- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਨਾਨਕ ਸਾਹਿਬ ਸਿੱਖ ਧਰਮ ਦੇ ਬਾਨੀ, ਰੂਹਾਨੀ ਦੁਨੀਆ ਦੇ ਨਵੇਂ ਕਾਲ (ਯੁੱਗ) ਦੇ ਮੋਢੀ, ਲਾਸਾਨੀ ਫ਼ਿਲਾਸਫ਼ਰ ਤੇ ਇਸ ਨਵੇਂ ਯੁੱਗ ਦੇ ਪਹਿਲੇ ਹਰਕਾਰੇ (messenger) ਸਨ। ਗੁਰੂ ਨਾਨਕ ਸਾਹਿਬ ਇਕ ਅਜ਼ੀਮ ਸ਼ਖ਼ਸੀਅਤ ਸਨ। ਇਸ ਨੂੰ ਜੇ ਦੋ ਲਫ਼ਜ਼ਾਂ ’ਚ ਕਹਿਣਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਉਹ ਇਕ ‘ਰੂਹਾਨੀ ਚੁੰਬਕ’ ਸਨ।

ਗੁਰੂ ਨਾਨਕ ਸਾਹਿਬ ਸਿੱਖ ਧਰਮ ਦੇ ਬਾਨੀ, ਰੂਹਾਨੀ ਦੁਨੀਆ ਦੇ ਨਵੇਂ ਕਾਲ (ਯੁੱਗ) ਦੇ ਮੋਢੀ, ਲਾਸਾਨੀ ਫ਼ਿਲਾਸਫ਼ਰ ਤੇ ਇਸ ਨਵੇਂ ਯੁੱਗ ਦੇ ਪਹਿਲੇ ਹਰਕਾਰੇ (messenger) ਸਨ। ਗੁਰੂ ਨਾਨਕ ਸਾਹਿਬ ਇਕ ਅਜ਼ੀਮ ਸ਼ਖ਼ਸੀਅਤ ਸਨ। ਇਸ ਨੂੰ ਜੇ ਦੋ ਲਫ਼ਜ਼ਾਂ ’ਚ ਕਹਿਣਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਉਹ ਇਕ ‘ਰੂਹਾਨੀ ਚੁੰਬਕ’ ਸਨ। ਜਿਵੇਂ ਚੁੰਬਕ ਲੋਹੇ ਦੇ ਹਰ ਕਣ ਨੂੰ ਆਪਣੇ ਵੱਲ ਖਿੱਚ ਲੈਂਦਾ ਹੈ, ਉਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਹਰ ਇਨਸਾਨ ਨੂੰ ਆਪਣੀ ਸਿੱਖਿਆ ਨਾਲ ਸਿੱਖ ਬਣਾ ਲੈਂਦੇ ਸਨ। ਗੁਰੂ ਸਾਹਿਬ ਨੇ ਵੱਡੇ-ਵੱਡੇ ਆਲਮ ਫ਼ਾਜ਼ਲ (ਵਿਦਵਾਨ) ਲੋਕ, ਰਾਜੇ-ਮਹਾਰਾਜੇ, ਜਾਗੀਰਦਾਰ, ਚੌਧਰੀ, ਅਮੀਰ ਤੇ ਸ਼ਾਹ, ਮਿਹਨਤਕਸ਼ ਤੇ ਫ਼ਕੀਰ ਆਪਣੀ ਰੂਹਾਨੀ ਸ਼ਖ਼ਸੀਅਤ ਨਾਲ ਆਪਣੇ ਸਾਥੀ ਬਣਾ ਲਏ ਸਨ।
ਕਈ ਮੁਲਕਾਂ ਦਾ ਕੀਤਾ ਦੌਰਾ
ਭਾਵੇਂ ਗੁਰੂ ਸਾਹਿਬ ਨੇ ਕਿਸੇ ਨੂੰ ਵੀ ਸਿੱਖ ਬਣਨ ਵਾਸਤੇ ਨਹੀਂ ਕਿਹਾ ਪਰ ਜੋ ਵੀ ਸ਼ਖ਼ਸ ਗੁਰੂ ਸਾਹਿਬ ਨੂੰ ਮਿਲਿਆ, ਉਹ ਸਦਾ ਵਾਸਤੇ ਗੁਰੂ ਜੀ ਦਾ ਸਿੱਖ ਬਣ ਗਿਆ। ਗੁਰੂ ਸਾਹਿਬ ਨੇ 40-50 ਹਜ਼ਾਰ ਕਿਲੋਮੀਟਰ ਪੈਦਲ ਚੱਲ ਕੇ ਕਈ ਮੁਲਕਾਂ ਦਾ ਦੌਰਾ ਕੀਤਾ ਤੇ ਸੈਂਕੜੇ ਨਗਰਾਂ ਤੇ ਹਜ਼ਾਰਾਂ ਲੋਕਾਂ ਨੂੰ ਰੂਹਾਨੀਅਤ ਦਾ ਸਬਕ ਦਿੱਤਾ। ਉਨ੍ਹਾਂ ਨੇ ਲੋਕਾਂ ਦੀ ਸਮਾਜਿਕ ਤੇ ਧਾਰਮਿਕ ਜ਼ਿੰਦਗੀ ਬਦਲ ਦਿੱਤੀ।
ਗੁਰੂ ਨਾਨਕ ਸਾਹਿਬ ਦਾ ਪੈਗ਼ਾਮ
ਗੁਰੂ ਸਾਹਿਬ ਨੇ ‘ਸਚਿਆਰ’ ਦੀ ਜ਼ਿੰਦਗੀ ਜਿਊਣ (ਕਿਰਤ ਕਰਨਾ, ਵੰਡ ਛਕਣਾ, ਨਾਮ ਜਪਣਾ) ਦਾ ਸਬਕ ਦਿੱਤਾ। ਹਰ ਇਨਸਾਨ ਨੂੰ ਕਿਰਤ ਕਮਾਈ, ਹੱਕ-ਹਲਾਲ, ਇਮਾਨਦਾਰੀ ਦੀ ਕਮਾਈ ਕਰਨੀ ਚਾਹੀਦੀ ਹੈ। ਹਰ ਇਨਸਾਨ ਦਾ ਫ਼ਰਜ਼ ਹੈ ਕਿ ਉਹ ਆਪਣੀ ਕਮਾਈ ਵਿੱਚੋਂ ਕੁਝ ਹਿੱਸਾ ਕੱਢ ਕੇ ਲੋਕਾਈ ਦੇ ਭਲੇ ਵਾਸਤੇ ਖ਼ਰਚ ਕਰੇ ਅਤੇ ਲੋੜਵੰਦਾਂ, ਮਜਬੂਰ ਤੇ ਲਾਚਾਰ ਲੋਕਾਂ ਦੀ ਮਦਦ ਕਰੇ ਯਾਨੀ ਉਨ੍ਹਾਂ ਨੇ ਹਰ ਸਿੱਖ ਨੂੰ ਸਮਾਜ ਦਾ ਫ਼ਾਇਦੇ ਵਾਲਾ, ਜਮ੍ਹਾ ਵਾਲਾ (positive) ਹਿੱਸਾ ਬਣਾਇਆ। ਉਨ੍ਹਾਂ ਆਖਿਆ ਕਿ ਹਰ ਇਨਸਾਨ ਦਾ ਫ਼ਰਜ਼ ਹੈ ਕਿ ਉਹ ਲੋਕਾਈ ਦੇ ਭਲੇ ਵਿਚ ਆਪਣਾ ਵੱਧ ਤੋਂ ਵੱਧ ਹਿੱਸਾ ਪਾਵੇ। ਉਨ੍ਹਾਂ ਕਿਹਾ ਕਿ ਹਰ ਇਨਸਾਨ ਨੂੰ ਕਿਰਤ ਕਰਨ ਤੇ ਵੰਡ ਛਕਣ ਦੇ ਨਾਲ-ਨਾਲ ਰੱਬ ਦਾ ਨਾਂ ਵੀ ਜਪਣਾ
ਚਾਹੀਦਾ ਹੈ (ਉਸ ਨੂੰ ਹਰ ਵੇਲੇ ਯਾਦ ਰੱਖਣਾ ਚਾਹੀਦਾ ਹੈ)। ਰੱਬ ਦਾ ਨਾਂ ਜਪਣ ਦਾ ਮਤਲਬ ਰੱਬ ਨੂੰ ਹਰ ਥਾਂ ਹਾਜ਼ਰ-ਨਾਜ਼ਰ ਜਾਣ ਕੇ, ਉਸ ਦੇ ਨਿਰਮਲ ਭਉ ’ਚ ਰਹਿ ਕੇ ਜ਼ਿੰਦਗੀ ਜਿਊਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰੱਬ ਦੇ ‘ਭਉ’ (ਪਵਿੱਤਰ/ਅਦਬੀ ਡਰ) ਵਿੱਚੋਂ ਹੀ ‘ਭਾਉ’ (ਪਿਆਰ) ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਨਸਾਨ ਨੂੰ ਦੁਨੀਆ ਤੋਂ ਨਹੀਂ ਸਗੋਂ ਮਾਇਆ ਤੋਂ (ਦੁਨੀਆਂ ਦੀ ਮੋਹ-ਮਾਇਆ ਦੀ ਪਕੜ ਤੋਂ) ਦਿਲਗੀਰ ਹੋਣ ਦੀ ਲੋੜ ਹੈ। ਇਹ ਇੰਞ ਹੀ ਹੈ ਜਿਵੇਂ ਕਮਲ ਦਾ ਫੁੱਲ ਚਿੱਕੜ ਵਿਚ ਪੈਦਾ ਹੁੰਦਾ ਤੇ ਸਾਰਾ ਸਮਾਂ ਉਸ ਵਿਚ ਹੀ ਰਹਿੰਦਾ ਹੈ ਪਰ ਉਹ ਚਿੱਕੜ ਵਿਚ ਲਿੱਬੜਦਾ ਨਹੀਂ ਯਾਨਿ ਉਸ ਦੇ ਅਸਰ ਤੋਂ ਬਚਿਆ ਰਹਿੰਦਾ ਹੈ।
ਨਿਰੰਕਾਰ ਹੈ ਰੱਬ
ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਰੱਬ ‘ਨਿਰੰਕਾਰ’ ਹੈ। ਉਸ ਦਾ ਕੋਈ ਰੰਗ, ਰੂਪ, ਸ਼ਕਲ ਨਹੀਂ ਹੈ। ਇਸ ਕਰਕੇ ਉਸ ਦੀ ਕੋਈ ਮੂਰਤੀ ਜਾਂ ਬੁੱਤ ਵੀ ਨਹੀਂ ਹੋ ਸਕਦਾ। ਉਹ ਕਦੇ ਵੀ ਇਨਸਾਨੀ ਰੂਪ ’ਚ ਨਹੀਂ ਆਉਂਦਾ। ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਸਭ ਜੋ ਕੁਝ ਨਜ਼ਰੀਂ ਆਉਂਦਾ ਹੈ, ਉਹ ਅਕਾਲ ਪੁਰਖ ਦਾ ਹੀ ਰੂਪ ਹੈ ਤੇ ਇੰਞ ਅਕਾਲ ਪੁਰਖ ਸਾਰੀ ਦੁਨੀਆ ਵਿਚ ‘ਰਮਿਆ’ (ਸਮਾਇਆ) ਹੋਇਆ ਹੈ। ਅਸੀਂ ਰੱਬ ਨੂੰ ਉਸ ਦੀ ਕੁਦਰਤ ਵਿੱਚੋਂ ਵੇਖ ਸਕਦੇ ਹਾਂ। ਉਸ ਦੀ ਪੈਦਾ ਕੀਤੀ ਦੁਨੀਆ ’ਤੇ ਅਸੀਂ ਵਿਸਮਾਦ (ਖ਼ੁਸ਼ੀ ਭਰੀ ਹੈਰਾਨੀ) ਜ਼ਾਹਿਰ ਕਰ ਸਕਦੇ ਹਾਂ। ਉਸ ਦੀ ਕੁਦਰਤ ਵਿੱਚੋਂ ਅਸੀਂ ਉਸ ਦੀ ਮਹਾਨਤਾ, ਤਾਕਤ ਤੇ ਹਸਤੀ ਦਾ ਅਹਿਸਾਸ ਕਰ ਸਕਦੇ ਹਾਂ ਪਰ ਅਕਾਲ ਪੁਰਖ ਦਾ ਕੋਈ ਇਕ ਖ਼ਾਸ ਰੂਪ ਖ਼ਿਆਲੀ ਤੌਰ ’ਤੇ ਬਣਾਉਣਾ ਜਾਂ ਕੋਈ ਖ਼ਸ ਜਗ੍ਹਾ ਉਸ ਦਾ ਟਿਕਾਣਾ ਮੰਨ ਲੈਣਾ ਸਰਾਸਰ ਗ਼ਲਤ ਹੈ। ਸਾਰੀ ਦੁਨੀਆ, ਸਾਰੀ ਕਾਇਨਾਤ ਉਸੇ ਦੇ
ਹੁਕਮ ਵਿਚ ਚੱਲ ਰਹੀ ਹੈ।
ਸਾਰਿਆਂ ’ਤੇ ਇੱਕੋ ਜਿਹੀ ਨਜ਼ਰ ਰੱਖਦਾ ਰੱਬ
ਉਨ੍ਹਾਂ ਦੱਸਿਆ ਕਿ ਅਕਾਲ ਪੁਰਖ ਹਰ ਇਨਸਾਨ ਨੂੰ ਇੱਕੋ ਜਿਹਾ ਪਿਆਰ ਕਰਦਾ ਹੈ। ਉਸ ਦੀ ਨਿਗ੍ਹਾ ’ਚ ਕੋਈ ‘ਛੋਟਾ’ ਜਾ ‘ਵੱਡਾ’ ਨਹੀਂ ਹੈ। ਉਸ ਵਾਸਤੇ ਕੋਈ ‘ਚੁਣੇ ਹੋਏ’ ਜਾਂ ‘ਰੱਦ ਕੀਤੇ ਹੋਏ’ ਲੋਕ ਨਹੀਂ ਸਨ। ਰੱਬ ਸਾਰਿਆਂ ’ਤੇ ਇੱਕੋ ਜਿਹੀ ਨਜ਼ਰ ਰੱਖਦਾ ਹੈ। ਉਸ ਦੀ ਕਿਰਪਾ, ਮਿਹਰ, ਬਖ਼ਸ਼ੀਸ਼, ਉਸ ਦਾ ਪ੍ਰਸਾਦਿ ਹਰ ਇਕ ਵਾਸਤੇ ਇੱਕੋ ਜਿਹਾ ਹੈ। ਉਸ ਦਾ ਇਨਸਾਫ਼ ਹਰ ਇਕ ਵਾਸਤੇ ਇੱਕੋ ਜਿਹਾ ਹੈ ਪਰ ਜਿਨ੍ਹਾਂ ਕੋਲ ਦਇਆ, ਪਿਆਰ, ਨੇਕੀ, ਇਨਸਾਨੀਅਤ ਨਹੀਂ ਹੁੰਦੀ ਤੇ ਜੋ ਖ਼ੁਦ ਨਫ਼ਰਤ ਵੰਡਦੇ ਹਨ, ਉਹ ਰੱਬ ਦੀ ਬਖ਼ਸ਼ਿਸ਼ ਤੋਂ ਵਾਂਝੇ ਰਹਿ ਜਾਂਦੇ ਹਨ ਪਰ ਅਜਿਹੇ ਸ਼ਖ਼ਸ ਵੀ ਮੁੜ ਰੱਬ ਦੇ ਰਸਤੇ ’ਤੇ ਚੱਲ ਕੇ ਉਸ ਦੀ ਬਖ਼ਸ਼ਿਸ਼ ਹਾਸਿਲ ਕਰ ਸਕਦੇ ਹਨ। ਦੁਨੀਆ ਵਿਚ ਜੋ ਵੀ ਵਾਪਰ ਰਿਹਾ ਹੈ, ਸਭ ਉਸ ਦੇ ਹੁਕਮ, ਉਸ ਦੀ ਰਜ਼ਾ ਤੇ ਭਾਣੇ ਵਿਚ ਹੈ। ਇਨਸਾਨ ਨੂੰ ਰੱਬ ਦੇ ਭਾਣੇ ’ਚ ਰਹਿਣਾ ਚਾਹੀਦਾ ਹੈ। ਉਸ ਨੂੰ ਪਤਾ ਹੈ ਕਿ ਉਸ ਨੇ ਕਿਸ ਨੂੰ ਕੀ, ਕਿਉਂ, ਕਿੰਨਾ, ਕਦੋਂ ਤੇ ਕਿਵੇਂ ਦੇਣਾ ਹੈ। ਰੱਬ ਨਾਲ ਸ਼ਿਕਵਾ-ਸ਼ਿਕਾਇਤ ਕਰਨਾ ਉਸ ਦਾ ਭਾਣਾ ਨਾ ਮੰਨਣਾ ਹੈ।
ਰੱਬ ਦੀ ਰਚਨਾ ਨੂੰ ਨਹੀਂ ਕਿਹਾ ਜਾ ਸਕਦਾ ਮਾੜਾ
ਉਨ੍ਹਾਂ ਆਖਿਆ ਕਿ ਹਰ ਇਨਸਾਨ ਵਿਚ ਅਕਾਲ ਪੁਰਖ ਦੀ ਜੋਤਿ ਹੈ, ਅਸੀਂ ਸਾਰੇ ਉਸ ਦੇ ਬੱਚੇ ਹਾਂ। ਇੰਞ ਅਸੀਂ ਸਾਰੇ ਇਕ-ਦੂਜੇ ਦੇ ਭੈਣ-ਭਰਾ ਹਾਂ। ਅਕਾਲ ਪੁਰਖ ਨੂੰ ਸਭ ਦਾ ਪਿਤਾ ਮੰਨਣ ਵਾਲਾ ਸ਼ਖ਼ਸ ਕਿਸੇ ਵੀ ਇਨਸਾਨ ਨਾਲ ਨਫ਼ਰਤ, ਵਿਤਕਰਾ ਜਾਂ ਵਖਰੇਵਾਂ ਨਹੀਂ ਕਰ ਸਕਦਾ। ਹਰ ਇਨਸਾਨ ਵਿਚ ਅਕਾਲ ਪੁਰਖ ਦੀ ਜੋਤਿ ਹੈ ਤੇ ਕਿਸੇ ਵੀ ਇਨਸਾਨ ਨਾਲ ਨਫ਼ਰਤ ਕਰਨ ਵਾਲਾ ਅਕਾਲ ਪੁਰਖ (ਦੀ ਜੋਤਿ ਦੇ ਉਸ ਹਿੱਸੇ) ਨਾਲ ਨਫ਼ਰਤ ਕਰਦਾ ਹੈ। ਗੁਰੂ ਨਾਨਕ ਸਾਹਿਬ ਔਰਤ ਨੂੰ ਮਰਦ ਤੋਂ ਨੀਵਾਂ ਦਰਜਾ ਦੇਣ ਨੂੰ ਵੀ ਗ਼ੈਰ-ਰੂਹਾਨੀ ਸੋਚ ਆਖਦੇ ਹਨ। ਜਿਹੜੀ ਔਰਤ ਰਾਜਿਆਂ ਤੇ ਮਹਾਨ ਰੂਹਾਨੀ ਹਸਤੀਆਂ ਨੂੰ ਜਨਮ ਦਿੰਦੀ ਹੈ, ਉਹ ਮਾੜੀ ਕਿੰਞ ਹੋ ਸਕਦੀ ਹੈ? ਫਿਰ ਉਹ ਵੀ ਤਾਂ ਰੱਬ ਦੀ ਪੈਦਾ ਕੀਤੀ ਹੋਈ ਹੈ। ਰੱਬ ਦੀ ਕਿਸੇ ਵੀ ਰਚਨਾ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ।
ਮੋਹ ਮਾਇਆ ਦਾ ਕਰਨਾ ਚਾਹੀਦਾ ਤਿਆਗ
