ਕੀ ਤੁਹਾਡਾ ਆਪਣਾ ਮਨ ਹੀ ਹਰ ਵਾਰ 'ਇਮੋਸ਼ਨਲ ਬਲੈਕਮੇਲ' ਕਰ ਕੇ ਤੁਹਾਨੂੰ ਹਰਾ ਦਿੰਦੈ? ਪ੍ਰੇਮਾਨੰਦ ਮਹਾਰਾਜ ਨੇ ਦੱਸਿਆ ਕਾਬੂ ਕਰਨ ਦਾ ਤਰੀਕਾ
ਪ੍ਰੇਮਾਨੰਦ ਮਹਾਰਾਜ ਅਨੁਸਾਰ, ਜੇ ਕਿਸੇ ਵਿਅਕਤੀ ਨੂੰ ਆਪਣੇ ਮਨ 'ਤੇ ਕਾਬੂ ਪਾਉਣਾ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਮਨ ਪ੍ਰਤੀ ਆਪਣਾ ਲਗਾਅ ਘੱਟ ਕਰਨਾ ਹੋਵੇਗਾ ਅਤੇ ਗ਼ਲਤ ਇੱਛਾਵਾਂ ਦਾ ਖੁੱਲ੍ਹ ਕੇ ਵਿਰੋਧ ਕਰਨਾ ਸਿੱਖਣਾ ਹੋਵੇਗਾ। ਇਸ ਦੌਰਾਨ ਮਨ 'ਚ ਉੱਠਣ ਵਾਲੀਆਂ ਇੱਛਾਵਾਂ ਨੂੰ ਤੁਰੰਤ ਦਬਾਉਣ ਜਾਂ ਹਾਰ ਮੰਨਣ ਦੀ ਬਜਾਏ ਉਨ੍ਹਾਂ ਦੀ ਤੀਬਰਤਾ ਅਤੇ ਊਰਜਾ ਨੂੰ ਸਮਝਣਾ ਹੋਵੇਗਾ, ਜੋ ਤੁਹਾਨੂੰ ਸ਼ਾਂਤ ਅਤੇ ਸਥਿਰ ਰਹਿਣ 'ਚ ਮਦਦ ਕਰ ਸਕਦੀ ਹੈ।
Publish Date: Mon, 23 Nov 2026 12:56 PM (IST)
Updated Date: Mon, 23 Nov 2026 01:01 PM (IST)
ਧਰਮ ਡੈਸਕ, ਨਵੀਂ ਦਿੱਲੀ : ਸਾਡੇ 'ਚੋਂ ਜ਼ਿਆਦਾਤਰ ਲੋਕ ਆਪਣੇ ਆਪ ਨੂੰ ਬਿਹਤਰ ਬਣਾਉਣ ਜਾਂ ਚੰਗੀਆਂ ਆਦਤਾਂ ਨੂੰ ਜੀਵਨਸ਼ੈਲੀ 'ਚ ਸ਼ਾਮਲ ਕਰਨ ਲਈ ਕਈ ਤਰ੍ਹਾਂ ਦੀ ਯੋਜਨਾਬੰਦੀ ਕਰਦੇ ਹਨ। ਪਰ ਐਨ ਮੌਕੇ 'ਤੇ ਸਾਡਾ ਮਨ ਕੋਈ ਨਾ ਕੋਈ ਬਹਾਨਾ ਬਣਾ ਕੇ ਸਾਨੂੰ ਹਰਾ ਦਿੰਦਾ ਹੈ। ਸਾਡੇ 'ਚੋਂ ਕਈ ਲੋਕ ਰੋਜ਼ਾਨਾ ਜੀਵਨ 'ਚ ਇਸ ਸਥਿਤੀ ਦਾ ਸਾਹਮਣਾ ਕਰਦੇ ਹਨ। ਕਈ ਵਾਰ ਸਾਨੂੰ ਬਾਹਰੀ ਦੁਨੀਆ ਦਾ ਸਾਹਮਣਾ ਕਰਨਾ ਆਸਾਨ ਲੱਗਦਾ ਹੈ, ਪਰ ਜਦੋਂ ਗੱਲ ਆਪਣੇ ਮਨ 'ਤੇ ਕਾਬੂ ਪਾਉਣ ਦੀ ਆਉਂਦੀ ਹੈ ਤਾਂ ਅਸੀਂ ਵਾਰ-ਵਾਰ ਹਾਰ ਜਾਂਦੇ ਹਾਂ। ਕੀ ਤੁਸੀਂ ਕਦੇ ਸੋਚਿਆ ਹੈ ਕਿ ਆਖ਼ਰ ਇਹ ਮਨ ਵਾਰ-ਵਾਰ ਸਾਨੂੰ ਆਪਣੇ ਇਸ਼ਾਰਿਆਂ 'ਤੇ ਕਿਉਂ ਨਚਾਉਂਦਾ ਹੈ ਅਤੇ ਇਸ ਨੂੰ ਕਾਬੂ 'ਚ ਕਿਵੇਂ ਕੀਤਾ ਜਾ ਸਕਦਾ ਹੈ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਪ੍ਰੇਮਾਨੰਦ ਮਹਾਰਾਜ ਨੇ ਦਿੱਤੇ ਹਨ। ਇਨ੍ਹਾਂ ਗੱਲਾਂ ਨੂੰ ਜਾਣਨ ਅਤੇ ਸਮਝਣ ਤੋਂ ਬਾਅਦ ਤੁਸੀਂ ਵੀ ਆਪਣੇ ਮਨ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਸਕਦੇ ਹੋ।
ਮਨ 'ਤੇ ਕਾਬੂ ਕਿਉਂ ਨਹੀਂ ਹੁੰਦਾ?
