾਡੀ ਰੱਖਿਆ ਕਰਨ ਵਾਲੇ, ਹਮੇਸ਼ਾ ਸਾਡੇ ਸਾਥੀ, ਹਮੇਸ਼ਾ ਸਾਡੇ ਸੱਚੇ ਮਿੱਤਰ ਅਤੇ ਹਮੇਸ਼ਾ ਸਾਡੇ ਉੱਤੇ ਆਪਣਾ ਪਿਆਰ ਵਰਸਾਉਣ ਵਾਲੇ ਹਨ।

ਅਸੀਂ ਅਜਿਹੇ ਸਮੇਂ ’ਚ ਰਹਿ ਰਹੇ ਹਾਂ, ਜਿੱਥੇ ਚਾਰੇ ਪਾਸੇ ਇਕੱਲਾਪਣ ਹੈ। ਆਪਣੇ ਜੀਵਨ ਦੇ ਰੁਝੇਵਿਆਂ ਕਾਰਨ ਅਸੀਂ ਇੱਕ-ਦੂਜੇ ਨਾਲ ਗੱਲਬਾਤ ਕਰਨ ਅਤੇ ਲੋਕਾਂ ਦੀ ਸੰਗਤ ਦਾ ਆਨੰਦ ਮਾਣਨ ਲਈ ਘੱਟ ਸਮਾਂ ਕੱਢਦੇ ਹਾਂ। ਬਹੁਤ ਘੱਟ ਲੋਕਾਂ ਨਾਲ ਸੰਪਰਕ ਹੋਣ ਕਾਰਨ ਅਸੀਂ ਹਰੇਕ ਥਾਂ ਇਕਲਾਪਾ ਝੱਲਦੇ ਹਾਂ। ਇਸ ਕਾਰਨ ਸਾਡੇ ਅੰਦਰ ਇਹ ਡਰਾਉਣਾ ਅਹਿਸਾਸ ਪੈਦਾ ਹੁੰਦਾ ਹੈ ਕਿ ਜੀਵਨ ’ਚ ਸਾਡਾ ਕੋਈ ਸਹਾਰਾ ਨਹੀਂ ਹੈ। ਨਤੀਜੇ ਵਜੋਂ ਇਹ ਸਥਿਤੀ ਸਾਨੂੰ ਤਣਾਅ ਅਤੇ ਨਿਰਾਸ਼ਾ ਵੱਲ ਲੈ ਜਾਂਦੀ ਹੈ। ਇਸ ਤੋਂ ਬਾਹਰ ਨਿਕਲਣ ਲਈ ਸਾਨੂੰ ਸਾਰਿਆਂ ਨੂੰ ਇਕ-ਦੂਜੇ ਦੇ ਸਹਾਰੇ, ਪਿਆਰ ਤੇ ਕਦਰ ਦੀ ਲੋੜ ਹੈ। ਜਦੋਂ ਅਸੀਂ ਆਪ ਪਿਆਰ ਤੇ ਇਕ-ਦੂਜੇ ਨੂੰ ਸਮਝਣ ਦੀ ਸਥਿਰਤਾ ਨੂੰ ਮਹਿਸੂਸ ਕਰਦੇ ਹਾਂ ਤਾਂ ਸਾਡੇ ਲਈ ਇਸ ਔਖੇ ਸਮੇਂ ’ਚੋਂ ਲੰਘਣਾ ਸੌਖਾ ਹੋ ਜਾਂਦਾ ਹੈ। ਇਸ ’ਚ ਕੋਈ ਦੋ ਰਾਵਾਂ ਨਹੀਂ ਕਿ ਜੀਵਨ ’ਚ ਇਕ ਸੱਚੇ ਮਿੱਤਰ ਦਾ ਹੋਣਾ ਬਹੁਤ ਜ਼ਰੂਰੀ ਹੈ, ਜਿਸ ਨਾਲ ਅਸੀਂ ਆਪਣੇ ਬੋਝ ਅਤੇ ਪਰੇਸ਼ਾਨੀਆਂ ਸਾਂਝੀਆਂ ਕਰ ਸਕੀਏ ਪਰ ਅਜਿਹੀ ਦੋਸਤੀ ਸਾਨੂੰ ਕਿੱਥੋਂ ਮਿਲ ਸਕਦੀ ਹੈ, ਜੋ ਹਮੇਸ਼ਾ ਕਾਇਮ ਰਹੇ? ਸੰਤ-ਮਹਾਂਪੁਰਖ ਸਾਨੂੰ ਸਮਝਾਉਂਦੇ ਹਨ ਕਿ ਇਸ ਸੰਸਾਰ ’ਚ ਕੇਵਲ ਇਕ ਹੀ ਚੀਜ਼ ਹਮੇਸ਼ਾ-ਹਮੇਸ਼ਾ ਕਾਇਮ ਰਹਿਣ ਵਾਲੀ ਹੈ ਅਤੇ ਉਹ ਹਨ ਪਿਤਾ-ਪਰਮੇਸ਼ਰ। ਕੇਵਲ ਪਿਤਾ-ਪਰਮੇਸ਼ਰ ਹੀ ਹਮੇਸ਼ਾ ਸਾਡੀ ਰੱਖਿਆ ਕਰਨ ਵਾਲੇ, ਹਮੇਸ਼ਾ ਸਾਡੇ ਸਾਥੀ, ਹਮੇਸ਼ਾ ਸਾਡੇ ਸੱਚੇ ਮਿੱਤਰ ਅਤੇ ਹਮੇਸ਼ਾ ਸਾਡੇ ਉੱਤੇ ਆਪਣਾ ਪਿਆਰ ਵਰਸਾਉਣ ਵਾਲੇ ਹਨ। ਜਦੋਂ ਸਾਨੂੰ ਪਿਤਾ-ਪਰਮੇਸ਼ਰ ਦੇ ਪਿਆਰ ਦਾ ਅਨੁਭਵ ਹੁੰਦਾ ਹੈ ਤਾਂ ਅਸੀਂ ਅੰਦਰੋਂ ਪਿਆਰ ਅਤੇ ਸੁਰੱਖਿਆ ਦੀ ਭਾਵਨਾ ਨਾਲ ਭਰ ਜਾਂਦੇ ਹਾਂ ਤੇ ਆਪਣੇ ਆਲੇ-ਦੁਆਲੇ ਦੀ ਉਥਲ-ਪੁਥਲ ਤੋਂ ਪ੍ਰਭਾਵਿਤ ਹੋਏ ਬਿਨਾਂ ਆਪਣਾ ਜੀਵਨ ਜਿਊਣਾ ਸ਼ੁਰੂ ਕਰ ਦਿੰਦੇ ਹਾਂ। ਅਸੀਂ ਧਿਆਨ-ਅਭਿਆਸ ਰਾਹੀਂ ਪਿਤਾ-ਪਰਮੇਸ਼ਰ ਨਾਲ ਆਪਣੀ ਮਿੱਤਰਤਾ ਦਾ ਅਨੁਭਵ ਕਰ ਸਕਦੇ ਹਾਂ। ਇਸ ਦੇ ਜ਼ਰੀਏ ਸਾਨੂੰ ਆਪਣੇ ਅੰਦਰ ਹੀ ਪਿਤਾ-ਪਰਮੇਸ਼ਰ ਦੇ ਰੂਪ ’ਚ ਇਕ ਸੱਚਾ ਮਿੱਤਰ ਮਿਲ ਜਾਂਦਾ ਹੈ, ਜਿਨ੍ਹਾਂ ਨਾਲ ਜੁੜ ਕੇ ਅਸੀਂ ਸਦੀਵੀ ਸੁਖ ਪ੍ਰਾਪਤ ਕਰ ਸਕਦੇ ਹਾਂ ਤੇ ਉਨ੍ਹਾਂ ਦੇ ਗਿਆਨ, ਸ਼ਾਂਤੀ, ਆਨੰਦ ਤੇ ਪਿਆਰ ਦੇ ਗੁਣਾਂ ਨੂੰ ਹੋਰਨਾਂ ਨਾਲ ਵੀ ਸਾਂਝਾ ਕਰ ਸਕਦੇ ਹਾਂ। ਨਤੀਜੇ ਵਜੋਂ ਨਾ ਸਿਰਫ਼ ਅਸੀਂ, ਸਗੋਂ ਸਾਡੇ ਆਲੇ-ਦੁਆਲੇ ਦਾ ਮਾਹੌਲ ਵੀ ਸੁਖਦਾਇਕ ਬਣ ਜਾਵੇਗਾ।
–ਸੰਤ ਰਾਜਿੰਦਰ ਸਿੰਘ ਜੀ ਮਹਾਰਾਜ।