- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭੌਤਿਕ ਸੁੱਖ ਇੰਦਰੀਆਂ ਨੂੰ ਤ੍ਰਿਪਤ ਕਰ ਸਕਦੇ ਹਨ ਪਰ ਆਤਮਿਕ ਅਨੰਦ ਮਨੁੱਖ ਦੇ ਸਮੁੱਚੇ ਵਜੂਦ ਨੂੰ ਸੰਤੁਸ਼ਟ ਕਰਦਾ ਹੈ। ਇਹੀ ਸਦੀਵੀ ਅਨੰਦ ਹੈ, ਜੋ ਅਨੁਕੂਲ ਹਾਲਾਤ ’ਚ ਹੰਕਾਰ ਤੇ ਪ੍ਰਤੀਕੂਲ ਹਾਲਾਤ ’ਚ ਨਿਰਾਸ਼ਾ ਦਾ ਕਾਰਨ ਨਹੀਂ ਬਣਦਾ। ਅਸਲ ’ਚ ਅਨੰਦ ਤੇ ਸੁੱਖ ਵਿਚਕਾਰ ਇਕ ਬਾਰੀਕ ਅੰਤਰ ਹੈ।

ਸਦੀਵੀ ਅਨੰਦ ਤੋਂ ਭਾਵ ਹੈ ਅਜਿਹੀ ਖ਼ੁਸ਼ੀ, ਜੋ ਹਮੇਸ਼ਾ ਕਾਇਮ ਰਹੇ। ਸਪੱਸ਼ਟ ਹੈ ਕਿ ਅਜਿਹਾ ਸੁੱਖ ਭੌਤਿਕਤਾ ਰਾਹੀਂ ਕਦੇ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਪਰ ਵਿਡੰਬਨਾ ਇਹ ਹੈ ਕਿ ਮਨੁੱਖ ਕਦੇ ਧਨ-ਦੌਲਤ ’ਚ ਖ਼ੁਸ਼ੀ ਲੱਭਦਾ ਹੈ, ਕਦੇ ਅਹੁਦੇ ਤੇ ਮਾਣ-ਸਨਮਾਨ ’ਚ, ਤਾਂ ਕਦੇ ਆਪਣੀਆਂ ਇੱਛਾਵਾਂ ਦੀ ਪੂਰਤੀ ’ਚ ਪਰ ਇਨ੍ਹਾਂ ਪ੍ਰਾਪਤੀਆਂ ਤੋਂ ਮਿਲਣ ਵਾਲੀ ਖ਼ੁਸ਼ੀ ਅਕਸਰ ਥੋੜ੍ਹੇ ਸਮੇਂ ਲਈ ਹੀ ਹੁੰਦੀ ਹੈ। ਇਕ ਇੱਛਾ ਪੂਰੀ ਹੁੰਦੇ ਹੀ ਦੂਜੀ ਇੱਛਾ ਜਨਮ ਲੈਣ ਲੱਗਦੀ ਹੈ। ਅਜਿਹੇ ’ਚ ਸਵਾਲ ਉੱਠਦਾ ਹੈ ਕਿ ਕੀ ਆਨੰਦ ਵੀ ਕਿਸੇ ਪ੍ਰਾਪਤੀ ਵਾਂਗ ਹਾਸਲ ਕੀਤਾ ਜਾਂਦਾ ਹੈ ਜਾਂ ਇਹ ਸਾਡੇ ਅੰਦਰ ਪਹਿਲਾਂ ਤੋਂ ਹੀ ਮੌਜੂਦ ਹੈ? ਭਾਰਤੀ ਅਧਿਆਤਮਿਕ ਪਰੰਪਰਾ ਇਸ ਸਵਾਲ ਦਾ ਜਵਾਬ ਮਨੁੱਖ ਦੇ ਅੰਤਰਮਨ ’ਚ ਲੱਭਦੀ ਹੈ। ਭੌਤਿਕ ਸੁੱਖ ਇੰਦਰੀਆਂ ਨੂੰ ਤ੍ਰਿਪਤ ਕਰ ਸਕਦੇ ਹਨ ਪਰ ਆਤਮਿਕ ਅਨੰਦ ਮਨੁੱਖ ਦੇ ਸਮੁੱਚੇ ਵਜੂਦ ਨੂੰ ਸੰਤੁਸ਼ਟ ਕਰਦਾ ਹੈ। ਇਹੀ ਸਦੀਵੀ ਅਨੰਦ ਹੈ, ਜੋ ਅਨੁਕੂਲ ਹਾਲਾਤ ’ਚ ਹੰਕਾਰ ਤੇ ਪ੍ਰਤੀਕੂਲ ਹਾਲਾਤ ’ਚ ਨਿਰਾਸ਼ਾ ਦਾ ਕਾਰਨ ਨਹੀਂ ਬਣਦਾ। ਅਸਲ ’ਚ ਅਨੰਦ ਤੇ ਸੁੱਖ ਵਿਚਕਾਰ ਇਕ ਬਾਰੀਕ ਅੰਤਰ ਹੈ। ਸੁੱਖ ਕਿਸੇ ਵਸਤੂ, ਵਿਅਕਤੀ ਜਾਂ ਹਾਲਾਤ ਕਾਰਨ ਪੈਦਾ ਹੋ ਸਕਦਾ ਹੈ, ਜਦੋਂਕਿ ਅਨੰਦ ਮਨ ਦੀ ਨਿਰਮਲਤਾ, ਵਿਚਾਰਾਂ ਦੀ ਪਵਿੱਤਰਤਾ ਤੇ ਆਤਮਿਕ ਸੰਤੁਲਨ ’ਚੋਂ ਉਪਜਦਾ ਹੈ। ਜਦੋਂ ਮਨੁੱਖ ਆਪਣੀਆਂ ਉਮੀਦਾਂ ਦਾ ਬੋਝ ਘਟਾਉਂਦਾ ਹੈ, ਦੂਜਿਆਂ ਨਾਲ ਤੁਲਨਾ ਕਰਨੀ ਛੱਡ ਦਿੰਦਾ ਹੈ ਤੇ ਜੀਵਨ ਨੂੰ ਉਸ ਦੇ ਸੁਭਾਵਿਕ ਰੂਪ ’ਚ ਸਵੀਕਾਰ ਕਰਨਾ ਸਿੱਖ ਲੈਂਦਾ ਹੈ ਤਾਂ ਉਸ ਦੇ ਅੰਦਰ ਸੰਤੋਖ ਦੀ ਭਾਵਨਾ ਵਿਕਸਿਤ ਹੋਣ ਲੱਗਦੀ ਹੈ। ਸਦੀਵੀ ਅਨੰਦ ਦੀ ਪ੍ਰਾਪਤੀ ਲਈ ਸੰਸਾਰ ਦਾ ਤਿਆਗ ਕਰਨਾ ਜ਼ਰੂਰੀ ਨਹੀਂ, ਸਗੋਂ ਸੰਸਾਰ ’ਚ ਰਹਿੰਦਿਆਂ ਆਪਣੇ ਅੰਦਰ ਸੰਤੁਲਨ ਬਣਾਈ ਰੱਖਣਾ ਜ਼ਰੂਰੀ ਹੈ। ਪਰਉਪਕਾਰ, ਦਇਆ, ਸ਼ੁਕਰਗੁਜ਼ਾਰੀ, ਸੰਜਮ ਤੇ ਆਤਮ-ਚਿੰਤਨ ਇਸ ਨੂੰ ਪ੍ਰਾਪਤ ਕਰਨ ਦੇ ਸੁਖਾਲੇ ਰਸਤੇ ਹਨ। ਅਨੰਦ ਕਿਤੇ ਦੂਰ ਕਿਸੇ ਅਧਿਆਤਮਿਕ ਮੰਜ਼ਿਲ ਉੱਤੇ ਨਹੀਂ, ਸਗੋਂ ਸਾਡੇ ਆਪਣੇ ਅੰਤਰਮਨ ’ਚ ਹੀ ਮੌਜੂਦ ਹੈ। ਲੋੜ ਸਿਰਫ਼ ਇੰਨੀ ਹੈ ਕਿ ਅਸੀਂ ਬਾਹਰੀ ਖਿੱਚਾਂ ਦੇ ਰੌਲੇ-ਰੱਪੇ ’ਚੋਂ ਕੁਝ ਪਲ ਕੱਢ ਕੇ ਆਪਣੇ ਆਪ ਨਾਲ ਸੰਵਾਦ ਕਰੀਏ। ਜਿਸ ਦਿਨ ਮਨੁੱਖ ਕੁਝ ਹਾਸਲ ਕਰਨ ਦੀ ਲਾਲਸਾ ਨਾਲੋਂ ਆਪਣੇ ਅੰਦਰ ਮੌਜੂਦ ਹੋਣ ਦੇ ਅਹਿਸਾਸ ਨੂੰ ਵਧੇਰੇ ਮਹੱਤਵ ਦੇਣ ਲੱਗ ਪਵੇਗਾ, ਉਸੇ ਦਿਨ ਉਸ ਦੇ ਜੀਵਨ ਵਿੱਚ ਸਦੀਵੀ ਅਨੰਦ ਦਾ ਅਸਲ ਆਗਮਨ ਹੋ ਜਾਵੇਗਾ।
-ਪ੍ਰੇਰਣਾ ਅਵਸਥੀ।