- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਡੇ ਅੰਦਰ ਵੀ ਡਰ, ਸੰਕੀਰਣਤਾ, ਹੰਕਾਰ ਅਤੇ ਨਿਰਾਸ਼ਾ ਦੀ ਜੇਲ੍ਹ ਮੌਜੂਦ ਹੈ। ਜਦੋਂ ਵਿਵੇਕ ਡਰ ਉੱਤੇ ਜਿੱਤ ਪ੍ਰਾਪਤ ਕਰਦਾ ਹੈ, ਜਦੋਂ ਪਿਆਰ ਮਾਲਕੀ ਦੇ ਭਾਵ ਤੋਂ ਮੁਕਤ ਹੁੰਦਾ ਹੈ, ਜਦੋਂ ਮਨੁੱਖ ਅਨਿਆਂ ਦੇ ਸਾਹਮਣੇ ਡਟ ਕੇ ਖੜ੍ਹਦਾ ਹੈ ਅਤੇ ਆਪਣੇ ਕਰਮਾਂ ਦੀ ਜ਼ਿੰਮੇਵਾਰੀ ਸਵੀਕਾਰ ਕਰਦਾ ਹੈ, ਤਾਂ ਉਸ ਦੇ ਅੰਦਰ ਕ੍ਰਿਸ਼ਨ ਦਾ ਜਨਮ ਹੁੰਦਾ ਹੈ। ਜਨਮ ਅਸ਼ਟਮੀ ਦੀ ਸਭ ਤੋਂ ਸੁੰਦਰ ਪ੍ਰਾਰਥਨਾ ਇਹ ਹੈ ਕਿ ਸਾਡੇ ਅੰਦਰ ਉਹ ਦ੍ਰਿਸ਼ਟੀ ਜਨਮ ਲਵੇ, ਜਿਸ ਨਾਲ ਅਸੀਂ ਆਪਣੇ ਸਮੇਂ ਨੂੰ ਪਛਾਣ ਸਕੀਏ।

ਜਨਮ ਅਸ਼ਟਮੀ ਕੇਵਲ ਕ੍ਰਿਸ਼ਨ ਦੇ ਜਨਮ ਦੀ ਯਾਦ ਨਹੀਂ ਹੈ। ਇਹ ਮਨੁੱਖ ਦੇ ਅੰਦਰ ਜਨਮ ਲੈਣ ਵਾਲੀ ਉਸ ਚੇਤਨਾ ਦਾ ਉਤਸਵ ਵੀ ਹੈ, ਜੋ ਹਨੇਰੇ ਦੇ ਵਿਚਕਾਰ ਰੌਸ਼ਨੀ ਵਾਂਗ ਆਪਣਾ ਰਾਹ ਬਣਾ ਲੈਂਦੀ ਹੈ। ਕ੍ਰਿਸ਼ਨ ਦਾ ਜਨਮ ਜੇਲ੍ਹ ’ਚ ਹੁੰਦਾ ਹੈ। ਬਾਹਰ ਡਰ ਦਾ ਮਾਹੌਲ ਹੈ, ਅੰਦਰ ਬੇਚੈਨੀ ਹੈ ਅਤੇ ਚਾਰੇ ਪਾਸੇ ਅਜਿਹੇ ਹਾਲਾਤ ਹਨ, ਜਿਨ੍ਹਾਂ ’ਚ ਮਨੁੱਖ ਦੀ ਆਜ਼ਾਦੀ ਲਗਭਗ ਖ਼ਤਮ ਹੋ ਚੁੱਕੀ ਹੈ। ਉਸੇ ਬੰਦ ਥਾਂ ’ਚ ਇਕ ਬਾਲਕ ਜਨਮ ਲੈਂਦਾ ਹੈ। ਜਨਮ ਅਸ਼ਟਮੀ ਦਾ ਸਭ ਤੋਂ ਡੂੰਘਾ ਅਰਥ ਇਹ ਹੈ ਕਿ ਜੀਵਨ ਦੇ ਸਭ ਤੋਂ ਔਖੇ ਪਲਾਂ ’ਚ ਵੀ ਭਵਿੱਖ ਜਨਮ ਲੈ ਸਕਦਾ ਹੈ। ਕ੍ਰਿਸ਼ਨ ਦਾ ਜਨਮ ਡਰ ਦੇ ਵਿਰੁੱਧ ਜੀਵਨ ਦਾ ਐਲਾਨ ਹੈ। ਉਹ ਰਾਜ ਮਹੱਲ ’ਚ ਨਹੀਂ, ਸਗੋਂ ਜੇਲ੍ਹ ’ਚ ਜਨਮ ਲੈਂਦੇ ਹਨ। ਜੇਲ੍ਹ ਵਿੱਚੋਂ ਹੀ ਆਜ਼ਾਦੀ ਦੀ ਪਹਿਲੀ ਆਹਟ ਸੁਣਾਈ ਦਿੰਦੀ ਹੈ। ਅੰਤ ’ਚ ਜਨਮ ਅਸ਼ਟਮੀ ਬਾਹਰ ਕ੍ਰਿਸ਼ਨ ਦੇ ਜਨਮ ਦਾ ਉਤਸਵ ਹੈ ਅਤੇ ਅੰਦਰ ਮਨੁੱਖ ਦੇ ਮੁੜ ਜਨਮ ਦੀ ਸੰਭਾਵਨਾ ਦਾ ਵੀ। ਸਾਡੇ ਅੰਦਰ ਵੀ ਡਰ, ਸੰਕੀਰਣਤਾ, ਹੰਕਾਰ ਅਤੇ ਨਿਰਾਸ਼ਾ ਦੀ ਜੇਲ੍ਹ ਮੌਜੂਦ ਹੈ। ਜਦੋਂ ਵਿਵੇਕ ਡਰ ਉੱਤੇ ਜਿੱਤ ਪ੍ਰਾਪਤ ਕਰਦਾ ਹੈ, ਜਦੋਂ ਪਿਆਰ ਮਾਲਕੀ ਦੇ ਭਾਵ ਤੋਂ ਮੁਕਤ ਹੁੰਦਾ ਹੈ, ਜਦੋਂ ਮਨੁੱਖ ਅਨਿਆਂ ਦੇ ਸਾਹਮਣੇ ਡਟ ਕੇ ਖੜ੍ਹਦਾ ਹੈ ਅਤੇ ਆਪਣੇ ਕਰਮਾਂ ਦੀ ਜ਼ਿੰਮੇਵਾਰੀ ਸਵੀਕਾਰ ਕਰਦਾ ਹੈ, ਤਾਂ ਉਸ ਦੇ ਅੰਦਰ ਕ੍ਰਿਸ਼ਨ ਦਾ ਜਨਮ ਹੁੰਦਾ ਹੈ। ਜਨਮ ਅਸ਼ਟਮੀ ਦੀ ਸਭ ਤੋਂ ਸੁੰਦਰ ਪ੍ਰਾਰਥਨਾ ਇਹ ਹੈ ਕਿ ਸਾਡੇ ਅੰਦਰ ਉਹ ਦ੍ਰਿਸ਼ਟੀ ਜਨਮ ਲਵੇ, ਜਿਸ ਨਾਲ ਅਸੀਂ ਆਪਣੇ ਸਮੇਂ ਨੂੰ ਪਛਾਣ ਸਕੀਏ। ਉਹ ਹੌਸਲਾ ਜਨਮ ਲਵੇ, ਜਿਸ ਨਾਲ ਅਸੀਂ ਬੇਇਨਸਾਫ਼ੀ ਦੇ ਸਾਹਮਣੇ ਖੜ੍ਹ ਸਕੀਏ। ਉਹ ਪਿਆਰ ਜਨਮ ਲਵੇ, ਜਿਸ ’ਚ ਦੂਜੇ ਨੂੰ ਬੰਨ੍ਹ ਕੇ ਰੱਖਣ ਦੀ ਇੱਛਾ ਨਾ ਹੋਵੇ ਅਤੇ ਉਹ ਵਿਵੇਕ ਜਨਮ ਲਵੇ, ਜੋ ਜੀਵਨ ਦੀਆਂ ਗੁੰਝਲਾਂ ’ਚ ਵੀ ਸਹੀ ਦਿਸ਼ਾ ਲੱਭ ਸਕੇ। ਕ੍ਰਿਸ਼ਨ ਦੀ ਵਿਲੱਖਣਤਾ ਇਹ ਹੈ ਕਿ ਉਹ ਕਿਸੇ ਇਕ ਸਾਂਚੇ ’ਚ ਬੱਝੇ ਨਹੀਂ ਰਹਿੰਦੇ। ਉਹ ਬਾਲਕ ਹਨ, ਮਿੱਤਰ ਹਨ, ਪ੍ਰੇਮੀ ਹਨ, ਸਾਰਥੀ ਹਨ, ਰਣਨੀਤੀਕਾਰ ਹਨ ਅਤੇ ਦਾਰਸ਼ਨਿਕ ਵੀ ਹਨ। ਉਹ ਮਨੁੱਖ ਨੂੰ ਇਕ-ਰੇਖੀ ਨੈਤਿਕਤਾ ਤੋਂ ਬਾਹਰ ਕੱਢ ਕੇ ਹਾਲਾਤਾਂ, ਵਿਵੇਕ, ਸਬੰਧਾਂ ਅਤੇ ਜ਼ਿੰਮੇਵਾਰੀਆਂ ਦੀ ਇਕ ਗੁੰਝਲ ਦੁਨੀਆ ’ਚ ਲੈ ਜਾਂਦੇ ਹਨ। ਉਨ੍ਹਾਂ ਲਈ ਕਰਮ ਕੇਵਲ ਬਾਹਰੀ ਕਿਰਿਆ ਨਹੀਂ, ਸਗੋਂ ਹੋਂਦ ਪ੍ਰਤੀ ਜ਼ਿੰਮੇਵਾਰੀ ਹੈ। ਉਹ ਜੀਵਨ ਦੇ ਵਿਰੋਧਾਭਾਸਾਂ ਤੋਂ ਬਚਦੇ ਨਹੀਂ, ਸਗੋਂ ਉਨ੍ਹਾਂ ਨੂੰ ਆਪਣੇ ਅੰਦਰ ਸਮੇਟ ਲੈਂਦੇ ਹਨ। ਇਸੇ ਲਈ ਕ੍ਰਿਸ਼ਨ ਜਿੰਨੇ ਪ੍ਰਾਚੀਨ ਹਨ, ਉੱਨੇ ਹੀ ਆਧੁਨਿਕ ਵੀ ਪ੍ਰਤੀਤ ਹੁੰਦੇ ਹਨ।
-ਪਰਿਚੈ ਦਾਸ।