ਵ੍ਰਿੰਦਾਵਨ ਸਥਿਤ ਸ਼੍ਰੀ ਹਿਤ ਰਾਧਾ ਕੇਲੀ ਕੁੰਜ ਆਸ਼ਰਮ ਦੇ ਪ੍ਰੇਮਾਨੰਦ ਮਹਾਰਾਜ ਜੀ ਆਪਣੇ ਭਗਤਾਂ ਦਾ ਉੱਧਾਰ ਮੁੱਖ ਤੌਰ 'ਤੇ ਨਾਮ ਜਪ, ਸ਼ਰਨਾਗਤੀ, ਕਰਤੱਵ ਪਾਲਣ ਅਤੇ ਜੀਵਨ ਪ੍ਰਤੀ ਜ਼ਰੂਰੀ ਮਾਰਗਦਰਸ਼ਨ ਰਾਹੀਂ ਕਰਦੇ ਹਨ। ਪ੍ਰੇਮਾਨੰਦ ਮਹਾਰਾਜ ਜੀ ਦਾ ਕਹਿਣਾ ਹੈ ਕਿ ਮਨ ਨਾਲ ਲੜਨਾ ਬੇਹੱਦ ਮੁਸ਼ਕਲ ਹੈ। ਬਾਹਰੀ ਜੰਗਾਂ ਦੀ ਤੁਲਨਾ 'ਚ ਆਪਣੇ ਹੀ ਮਨ ਨਾਲ ਲੜਨਾ ਸਭ ਤੋਂ ਮੁਸ਼ਕਲ ਜੰਗ ਹੈ। ਮਨ 'ਚ ਕਈ ਜਨਮਾਂ ਦੀਆਂ ਦੁਰਵਾਸਨਾਵਾਂ ਵਸੀਆਂ ਹੋਈਆਂ ਹਨ।
ਦੁਰਵਾਸਨਾਵਾਂ ਸਾਡੇ ਮਨ ਨੂੰ ਵਾਰ-ਵਾਰ ਕਈ ਤਰ੍ਹਾਂ ਦੇ ਭੋਗਾਂ ਵੱਲ ਖਿੱਚਦੀਆਂ ਹਨ। ਅਸੀਂ ਆਪਣੇ ਮਨ ਨਾਲ ਇੰਨਾ ਮੋਹ ਅਤੇ ਲਗਾਅ ਰੱਖਦੇ ਹਾਂ ਕਿ ਉਸ ਦੀ ਗੱਲ ਕੱਟ ਨਹੀਂ ਸਕਦੇ। ਅਸੀਂ ਇੱਕ ਵਾਰ ਮਨ ਦੀ ਗੱਲ ਨੂੰ ਰੱਦ ਕਰਦੇ ਹਾਂ ਤਾਂ ਉਹ ਵਾਰ-ਵਾਰ ਉਹੀ ਇੱਛਾਵਾਂ ਸਾਡੇ ਸਾਹਮਣੇ ਰੱਖ ਦਿੰਦਾ ਹੈ। ਇਸ ਕਾਰਨ ਸਾਨੂੰ ਆਪਣਾ ਮਨ ਦੁਸ਼ਮਣ ਦੀ ਬਜਾਏ ਦੋਸਤ ਵਾਂਗ ਦਿਖਾਈ ਦਿੰਦਾ ਹੈ ਅਤੇ ਅਸੀਂ ਵਾਰ-ਵਾਰ ਉਸ ਦੇ ਬਹਿਕਾਵੇ 'ਚ ਆ ਜਾਂਦੇ ਹਾਂ।
ਪ੍ਰੇਮਾਨੰਦ ਮਹਾਰਾਜ ਜੀ ਕਹਿੰਦੇ ਹਨ ਕਿ ਅੱਜ ਦੇ ਸਮੇਂ 'ਚ ਮਨੁੱਖ ਸਭ ਕੁਝ ਕਰਨ ਲਈ ਤਿਆਰ ਹੈ, ਪਰ ਜਦੋਂ ਗੱਲ ਆਪਣੇ ਮਨ ਨੂੰ ਕਾਬੂ ਕਰਨ ਦੀ ਆਉਂਦੀ ਹੈ ਤਾਂ ਉਹ ਇਸ ਦੇ ਵਿਰੋਧ ਨੂੰ ਸਹਿਣ ਲਈ ਤਿਆਰ ਨਹੀਂ ਹੁੰਦਾ। ਇਸੇ ਪਲ ਵਿਅਕਤੀ ਦੀ ਤਪੱਸਿਆ, ਸਾਧਨਾ ਅਤੇ ਪੁੰਨ ਕਰਮ ਕਮਜ਼ੋਰ ਹੋਣ ਲੱਗਦੇ ਹਨ।
ਮਨ 'ਤੇ ਕਿਵੇਂ ਪਾਈਏ ਕਾਬੂ?
