16 ਦਿਨਾਂ ਦੇ ਪਿੱਤਰ ਪੱਖ ਦੀ ਸਭ ਤੋਂ ਖਾਸ ਇਕਾਦਸ਼ੀ ਇੰਦਰਾ ਇਕਾਦਸ਼ੀ ਕੱਲ੍ਹ, ਪਿੱਤਰਾਂ ਦੀ ਮੁਕਤੀ ਨਾਲ ਜੁੜਿਆ ਹੈ ਇਹ ਰਹੱਸ
Indira Ekadashi 2026 ਦਾ ਵਰਤ ਹੋਰ ਇਕਾਦਸ਼ੀਆਂ ਦੇ ਵਰਤਾਂ ਦੇ ਮੁਕਾਬਲੇ ਬੇਹੱਦ ਖਾਸ ਮੰਨਿਆ ਜਾਂਦਾ ਹੈ। ਜੋ ਲੋਕ ਕਿਸੇ ਵੀ ਕਾਰਨ ਪਿਤਰ ਪੱਖ 'ਚ ਪਿੱਤਰਾਂ ਦਾ ਸਰਾਧ ਨਾ ਕਰ ਸਕੇ ਹੋਣ, ਉਨ੍ਹਾਂ ਨੂੰ ਖਾਸ ਤੌਰ 'ਤੇ ਇਕਾਦਸ਼ੀ ਦਾ ਵਰਤ ਜ਼ਰੂਰ ਰੱਖਣਾ ਚਾਹੀਦਾ ਹੈ।
Publish Date: Mon, 05 Oct 2026 12:19 PM (IST)
Updated Date: Mon, 05 Oct 2026 12:25 PM (IST)
ਧਰਮ ਡੈਸਕ, ਨਵੀਂ ਦਿੱਲੀ : ਹਰ ਮਹੀਨੇ 2 ਵਾਰ ਆਉਣ ਵਾਲੀ ਇਕਾਦਸ਼ੀ ਦਾ ਹਿੰਦੂ ਧਰਮ 'ਚ ਵਿਸ਼ੇਸ਼ ਮਹੱਤਵ ਹੈ। ਹਿੰਦੂ ਪੰਚਾਂਗ ਦੇ ਹਿਸਾਬ ਨਾਲ ਸਾਰੀਆਂ ਇਕਾਦਸ਼ੀ ਵਰਤਾਂ ਦੀ ਤਰ੍ਹਾਂ ਅੱਸੂ ਮਹੀਨੇ ਦੇ ਕ੍ਰਿਸ਼ਨ ਪੱਖ 'ਚ ਆਉਣ ਵਾਲੀ 'ਇੰਦਰਾ ਇਕਾਦਸ਼ੀ' ਦਾ ਵੀ ਵਿਸ਼ੇਸ਼ ਮਹੱਤਵ ਹੈ। ਇਹ ਇਕੋ ਇਕ ਅਜਿਹੀ ਇਕਾਦਸ਼ੀ ਹੈ ਜੋ ਸਰਾਧਾਂ 'ਚ ਆਉਂਦੀ ਹੈ। ਮੰਨਿਆ ਜਾਂਦਾ ਹੈ ਕਿ ਇੰਦਰਾ ਇਕਾਦਸ਼ੀ ਦਾ ਵਰਤ ਰੱਖਣ ਨਾਲ ਵਿਅਕਤੀ ਨੂੰ ਪਿਤਰ ਪੱਖ (Pitru Paksha 2026) 'ਚ ਸਰਾਧ ਪੱਖ ਦੇ ਬਰਾਬਰ ਫਲ ਪ੍ਰਾਪਤ ਹੁੰਦੇ ਹਨ।
