- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋਕਾਂ ਦਾ ਕੰਮ ਗੱਲਾਂ ਕਰਨਾ ਹੈ। ਜਦੋਂ ਤੁਸੀਂ ਨਾਕਾਮਯਾਬ ਹੁੰਦੇ ਹੋ ਤਾਂ ਉਹ ਤੁਹਾਡਾ ਮਜ਼ਾਕ ਉਡਾਉਂਦੇ ਹਨ ਅਤੇ ਜਦੋਂ ਤੁਸੀਂ ਸਫ਼ਲ ਹੁੰਦੇ ਹੋ ਤਾਂ ਉਨ੍ਹਾਂ ਨੂੰ ਈਰਖ਼ਾ ਕਾਰਨ ਤੁਹਾਡੇ ਅੰਦਰ ਨੁਕਸ ਦਿਸਣ ਲੱਗਦੇ ਹਨ। ਜੇ ਤੁਸੀਂ ਡਿੱਗਦੇ ਹੋ ਲੋਕ ਤਾਂ ਵੀ ਤਾੜੀਆਂ ਮਾਰਦੇ ਹਨ ਤੇ ਜਦੋਂ ਤੁਸੀਂ ਸਫ਼ਲਤਾ ਨਾਲ ਉੱਠਦੇ ਹੋ, ਤਾੜੀਆਂ ਉਦੋਂ ਵੀ ਵੱਜਦੀਆਂ ਹਨ। ਇਹ ਤੁਹਾਡੇ ’ਤੇ ਹੈ ਕਿ ਤੁਸੀਂ ਆਪਣੇ ਲਈ ਤਾੜੀਆਂ ਕਿਵੇਂ ਵਜਵਾਉਣੀਆਂ ਹਨ।

-ਨੇਹਾ ਦੀਵਾਨ
ਕਹਿੰਦੇ ਨੇ ਕਿ ‘ਇਕ ਕੰਨ ਸੁਣੋਂ ਤੇ ਦੂਜੇ ’ਚੋਂ ਕੱਢ ਦਿਓ’। ਇਸ ਗੱਲ ਦੇ ਬਹੁਤ ਅਰਥ ਹਨ। ਫ਼ਰਕ ਸਿਰਫ਼ ਇੰਨਾ ਹੈ ਕਿ ਤੁਸੀਂ ਇਸ ਨੂੰ ਕਿਵੇਂ ਸਮਝਦੇ ਹੋ। ਜਦੋਂ ਤੁਸੀਂ ਲੋਕਾਂ ਦੀਆਂ ਕਹੀਆਂ ਗੱਲਾਂ ਨੂੰ ਆਪਣੇ ਅੰਦਰ ਸਾਂਭਦੇ ਜਾਂਦੇ ਹੋ ਜਾਂ ਉਨ੍ਹਾਂ ਦਾ ਅੱਗੇ ਪ੍ਰਚਾਰ ਕਰਦੇ ਰਹਿੰਦੇ ਹੋ ਤਾਂ ਅਜਿਹਾ ਕਰਕੇ ਤੁਸੀਂ ਸਿਰਫ਼ ਆਪਣੀ ਹੀ ਜ਼ਿੰਦਗੀ ਦਾ ਵਡਮੁੱਲਾ ਸਮਾਂ ਬਰਬਾਦ ਕਰਦੇ ਹੋ। ਹਰੇਕ ਇਨਸਾਨ ਦੀ ਆਪਣੀ ਜ਼ਿੰਦਗੀ ਹੈ ਤੇ ਆਪਣੀ ਕਹਾਣੀ। ਤੁਸੀਂ ਉਸ ’ਚ ਗਿਣ-ਮਿੱਥ ਕੋਈ ਵੀ ਬਦਲਾਅ ਨਹੀਂ ਕਰ ਸਕਦੇ। ਹਾਂ, ਇਹ ਜ਼ਰੂਰ ਸੱਚ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਜਿਵੇਂ ਦੀ ਚਾਹੋ, ਪਰਵਾਜ਼ ਦੇ ਸਕਦੇ ਹੋ। ਸਮਾਜ ’ਚ ‘ਲੋਕ ਕੀ ਕਹਿਣਗੇ’ ਇਕ ਅਜਿਹਾ ਸਵਾਲ ਹੈ, ਜਿਸ ਨੇ ਲੱਖਾਂ ਲੋਕਾਂ ਦੇ ਸੁਪਨਿਆਂ ਦਾ ਗਲਾ ਘੁੱਟਿਆ ਹੈ। ਜਦੋਂ ਵੀ ਅਸੀਂ ਕੋਈ ਨਵਾਂ ਕੰਮ ਸ਼ੁਰੂ ਕਰਨ ਲੱਗਦੇ ਹਾਂ ਜਾਂ ਆਪਣੇ ਟੀਚੇ ਵੱਲ ਵੱਧਦੇ ਹਾਂ ਤਾਂ ਲੋਕਾਂ ਦੀਆਂ ਗੱਲਾਂ ਅਤੇ ਉਨ੍ਹਾਂ ਦੀ ਮਤ ਸਾਡੇ ਰਸਤੇ ’ਚ ਸਭ ਤੋਂ ਵੱਡੀ ਰੁਕਾਵਟ ਬਣ ਜਾਂਦੀ ਹੈ। ਲੋਕਾਂ ਦਾ ਕੰਮ ਗੱਲਾਂ ਕਰਨਾ ਹੈ। ਜਦੋਂ ਤੁਸੀਂ ਨਾਕਾਮਯਾਬ ਹੁੰਦੇ ਹੋ ਤਾਂ ਉਹ ਤੁਹਾਡਾ ਮਜ਼ਾਕ ਉਡਾਉਂਦੇ ਹਨ ਅਤੇ ਜਦੋਂ ਤੁਸੀਂ ਸਫ਼ਲ ਹੁੰਦੇ ਹੋ ਤਾਂ ਉਨ੍ਹਾਂ ਨੂੰ ਈਰਖ਼ਾ ਕਾਰਨ ਤੁਹਾਡੇ ਅੰਦਰ ਨੁਕਸ ਦਿਸਣ ਲੱਗਦੇ ਹਨ। ਜੇ ਤੁਸੀਂ ਡਿੱਗਦੇ ਹੋ ਲੋਕ ਤਾਂ ਵੀ ਤਾੜੀਆਂ ਮਾਰਦੇ ਹਨ ਤੇ ਜਦੋਂ ਤੁਸੀਂ ਸਫ਼ਲਤਾ ਨਾਲ ਉੱਠਦੇ ਹੋ, ਤਾੜੀਆਂ ਉਦੋਂ ਵੀ ਵੱਜਦੀਆਂ ਹਨ। ਇਹ ਤੁਹਾਡੇ ’ਤੇ ਹੈ ਕਿ ਤੁਸੀਂ ਆਪਣੇ ਲਈ ਤਾੜੀਆਂ ਕਿਵੇਂ ਵਜਵਾਉਣੀਆਂ ਹਨ। ਅਸਲ ’ਚ ਲੋਕਾਂ ਦੀਆਂ ਗੱਲਾਂ ਦਾ ਕੋਈ ਅੰਤ ਨਹੀਂ। ਜੇਕਰ ਤੁਸੀਂ ਹਰ ਸਮੇਂ ਲੋਕਾਂ ਦੀਆਂ ਗੱਲਾਂ ਸੁਣਦੇ ਰਹੋਗੇ ਜਾਂ ਉਨ੍ਹਾਂ ਦੇ ਹਿਸਾਬ ਨਾਲ ਹਰੇਕ ਕਦਮ ਪੁੱਟਦੇ ਰਹੋਗੇ ਤਾਂ ਤੁਸੀਂ ਕਦੇ ਵੀ ਆਪਣੀ ਜ਼ਿੰਦਗੀ ਨੂੰ ਕਿਸੇ ਤਣ-ਪੱਤਣ ਨਹੀਂ ਲਾ ਪਾਓਗੇ। ਇਹ ਸੋਚ ਤੁਹਾਡੇ ਆਤਮ-ਵਿਸ਼ਵਾਸ ਨੂੰ ਹਿਲਾਉਂਦੀ ਹੈ ਤੇ ਸੋਚ ਨੂੰ ਸੀਮਤ ਕਰਦੀ ਹੈ। ਦੂਜਿਆਂ ਦੀਆਂ ਨਾਂਹ-ਪੱਖੀ ਗੱਲਾਂ ’ਤੇ ਧਿਆਨ ਦੇਣ ਦੀ ਥਾਂ ਆਪਣੇ ਅੰਦਰ ਦੀ ਆਵਾਜ਼ ਸੁਣੋਂ ਅਤੇ ਆਪਣੀਆਂ ਯੋਗਤਾਵਾਂ ’ਤੇ ਪੂਰੀ ਤਰ੍ਹਾਂ ਨਾਲ ਭਰੋਸਾ ਰੱਖੋ। ਜ਼ਿੰਦਗੀ ਤੁਹਾਡੀ ਹੈ, ਇਸ ’ਚ ਲਏ ਫ਼ੈਸਲੇ ਤੇ ਇਸਦੀ ਜ਼ਿੰਮੇਵਾਰੀ ਵੀ ਤੁਹਾਡੀ ਹੋਣੀ ਚਾਹੀਦੀ ਹੈ। ਜਦੋਂ ਤੁਸੀਂ ਆਪਣੀ ਲਗਨ ਤੇ ਮਿਹਨਤ ਨਾਲ ਅੱਗੇ ਵਧੋਗੇ ਤਾਂ ਉਹੀ ਲੋਕ, ਜੋ ਕਦੇ ਤੁਹਾਡੀ ਨਿਖੇਧੀ ਕਰਦੇ ਸੀ, ਤੁਹਾਡੀਆਂ ਤਾਰੀਫ਼ਾਂ ਕਰਨਗੇ। ਮਸਲਾ ਸਿਰਫ਼ ਇੰਨਾ ਹੈ ਕਿ ਲੋਕਾਂ ਦੀ ਪਰਵਾਹ ਛੱਡ ਦਿਓ, ਟੀਚੇ ’ਤੇ ਧਿਆਨ ਕੇਂਦ੍ਰਿਤ ਕਰ ਲਓ ਤੇ ਪੂਰੀ ਊਰਜਾ ਨਾਲ ਅੱਗੇ ਵਧਦੇ ਰਹੋ। ਚੇਤੇ ਰੱਖੋ, ਮੰਜ਼ਿਲ ਸਿਰਫ਼ ਹਿੰਮਤੀਆਂ ਦੀ ਉਡੀਕ ਕਰਦੀ ਹੈ।