ਪ੍ਰੇਮਾਨੰਦ ਮਹਾਰਾਜ ਅਨੁਸਾਰ, ਜੇ ਕਿਸੇ ਵਿਅਕਤੀ ਨੂੰ ਆਪਣੇ ਮਨ 'ਤੇ ਕਾਬੂ ਪਾਉਣਾ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਮਨ ਪ੍ਰਤੀ ਆਪਣਾ ਲਗਾਅ ਘੱਟ ਕਰਨਾ ਹੋਵੇਗਾ ਅਤੇ ਗ਼ਲਤ ਇੱਛਾਵਾਂ ਦਾ ਖੁੱਲ੍ਹ ਕੇ ਵਿਰੋਧ ਕਰਨਾ ਸਿੱਖਣਾ ਹੋਵੇਗਾ। ਇਸ ਦੌਰਾਨ ਮਨ 'ਚ ਉੱਠਣ ਵਾਲੀਆਂ ਇੱਛਾਵਾਂ ਨੂੰ ਤੁਰੰਤ ਦਬਾਉਣ ਜਾਂ ਹਾਰ ਮੰਨਣ ਦੀ ਬਜਾਏ ਉਨ੍ਹਾਂ ਦੀ ਤੀਬਰਤਾ ਅਤੇ ਊਰਜਾ ਨੂੰ ਸਮਝਣਾ ਹੋਵੇਗਾ, ਜੋ ਤੁਹਾਨੂੰ ਸ਼ਾਂਤ ਅਤੇ ਸਥਿਰ ਰਹਿਣ 'ਚ ਮਦਦ ਕਰ ਸਕਦੀ ਹੈ।
ਇਸ ਤੋਂ ਇਲਾਵਾ ਮਨ ਨੂੰ ਕੁਝ ਅਜਿਹੇ ਕੰਮਾਂ 'ਚ ਲਗਾਉਣਾ ਪਵੇਗਾ, ਜਿਨ੍ਹਾਂ ਨਾਲ ਮਨ ਨੂੰ ਕਾਬੂ ਕਰਨ ਦੀ ਸਮਰੱਥਾ ਵਧੇਗੀ। ਤੁਸੀਂ ਨਾਮ ਜਪ, ਨਿਯਮਿਤ ਮੈਡੀਟੇਸ਼ਨ ਜਾਂ ਆਪਣੇ ਕੰਮ 'ਤੇ ਧਿਆਨ ਕੇਂਦਰਿਤ ਕਰ ਸਕਦੇ ਹੋ। ਕੋਈ ਵੀ ਅਜਿਹਾ ਕੰਮ ਕਰੋ, ਜਿਸ ਨੂੰ ਕਰਕੇ ਤੁਸੀਂ ਆਪਣੇ ਆਪ ਨੂੰ ਕਮਜ਼ੋਰ, ਬੇਵੱਸ ਜਾਂ ਗ਼ਲਤ ਮਹਿਸੂਸ ਨਾ ਕਰੋ। ਮਨ ਨਾਲ ਲੜਨ ਦੀ ਬਜਾਏ ਉਸ ਨੂੰ ਹੌਲੀ-ਹੌਲੀ ਸਹੀ ਦਿਸ਼ਾ ਵੱਲ ਲੈ ਕੇ ਜਾਣ ਨਾਲ ਹੀ ਮਨ 'ਤੇ ਕਾਬੂ ਪਾਇਆ ਜਾ ਸਕਦਾ ਹੈ।