ਗਰੁੜ ਪੁਰਾਣ: ਚਿਤਾ ’ਚ ਸਭ ਕੁਝ ਸੜ ਕੇ ਹੋ ਜਾਂਦੈ ਸੁਆਹ, ਪਰ ਇਹ 5 ਚੀਜ਼ਾਂ ਅਗਲੇ ਜਨਮ ਤਕ ਆਤਮਾ ਦਾ ਨਹੀਂ ਛੱਡਦੀਆਂ ਸਾਥ
ਗਰੁੜ ਪੁਰਾਣ ਅਨੁਸਾਰ ਕਰਮ ਦਾ ਸਬੰਧ ਮੌਤ ਅਤੇ ਜਨਮ ਦੋਵਾਂ ਨਾਲ ਹੈ। ਮਰਨ ਤੋਂ ਬਾਅਦ ਚੰਗੇ ਅਤੇ ਮਾੜੇ ਕਰਮਾਂ ਦੇ ਆਧਾਰ ’ਤੇ ਹੀ ਆਤਮਾ ਨੂੰ ਸ਼ੁਭ-ਅਸ਼ੁਭ ਨਤੀਜੇ ਪ੍ਰਾਪਤ ਹੁੰਦੇ ਹਨ। ਇਸ ਲਈ ਵਿਅਕਤੀ ਨੂੰ ਆਪਣੀ ਜ਼ਿੰਦਗੀ ’ਚ ਚੰਗੇ ਕਰਮ ਕਰਨੇ ਚਾਹੀਦੇ ਹਨ, ਕਿਉਂਕਿ ਇਹ ਮੌਤ ਤੋਂ ਬਾਅਦ ਵੀ ਉਸ ਦਾ ਪਿੱਛਾ ਨਹੀਂ ਛੱਡਦੇ।
Publish Date: Wed, 07 Oct 2026 03:54 PM (IST)
Updated Date: Wed, 07 Oct 2026 06:55 PM (IST)
ਧਰਮ ਡੈਸਕ, ਨਵੀਂ ਦਿੱਲੀ : ਮੌਤ ਨੂੰ ਲੈ ਕੇ ਅਕਸਰ ਕਿਹਾ ਜਾਂਦਾ ਹੈ ਕਿ ਮਰਨ ਤੋਂ ਬਾਅਦ ਵਿਅਕਤੀ ਆਪਣੇ ਨਾਲ ਕੁਝ ਵੀ ਉੱਪਰ ਨਹੀਂ ਲੈ ਕੇ ਜਾਂਦਾ, ਪਰ ਹਿੰਦੂ ਵੇਦਾਂ, ਪੁਰਾਣਾਂ, ਧਰਮ ਸ਼ਾਸਤਰਾਂ ਅਤੇ ਦਰਸ਼ਨ ਅਨੁਸਾਰ ਇਹ ਪੂਰੀ ਤਰ੍ਹਾਂ ਸੱਚ ਨਹੀਂ ਮੰਨਿਆ ਜਾਂਦਾ।
ਗਰੁੜ ਪੁਰਾਣ ਅਨੁਸਾਰ, ਚਿਤਾ ’ਤੇ ਸੜਨ ਤੋਂ ਬਾਅਦ ਸਰੀਰ ਭਾਵੇਂ ਸਵਾਹਾ ਹੋ ਜਾਂਦਾ ਹੈ, ਪਰ 5 ਚੀਜ਼ਾਂ ਅਜਿਹੀਆਂ ਵੀ ਹਨ, ਜੋ ਆਤਮਾ ਦਾ ਸਾਥ ਕਦੇ ਨਹੀਂ ਛੱਡਦੀਆਂ। ਮੰਨਿਆ ਜਾਂਦਾ ਹੈ ਕਿ ਸਹੀ ਸਮਾਂ ਆਉਣ ’ਤੇ ਆਤਮਾ ਦੇ ਨਾਲ ਇਹ 5 ਚੀਜ਼ਾਂ ਮੁੜ ਨਵੇਂ ਸਰੀਰ ’ਚ ਪ੍ਰਵੇਸ਼ ਕਰ ਜਾਂਦੀਆਂ ਹਨ।
