ਬੈਂਗਣ ਤੋਂ ਲੈ ਕੇ ਦੁੱਧ-ਦਹੀਂ ਤਕ, ਸਾਵਣ 'ਚ ਕੁਝ ਚੀਜ਼ਾਂ ਖਾਣ ਤੋਂ ਕਿਉਂ ਮਨ੍ਹਾ ਕਰਦੇ ਹਨ ਵੱਡੇ-ਵਡੇਰੇ? ਸਮਝੋ ਸਾਇੰਟਿਫਿਕ ਲੌਜਿਕ ਸਾਵਣ ਦੇ ਮਹੀਨੇ 'ਚ ਖਾਣ-ਪੀਣ ਨੂੰ ਲੈ ਕੇ ਇੰਨੇ ਨਿਯਮ ਕਿਉਂ ਬਣਾਏ ਗਏ ਹਨ। ਕੁਝ ਖ਼ਾਸ ਚੀਜ਼ਾਂ ਨੂੰ ਖਾਣ ਤੋਂ ਮਨ੍ਹਾਂ ਕਰਨਾ ਸਿਰਫ਼ ਕੋਈ ਪੁਰਾਣੀ ਪਰੰਪਰਾ ਨਹੀਂ ਹੈ, ਬਲਕਿ ਬਦਲਦੇ ਮੌਸਮ 'ਚ ਤੁਹਾਡੀ ਸਿਹਤ ਨੂੰ ਬਿਮਾਰੀਆਂ ਤੋਂ ਬਚਾਉਣ ਦਾ ਇਕ ਵਿਗਿਆਨਿਕ ਤਰੀਕਾ ਹੈ।
Publish Date: Tue, 11 Aug 2026 02:50 PM (IST)
Updated Date: Tue, 11 Aug 2026 02:57 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ: ਸਾਵਣ ਦਾ ਪਵਿੱਤਰ ਮਹੀਨਾ ਭਗਵਾਨ ਸ਼ਿਵ ਦੀ ਅਰਾਧਨਾ ਲਈ ਬਹੁਤ ਖ਼ਾਸ ਮੰਨਿਆ ਜਾਂਦਾ ਹੈ। ਜੀ ਹਾਂ, ਇਸ ਮਹੀਨੇ ਵਿੱਚ ਪੂਜਾ-ਪਾਠ ਦੇ ਨਾਲ-ਨਾਲ ਖਾਣ-ਪੀਣ ਨਾਲ ਜੁੜੇ ਕਈ ਨਿਯਮ ਵੀ ਅਪਣਾਏ ਜਾਂਦੇ ਹਨ। ਤੁਸੀਂ ਅਕਸਰ ਆਪਣੇ ਘਰ ਦੇ ਵੱਡੇ-ਵਡੇਰਿਆਂ ਤੋਂ ਸੁਣਿਆ ਹੋਵੇਗਾ ਕਿ ਸਾਵਣ ਦੇ ਦਿਨਾਂ ਵਿੱਚ ਬੈਂਗਣ, ਦੁੱਧ, ਦਹੀ ਜਾਂ ਪੱਤੇਦਾਰ ਸਬਜ਼ੀਆਂ ਨਹੀਂ ਖਾਣੀਆਂ ਚਾਹੀਦੀਆਂ।
ਲੋਕ ਅਕਸਰ ਇਸ ਨੂੰ ਸਿਰਫ਼ ਇੱਕ ਧਾਰਮਿਕ ਮਾਨਤਾ ਮੰਨ ਲੈਂਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦੇ ਪਿੱਛੇ ਇੱਕ ਠੋਸ ਵੈਗਿਆਨਿਕ ਕਾਰਨ ਵੀ ਛੁਪਿਆ ਹੈ? ਦੱਸ ਦੇਈਏ, ਸਾਵਣ ਕੇਵਲ ਭੋਲੇਨਾਥ ਦੀ ਪੂਜਾ ਤੱਕ ਹੀ ਸੀਮਤ ਨਹੀਂ ਹੈ, ਬਲਕਿ 'ਮਾਈਂਡਫੁੱਲ ਈਟਿੰਗ' (Mindful Eating) ਯਾਨੀ ਸੋਚ-ਸਮਝ ਕੇ ਖਾਣ ਦੀਆਂ ਆਦਤਾਂ ਨਾਲ ਵੀ ਡੂੰਘਾਈ ਨਾਲ ਜੁੜਿਆ ਹੋਇਆ ਹੈ।