ਗੁਰੂ ਸਾਹਿਬ ਗ੍ਰਹਿਸਤ ਧਰਮ ਨੂੰ ਇਨਸਾਨ ਵਾਸਤੇ ਸਭ ਤੋਂ ਚੰਗਾ ਰਸਤਾ ਕਹਿੰਦੇ ਹਨ। ਉਹ ਕਹਿੰਦੇ ਹਨ ਕਿ ਇਨਸਾਨ ਨੂੰ ਮੋਹ-ਮਾਇਆ ਛੱਡਣੀ ਚਾਹੀਦੀ ਹੈ, ਦੁਨੀਆ ਨਹੀਂ। ਇਨਸਾਨ ਨੂੰ ਇਸ ਦੁਨੀਆ ਦੀ ਪਕੜ ਤੋਂ ਆਜ਼ਾਦ ਰਹਿਣਾ ਚਾਹੀਦਾ ਹੈ, ਨਾ ਕਿ ਦੁਨੀਆਦਾਰੀ ਹੀ ਛੱਡ ਦੇਣੀ ਚਾਹੀਦੀ ਹੈ। ਦੁਨੀਆ ਤਿਆਗਣਾ ਤਾਂ ਮੈਦਾਨ ’ਚੋਂ ਦੌੜਨ ਵਾਲੀ ਗੱਲ ਹੈ। ਗੁਰੂ ਸਾਹਿਬ ਦਾ ਸਬਕ ਹੈ ਕਿ ਇਨਸਾਨ ਨੇ ਮੁਕਤੀ ਇਸੇ ਜ਼ਿੰਦਗੀ ਵਿਚ ਹਾਸਿਲ ਕਰਨੀ ਹੈ। ਸਿੱਖ ਫ਼ਲਸਫ਼ੇ ਮੁਤਾਬਿਕ ਆਪਣੇ ਆਪ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਹਉਮੈ ਤੋਂ ਬਚਾਅ ਲੈਣਾ ਹੀ ਮੁਕਤੀ ਹੈ। ਮੁਕਤੀ ਕੋਈ ਮਰਨ ਪਿੱਛੋਂ ਹਾਸਿਲ ਕਰਨ ਵਾਲੀ ਸ਼ੈਅ ਨਹੀਂ ਹੈ। ਇਸੇ ਜਨਮ ਵਿਚ ਹੀ ਇਨਸਾਨ ਨੇ ਉੱਚੀਆਂ ਬੁਲੰਦੀਆਂ ਛੂਹਣੀਆਂ ਹਨ।
ਧਾਰਮਿਕ ਦਿਖਾਵੇ ਨੂੰ ਦੱਸਿਆ ਪਾਖੰਡ
ਗੁਰੂ ਸਾਹਿਬ ਨੇ ਕਰਮ ਕਾਂਡ ਤੇ ਧਾਰਮਿਕ ਦਿਖਾਵੇ ਨੂੰ ਪਾਖੰਡ ਦੱਸਿਆ। ਉਨ੍ਹਾਂ ਕਿਹਾ ਕਿ ਚੰਗਾ ਇਨਸਾਨ ਬਣਨਾ ਹੀ ਅਸਲ ਧਰਮ ਹੈ। ਧਰਮ ਵਿਚ ਸੱਚ, ਪਿਆਰ, ਇਨਸਾਨੀਅਤ, ਇਨਸਾਫ਼, ਸਾਦਾ ਜੀਵਨ, ਲੋਕ ਸੇਵਾ, ਵਿਕਾਰਾਂ ਤੋਂ ਬਚਣਾ, ਮਨ ਦੀਆਂ ਖ਼ਾਹਿਸ਼ਾਂ ’ਤੇ ਕਾਬੂ ਪਾਉਣਾ (ਮਨ ਨੂੰ ਜਿੱਤਣਾ) ਹੀ ਅਸਲ ਕਰਮ ਤੇ ਭਗਤੀ ਹਨ। ਦਿਖਾਵੇ ਦਾ ਨਾਂ ਰਟਣ, ਯੱਗ, ਹਵਨ, ਪੂਜਾ ਸਭ ਫ਼ਜ਼ੂਲ ਦੇ ਕਰਮ-ਕਾਂਡ ਤੇ ਪਾਖੰਡ ਹਨ। ਗੁਰੂ ਸਾਹਿਬ ਨੇ ਦੱਸਿਆ ਕਿ ਧਰਮ ਇਕ ਰਸਤਾ ਹੈ, ਅਖ਼ੀਰ ਨਹੀਂ। ਜਿਸ ਰਸਤੇ ’ਤੇ ਟੁਰਿਆ ਇਨਸਾਨ ‘ਰੱਬੀ ਜ਼ਾਬਤੇ’ ਵਿਚ ਰਹਿੰਦਾ ਹੈ, ਭਲਾ ਇਨਸਾਨ ਬਣਦਾ ਹੈ, ਦੁਨੀਆ ’ਚੋਂ ਦਲਿੱਦਰ, ਦੁੱਖ ਤੇ ਮੁਸ਼ਕਲਾਂ ਨੂੰ ਦੂਰ ਕਰਨ ਵਿਚ ਮਦਦਗਾਰ ਹੁੰਦਾ ਹੈ, ਉਹੀ ਰਸਤਾ ਠੀਕ ਹੈ ਭਾਵੇਂ ਉਹ ਕੋਈ ਵੀ ਰਸਤਾ ਹੋਵੇ। ਇਕ ਮੁਸਲਮਾਨ ਸੱਚਾ ਇਸਲਾਮ ਜੀਅ ਕੇ, ਇਕ ਬ੍ਰਾਹਮਣ ਰੱਬ ਦੇ ਰਸਤੇ ’ਤੇ ਤੁਰ ਕੇ ਤੇ ਇਕ ਸਿੱਖ ਵਾਹਿਗੁਰੂ ਦੇ ਭਾਣੇ ਵਿਚ ਰਹਿ ਕੇ ‘ਪਰਮ-ਮਨੁੱਖ’ (ਸੱਚਾ ਇਨਸਾਨ ਤੇ ਸਚਿਆਰ) ਬਣ ਸਕਦਾ ਹੈ।
ਰੂਹਾਨੀਅਤ ਤੇ ਸੇਵਾ ਨੂੰ ਇਕ-ਦੂਜੇ ਦਾ ਬਣਾਇਆ ਪੂਰਕ
ਗੁਰੂ ਸਾਹਿਬ ਮੁਤਾਬਿਕ ਰੱਬ ਸਿਰਫ਼ ਤੇ ਸਿਰਫ਼ ਮੁਹੱਬਤ ਦਾ ਸੋਮਾ ਹੈ। ਉਸ ਦੇ ਘਰ ਵਿਚ ਨਫ਼ਰਤ ਜਾਂ ਵਖਰੇਵਾਂ ਨਹੀਂ ਹੈ। ਉਸ ਦੇ ਘਰ ਵਿਚ ਕੋਈ ਉੱਚਾ ਜਾਂ ਨੀਵਾਂ ਨਹੀਂ ਹੈ ਉਹ ਵਾਹਿਗੁਰੂ ਕਿਸੇ ਨੂੰ ਵਧੇਰੇ ਪਿਆਰ ਜਾਂ ਕਿਸੇ ਨੂੰ ਨਫ਼ਰਤ ਨਹੀਂ ਕਰਦਾ। ਸਾਰੇ ਉਸ ਦੇ ਆਪਣੇ ਪੁੱਤਰ ਹਨ। ਹਰ ਇਕ ਨੂੰ ਉਸ ਨੇ ਆਪਣੀ ਜੋਤ ਵਿੱਚੋਂ ਪੈਦਾ ਕੀਤਾ ਹੈ। ਉਸ ਦਾ ਸਲੂਕ ਹਰ ਇਕ ਸ਼ਖ਼ਸ ਨਾਲ ਇੱਕੋ ਜਿਹਾ ਹੈ। ਗੁਰੂ ਨਾਨਕ ਸਾਹਿਬ ਨੇ ਰੂਹਾਨੀਅਤ ਤੇ ਸੇਵਾ ਨੂੰ ਇਕ-ਦੂਜੇ ਦਾ ਪੂਰਕ ਬਣਾਇਆ। ਉਨ੍ਹਾਂ ਕਿਹਾ ਕਿ ਸਮਾਜ ਸੇਵਾ ਤੋਂ ਬਿਨਾਂ ਧਰਮ ਅਧੂਰਾ ਹੈ ਤੇ ਲੋਕਾਈ ਦੇ ਭਲੇ ਤੋਂ ਬਿਨਾਂ ਰੂਹਾਨੀਅਤ ਫੋਕੀ ਹੈ। ਉਨ੍ਹਾਂ ਨੇ ਧਰਮ ਨੂੰ ਭਾਈਚਾਰਕ ਰੂਹਾਨੀਅਤ (social spiritualism) ਬਣਾਇਆ।
- ਡਾ. ਹਰਜਿੰਦਰ ਸਿੰਘ ਦਿਲਗੀਰ