ਮੋਹ ਤੇ ਵਾਸਨਾ
ਗਰੁੜ ਪੁਰਾਣ ਦੇ ਮੁਤਾਬਕ, ਮੌਤ ਦੇ ਸਮੇਂ ਮਨ ’ਚ ਜੋ ਇੱਛਾਵਾਂ ਅਤੇ ਵਾਸਨਾ ਰਹਿ ਜਾਂਦੀਆਂ ਹਨ, ਉਹ ਆਤਮਾ ਦੇ ਨਾਲ ਬਣੀਆਂ ਰਹਿੰਦੀਆਂ ਹਨ। ਹਿੰਦੂ ਦਰਸ਼ਨ ’ਚ ਮੰਨਿਆ ਗਿਆ ਹੈ ਕਿ ਅਧੂਰੀਆਂ ਇੱਛਾਵਾਂ ਆਤਮਾ ਨੂੰ ਪੁਨਰਜਨਮ ਵੱਲ ਲੈ ਜਾਂਦੀਆਂ ਹਨ। ਇਸ ਲਈ ਮੋਹ-ਮਾਇਆ ਨਾਲ ਜ਼ਿਆਦਾ ਆਸਕਤੀ ਤੋਂ ਬਚਣ ਦੀ ਗੱਲ ’ਤੇ ਜ਼ੋਰ ਦਿੱਤਾ ਜਾਂਦਾ ਹੈ।
ਕਰਜ਼ਾ
ਗਰੁੜ ਪੁਰਾਣ ਅਨੁਸਾਰ, ਕਰਜ਼ਾ ਮੌਤ ਤੋਂ ਬਾਅਦ ਵੀ ਪਿੱਛਾ ਨਹੀਂ ਛੱਡਦਾ। ਜੇ ਵਿਅਕਤੀ ਬਿਨਾਂ ਕਰਜ਼ਾ ਚੁਕਾਏ ਮਰ ਜਾਂਦਾ ਹੈ ਤਾਂ ਉਸ ਨੂੰ ਅਗਲੇ ਜਨਮ ’ਚ ਵੀ ਕਰਜ਼ੇ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਜ਼ਿੰਦਗੀ ’ਚ ਲਏ ਗਏ ਕਰਜ਼ੇ ਨੂੰ ਸਮੇਂ ਸਿਰ ਚੁਕਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
ਪੁੰਨ
ਗਰੁੜ ਪੁਰਾਣ ਦੇ ਮੁਤਾਬਕ, ਜੋ ਵਿਅਕਤੀ ਦਾਨ ਅਤੇ ਪਰਉਪਕਾਰ ਕਰਦਾ ਹੈ, ਉਸ ਦਾ ਪੁੰਨ ਕਦੇ ਵੀ ਵਿਅਰਥ ਨਹੀਂ ਜਾਂਦਾ। ਮਰਨ ਤੋਂ ਬਾਅਦ ਯਮਲੋਕ ’ਚ ਵਿਅਕਤੀ ਵੱਲੋਂ ਕੀਤੇ ਗਏ ਚੰਗੇ-ਮਾੜੇ ਕਰਮਾਂ ਦਾ ਹਿਸਾਬ ਕੀਤਾ ਜਾਂਦਾ ਹੈ।
ਇਸ ਲਈ ਆਪਣੀ ਜ਼ਿੰਦਗੀ ’ਚ ਜਿੰਨਾ ਹੋ ਸਕੇ ਦਾਨ, ਸੇਵਾ ਅਤੇ ਦੂਜਿਆਂ ਦੀ ਮਦਦ ਕਰਨੀ ਚਾਹੀਦੀ ਹੈ। ਹਿੰਦੂ ਮਾਨਤਾਵਾਂ ਦੇ ਮੁਤਾਬਕ ਸਾਲ ਦੇ ਕੁਝ ਖ਼ਾਸ ਦਿਨਾਂ ਜਿਵੇਂ ਕਾਰਤਿਕ ਪੂਰਨਿਮਾ, ਗੰਗਾ ਦੁਸਹਿਰਾ, ਮਕਰ ਸੰਕ੍ਰਾਂਤੀ, ਮਾਘ ਪੂਰਨਿਮਾ ਅਤੇ ਅਕਸ਼ੈ ਤ੍ਰਿਤੀਆ ਦੇ ਮੌਕੇ ’ਤੇ ਕੀਤਾ ਗਿਆ ਦਾਨ-ਪੁੰਨ ਕਈ ਜਨਮਾਂ ਤੱਕ ਵਿਅਕਤੀ ਦਾ ਸਾਥ ਨਿਭਾਉਂਦਾ ਹੈ।
