- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰੇਮ ਸੰਸਾਰ 'ਚ ਸਭ ਤੋਂ ਬਹੁਮੁੱਲਾ ਹੈ। ਇਸ ਦੇ ਅੱਗੇ ਸੰਸਾਰ ਦੀਆਂ ਸਭ ਮੁੱਲਵਾਨ ਵਸਤਾਂ ਫ਼ਜ਼ੂਲ ਹਨ। ਜਿਸ ਕੋਲ ਪ੍ਰੇਮ ਦੀ ਸੰਪਦਾ ਹੈ, ਉਹ ਖ਼ੁਸ਼ਕਿਸਮਤ ਹੈ।

ਪ੍ਰੇਮ ਸੰਸਾਰ 'ਚ ਸਭ ਤੋਂ ਬਹੁਮੁੱਲਾ ਹੈ। ਇਸ ਦੇ ਅੱਗੇ ਸੰਸਾਰ ਦੀਆਂ ਸਭ ਮੁੱਲਵਾਨ ਵਸਤਾਂ ਫ਼ਜ਼ੂਲ ਹਨ। ਜਿਸ ਕੋਲ ਪ੍ਰੇਮ ਦੀ ਸੰਪਦਾ ਹੈ, ਉਹ ਖ਼ੁਸ਼ਕਿਸਮਤ ਹੈ। ਪ੍ਰੇਮ ਦੇ ਬਿਨਾਂ ਹੀਰੇ-ਜਵਾਹਰਾਤ ਤੇ ਹੋਰ ਧਨ-ਦੌਲਤ ਕਿਸੇ ਕੰਮ ਦੀ ਨਹੀਂ। ਜਿਸ ਦੇ ਹਿਰਦੇ ਵਿਚ ਪ੍ਰੇਮ ਹੈ, ਉਸ ਨਾਲ ਸਾਰੇ ਪਿਆਰ ਕਰਦੇ ਹਨ। ਜਿਸ ਨੂੰ ਘਰ, ਪਰਿਵਾਰ, ਸਮਾਜ, ਭਰਾ-ਭੈਣ, ਸਾਥੀ, ਪਸ਼ੂ-ਪੰਛੀ, ਪ੍ਰਾਣੀ ਤੋਂ ਸਨੇਹ ਨਹੀਂ ਮਿਲਿਆ, ਸਨਮਾਨ ਨਹੀਂ ਮਿਲਿਆ, ਉਸ 'ਤੇ ਪਰਮਾਤਮਾ ਦੀ ਕਿਰਪਾ ਵੀ ਨਹੀਂ ਹੈ। ਪ੍ਰੇਮ ਵਿਚ ਅਦਭੁਤ ਸ਼ਕਤੀ ਹੁੰਦੀ ਹੈ। ਪ੍ਰੇਮ ਵਿਚ ਇੰਨੀ ਖਿੱਚ ਹੁੰਦੀ ਹੈ ਕਿ ਸਾਰੇ ਉਸ ਦੇ ਵੱਸ ਵਿਚ ਹੋ ਜਾਂਦੇ ਹਨ। ਪ੍ਰੇਮ ਨਾਲ ਪਰਮਾਤਮਾ ਨੂੰ ਵੀ ਵੱਸ ਵਿਚ ਕਰ ਕੇ ਉਸ ਦੀ ਕਿਰਪਾ-ਦ੍ਰਿਸ਼ਟੀ ਹਾਸਲ ਕੀਤੀ ਜਾ ਸਕਦੀ ਹੈ। ਪ੍ਰੇਮ ਨਾਲ ਹੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਰੱਬ ਸਿਰਫ਼ ਪਿਆਰ ਦਾ ਹੀ ਭੁੱਖਾ ਹੁੰਦਾ ਹੈ। ਉਸ ਨੂੰ ਕਿਸੇ ਵਸਤੂ ਦੀ ਜ਼ਰੂਰਤ ਨਹੀਂ ਹੁੰਦੀ। ਅਸੀਂ ਉਸ ਨੂੰ ਜੋ ਕੁਝ ਅਰਪਣ ਕਰਦੇ ਹਾਂ, ਭੇਟ ਚੜ੍ਹਾਉਂਦੇ ਹਾਂ, ਉਹ ਉਸ ਨੂੰ ਪ੍ਰੇਮ ਕਾਰਨ ਹੀ ਸਵੀਕਾਰ ਕਰਦਾ ਹੈ। ਵਿਗਿਆਨਕ ਤੱਥ ਹੈ ਕਿ ਕਿਰਿਆ ਦੀ ਪ੍ਰਤੀਕਿਰਿਆ ਸਿੱਧੇ ਜਾਂ ਅਸਿੱਧੇ ਦੋਵਾਂ ਰੂਪਾਂ ਵਿਚ ਯਕੀਨਨ ਹੁੰਦੀ ਹੈ। ਜਦ ਅਸੀਂ ਕਿਸੇ ਨਾਲ ਪ੍ਰੇਮ ਕਰਦੇ ਹਾਂ ਤਾਂ ਸਿੱਟੇ ਵਜੋਂ ਉਸ ਦੇ ਬਦਲੇ ਪ੍ਰੇਮ ਹੀ ਪ੍ਰਾਪਤ ਹੁੰਦਾ ਹੈ। ਅੰਬ ਦੇ ਰੁੱਖ ਨੂੰ ਅੰਬ ਹੀ ਲੱਗਣਗੇ, ਬਬੂਲ ਦੇ ਰੁੱਖ 'ਤੇ ਕੰਡੇ ਹੀ ਹੋਣਗੇ। ਖੇਤ ਵਿਚ ਜੋ ਬੀਜੋਗੇ, ਉਹੀ ਵੱਢੋਗੇ। ਮਨੁੱਖੀ ਜੀਵਨ ਪ੍ਰੇਮ ਨਾਲ ਚਾਈਂ-ਚਾਈਂ ਜਿਊਣ ਲਈ ਪ੍ਰਾਪਤ ਹੋਇਆ ਹੈ। ਅਜਿਹੇ ਵਿਚ ਘਰ, ਪਰਿਵਾਰ, ਸਮਾਜ, ਭਰਾ-ਭੈਣ, ਮਾਤਾ-ਪਿਤਾ, ਜੀਵਨ ਸਾਥੀ ਨਾਲ ਪ੍ਰੇਮ ਕਰਨਾ ਜ਼ਰੂਰੀ ਹੈ ਪਰ ਸੰਸਾਰਕ ਪ੍ਰੇਮ ਵਿਚ ਮਨੁੱਖ ਇੰਨਾ ਨਾ ਖੁੱਭ ਜਾਵੇ ਕਿ ਜੀਵਨ ਦਾ ਮਕਸਦ ਹੀ ਭੁੱਲ ਜਾਵੇ। ਕਹਿਣ ਤੋਂ ਭਾਵ ਇਹ ਹੈ ਕਿ ਸੰਸਾਰਕ ਪ੍ਰੇਮ ਮਨੁੱਖ ਨੂੰ ਬੰਧਨਾਂ ਤੋਂ ਮੁਕਤ ਨਹੀਂ ਕਰਦਾ ਪਰ ਪਰਮਾਤਮਾ ਨਾਲ ਕੀਤਾ ਗਿਆ ਪ੍ਰੇਮ ਉਸ ਨੂੰ ਬੰਧਨਾਂ ਵਿਚ ਬੱਝਣ ਨਹੀਂ ਦਿੰਦਾ। ਪਰਮਾਤਮਾ ਦਾ ਪ੍ਰੇਮ ਸਾਨੂੰ ਸੱਚੇ ਕਰਮ, ਧਰਮ ਲਈ ਪ੍ਰੇਰਿਤ ਕਰਦਾ ਹੈ। ਪਰਮਾਤਮਾ ਸੱਚ ਸਨਾਤਨ ਹੈ। ਉਸ ਦੀ ਨੇੜਤਾ ਹੀ ਅਸਲ ਆਨੰਦ ਹੈ। ਜੀਵਨ ਦੀ ਸਾਰਥਿਕਤਾ ਲਈ ਮੁਕਤੀਦਾਤਾ, ਸੁੱਖਦਾਤਾ ਅਤੇ ਆਨੰਦਦਾਤਾ ਪਰਮਾਤਮਾ ਨਾਲ ਪ੍ਰੇਮ ਕਰਨਾ ਹੀ ਸਹੀ ਤੇ ਲਾਜ਼ਮੀ ਹੈ। ਪ੍ਰੇਮ ਅੱਗੇ ਪਰਮਾਤਮਾ ਵੀ ਝੁਕ ਜਾਂਦਾ ਹੈ। ਸੋ, ਪ੍ਰੇਮ ਦਾ ਪਸਾਰਾ ਕਰਦੇ ਹੋਏ ਜੀਵਨ ਵਿਚ ਆਨੰਦ ਦਾ ਉਤਸਵ ਮਨਾਓ। ਇਸੇ ਵਿਚ ਤੁਹਾਨੂੰ ਸੱਚੀ ਖ਼ੁਸ਼ੀ ਮਹਿਸੂਸ ਹੋਵੇਗੀ।
-ਮਕੇਸ਼ ਰਿਸ਼ੀ।