ਇਸ ਮਹੀਨੇ ਖਾਧੀਆਂ ਜਾਣ ਵਾਲੀਆਂ ਚੀਜ਼ਾਂ ਨਾ ਸਿਰਫ਼ ਸਾਡੀਆਂ ਪਰੰਪਰਾਵਾਂ ਨਾਲ ਜੁੜੀਆਂ ਹਨ, ਬਲਕਿ ਇਹ ਮਾਨਸੂਨ ਦੇ ਮੌਸਮ ਦੇ ਵੀ ਅਨੁਕੂਲ ਹੁੰਦੀਆਂ ਹਨ। ਬਰਸਾਤ ਦੇ ਦਿਨਾਂ ਵਿੱਚ ਪਾਚਨ ਤੰਤਰ ਨੂੰ ਦੁਰੁਸਤ ਰੱਖਣ ਲਈ ਤਾਜ਼ਾ ਅਤੇ ਹਲਕਾ ਭੋਜਨ ਕਰਨਾ ਫ਼ਾਇਦੇਮੰਦ ਹੁੰਦਾ ਹੈ। ਆਓ, ਜਾਣਦੇ ਹਾਂ ਕਿ ਸਾਵਣ ਦੇ ਦਿਨਾਂ ਵਿੱਚ ਕਿਹੜੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਸਾਵਣ ਵਿੱਚ ਡਾਈਟ 'ਤੇ ਕਿਉਂ ਦਿੱਤਾ ਜਾਂਦਾ ਹੈ ਇੰਨਾ ਧਿਆਨ? ਕਿਉਂਕਿ ਇਹ ਮਹੀਨਾ ਮੌਨਸੂਨ ਦੇ ਵਿਚਕਾਰ ਆਉਂਦਾ ਹੈ, ਇਸ ਲਈ ਵੱਡੇ-ਬਜ਼ੁਰਗ ਸਲਾਹ ਦਿੰਦੇ ਆਏ ਹਨ ਕਿ ਅਜਿਹਾ ਭੋਜਨ ਚੁਣੋ ਜੋ ਤਾਜ਼ਾ ਪੱਕਿਆ ਹੋਵੇ, ਹਲਕਾ ਹੋਵੇ ਤੇ ਆਸਾਨੀ ਨਾਲ ਪਚ ਵੀ ਜਾਵੇ। ਮਾਨਤਾ ਹੈ ਕਿ ਸਾਤਵਿਕ ਭੋਜਨ ਨਾਲ ਸਾਡਾ ਮਨ ਅਤੇ ਸ਼ਰੀਰ ਦੋਵੇਂ ਸ਼ਾਂਤ ਰਹਿੰਦੇ ਹਨ ਜਿਸ ਨਾਲ ਪੂਜਾ-ਪਾਠ ਅਤੇ ਧਿਆਨ ਲਗਾਉਣਾ ਕਾਫ਼ੀ ਆਸਾਨ ਹੋ ਜਾਂਦਾ ਹੈ।
ਇਸ ਤੋਂ ਇਲਾਵਾ ਬਰਸਾਤ ਦੇ ਮੌਸਮ 'ਚ ਨਮੀ (Humidty) ਵਧਣ ਕਾਰਨ ਖਾਣ-ਪੀਣ ਦੀਆਂ ਚੀਜ਼ਾਂ ਜਲਦੀ ਖਰਾਬ ਹੋਣ ਦਾ ਡਰ ਬਣਿਆ ਰਹਿੰਦਾ ਹੈ। ਇਸ ਲਈ ਵੀ ਬਾਸੀ ਖਾਣੇ ਤੋਂ ਬਚਣ ਅਤੇ ਤਾਜ਼ਾ ਭੋਜਨ ਪਕਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
ਹਰੀਆਂ ਪੱਤੇਦਾਰ ਸਬਜ਼ੀਆਂ ਤੇ ਬੈਂਗਣ ਤੋਂ ਕਿਉਂ ਕਰੀਏ ਤੌਬਾ? ਬਰਸਾਤ ਦੇ ਮੌਸਮ 'ਚ ਹਵਾ 'ਚ ਬਹੁਤ ਜ਼ਿਆਦਾ ਨਮੀ ਆ ਜਾਂਦੀ ਹੈ। ਇਹ ਨਮੀ ਬੈਕਟੀਰੀਆ ਅਤੇ ਤਰ੍ਹਾਂ-ਤਰ੍ਹਾਂ ਦੇ ਇਨਫੈਕਸ਼ਨ ਫੈਲਾਉਣ ਵਾਲੇ ਜੀਵਾਣੂਆਂ ਦੇ ਪਨਪਣ ਲਈ ਇੱਕਦਮ ਪਰਫੈਕਟ ਮਾਹੌਲ ਬਣਾਉਂਦੀ ਹੈ।
ਇਸ ਦੌਰਾਨ ਕਈ ਤਰ੍ਹਾਂ ਦੇ ਕੀੜੇ-ਮਕੌੜੇ ਵੀ ਤੇਜ਼ੀ ਨਾਲ ਜਨਮ ਲੈਂਦੇ ਹਨ। ਇਹ ਛੋਟੇ-ਛੋਟੇ ਕੀੜੇ ਅਕਸਰ ਹਰੀਆਂ ਪੱਤੇਦਾਰ ਸਬਜ਼ੀਆਂ ਤੇ ਬੈਂਗਣ ਦੇ ਅੰਦਰ ਜਾ ਕੇ ਛਿਪ ਜਾਂਦੇ ਹਨ ਜਿਨ੍ਹਾਂ ਨੂੰ ਨੰਗੀ ਅੱਖ ਨਾਲ ਦੇਖ ਪਾਉਣਾ ਕਾਫ਼ੀ ਮੁਸ਼ਕਲ ਹੁੰਦਾ ਹੈ। ਜੇਕਰ ਅਸੀਂ ਅਣਜਾਣੇ 'ਚ ਇਨ੍ਹਾਂ ਸਬਜ਼ੀਆਂ ਨੂੰ ਖਾ ਲਈਏ ਤਾਂ ਸਾਡੀ ਸਿਹਤ ਨੂੰ ਬਹੁਤ ਭਾਰੀ ਨੁਕਸਾਨ ਪਹੁੰਚ ਸਕਦਾ ਹੈ।
ਇਸ ਤੋਂ ਇਲਾਵਾ, ਬੈਂਗਣ ਪਚਨ 'ਚ ਕਾਫ਼ੀ ਭਾਰੀ ਹੁੰਦਾ ਹੈ। ਬਰਸਾਤ ਦੇ ਮੌਸਮ 'ਚ ਸਾਡਾ ਪਾਚਨ ਤੰਤਰ ਕੁਦਰਤੀ ਤੌਰ 'ਤੇ ਥੋੜ੍ਹਾ ਕਮਜ਼ੋਰ ਹੋ ਜਾਂਦਾ ਹੈ ਜਿਸ ਦੀ ਵਜ੍ਹਾ ਨਾਲ ਬੈਂਗਣ ਵਰਗੀਆਂ ਭਾਰੀਆਂ ਸਬਜ਼ੀਆਂ ਨੂੰ ਪਚਾਉਣਾ ਸਾਡੇ ਪੇਟ ਲਈ ਮੁਸ਼ਕਿਲ ਭਰਿਆ ਕੰਮ ਹੋ ਜਾਂਦਾ ਹੈ।
ਦੁੱਧ-ਦਹੀਂ ਤੇ ਕੜ੍ਹੀ ਤੋਂ ਦੂਰੀ ਬਣਾਉਣਾ ਕਿਉਂ ਹੈ ਜ਼ਰੂਰੀ? ਸਾਵਣ ਦੇ ਮਹੀਨੇ ਸਿਰਫ਼ ਸਬਜ਼ੀਆਂ ਤੋਂ ਹੀ ਨਹੀਂ, ਬਲਕਿ ਦੁੱਧ-ਦਹੀ, ਕੜ੍ਹੀ ਤੇ ਰਾਇਤੇ ਵਰਗੀਆਂ ਚੀਜ਼ਾਂ ਤੋਂ ਵੀ ਪਰਹੇਜ਼ ਕਰਨ ਦੀ ਸਖ਼ਤ ਹਦਾਇਤ ਦਿੱਤੀ ਜਾਂਦੀ ਹੈ। ਜਿਵੇਂ ਕਿ ਅਸੀਂ ਜਾਣਿਆ, ਬਰਸਾਤ ਦੀ ਨਮੀ ਕਾਰਨ ਹਰ ਪਾਸੇ ਕੀਟਾਣੂ ਮੌਜੂਦ ਹੁੰਦੇ ਹਨ। ਅਜਿਹੇ ਮੌਸਮ 'ਚ ਦੁੱਧ ਜਾਂ ਦਹੀ ਤੋਂ ਬਣੀਆਂ ਚੀਜ਼ਾਂ ਦਾ ਸੇਵਨ ਕਰਨ ਨਾਲ ਪੇਟ 'ਚ ਗੈਸ, ਐਸਿਡਿਟੀ, ਬਦਹਜ਼ਮੀ ਤੇ ਕਈ ਹੋਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਬੈਂਗਣ ਦੀ ਹੀ ਤਰ੍ਹਾਂ ਡੇਅਰੀ ਪ੍ਰੋਡਕਟਸ ਵੀ ਪਚਣ ਵਿੱਚ ਭਾਰੀ ਹੁੰਦੇ ਹਨ। ਕਮਜ਼ੋਰ ਪਾਚਨ ਤੰਤਰ ਵਾਲਿਆਂ ਲਈ ਇਸ ਮੌਸਮ ਵਿੱਚ ਇਹਨਾਂ ਨੂੰ ਖਾਣ ਨਾਲ ਪੇਟ 'ਤੇ ਸਿੱਧਾ ਅਤੇ ਬੁਰਾ ਅਸਰ ਪੈਂਦਾ ਹੈ।
ਸਾਵਣ 'ਚ ਦੁੱਧ ਨਾ ਪੀਣ ਦੇ ਪਿੱਛੇ ਦਾ ਲੌਜਿਕ ਦੁੱਧ ਪੀਣ ਤੋਂ ਮਨ੍ਹਾਂ ਕਰਨ ਦਾ ਇਕ ਹੋਰ ਬਹੁਤ ਹੀ ਤਰਕਪੂਰਨ ਤੇ ਵਿਗਿਆਨਿਕ ਕਾਰਨ ਹੈ। ਸਾਵਣ ਦੇ ਦਿਨਾਂ 'ਚ ਗਾਂ ਜਾਂ ਮੱਝ ਜੋ ਹਰੀ ਘਾਹ ਜਾਂ ਚਾਰਾ ਚਰਦੀਆਂ ਹਨ, ਬਰਸਾਤ ਦੀ ਵਜ੍ਹਾ ਨਾਲ ਉਸ ਵਿਚ ਵੀ ਕਈ ਛੋਟੇ-ਛੋਟੇ ਕੀੜੇ-ਮਕੌੜੇ ਛੁਪੇ ਹੁੰਦੇ ਹਨ।
ਜਦੋਂ ਜਾਨਵਰ ਅਣਜਾਣੇ 'ਚ ਇਸ ਚਾਰੇ ਨੂੰ ਖਾ ਲੈਂਦੇ ਹਨ ਤਾਂ ਇਸ ਦਾ ਸਿੱਧਾ ਅਸਰ ਉਨ੍ਹਾਂ ਦੇ ਦੁੱਧ ਦੀ ਸ਼ੁੱਧਤਾ 'ਤੇ ਪੈਂਦਾ ਹੈ। ਅਜਿਹਾ ਦੁੱਧ ਪੀਣ ਨਾਲ ਤੁਹਾਡੀ ਸਿਹਤ ਨੂੰ ਫ਼ਾਇਦਾ ਮਿਲਣ ਦੀ ਬਜਾਏ ਨੁਕਸਾਨ ਹੋ ਸਕਦਾ ਹੈ।
ਪਰੰਪਰਾ ਦੇ ਪਿੱਛੇ ਲੁਕਿਆ ਹੈ ਸਿਹਤ ਦਾ ਰਾਜ਼ ਹੁਣ ਤੁਸੀਂ ਪੂਰੀ ਤਰ੍ਹਾਂ ਸਮਝ ਗਏ ਹੋਵੋਗੇ ਕਿ ਸਾਵਣ ਦੇ ਮਹੀਨੇ 'ਚ ਖਾਣ-ਪੀਣ ਨੂੰ ਲੈ ਕੇ ਇੰਨੇ ਨਿਯਮ ਕਿਉਂ ਬਣਾਏ ਗਏ ਹਨ। ਕੁਝ ਖ਼ਾਸ ਚੀਜ਼ਾਂ ਨੂੰ ਖਾਣ ਤੋਂ ਮਨ੍ਹਾਂ ਕਰਨਾ ਸਿਰਫ਼ ਕੋਈ ਪੁਰਾਣੀ ਪਰੰਪਰਾ ਨਹੀਂ ਹੈ, ਬਲਕਿ ਬਦਲਦੇ ਮੌਸਮ 'ਚ ਤੁਹਾਡੀ ਸਿਹਤ ਨੂੰ ਬਿਮਾਰੀਆਂ ਤੋਂ ਬਚਾਉਣ ਦਾ ਇਕ ਵਿਗਿਆਨਿਕ ਤਰੀਕਾ ਹੈ।
Disclaimer: ਲੇਖ 'ਚ ਜ਼ਿਕਰਯੋਗ ਸਲਾਹ ਤੇ ਸੁਝਾਅ ਸਿਰਫ਼ ਆਮ ਸੂਚਨਾ ਦੇ ਉਦੇਸ਼ ਲਈ ਹਨ ਅਤੇ ਇਨ੍ਹਾਂ ਨੂੰ ਪੇਸ਼ੇਵਰ ਮੈਡੀਕਲ ਸਲਾਹ ਦੇ ਰੂਪ 'ਚ ਨਹੀਂ ਲਿਆ ਜਾਣਾ ਚਾਹੀਦਾ। ਕੋਈ ਵੀ ਸਵਾਲ ਜਾਂ ਪਰੇਸ਼ਾਨੀ ਹੋਵੇ, ਤਾਂ ਹਮੇਸ਼ਾ ਆਪਣੇ ਡਾਕਟਰ ਤੋਂ ਸਲਾਹ ਲਓ।