ਇਸੇ ਕਾਰਨ ਇੰਦਰਾ ਇਕਾਦਸ਼ੀ ਦਾ ਵਰਤ ਹੋਰ ਇਕਾਦਸ਼ੀਆਂ ਦੇ ਵਰਤਾਂ ਦੇ ਮੁਕਾਬਲੇ ਬੇਹੱਦ ਖਾਸ ਮੰਨਿਆ ਜਾਂਦਾ ਹੈ। ਜੋ ਲੋਕ ਕਿਸੇ ਵੀ ਕਾਰਨ ਪਿਤਰ ਪੱਖ 'ਚ ਪਿੱਤਰਾਂ ਦਾ ਸਰਾਧ ਨਾ ਕਰ ਸਕੇ ਹੋਣ, ਉਨ੍ਹਾਂ ਨੂੰ ਖਾਸ ਤੌਰ 'ਤੇ ਇਕਾਦਸ਼ੀ ਦਾ ਵਰਤ ਜ਼ਰੂਰ ਰੱਖਣਾ ਚਾਹੀਦਾ ਹੈ।
ਇੰਦਰਾ ਇਕਾਦਸ਼ੀ 2026 ਵਰਤ ਤਰੀਕ (Indira Ekadashi 2026 Date)
ਇੰਦਿਰਾ ਇਕਾਦਸ਼ੀ ਦਾ ਵਰਤ ਹਰ ਸਾਲ ਆਸ਼ਵਿਨ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਇਕਾਦਸ਼ੀ ਤਿਥੀ ਨੂੰ ਰੱਖਿਆ ਜਾਂਦਾ ਹੈ। ਇਸ ਸਾਲ ਇਹ ਵਰਤ 6 ਅਕਤੂਬਰ 2026, ਮੰਗਲਵਾਰ ਨੂੰ ਰੱਖਿਆ ਜਾਵੇਗਾ। ਇੰਦਰਾ ਇਕਾਦਸ਼ੀ ਨੂੰ 'ਸਰਾਧ ਇਕਾਦਸ਼ੀ' ਤੇ 'ਪਿਤ੍ਰਮੋਕਸ਼ਦਾ ਇਕਾਦਸ਼ੀ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਇੰਦਰਾ ਇਕਾਦਸ਼ੀ 2026 ਪੂਜਾ ਮਹੂਰਤ
ਇੰਦਰਾ ਇਕਾਦਸ਼ੀ ਦਾ ਵਰਤ 6 ਅਕਤੂਬਰ 2026, ਮੰਗਲਵਾਰ ਨੂੰ ਰੱਖਿਆ ਜਾਵੇਗਾ।
ਇਕਾਦਸ਼ੀ ਤਿਥੀ ਦੀ ਸ਼ੁਰੂਆਤ- 6 ਅਕਤੂਬਰ 2026 ਨੂੰ ਸਵੇਰੇ 2 ਵੱਜ ਕੇ 7 ਮਿੰਟ 'ਤੇ
ਇਕਾਦਸ਼ੀ ਤਿਥੀ ਦੀ ਸਮਾਪਤੀ- 7 ਅਕਤੂਬਰ 2026 ਨੂੰ ਰਾਤ 12 ਵੱਜ ਕੇ 34 ਮਿੰਟ 'ਤੇ
ਇੰਦਰਾ ਇਕਾਦਸ਼ੀ 2026 ਦਾ ਪਾਰਣ ਕਦੋਂ?