ਕਰਮ
ਗਰੁੜ ਪੁਰਾਣ ਅਨੁਸਾਰ ਕਰਮ ਦਾ ਸਬੰਧ ਮੌਤ ਅਤੇ ਜਨਮ ਦੋਵਾਂ ਨਾਲ ਹੈ। ਮਰਨ ਤੋਂ ਬਾਅਦ ਚੰਗੇ ਅਤੇ ਮਾੜੇ ਕਰਮਾਂ ਦੇ ਆਧਾਰ ’ਤੇ ਹੀ ਆਤਮਾ ਨੂੰ ਸ਼ੁਭ-ਅਸ਼ੁਭ ਨਤੀਜੇ ਪ੍ਰਾਪਤ ਹੁੰਦੇ ਹਨ। ਇਸ ਲਈ ਵਿਅਕਤੀ ਨੂੰ ਆਪਣੀ ਜ਼ਿੰਦਗੀ ’ਚ ਚੰਗੇ ਕਰਮ ਕਰਨੇ ਚਾਹੀਦੇ ਹਨ, ਕਿਉਂਕਿ ਇਹ ਮੌਤ ਤੋਂ ਬਾਅਦ ਵੀ ਉਸ ਦਾ ਪਿੱਛਾ ਨਹੀਂ ਛੱਡਦੇ।
ਮਹਾਭਾਰਤ ’ਚ ਕਰਮ ਦੀ ਸਭ ਤੋਂ ਵਧੀਆ ਉਦਾਹਰਨ ਦੇਖਣ ਨੂੰ ਮਿਲਦੀ ਹੈ। ਬਾਣਾਂ ਦੀ ਸ਼ੈਯਾ ’ਤੇ ਲੇਟੇ ਹੋਏ ਭੀਸ਼ਮ ਪਿਤਾਮਹ ਨੇ ਜਦੋਂ ਭਗਵਾਨ ਸ਼੍ਰੀ ਕ੍ਰਿਸ਼ਨ ਤੋਂ ਪੁੱਛਿਆ ਸੀ ਕਿ ਮੈਨੂੰ ਅਜਿਹੀ ਮੌਤ ਕਿਉਂ ਮਿਲੀ ਤਾਂ ਸ਼੍ਰੀ ਕ੍ਰਿਸ਼ਨ ਨੇ ਉਨ੍ਹਾਂ ਨੂੰ 7 ਜਨਮ ਪਹਿਲਾਂ ਦੀ ਘਟਨਾ ਯਾਦ ਦਿਵਾਉਂਦੇ ਹੋਏ ਕਿਹਾ ਕਿ ਤੁਸੀਂ 7 ਜਨਮ ਪਹਿਲਾਂ ਇੱਕ ਅੱਧ-ਮਰੇ ਸੱਪ ਨੂੰ ਚੁੱਕ ਕੇ ਨਾਗਫਨੀ ਦੇ ਕੰਡਿਆਂ ’ਤੇ ਸੁੱਟ ਦਿੱਤਾ ਸੀ।
ਗਿਆਨ
ਵਿਅਕਤੀ ਆਪਣੀ ਜ਼ਿੰਦਗੀ ’ਚ ਜੋ ਵੀ ਗਿਆਨ ਅਤੇ ਗੁਣ ਸਿੱਖਦਾ ਹੈ, ਉਹ ਹਮੇਸ਼ਾ ਉਸ ਦਾ ਸਾਥ ਨਿਭਾਉਂਦੇ ਹਨ। ਇਸ ਲਈ ਆਪਣਾ ਜ਼ਿਆਦਾਤਰ ਸਮਾਂ ਚੰਗਾ ਗਿਆਨ ਅਤੇ ਕੁਸ਼ਲ ਗੁਣ ਸਿੱਖਣ ’ਚ ਲਗਾਉਣਾ ਚਾਹੀਦਾ ਹੈ।