ਦ੍ਰਿਕ ਪੰਚਾਂਗ ਦੇ ਹਿਸਾਬ ਨਾਲ ਇੰਦਰਾ ਇਕਾਦਸ਼ੀ 2026 ਦਾ ਪਾਰਣ 7 ਅਕਤੂਬਰ 2026 ਨੂੰ ਸਵੇਰੇ 6 ਵੱਜ ਕੇ 17 ਮਿੰਟ ਤੋਂ ਲੈ ਕੇ 8 ਵੱਜ ਕੇ 38 ਮਿੰਟ ਤੱਕ ਰਹੇਗਾ। ਇਕਾਦਸ਼ੀ ਦੇ ਵਰਤ ਨੂੰ ਖ਼ਤਮ ਕਰਨ ਨੂੰ ਹੀ 'ਪਾਰਣ' ਕਿਹਾ ਜਾਂਦਾ ਹੈ। ਹਿੰਦੂ ਮਾਨਤਾਵਾਂ ਮੁਤਾਬਕ, ਇਕਾਦਸ਼ੀ ਵਰਤ ਦਾ ਪਾਰਣ ਦਵਾਦਸ਼ੀ ਤਿਥੀ ਖ਼ਤਮ ਹੋਣ ਤੋਂ ਪਹਿਲਾਂ ਕਰਨਾ ਜ਼ਰੂਰੀ ਮੰਨਿਆ ਜਾਂਦਾ ਹੈ। ਜੇਕਰ ਦਵਾਦਸ਼ੀ ਤਿਥੀ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਖ਼ਤਮ ਹੋ ਗਈ ਹੋਵੇ ਤਾਂ ਇਕਾਦਸ਼ੀ ਵਰਤ ਦਾ ਪਾਰਣ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਕੀਤਾ ਜਾਂਦਾ ਹੈ।
ਪਿੱਤਰ ਪੱਖ 2026 'ਚ ਇੰਦਰਾ ਇਕਾਦਸ਼ੀ ਦਾ ਮਹੱਤਵ
ਧਾਰਮਿਕ ਮਾਨਤਾਵਾਂ ਮੁਤਾਬਕ, ਪਿੱਤਰ ਪੱਖ 'ਚ ਆਉਣ ਵਾਲੀ ਇੰਦਿਰਾ ਇਕਾਦਸ਼ੀ ਦਾ ਵਰਤ ਰੱਖਣ ਨਾਲ ਪਿੱਤਰਾਂ ਦੀ ਆਤਮਾ ਨੂੰ ਯਮਲੋਕ ਦੀਆਂ ਯਾਤਨਾਵਾਂ ਤੋਂ ਮੁਕਤੀ ਮਿਲਣ ਦੇ ਨਾਲ ਬੈਕੁੰਠ ਧਾਮ ਦੀ ਪ੍ਰਾਪਤੀ ਹੁੰਦੀ ਹੈ। ਇਸ ਤੋਂ ਇਲਾਵਾ ਇੰਦਰਾ ਇਕਾਦਸ਼ੀ ਦੇ ਵਰਤ ਦੇ ਪ੍ਰਭਾਵ ਨਾਲ ਪੂਰਵਜਾਂ ਦੇ ਸਮਸਤ ਪਾਪਾਂ ਦਾ ਨਾਸ ਹੋਣ ਦੇ ਨਾਲ ਪਰਿਵਾਰ 'ਤੇ ਪਿੱਤਰਾਂ ਦੀ ਵਿਸ਼ੇਸ਼ ਕਿਰਪਾ ਬਣੀ ਰਹਿੰਦੀ ਹੈ। ਸਾਰੀਆਂ ਇਕਾਦਸ਼ੀਆਂ 'ਚ ਇਕੋ ਇਕ ਇੰਦਰਾ ਇਕਾਦਸ਼ੀ ਹੀ ਪਿੱਤਰ ਪੱਖ 'ਚ ਆਉਂਦੀ ਹੈ, ਜਿਸ ਕਾਰਨ ਇਸ ਵਰਤ ਦਾ ਪੁੰਨ ਕਈ ਗੁਣਾ ਵੱਧ ਕੇ ਮਿਲਦਾ ਹੈ। ਇਸ ਦੇ ਨਾਲ ਹੀ ਪਿੱਤਰਾਂ ਦੀ ਵੀ ਵਿਸ਼ੇਸ਼ ਕਿਰਪਾ ਪ੍ਰਾਪਤ ਹੁੰਦੀ ਹੈ।